ਸ਼ਹਿਰੀ ਵਿਕਾਸ ਅਤੇ ਹੜ੍ਹਾਂ ਦੀ ਮਾਰ

ਡਾ. ਗੁਰਿੰਦਰ ਕੌਰ

ਸਤੰਬਰ ਦੇ ਪਹਿਲੇ ਹਫ਼ਤੇ ਭਾਰਤ ਦੀ ਸਿਲੀਕੋਨ ਵੈਲੀ ਦੇ ਨਾਮ ਨਾਲ ਜਾਣੀ ਜਾਂਦੀ ਕਰਨਾਟਕ ਦੀ ਰਾਜਧਾਨੀ ਬੰਗਲੁਰੂ ਦੇ ਬਹੁਤ ਸਾਰੇ ਖੇਤਰਾਂ ਵਿਚ ਭਾਰੀ ਮੀਂਹ ਪੈਣ ਕਾਰਨ ਹੜ੍ਹ ਵਰਗੇ ਹਾਲਤ ਪੈਦਾ ਹੋ ਗਏ ਸਨ। ਮੀਂਹ ਦਾ ਪਾਣੀ ਰਿਹਾਇਸ਼ੀ ਕਾਲੋਨੀਆਂ ਦੇ ਨਾਲ ਨਾਲ ਸ਼ਹਿਰ ਦੀ ਆਊਟਰ ਰਿੰਗ ਰੋਡ ਉੱਤੇ ਸਥਿਤ ਡੇਲੋਇਟ, ਵਿਪਰੋ, ਈਕੋਸਪੇਸ ਵਰਗੀਆਂ ਆਈਟੀ ਕੰਪਨੀਆਂ ਦੀਆਂ ਇਮਾਰਤਾਂ ਵਿਚ ਵੀ ਵੜ ਗਿਆ। ਸੜਕਾਂ ਉੱਤੇ ਪਾਣੀ ਨਦੀਆਂ ਵਾਂਗ ਵਹਿ ਰਿਹਾ ਸੀ। ਵਿਦਿਆਰਥੀਆਂ ਅਤੇ ਦਫ਼ਤਰ ਜਾਣ ਵਾਲਿਆਂ ਨੂੰ ਕਿਸ਼ਤੀਆਂ ਅਤੇ ਟਰੈਕਟਰਾਂ ਦਾ ਸਹਾਰਾ ਲੈਣਾ ਪਿਆ। ਸ਼ਹਿਰ ਦੇ ਕਈ ਹਿੱਸਿਆਂ ਵਿਚ ਬਿਜਲੀ ਅਤੇ ਪਾਣੀ ਦੀ ਸਪਲਾਈ ਵੀ ਬੰਦ ਰਹੀ। ਹਵਾਈ ਅੱਡੇ ਦੇ ਪਾਰਕਿੰਗ ਖੇਤਰ ਵਿਚ ਪਾਣੀ ਭਰਨ ਕਾਰਨ ਕਈ ਘਰੇਲੂ ਹਵਾਈ ਉਡਾਣਾਂ ਰੱਦ ਕਰਨੀਆਂ ਪਈਆਂ। ਬੰਗਲੁਰੂ ਵਿਚ ਪਿਛਲੇ ਸਾਢੇ ਤਿੰਨ ਦਹਾਕਿਆਂ ਵਿਚ ਸਤੰਬਰ ਦੇ ਮਹੀਨੇ ਵਿਚ 24 ਘੰਟਿਆਂ ਵਿਚ ਬਹੁਤ ਜ਼ਿਆਦਾ ਮੀਂਹ ਪੈਣ ਦੀ ਇਹ ਤੀਜੀ ਘਟਨਾ ਹੈ। ਪਹਿਲਾਂ 12 ਸਤੰਬਰ 1988 ਨੂੰ 177.6 ਮਿਲੀਮੀਟਰ ਮੀਂਹ ਪਿਆ ਸੀ, ਫਿਰ 2014 ਵਿਚ 26 ਸਤੰਬਰ ਨੂੰ 132.6 ਮਿਲੀਮੀਟਰ ਅਤੇ ਹੁਣ 5 ਸਤੰਬਰ ਨੂੰ 131.6 ਮਿਲੀਮੀਟਰ ਮੀਂਹ ਪਿਆ ਹੈ।

ਆਈਟੀ ਕੰਪਨੀਆਂ ਦਾ ਗੜ੍ਹ ਜਾਣੇ ਜਾਂਦੇ ਸ਼ਹਿਰ ਵਿਚ ਹੜ੍ਹ ਆਉਣ ਕਾਰਨ ਲੋਕਾਂ ਨੇ ਪ੍ਰਸ਼ਾਸਨ ਉੱਤੇ ਆਪਣਾ ਗੁੱਸਾ ਕੱਢਿਆ। ਸ਼ਹਿਰ ਦੇ ਚੀਫ ਕਮਿਸ਼ਨਰ ਨੇ ਪ੍ਰਸ਼ਾਸਨ ਦੇ ਬਚਾਉ ਵਿਚ ਦਲੀਲ ਦਿੱਤੀ ਕਿ ਬੰਗਲੁਰੂ ਵਿਚ ਹੜ੍ਹ ਆਉਣ ਦੇ ਮੁੱਖ ਦੋ ਕਾਰਨ ਹਨ: ਇਕ ਤਾਂ ਇਸ ਸਾਲ ਮੌਨਸੂਨ ਨਾਲ ਔਸਤ ਨਾਲੋਂ ਵਧ ਮੀਂਹ ਪੈਣਾ ਅਤੇ ਦੂਜਾ ਆਮ ਤੌਰ ਉੱਤੇ ਸਤੰਬਰ ਦੇ ਪਹਿਲੇ ਹਫ਼ਤੇ ਵਿਚ ਔਸਤਨ 25 ਮਿਲੀਮੀਟਰ ਹੀ ਮੀਂਹ ਪੈਂਦਾ ਹੈ ਪਰ ਇਸ ਵਾਰ ਸ਼ਹਿਰ ਦੇ ਕੁਝ ਹਿੱਸਿਆਂ ਵਿਚ ਇਕ ਦਿਨ ਵਿਚ ਹੀ 150 ਤੋਂ 300 ਮਿਲੀਮੀਟਰ ਮੀਂਹ ਪੈ ਗਿਆ। ਕਰਨਾਟਕ ਦੇ ਮੁੱਖ ਮੰਤਰੀ ਦਾ ਕਹਿਣਾ ਹੈ ਕਿ ਸ਼ਹਿਰ ਵਿਚਲੀਆਂ ਝੀਲਾਂ ਦੇ ਓਵਰਫਲੋ ਹੋਣ ਕਾਰਨ ਸ਼ਹਿਰ ਵਿਚ ਹੜ੍ਹ ਆਇਆ ਹੈ।
ਭਾਰੀ ਮੀਂਹ ਪੈਣ ਤੋਂ ਬਾਅਦ ਇਕੱਲੇ ਬੰਗਲੁਰੂ ਸ਼ਹਿਰ ਵਿਚ ਹੀ ਹੜ੍ਹ ਨਹੀਂ ਆਇਆ, ਇਸ ਤਰ੍ਹਾਂ ਦੇ ਹੜ੍ਹ ਤਾਂ ਭਾਰਤ ਦੇ ਲਗਭਗ ਸਾਰੇ ਸ਼ਹਿਰਾਂ ਵਿਚ ਹੀ ਆਉਂਦੇ ਹਨ ਅਤੇ ਹਰ ਵਾਰ ਮੀਂਹ ਪੈਣ ਤੋਂ ਬਾਅਦ ਮੁੰਬਈ ਅਤੇ ਦਿੱਲੀ ਵਰਗੇ ਵੱਡੇ ਸ਼ਹਿਰ ਵੀ ਹਾਲੋਂ-ਬੇਹਾਲ ਹੋਏ ਪਏ ਹੁੰਦੇ ਹਨ। ਬੰਗਲੁਰੂ ਵਿਚ ਹੜ੍ਹ ਆਉਣ ਦੇ ਕਈ ਕਾਰਨ ਹਨ ਜਿਨ੍ਹਾਂ ਵਿਚ ਮੁੱਖ ਸ਼ਹਿਰ ਦਾ ਯੋਜਨਾ ਤੋਂ ਵਿਰਵਾ ਵਿਕਾਸ, ਇਮਾਰਤਾਂ ਥੱਲੇ ਵਧਦਾ ਰਕਬਾ, ਝੀਲਾਂ ਦੇ ਖੇਤਰ ਉੱਤੇ ਨਾਜਾਇਜ਼ ਕਬਜ਼ੇ, ਝੀਲਾਂ ਵਿਚ ਮਿੱਟੀ ਆਦਿ ਜਮ੍ਹਾਂ ਹੋਣਾ, ਝੀਲਾਂ ਨੂੰ ਇਕ ਦੂਜੇ ਨਾਲ ਜੋੜਨ ਵਾਲੇ ਬਰਸਾਤੀ ਨਾਲਿਆਂ ਅਤੇ ਸੂਇਆਂ ਉੱਤੇ ਉਸਾਰੀਆਂ ਤੇ ਕਬਜ਼ੇ, ਦਰਖ਼ਤਾਂ/ਜੰਗਲਾਂ ਥੱਲੇ ਘਟਦਾ ਰਕਬਾ ਆਦਿ ਹਨ।

ਬੰਗਲੁਰੂ ਸ਼ਹਿਰ ਵਿਚ ਆਈਟੀ ਕੰਪਨੀਆਂ ਦੇ ਆਉਣ ਕਾਰਨ ਇਹ ਸ਼ਹਿਰ ਤੇਜ਼ੀ ਨਾਲ ਫੈਲਣ ਲੱਗ ਪਿਆ। ਇੰਡੀਅਨ ਇੰਸਟੀਚਿਊਟ ਆਫ ਸਾਇੰਸ ਦੀ 2016 ਦੀ ਰਿਪੋਰਟ ਅਨੁਸਾਰ ਸ਼ਹਿਰ ਦੇ ਇਮਾਰਤਾਂ ਵਾਲੇ ਖੇਤਰ ਵਿਚ 1973 ਤੋਂ 2016 ਤੱਕ 1005 ਫ਼ੀਸਦ ਵਾਧਾ ਹੋਇਆ ਹੈ। 1973 ਵਿਚ ਇਮਾਰਤਾਂ ਥੱਲੇ ਸ਼ਹਿਰ ਦਾ ਸਿਰਫ਼ 8 ਫ਼ੀਸਦ ਖੇਤਰ ਸੀ ਜਿਹੜਾ 1992 ਵਿਚ ਵਧ ਕੇ 27.3 ਫ਼ੀਸਦ, ਅਤੇ 2016 ਵਿਚ 77 ਫ਼ੀਸਦ ਹੋ ਗਿਆ ਸੀ ਅਤੇ 2020 ਵਿਚ ਇਹ ਵਧ ਕੇ 93.3 ਫ਼ੀਸਦ ਹੋ ਜਾਵੇਗਾ। ਹੁਣ 2022 ਚੱਲ ਰਿਹਾ ਹੈ, ਇਮਾਰਤਾਂ ਥੱਲੇ ਸ਼ਹਿਰੀ ਖੇਤਰ ਹੋਰ ਵੀ ਵਧ ਗਿਆ ਹੋਵੇਗਾ।

ਬੰਗਲੁਰੂ ਦੀ ਸ਼ਹਿਰੀ ਆਬਾਦੀ 2021 ਵਿਚ ਵਧ ਕੇ 1 ਕਰੋੜ 27 ਲੱਖ ਹੋ ਗਈ ਜਿਹੜੀ 1971 ਵਿਚ ਸਿਰਫ਼ 16 ਲੱਖ 77 ਹਜ਼ਾਰ ਸੀ। ਪਿਛਲੇ ਪੰਜ ਦਹਾਕਿਆਂ ਵਿਚ ਬੰਗਲੁਰੂ ਦੀ ਆਬਾਦੀ ਵਿਚ 661.49 ਫ਼ੀਸਦ ਵਾਧਾ ਹੋਇਆ ਹੈ। ਆਬਾਦੀ ਵਿਚ ਤੇਜੀ ਨਾਲ ਹੋਏ ਵਾਧੇ ਅਤੇ ਆਈਟੀ ਕੰਪਨੀਆਂ ਦੀ ਆਮਦ ਨੇ ਬੰਗਲੁਰੂ ਦੀ ਬਨਸਪਤੀ ਅਤੇ ਜਲ ਸਰੋਤਾਂ ਥੱਲੇ ਵਾਲਾ ਖੇਤਰ ਤੇਜ਼ੀ ਨਾਲ ਘਟਾ ਦਿੱਤਾ। ਇੰਡੀਅਨ ਇੰਸਟੀਚਿਊਟ ਆਫ ਸਾਇੰਸ ਦੀ ਉਪਰੋਕਤ ਰਿਪੋਰਟ ਅਨੁਸਾਰ ਸ਼ਹਿਰੀ ਵਿਕਾਸ ਅਤੇ ਇਮਾਰਤਾਂ ਹੇਠਾਂ ਵਧਦੇ ਖੇਤਰ ਨਾਲ ਬੰਗਲੁਰੂ ਦੀ ਧਰਤੀ ਦੀ ਵਰਤੋਂ ਦੇ ਤਰੀਕੇ ਵਿਚ ਵੀ ਬਹੁਤ ਤਬਦੀਲੀ ਆਈ ਹੈ। 1973 ਦੇ ਮੁਕਾਬਲੇ 2016 ਵਿਚ ਬਨਸਪਤੀ ਥੱਲੇ ਰਕਬਾ 88 ਫ਼ੀਸਦ ਅਤੇ ਜਲ ਸਰੋਤਾਂ ਥੱਲੇ ਰਕਬਾ 79 ਫ਼ੀਸਦ ਘਟ ਗਿਆ।

ਇਤਿਹਾਸਕ ਪਿਛੋਕੜ ਵਿਚ ਬੰਗਲੁਰੂ ਸ਼ਹਿਰ ਨੂੰ ਝੀਲਾਂ ਅਤੇ ਬਾਗਾਂ ਦਾ ਸ਼ਹਿਰ ਵੀ ਕਿਹਾ ਜਾਦਾ ਸੀ। ਬੰਗਲੁਰੂ ਵਾਸੀਆਂ ਦੀਆਂ ਹਰ ਤਰ੍ਹਾਂ ਦੀਆਂ ਪਾਣੀ ਦੀਆਂ ਲੋੜਾਂ ਨੂੰ ਇੱਥੋਂ ਦੀਆਂ ਝੀਲਾਂ ਪੂਰਾ ਕਰ ਦਿੰਦੀਆਂ ਸਨ। ਬੰਗਲੁਰੂ ਸ਼ਹਿਰ ਪਹਾੜੀਆਂ ਉੱਤੇ ਵੱਸਿਆ ਹੋਇਆ ਹੈ ਅਤੇ ਇੱਥੇ ਮੌਨਸੂਨ ਪੌਣਾਂ ਸਾਲ ਵਿਚ ਦੋ ਵਾਰ (ਆਉਣ ਵੇਲੇ ਜੂਨ-ਜੁਲਾਈ ਵਿਚ ਅਤੇ ਜਾਣ ਵੇਲੇ ਅਗਸਤ ਦੇ ਪਿਛਲੇ ਹਫ਼ਤੇ ਵਿਚ) ਮੀਂਹ ਪਾਉਂਦੀਆਂ ਹਨ। ਮੀਂਹ ਦਾ ਪਾਣੀ ਪਹਾੜੀਆਂ ਦੇ ਆਲੇ-ਦੁਆਲੇ ਦੇ ਨੀਵੇਂ ਖੇਤਰਾਂ ਵਿਚ ਜਮ੍ਹਾਂ ਹੋ ਜਾਂਦਾ ਹੈ। ਝੀਲਾਂ ਨੂੰ ਪੁਰਾਣੇ ਸਮਿਆਂ ਵਿਚ ਇਕ ਦੂਜੇ ਨਾਲ ਛੋਟੇ ਛੋਟੇ ਸੂਏ ਜਾਂ ਨਹਿਰਾਂ ਬਣਾ ਕੇ ਜੋੜਿਆ ਹੋਇਆ ਸੀ। ਜਦੋਂ ਮੀਂਹ ਪੈਣ ਨਾਲ ਪਾਣੀ ਇਨ੍ਹਾਂ ਝੀਲਾਂ ਵਿਚ ਭਰ ਜਾਂਦਾ ਸੀ ਤਾਂ ਵਾਧੂ ਪਾਣੀ ਸੂਇਆਂ ਅਤੇ ਨਹਿਰਾਂ ਰਾਹੀਂ ਦੂਜੀਆਂ ਝੀਲਾਂ ਜਾਂ ਤਲਾਬਾਂ ਵਿਚ ਇਕੱਠਾ ਕਰ ਲਿਆ ਜਾਂਦਾ ਸੀ ਅਤੇ ਬਾਅਦ ਵਿਚ ਲੋਕ ਆਪਣੀਆਂ ਲੋੜਾਂ ਮੁਤਾਬਕ ਵਰਤ ਲੈਂਦੇ ਸਨ।

ਭਾਰਤ ਵਿਚ ਮੀਂਹ ਦੇ ਪਾਣੀ ਦੀ ਸਾਂਭ-ਸੰਭਾਲ ਦਾ ਬਹੁਤ ਹੀ ਅਮੀਰ ਵਿਰਸਾ ਹੈ। ਦੇਸ਼ ਦੇ ਹਰ ਖੇਤਰ ਵਿਚ ਮੀਂਹ ਦਾ ਪਾਣੀ ਵੱਖ-ਵੱਖ ਤਰੀਕਿਆਂ ਨਾਲ ਉਸ ਖੇਤਰ ਦੀ ਭੂਗੋਲਿਕ ਸਥਿਤੀ ਅਨੁਸਾਰ ਇਕੱਠਾ ਕਰ ਲਿਆ ਜਾਂਦਾ ਸੀ। ਮੁਲਕ ਦਾ ਦੱਖਣੀ ਹਿੱਸਾ ਪਠਾਰੀ ਹੈ, ਇਸ ਹਿੱਸੇ ਵਿਚ ਤਾਲਾਬ ਬਣਾਏ ਜਾਂਦੇ ਸਨ ਜਿਨ੍ਹਾਂ ਵਿਚ ਮੀਂਹ ਦਾ ਪਾਣੀ ਆਪ-ਮੁਹਾਰੇ ਇਕੱਠਾ ਹੋ ਜਾਂਦਾ ਸੀ; ਉਸ ਪਾਣੀ ਨੂੰ ਲੋਕ ਆਪਣੀਆਂ ਰੋਜ਼ਾਨਾ ਲੋੜਾਂ ਲਈ ਵਰਤਦੇ ਸਨ ਅਤੇ ਇਨ੍ਹਾਂ ਥਾਵਾਂ ਨੂੰ ਸਾਫ਼-ਸੁਥਰੀਆਂ ਰੱਖਣ ਦੇ ਨਾਲ ਨਾਲ ਇਨ੍ਹਾਂ ਨੂੰ ਪੂਜਦੇ ਵੀ ਸਨ।

ਨਵੀਆਂ ਤਕਨੀਕਾਂ ਦੇ ਪ੍ਰਭਾਵ ਥੱਲੇ ਆ ਕੇ ਅਸੀਂ ਕੁਦਰਤੀ ਸਰੋਤਾਂ ਦੀ ਅਣਦੇਖੀ ਕਰਨ ਲੱਗ ਪਏ ਹਾਂ। ਬੰਗਲੁਰੂ ਸ਼ਹਿਰ ਵਿਚ ਆਬਾਦੀ ਦੇ ਵਾਧੇ ਕਾਰਨ ਕੁਝ ਝੀਲਾਂ ਦੇ ਖੇਤਰ ਉੱਤੇ ਕਬਜ਼ੇ ਕਰ ਕੇ ਮਕਾਨ ਅਤੇ ਹੋਰ ਇਮਾਰਤਾਂ ਬਣਾ ਲਈਆਂ ਹਨ ਜਿਸ ਨਾਲ ਝੀਲਾਂ ਦਾ ਰਕਬਾ ਘਟ ਗਿਆ ਹੈ। ਝੀਲਾਂ ਨੂੰ ਆਪਸ ਵਿਚ ਜੋੜਨ ਲਈ ਜਿਹੜੇ ਸੂਏ ਜਾਂ ਨਾਲੇ ਆਦਿ ਬਣਾਏ ਗਏ ਸਨ, ਉਨ੍ਹਾਂ ਉੱਤੇ ਵੀ ਕਈ ਤਰ੍ਹਾਂ ਦੀਆਂ ਉਸਾਰੀਆਂ ਹੋ ਗਈਆਂ ਕਿਉਂਕਿ ਇਹ ਸੂਏ ਜਾਂ ਨਾਲੇ ਸਿਰਫ਼ ਵੱਧ ਮੀਂਹ ਪੈਣ ਵੇਲੇ ਝੀਲਾਂ ਦੇ ਓਵਰਫਲੋ ਕਰਨ ਵੇਲੇ ਹੀ ਕੰਮ ਆਉਂਦੇ ਅਤੇ ਬਾਕੀ ਸਮਾਂ ਖਾਲੀ ਪਏ ਰਹਿੰਦੇ ਸਨ। ਝੀਲਾਂ, ਤਲਾਬਾਂ ਅਤੇ ਜਲਗਾਹਾਂ ਮੀਂਹ ਦੇ ਪਾਣੀ ਨੂੰ ਸਪੰਜ ਵਾਂਗ ਜਜ਼ਬ ਕਰ ਲੈਂਦੇ ਹਨ ਜਿਸ ਨਾਲ ਇਕ ਪਾਸੇ ਹੜ੍ਹ ਤੋਂ ਬਚਾਅ ਹੋ ਜਾਂਦਾ ਹੈ ਅਤੇ ਦੂਜੇ ਪਾਸੇ ਇਹ ਪਾਣੀ ਧਰਤੀ ਹੇਠਲੇ ਪਾਣੀ ਨੂੰ ਰਿਚਾਰਜ ਕਰਨ ਦੇ ਨਾਲ ਨਾਲ ਲੋਕਾਂ ਦੀਆਂ ਰੋਜ਼ਮੱਰਾ ਦੀਆਂ ਲੋੜਾਂ ਨੂੰ ਪੂਰਾ ਕਰਨ ਦੇ ਕੰਮ ਆਉਂਦਾ ਹੈ।

ਇਕੱਲਾ ਬੰਗਲੁਰੂ ਸ਼ਹਿਰ ਹੀ ਇਸ ਤਰ੍ਹਾਂ ਜਲ ਸਰੋਤਾਂ ਉੱਤੇ ਉਸਾਰੀਆਂ, ਕਬਜ਼ਿਆਂ ਅਤੇ ਅਣਦੇਖੀ ਕਾਰਨ ਹੜ੍ਹਾਂ ਦਾ ਸ਼ਿਕਾਰ ਨਹੀਂ ਹੋਇਆ ਹੈ। ਮੁਲਕ ਦੇ ਹੋਰ ਵੀ ਬਹੁਤ ਸਾਰੇ ਸ਼ਹਿਰ ਜਿਵੇਂ ਸ੍ਰੀਨਗਰ, ਚੇਨਈ, ਦਿੱਲੀ, ਮੁੰਬਈ ਆਦਿ ਨੇ ਵੀ ਹੜ੍ਹਾਂ ਦੀ ਮਾਰ ਝੱਲੀ ਹੈ। 2014 ਵਿਚ ਸ੍ਰੀਨਗਰ ਵਿਚ ਹੜ੍ਹ ਨੇ ਭਾਰੀ ਤਬਾਹੀ ਮਚਾਈ ਸੀ। ਉੱਥੇ ਵੀ ਹੜ੍ਹ ਆਉਣ ਦਾ ਮੁੱਖ ਕਾਰਨ ਝੀਲਾਂ, ਬਰਸਾਤੀ ਨਾਲਿਆਂ ਅਤੇ ਜਿਹਲਮ ਦਰਿਆ ਦੇ ਵਹਾਅ ਖੇਤਰ ਉੱਤੇ ਹੋਈਆਂ ਉਸਾਰੀਆਂ ਅਤੇ ਕਬਜ਼ੇ ਹੀ ਸਨ। ਹਮਾਊ ਅਤੇ ਰਾਸ਼ਿਦ ਦੇ ਅਧਿਐਨ ਅਨੁਸਾਰ ਸ੍ਰੀਨਗਰ ਦੀਆਂ 50 ਫ਼ੀਸਦ ਜਲਗਾਹਾਂ ਉਸਾਰੀਆਂ ਅਤੇ ਨਜ਼ਾਇਜ਼ ਕਬਜ਼ਿਆਂ ਕਾਰਨ ਪਿਛਲੀ ਇਕ ਸਦੀ ਵਿਚ ਆਪਣਾ ਵਜੂਦ ਖੋ ਚੁੱਕੀਆਂ ਹਨ। ਸ੍ਰੀਨਗਰ ਦੀ ਸਭ ਤੋਂ ਵੱਡੀ ਝੀਲ ਵੂਲਰ ਦਾ ਖੇਤਰ 1901 ਦੇ ਮੁਕਾਬਲੇ 2011 ਵਿਚ 88 ਫ਼ੀਸਦ ਅਤੇ ਡੱਲ ਝੀਲ ਦਾ 50 ਫ਼ੀਸਦ ਘਟ ਗਿਆ। ਇਹੋ ਜਿਹਾ ਵਰਤਾਰਾ ਤਾਮਿਲਨਾਡੂ ਦੇ ਚੇਨਈ ਸ਼ਹਿਰ ਨਾਲ ਵੀ ਵਾਪਰਿਆ ਹੋਇਆ ਹੈ। ਚੇਨਈ ਦੀ ਅੰਨਾ ਯੂਨੀਵਰਸਿਟੀ ਦਾ ਖੋਜ ਅਨੁਸਾਰ 20ਵੀਂ ਸਦੀ ਦੇ ਸ਼ੁਰੂ ਵਿਚ ਚੇਨਈ ਵਿਚ 60 ਵੱਡੇ ਤਲਾਬ ਅਤੇ ਝੀਲਾਂ ਸਨ ਅਤੇ ਅਦਿਆਰ ਅਤੇ ਕੌਮ ਨਾਮ ਦੇ ਦੋ ਦਰਿਆ ਸਨ ਜੋ ਲੋਕਾਂ ਦੀਆਂ ਪਾਣੀ ਦੀਆਂ ਲੋੜਾਂ ਦੀ ਪੂਰਤੀ ਕਰਦੇ ਸਨ। ਹੁਣ ਇਨ੍ਹਾਂ ਤਲਾਬਾਂ/ਝੀਲਾਂ ਦੀ ਗਿਣਤੀ ਘਟ ਕੇ 26 ਹੀ ਰਹਿ ਗਈ ਹੈ। ਅਦਿਆਰ ਦਰਿਆ ਦੇ ਵਹਾਅ ਖੇਤਰ ਉੱਤੇ ਹਵਾਈ ਅੱਡਾ ਬਣਾ ਦਿੱਤਾ ਗਿਆ ਹੈ। ਜਲਗਾਹਾਂ ਉੱਤੇ ਉਸਾਰੀਆਂ ਇਮਾਰਤਾਂ ਅਤੇ ਕਬਜ਼ਿਆਂ ਕਾਰਨ ਹੀ ਚੇਨਈ ਸ਼ਹਿਰ ਨੂੰ 2015 ਵਿਚ ਹੜ੍ਹਾਂ ਦੀ ਭਿਆਨਕ ਮਾਰ ਪਈ ਸੀ ਅਤੇ 2019 ਵਿਚ ਇਹ ਸ਼ਹਿਰ ਪਾਣੀ ਦੇ ਗੰਭੀਰ ਸੰਕਟ ਵਿਚ ਫਸ ਗਿਆ ਸੀ।

ਝੀਲਾਂ, ਤਲਾਬ ਆਦਿ ਉਹ ਜਲ ਸਰੋਤ ਹਨ ਜੋ ਸਾਨੂੰ ਹੜ੍ਹਾਂ ਅਤੇ ਸੋਕੇ ਵਰਗੀਆਂ ਘਟਨਾਵਾਂ ਤੋਂ ਬਚਾਉਂਦੇ ਹਨ। ਨੀਤੀ ਆਯੋਗ 2018 ਦੀ ਰਿਪੋਰਟ ਅਨੁਸਾਰ ਅੱਜਕੱਲ੍ਹ ਹੜ੍ਹ ਦੀ ਮਾਰ ਝੱਲ ਰਿਹਾ ਬੰਗਲੁਰੂ ਸ਼ਹਿਰ ਕੁਦਰਤੀ ਜਲ ਸਰੋਤਾਂ ਦੀ ਅਣਦੇਖੀ ਕਾਰਨ ਉਨ੍ਹਾਂ 21 ਸ਼ਹਿਰਾਂ ਵਿਚ ਵੀ ਸ਼ਾਮਲ ਸੀ ਜਿਨ੍ਹਾਂ ਵਿਚ ਉਥੋਂ ਦੇ ਵਾਸੀ ਆਉਣ ਵਾਲੇ ਸਮੇਂ ਵਿਚ ਪੀਣ ਵਾਲੇ ਪਾਣੀ ਲਈ ਸ਼ਹਿਰ ਤੋਂ ਬਾਹਰਲੇ ਸਰੋਤਾਂ ਉੱਤੇ ਹੀ ਨਿਰਭਰ ਹੋ ਜਾਣਗੇ।

ਕਰਨਾਟਕ ਸਰਕਾਰ ਨੇ ਆਰਥਿਕ ਵਿਕਾਸ ਦੀ ਉਤਲੀ ਪੌੜੀ ਵੱਲ ਜਾਂਦਿਆਂ ਬੰਗਲੁਰੂ ਸ਼ਹਿਰ ਵਿਚ ਜਲ ਸਰੋਤਾਂ ਦੇ ਖੇਤਰ ਵਿਚ ਜੰਗਲਾਂ/ਦਰਖ਼ਤਾਂ ਦੀ ਵੀ ਅੰਧਾਧੁੰਦ ਕਟਾਈ ਕੀਤੀ ਹੈ। ਝੀਲਾਂ ਅਤੇ ਬਾਗਾਂ ਦੇ ਨਾਮ ਨਾਲ ਜਾਣੇ ਜਾਂਦੇ ਸ਼ਹਿਰ ਦੀ 2016 ਤੱਕ 88 ਫ਼ੀਸਦ ਬਨਸਪਤੀ ਖ਼ਤਮ ਹੋ ਚੁੱਕੀ ਸੀ। ਪਿਛਲੇ 6 ਸਾਲਾਂ ਵਿਚ ਇਸ ਦਾ ਫ਼ੀਸਦ ਖੇਤਰ ਹੋਰ ਵੀ ਘਟ ਹੋ ਗਿਆ ਹੋਵੇਗਾ। ਹਰ ਖੇਤਰ ਅਤੇ ਮੁਲਕ ਵਿਚ ਕੁਦਰਤੀ ਸੰਤੁਲਨ ਨੂੰ ਬਣਾ ਕੇ ਰੱਖਣ ਲਈ ਉਸ ਦੇ ਘੱਟੋ-ਘੱਟ 33 ਫ਼ੀਸਦ ਖੇਤਰ ਵਿਚ ਜੰਗਲ/ਦਰਖ਼ਤ ਹੋਣੇ ਚਾਹੀਦੇ ਹਨ। ਇਕ ਤਾਂ ਦਰਖ਼ਤ ਤਾਪਮਾਨ ਦੇ ਵਾਧੇ ਨੂੰ ਕਾਬੂ ਰੱਖਣ ਵਿਚ ਸਹਾਈ ਹੁੰਦੇ ਹਨ ਅਤੇ ਦੂਜੇ ਦਰਖ਼ਤਾਂ ਦੀਆਂ ਜੜ੍ਹਾਂ ਮੀਂਹ ਦੇ ਵਾਧੂ ਪਾਣੀ ਨੂੰ ਸੋਖ ਕੇ ਹੜ੍ਹਾਂ ਤੋਂ ਵੀ ਬਚਾਅ ਕਰਦੀਆਂ ਹਨ। ਕਿਸੇ ਥਾਂ/ਖੇਤਰ ਨੂੰ ਹੜ੍ਹ ਅਤੇ ਸੋਕੇ ਵਰਗੀਆਂ ਕੁਦਰਤੀ ਆਫ਼ਤਾਂ ਦੀ ਮਾਰ ਤੋਂ ਬਚਾਉਣ ਲਈ ਉਥੋਂ ਦੇ ਕੁਦਰਤੀ ਸੰਤੁਲਨ ਦਾ ਖ਼ਾਸ ਖਿਆਲ ਰੱਖਣਾ ਚਾਹੀਦਾ ਹੈ।

ਇਸ ਗੱਲ ਤੋਂ ਵੀ ਇਨਕਾਰੀ ਨਹੀਂ ਹੋਇਆ ਜਾ ਸਕਦਾ ਕਿ ਮੌਸਮੀ ਤਬਦੀਲੀਆਂ ਕਾਰਨ ਕੁਦਰਤੀ ਆਫ਼ਤਾਂ ਦੀ ਆਮਦ ਦੀ ਗਿਣਤੀ ਅਤੇ ਮਾਰ ਦੀ ਗਹਿਰਾਈ ਵਿਚ ਵੀ ਕਾਫ਼ੀ ਵਾਧਾ ਹੋਇਆ ਹੈ। ਇਨ੍ਹਾਂ ਕੁਦਰਤੀ ਆਫ਼ਤਾਂ ਦੀ ਮਾਰ ਤੋਂ ਬਚਾਉ ਲਈ ਕੁਦਰਤੀ ਸਰੋਤਾਂ ਦੀ ਸੰਭਾਲ ਕਰਨੀ ਪਵੇਗੀ। ਬੰਗਲੁਰੂ ਸ਼ਹਿਰ ਨੂੰ ਹੜ੍ਹ ਅਤੇ ਸੋਕੇ ਦੀ ਮਾਰ ਤੋਂ ਬਚਾਉਣ ਲਈ ਸ਼ਹਿਰ ਦੇ ਪ੍ਰਸ਼ਾਸਨ ਅਤੇ ਰਾਜ ਸਰਕਾਰ ਨੂੰ ਸ਼ਹਿਰ ਵਿਚਲੀਆਂ ਬਚੀਆਂ ਹੋਈਆਂ ਝੀਲਾਂ ਦੇ ਖੇਤਰ ਉੱਤੇ ਹੋਏ ਨਾਜਾਇਜ਼ ਕਬਜ਼ੇ ਹਟਾਉਣੇ ਚਾਹੀਦੇ ਹਨ। ਜਿਨ੍ਹਾਂ ਝੀਲਾਂ ਦਾ ਇਕ ਦੂਜੇ ਨਾਲ ਜੋੜਨਾ ਸੰਭਵ ਹੈ, ਉੱਥੇ ਬਰਸਾਤੀ ਨਾਲੇ ਬਣਾ ਕੇ ਉਨ੍ਹਾਂ ਨੂੰ ਜੋੜਨਾ ਚਾਹੀਦਾ ਹੈ ਤਾਂ ਕਿ ਫਿਰ ਜਦੋਂ ਜ਼ਿਆਦਾ ਮੀਂਹ ਪਵੇ ਤਾਂ ਸ਼ਹਿਰ ਵਾਸੀਆਂ ਨੂੰ ਹੜ੍ਹ ਵਰਗੀ ਸਥਿਤੀ ਦਾ ਸਾਹਮਣਾ ਨਾ ਕਰਨਾ ਪਵੇ। ਝੀਲਾਂ ਵਿਚ ਜੰਮੀ ਹੋਈ ਮਿੱਟੀ ਅਤੇ ਹੋਰ ਪਦਾਰਥ ਬਾਹਰ ਕੱਢਣੇ ਚਾਹੀਦੇ ਹਨ ਅਤੇ ਉਨ੍ਹਾਂ ਨੂੰ ਚੰਗੀ ਤਰ੍ਹਾਂ ਸਾਫ਼ ਕਰਵਾਉਣਾ ਚਾਹੀਦਾ ਹੈ। ਸ਼ਹਿਰ ਦੇ ਪ੍ਰਸ਼ਾਸਨ ਨੂੰ ਸ਼ਹਿਰ ਦੇ ਸਾਰੇ ਤਰ੍ਹਾਂ ਦੇ ਜਲ ਸਰੋਤਾਂ ਦੀ ਸਫ਼ਾਈ ਵੀ ਯਕੀਨੀ ਬਣਾਉਣੀ ਚਾਹੀਦੀ ਹੈ।

ਬੰਗਲੁਰੂ ਦੀਆਂ ਕਈ ਝੀਲਾਂ ਵਿਚ ਫੈਕਟਰੀਆਂ ਅਤੇ ਸੀਵਰੇਜ ਦਾ ਅਣਸੋਧਿਆ ਪਾਣੀ ਸਿੱਧਾ ਹੀ ਨਿਕਾਸ ਦਿੱਤਾ ਜਾਂਦਾ ਹੈ ਜਿਸ ਨਾਲ ਕਈ ਵਾਰੀ ਇਨ੍ਹਾਂ ਝੀਲਾਂ ਵਿਚ ਅੱਗ ਲੱਗ ਜਾਂਦੀ ਹੈ। ਸ਼ਹਿਰ ਦੇ ਪ੍ਰਸ਼ਾਸਨ ਦੀ ਇਹ ਵੀ ਜ਼ਿੰਮੇਵਾਰੀ ਬਣਦੀ ਹੈ ਕਿ ਕਿਸੇ ਵੀ ਤਰ੍ਹਾਂ ਦਾ ਅਣਸੋਧਿਆ ਗੰਦਾ ਪਾਣੀ ਝੀਲਾਂ, ਤਾਲਾਬਾਂ ਅਤੇ ਹੋਰ ਜਲ ਸਰੋਤਾਂ ਵਿਚ ਨਾ ਸੁੱਟਿਆ ਜਾਵੇ। ਸੀਵਰੇਜ ਦੇ ਪਾਣੀ ਦੀ ਸਫ਼ਾਈ ਲਈ ਸ਼ਹਿਰ ਦੀ ਮਿਉਂਸਿਪਲ ਕਾਰਪੋਰੇਸ਼ਨ ਨੂੰ ਫ਼ੈਕਟਰੀਆਂ ਤੋਂ ਨਿਕਲੇ ਗੰਦੇ ਪਾਣੀ ਦੀ ਨਿਕਾਸੀ ਲਈ ਉਨ੍ਹਾਂ ਦੇ ਮਾਲਕਾਂ ਉੱਤੇ ਬਣਦੀ ਕਾਰਵਾਈ ਕਰਨੀ ਚਾਹੀਦੀ ਹੈ।

ਸ਼ਹਿਰ ਨੂੰ ਹੜ੍ਹ ਤੋਂ ਬਚਾਉਣ ਲਈ ਉਨ੍ਹਾਂ ਥਾਵਾਂ ਦੀ ਵੀ ਨਿਸ਼ਾਨਦੇਹੀ ਕਰ ਲੈਣੀ ਚਾਹੀਦੀ ਹੈ ਜਿੱਥੇ ਮੀਂਹ ਦਾ ਜ਼ਿਆਦਾ ਪਾਣੀ ਇਕੱਠਾ ਹੁੰਦਾ ਹੈ। ਉਨ੍ਹਾਂ ਥਾਵਾਂ ਦੇ ਨੇੜੇ ਸੁਰੱਖਿਅਤ ਥਾਂ ਲੱਭ ਕੇ ਡੂੰਘੇ ਖੂਹ ਬਣਾ ਕੇ ਮੀਂਹ ਦਾ ਪਾਣੀ ਉੱਥੇ ਹੀ ਧਰਤੀ ਵਿਚ ਨਿਕਾਸ ਦੇਣਾ ਚਾਹੀਦਾ ਹੈ ਜੋ ਹੜ੍ਹ ਅਤੇ ਸੋਕੇ ਦੋਹਾਂ ਤਰ੍ਹਾਂ ਦੀ ਸਮੱਸਿਆ ਨੂੰ ਹੱਲ ਕਰਨ ਵਿਚ ਬਹੁਤ ਹੀ ਮਦਦਗਾਰ ਹੋਵੇਗਾ। ਸ਼ਹਿਰ ਵਿਚ ਤਾਪਮਾਨ ਦੇ ਵਾਧੇ, ਅਤੇ ਹੜ੍ਹ ਵਰਗੀਆਂ ਕੁਦਰਤੀ ਆਫ਼ਤਾਂ ਉੱਤੇ ਕਾਬੂ ਪਾਉਣ ਲਈ ਦਰਖ਼ਤਾਂ ਥੱਲੇ ਖੇਤਰ ਹਰ ਹਾਲ ਵਧਾਉਣਾ ਚਾਹੀਦਾ ਹੈ।

ਦਰਖ਼ਤਾਂ ਦੀ ਚੋਣ ਕਰਦੇ ਸਮੇਂ ਇਸ ਗੱਲ ਦਾ ਖ਼ਾਸ ਖਿਆਲ ਰੱਖਣਾ ਚਾਹੀਦਾ ਹੈ ਕਿ ਦਰਖ਼ਤ ਸਥਾਨਕ ਹੋਣ ਤਾਂ ਕਿ ਇਨ੍ਹਾਂ ਦਾ ਕੁਦਰਤੀ ਵਾਤਾਵਰਨ ਨਾਲ ਠੀਕ ਤਾਲਮੇਲ ਬਣ ਸਕੇ।

*ਸਾਬਕਾ ਪ੍ਰੋਫੈਸਰ, ਜਿਓਗਰਾਫੀ ਵਿਭਾਗ,

ਪੰਜਾਬੀ ਯੂਨੀਵਰਸਿਟੀ, ਪਟਿਆਲਾ।

Leave a Reply

Your email address will not be published. Required fields are marked *