ਮੌਸਮ ਵਿਚ ਹੋ ਰਹੀ ਤਬਦੀਲੀ ਅਤੇ ਅੱਜ ਦਾ ਮਨੁੱਖ

 

ਵਿੱਕੀ ਸੁਰਖ਼ਾਬ

ਧਰਤੀ ਨੂੰ ਹੋਂਦ ਵਿਚ ਆਉਣ ਤੋਂ ਲੈ ਕੇ ਹੁਣ ਤੱਕ ਵੱਖ ਵੱਖ ਸਮਿਆਂ ਦੌਰਾਨ ਜਿਸ ਨੇ ਵੀ ਧਰਤੀ ’ਤੇ ਜੀਵਨ ਬਤੀਤ ਕੀਤਾ ਹੋਵੇਗਾ, ਉਸ ਨੇ ਇਸ ਨੂੰ ਨਿੱਤ ਸਜਦੇ-ਸੰਵਰਦੇ ਦੇਖਿਆ ਹੋਵੇਗਾ। ਅੱਜ ਸਾਡੇ ਯੁੱਗ ਵਿਚ ਜੋ ਵੀ ਤਰੱਕੀ ਹੋਈ ਹੈ, ਉਹ ਬੇਮਿਸਾਲ ਹੈ। ਨਵੀਆਂ ਕਾਢਾਂ ਅਤੇ ਤਜਰਬਿਆਂ ਨੇ ਇਨਸਾਨ ਦੇ ਕਾਰਜਾਂ ਨੂੰ ਅਤਿ ਸੁਖਾਲਾ ਬਣਾ ਦਿੱਤਾ ਹੈ। ਇਸ ਨੂੰ ਜੇ ਕ੍ਰਾਂਤੀ ਦਾ ਨਾਮ ਦਿੱਤਾ ਜਾਵੇ ਤਾਂ ਕੋਈ ਹੈਰਾਨੀ ਨਹੀਂ ਹੋਵੇਗੀ। ਇਸ ਕ੍ਰਾਂਤੀ ਨੇ ਜਿੱਥੇ ਜੀਵਨ ਸੁਖਾਲਾ ਕੀਤਾ ਹੈ, ਉਥੇ ਇਸ ਦੇ ਨੁਕਸਾਨ ਵੀ ਬਹੁਤ ਹੋਏ ਹਨ। ਤਰੱਕੀ ਦੇ ਰਾਹ ਵਿਚ ਆਉਣ ਵਾਲੇ ਨੁਕਸਾਨ ਦੇ ਪੱਥਰਾਂ ਅਤੇ ਕੰਕਰਾਂ ਨੂੰ ਨਜ਼ਰਅੰਦਾਜ਼ ਕੀਤਾ ਹੀ ਜਾਂਦਾ ਹੈ। ਤਰੱਕੀ ਵਿਚ ਆਈ ਕ੍ਰਾਂਤੀ ਨੇ ਵਿਗਿਆਨਕ ਸੋਚ ਘੇਰਾ ਬੜਾ ਵਿਸ਼ਾਲ ਕਰ ਦਿੱਤਾ ਸੀ। ਜਿਹੜਾ ਕੰਮ ਮੀਲਾਂ ਪੈਦਲ ਚੱਲ ਕੇ ਕਰਨਾ ਪੈਂਦਾ ਸੀ, ਉਹ ਹੁਣ ਮੋਟਰਸਾਈਕਲ, ਕਾਰ, ਬੱਸ, ਟ੍ਰੇਨ ਰਾਹੀਂ ਸੰਭਵ ਹੋ ਗਿਆ। ਢੋਆ-ਢੁਆਈ ਵੀ ਸੁਖਾਲੀ ਹੋ ਗਈ। ਪਹਿਲੇ ਯੁੱਗਾਂ ਵਿਚ ਹੋਈ ਸ਼ੁਰੂਆਤ ਨੇ ਇਸ ਯੁੱਗ ਵਿਚ ਸੈਂਕੜੇ ਗੁਣਾ ਜਿ਼ਆਦਾ ਤਰੱਕੀ ਕੀਤੀ ਹੈ, ਇਸ ਵਿਚ ਕੋਈ ਸ਼ੱਕ ਨਹੀਂ ਪਰ ਇਸ ਤਰੱਕੀ ਨੇ ਸਾਡੀ ਧਰਤੀ ਨੂੰ ਬਹੁਤ ਨੁਕਸਾਨ ਪਹੁੰਚਾਇਆ ਹੈ।

ਕੁਦਰਤ ਦੁਆਰਾ ਸਾਜੀ ਨਿਵਾਜ਼ੀ ਨਾਯਾਬ ਚੀਜ਼ ਹੈ ਧਰਤੀ ਜਿਸ ’ਤੇ ਕੁਦਰਤ ਨੇ ਮਨੁੱਖ ਦੇ ਨਾਲ ਨਾਲ ਪਸ਼ੂ, ਪੰਛੀ, ਜੀਵ-ਜੰਤੂ, ਰੁੱਖ, ਬਨਸਪਤੀ, ਜੰਗਲ, ਨਦੀਆਂ, ਦਰਿਆ, ਸਮੁੰਦਰ, ਫੁੱਲ, ਫਲ ਸਾਨੂੰ ਤੋਹਫ਼ੇ ਵਜੋਂ ਦਿੱਤੇ ਹਨ। ਇਹ ਗੱਲ ਹੁਣ ਦਰੁਸਤ ਨਜ਼ਰ ਆ ਰਹੀ ਹੈ ਕਿ ਇਨਸਾਨ ਨਾਲੋਂ ਜਿ਼ਆਦਾ ਵਫ਼ਾਦਾਰ ਜਾਨਵਰ ਹਨ, ਉਹ ਕੁਦਰਤ ਲਈ ਹਮੇਸ਼ਾ ਵਫ਼ਾਦਾਰ ਰਹੇ ਹਨ ਪਰ ਮਨੁੱਖ ਨੇ ਖੁਦਗਰਜ਼ੀ ਦਿਖਾ ਕੇ ਕੁਦਰਤ ਨੂੰ ਤਾਂ ਪਲੀਤ ਕੀਤਾ ਹੀ, ਬੇਜ਼ੁਬਾਨ ਜਾਨਵਰਾਂ ਪੰਛੀਆਂ ਨੂੰ ਵੀ ਨਹੀਂ ਬਖਸਿ਼ਆ। ਧਰਤੀ ’ਤੇ ਵਧਦੇ ਮੋਬਾਈਲ ਫੋਨ ਟਾਵਰਾਂ ਨੇ ਪੰਛੀਆਂ ਦੀ ਹੋਂਦ ਖ਼ਤਰੇ ਵਿਚ ਪਾ ਦਿੱਤੀ ਹੈ। ਮਨੁੱਖ ਵੀ ਇਸ ਦਾ ਸਿ਼ਕਾਰ ਹੈ ਪਰ ਉਹ ਇਹ ਗੱਲ ਮੰਨਣ ਨੂੰ ਤਿਆਰ ਨਹੀਂ। ਮਨੁੱਖ ਨੇ ਕੁਦਰਤੀ ਚੀਜ਼ਾਂ ਨੂੰ ਫਾਲਤੂ ਸਮਝ ਕੇ ਉਸ ਨੂੰ ਗੌਲਿਆ ਤੱਕ ਨਹੀਂ। ਮਨੁੱਖ ਨੇ ਧਰਤੀ ਦੇ ਨੁਕਸਾਨ ਨੂੰ ਮਾਪਿਆ ਹੀ ਨਹੀਂ, ਨਾ ਕਦੇ ਪਹਿਲਾਂ ਅੰਦਾਜ਼ਾ ਲਗਾਇਆ। ਵਿਗਿਆਨ ਦੀਆਂ ਕਾਢਾਂ ਪਿੱਛੇ ਤਾਂ ਬਾਕਾਇਦਾ ਮਕਸਦ ਸਨ ਪਰ ਮਨੁੱਖ ਨੇ ਆਪਣੀ ਟਾਹਣੀ ਨੂੰ ਆਪੇ ਵੱਢ ਲਿਆ ਜਿਸ ’ਤੇ ਉਹ ਬੈਠਾ ਸੀ। ਇਸ ਧਰਤੀ ਨੂੰ ਆਪਣੀ ਜੱਦੀ-ਪੁਸ਼ਤੀ ਜਾਇਦਾਦ ਸਮਝ ਕੇ ਇਸ ਨਾਲ ਹੱਦੋਂ ਵੱਧ ਖਿਲਵਾੜ ਕੀਤਾ। ਇਹ ਨਹੀਂ ਸੋਚਿਆ ਕਿ ਇਹ ਸਾਨੂੰ ਸਿਰਫ਼ ਤੋਹਫ਼ੇ ਵਜੋਂ ਮਿਲੀ ਚੰਦ ਦਿਨਾਂ ਦੀ ਠਾਹਰ ਹੈ ਜਿਸ ਨੂੰ ਅਸੀਂ ਜਿਵੇਂ ਲਿਆ ਸੀ, ਉਵੇਂ ਹੀ ਛੱਡ ਕੇ ਜਾਣਾ ਪੈਣਾ ਹੈ।
ਵਿਗਿਆਨਕ ਸੋਚ ਨੇ ਇੰਜਣਾਂ ਦੀ ਕਾਢ ਕੱਢੀ ਜੋ ਤੇਲ ’ਤੇ ਚੱਲਣ ਵਾਲੇ ਸਨ। ਬਲਦੇ ਤੇਲ ਵਿਚੋਂ ਨਿਕਲਣ ਵਾਲੇ ਧੂੰਏਂ ਨੇ ਸਾਡੇ ਪਿੰਡਾਂ ਸ਼ਹਿਰਾਂ ਵਿਚ ਜ਼ਹਿਰ ਫੈਲਾਉਣ ਦਾ ਕੰਮ ਕੀਤਾ। ਇਸ ਕਾਢ ਨਾਲ਼ ਆਵਾਜਾਈ ਵਿਚ ਕ੍ਰਾਂਤੀ ਆ ਗਈ। ਦੇਖਦੇ ਹੀ ਦੇਖਦੇ ਵਾਹਨ ਵਧਦੇ ਗਏ। ਫੈਕਟਰੀਆਂ ਨੇ ਮਸ਼ੀਨੀ ਯੁੱਗ ਨੂੰ ਹਵਾ ਦਿੱਤੀ, ਐਸੀ ਹਵਾ ਕਿ ਜਲਵਾਯੂ ਦੀ ਹਵਾ ਖ਼ਰਾਬ ਹੋ ਗਈ। ਹੁਣ ਹਵਾ ਇੰਨੀ ਕੁ ਪ੍ਰਦੂਸ਼ਤ ਹੋ ਚੁੱਕੀ ਹੈ ਕਿ ਸਾਹ ਲੈਣਾ ਵੀ ਔਖਾ ਹੈ। ਦਿੱਲੀ ਵਰਗੇ ਵੱਡੇ ਸ਼ਹਿਰ ਇਸ ਦੀ ਮਿਸਾਲ ਹਨ। ਹਾਰਵਰਡ ਯੂਨੀਵਰਸਿਟੀ ਦੇ ਅਧਿਐਨ ਮੁਤਾਬਕ ਭਾਰਤ ਵਿਚ ਹਰ ਤੀਜੀ ਮੌਤ ਜ਼ਹਿਰੀਲੀ ਹਵਾ ਕਾਰਨ ਹੋ ਰਹੀ ਹੈ। ਹਵਾ ਵਿਚ ਕਾਰਬਨ ਡਾਈਅਕਸਾਈਡ ਦੀ ਮਾਤਰਾ ਵਧ ਰਹੀ ਹੈ। ਹੋਰ ਵੀ ਕਈ ਗੈਸਾਂ ਹਵਾ ਵਿਚ ਨਿੱਤ ਘੁਲ ਰਹੀਆਂ ਹਨ ਜਿਵੇਂ ਕਾਰਬਨ ਮੋਨੋਆਕਸਾਈਡ ਗੈਸ ਜਿਸ ਨਾਲ ਫੇਫੜਿਆਂ, ਦਿਲ, ਅੱਖਾਂ, ਚਮੜੀ ਰੋਗ ਅਤੇ ਕੈਂਸਰ ਵਰਗੀਆਂ ਲਾਇਲਾਜ ਬਿਮਾਰੀਆਂ ਹੋ ਰਹੀਆਂ ਹਨ। ਭਾਰਤ ਵਿਚ ਕੈਂਸਰ ਅਤੇ ਦਿਲ ਦੇ ਰੋਗੀ ਮੁਕਾਬਲਤਨ ਸਭ ਤੋਂ ਜਿ਼ਆਦਾ ਹਨ।

ਇਹ ਤਾਂ ਹਵਾ ਪ੍ਰਦੂਸ਼ਣ ਦੀ ਗੱਲ ਸੀ, ਮਨੁੱਖ ਨੇ ਤਾਂ ਪਾਣੀ ਵੀ ਨਹੀਂ ਬਖਸਿ਼ਆ। ਪਤਾ ਹੋਣ ਦੇ ਬਾਵਜੂਦ ਕਿ ਮਨੁੱਖ ਦਾ ਪਾਣੀ ਬਿਨਾ ਜੀਵਨ ਅਸੰਭਵ ਹੈ, ਤਾਂ ਵੀ ਅਸੀਂ ਇਸ ਨੂੰ ਰੱਜ ਕੇ ਬਰਬਾਦ ਅਤੇ ਗੰਧਲਾ ਕੀਤਾ। ਨਹਿਰਾਂ, ਦਰਿਆਵਾਂ ਨੂੰ ਅਸੀਂ ਪਹਿਲਾਂ ਹੀ ਗੰਧਲਾ ਕਰ ਚੁੱਕੇ ਸੀ, ਹੁਣ ਰਹਿੰਦੀ-ਖੂੰਹਦੀ ਕਸਰ ਫੈਕਟਰੀਆਂ ਵਾਲੇ ਕੱਢ ਰਹੇ ਹਨ। ਫੈਕਟਰੀਆਂ ਦਾ ਜ਼ਹਿਰੀਲੇ ਪਦਾਰਥਾਂ ਵਾਲਾ ਪਾਣੀ ਸਿੱਧਾ ਧਰਤੀ ਵਿਚ ਭੇਜਿਆ ਜਾ ਰਿਹਾ ਹੈ। ਇਹ ਤਾਂ ਆਪਣੇ ਪੈਰਾਂ ’ਤੇ ਆਪ ਕੁਹਾੜੀ ਮਾਰਨ ਵਾਂਗ ਹੈ। ਕੀ ਸਾਨੂੰ ਤਰੱਕੀ ਵਜੋਂ ਇਹੀ ਧਾਪੜਾ ਮਿਲਿਆ ਹੈ। ਇਸ ਤੋਂ ਵੀ ਅੱਗੇ, ਮਨੁੱਖ ਨੇ ਵਿਗਿਆਨਕ ਖੋਜਾਂ ਨੂੰ ਆਧਾਰ ਬਣਾ ਕੇ ਅਜਿਹੇ ਜੰਗੀ ਹਥਿਆਰ ਬਣਾ ਲਏ ਜਿਸ ਨੇ ਦੁਨੀਆ ਨੂੰ ਅੱਗ ਦੇ ਢੇਰ ਉੱਤੇ ਬਿਠਾ ਦਿੱਤਾ। ਰਵਾਇਤੀ ਅਤੇ ਪਰਮਾਣੂ ਹਥਿਆਰਾਂ ਦੇ ਤਜਰਬਿਆਂ ਨੇ ਜਲਵਾਯੂ ਪਰਿਵਰਤਨ ਲਿਆਂਦਾ। ਭਾਰਤ ਵਿਚ ਜਦੋਂ ਰਾਜਸਥਾਨ ਵਿਚ ਪਰਮਾਣ ਬੰਬ ਦਾ ਪਹਿਲੀ ਵਾਰ ਪ੍ਰੀਖਣ ਕੀਤਾ ਗਿਆ ਸੀ ਤਾਂ ਉਸੇ ਸਾਲ ਉਥੋਂ ਦੇ ਤਾਪਮਾਨ ਵਿਚ ਆਮ ਨਾਲੋਂ ਵੱਧ ਗਰਮੀ ਦਰਜ ਕੀਤੀ ਗਈ ਸੀ। ਜਿਸ ਦਾ ਅਸਰ ਮੁਲਕ ਦੇ ਹੋਰ ਹਿੱਸਿਆਂ ’ਤੇ ਵੀ ਪਿਆ ਸੀ।

ਇਹ ਠੀਕ ਹੈ ਕਿ ਤਬਦੀਲੀ ਕੁਦਰਤ ਦਾ ਨੇਮ ਹੈ ਪਰ ਜਦੋਂ ਮਨੁੱਖ ਜੀਵਨ ਦੀ ਤਰੱਕੀ ਦੇ ਰਾਹ ਪਿਆ ਤਾਂ ਉਸ ਨੇ ਕੁਦਰਤ ਨੂੰ ਆਪਣੇ ਮਨੋਂ ਵਿਸਾਰ ਦਿੱਤਾ ਅਤੇ ਇਹ ਬੇਲੋੜੀਆਂ ਚੀਜ਼ਾਂ ਕਾਰਨ ਹਰ ਰੋਜ਼ ਕੁਦਰਤ ਨਾਲ ਖਿਲਵਾੜ ਕਰ ਰਿਹਾ ਹੈ। ਫਿਰ ਕੁਦਰਤ ਇਸ ਨੂੰ ਕਦੋਂ ਤੱਕ ਬਰਦਾਸ਼ਤ ਕਰਦੀ! ਜਿੱਥੇ ਪਹਿਲਾਂ ਇੱਕ ਪਰਿਵਾਰ ਇਕ ਵਾਹਨ ਨਾਲ ਗੁਜ਼ਾਰਾ ਕਰਦਾ ਸੀ, ਉਥੇ ਹੁਣ ਜਿੰਨੇ ਪਰਿਵਾਰ ਦੇ ਜੀਅ ਹਨ, ਘਰੇ ਓਨੇ ਹੀ ਵਾਹਨ ਹਨ। ਇਸ ਨਾਲ ਤੇਲ ਦੀ ਖ਼ਪਤ ਵੀ ਵਧੀ ਹੈ ਅਤੇ ਖ਼ਪਤ ਵਧਣ ਨਾਲ ਪ੍ਰਦੂਸ਼ਣ ਵੀ ਵਧਿਆ ਹੈ। ਇਸ ਨਾਲ ਜਲਵਾਯੂ ਵਿਚ ਤਬਦੀਲੀ ਆਉਣੀ ਸੁਭਾਵਿਕ ਸੀ। ਹੁਣ ਹਰ ਸਾਲ ਮੌਸਮ ਵਿਚ ਤਬਦੀਲੀ ਦੇਖਣ ਨੂੰ ਮਿਲ ਰਹੀ ਹੈ ਜੋ ਖ਼ਤਰੇ ਦੀ ਘੰਟੀ ਹੈ। ਕੋਵਿਡ-19 ਦੌਰਾਨ ਲੱਗੇ ਲੋਕਡਾਊਨ ਨੇ ਸਾਨੂੰ ਸਮਝਾ ਦਿੱਤਾ ਸੀ ਕਿ ਮਨੁੱਖ ਬਿਨਾ ਵਜ੍ਹਾ ਕੁਦਰਤ ਨੂੰ ਨੁਕਸਾਨ ਨਾ ਪਹੁੰਚਾਵੇ। ਲੌਕਡਾਊਨ ਕਾਰਨ ਜਦੋਂ ਸਭ ਕੁਝ ਬੰਦ ਹੋ ਗਿਆ ਤਾਂ ਪ੍ਰਦੂਸ਼ਣ ਕਿੰਨਾ ਘਟ ਗਿਆ ਸੀ। ਪੰਜਾਬ ਦੇ ਘਰਾਂ ਦੀਆਂ ਛੱਤਾਂ ਤੋਂ ਹਿਮਾਚਲ ਪ੍ਰਦੇਸ਼ ਦੇ ਪਹਾੜ ਦਿਸਣ ਲੱਗ ਪਏ ਸਨ ਪਰ ਜਿਉਂ ਹੀ ਮਨੁੱਖ ਨੂੰ ਬਾਹਰ ਨਿਕਲਣ ਦੀ ਖੁੱਲ੍ਹ ਮਿਲ਼ੀ, ਕੁਝ ਹੀ ਦਿਨਾਂ ਵਿਚ ਹਵਾ ਵਿਚ ਪ੍ਰਦੂਸ਼ਣ ਦੀ ਮਾਤਰਾ ਫਿਰ ਵਧ ਗਈ। ਇਸ ਨਾਲ ਤਾਪਮਾਨ ਵੀ ਵਧਿਆ। ਸਪੱਸ਼ਟ ਹੈ ਕਿ ਕੁਦਰਤ ਸ਼ੀਸ਼ੇ ਵਾਂਗ ਸਾਫ਼ ਹੈ, ਸ਼ੀਸ਼ੇ ਉੱਤੇ ਧੂੜ ਜਮਾਉਣ ਦਾ ਕੰਮ ਮਨੁੱਖ ਨੇ ਹੀ ਕੀਤਾ ਹੈ।

ਵਰਤਮਾਨ ਸਮੇਂ ਵਿਚ ਹਾਲ ਇਹ ਹੈ ਕਿ ਮੌਸਮ ਵਿਚ ਆਈ ਤਬਦੀਲੀ ਕਾਰਨ ਕਈ ਤਰ੍ਹਾਂ ਦੀਆਂ ਔਕੜਾਂ ਆ ਰਹੀਆਂ ਹਨ। ਅੱਧੀ ਤੋਂ ਵੱਧ ਦੁਨੀਆ ਇਸ ਵੇਲੇ ਕਿਸੇ ਨਾ ਕਿਸੇ ਕੁਦਰਤੀ ਆਫ਼ਤ ਨਾਲ ਘਿਰੀ ਹੋਈ ਹੈ। ਕਿਤੇ ਹੜ੍ਹ ਆਏ ਹਨ, ਕਿਤੇ ਸੋਕਾ ਪੈ ਗਿਆ ਹੈ। ਕਿਤੇ ਬੇਲੋੜੀ ਬਰਸਾਤ ਪੈ ਰਹੀ ਹੈ। ਕਿਤੇ ਭੁੱਖਮਰੀ ਹੈ, ਕਿਤੇ ਸਮੇਂ ਤੋਂ ਪਹਿਲਾਂ ਸਰਦੀ ਜਾਂ ਗਰਮੀ ਪੈ ਰਹੀ ਹੈ। ਕਿਤੇ ਬਹੁਤ ਜਿ਼ਆਦਾ ਗਰਮੀ ਅਤੇ ਠੰਢ ਪੈ ਰਹੀ ਹੈ। ਇਹ ਸਭ ਜਲਵਾਯੂ ਪਰਿਵਰਤਨ ਦੇ ਨਤੀਜੇ ਹਨ। ਇਹ ਸੰਕੇਤ ਵੀ ਹੈ ਅਤੇ ਧਰਤੀ ਤੇ ਮਨੁੱਖ ਲਈ ਖ਼ਤਰੇ ਦੀ ਘੰਟੀ ਵੀ। ਪਾਕਿਸਤਾਨ ਵਿਚ ਇਸ ਸਦੀ ਦਾ ਸਭ ਤੋਂ ਵੱਡਾ ਹੜ੍ਹ ਆਇਆ ਹੈ। ਪਿਛਲੇ ਸਮੇਂ ਦੌਰਾਨ ਜਰਮਨੀ ਨੂੰ ਵੀ ਹੜ੍ਹਾਂ ਦਾ ਸਾਹਮਣਾ ਕਰਨਾ ਪਿਆ ਸੀ। ਜਪਾਨ ਵਿਚ ਕਈ ਵਾਰ ਸੁਨਾਮੀ ਆਈ। ਅਫ਼ਗ਼ਾਨਿਸਤਾਨ ਵਿਚ ਆਏ ਭੂਚਾਲ਼ ਨੇ ਜ਼ਬਰਦਸਤ ਤਬਾਹੀ ਮਚਾਈ ਸੀ।

ਸੋਮਾਲੀਆ ਅਤੇ ਅਫਰੀਕਾ ਵਿਚ ਪਏ ਸੋਕੇ ਨੇ ਮਨੁੱਖੀ ਹੋਂਦ ਨੂੰ ਖ਼ਤਰਾ ਪੈਦਾ ਕਰ ਦਿੱਤਾ ਹੈ। ਅਫ਼ਰੀਕਾ ਦੇ ਬਹੁਤ ਸਾਰੇ ਇਲਾਕਿਆਂ ਵਿਚ ਭੁੱਖਮਰੀ ਫੈਲੀ ਹੋਈ ਹੈ। ਕੈਨੇਡਾ ਵਿਚ ਪਿਛਲੇ ਸਾਲ ਪਈ ਰਿਕਾਰਡ ਤੋੜ ਗਰਮੀ ਨੇ ਕਈ ਜਾਨਾਂ ਲੈ ਲਈਆਂ।

ਪੰਜਾਬ ਦਾ ਤਾਪਮਾਨ ਵੀ ਸਾਲ ਦਰ ਸਾਲ ਵਧ ਰਿਹਾ ਹੈ। ਜਿਹੜਾ ਤਾਪਮਾਨ ਪਿਛਲੇ ਪੰਜਾਂ ਸਾਲਾਂ ਵਿਚ 40 ਤੋਂ 42 ਡਿਗਰੀ ਸੈਲਸੀਅਸ ਤੱਕ ਰਹਿੰਦਾ ਸੀ, ਉਹ ਇਸ ਸਾਲ 47 ਡਿਗਰੀ ਤੱਕ ਵੀ ਰਿਕਾਰਡ ਕੀਤਾ ਗਿਆ ਹੈ। ਭਾਰਤ ਦਾ ਦੱਖਣੀ ਹਿੱਸਾ ਹੜ੍ਹਾਂ ਦੀ ਮਾਰ ਝੱਲ ਰਿਹਾ ਹੈ। ਪਹਾੜਾਂ ਵਿਚ ਬੱਦਲ ਫੱਟਣ ਦੀਆਂ ਖਬਰਾਂ ਆਮ ਹੋ ਗਈਆਂ ਹਨ। ਮਨੁੱਖ ਦੀਆਂ ਗਲਤੀਆਂ ਕਾਰਨ ਜਲਵਾਯੂ ਵਿਚ ਆਏ ਪਰਿਵਰਤਨ ਨਾਲ ਧਰਤੀ ਦਾ ਤਾਪਮਾਨ ਲਗਾਤਾਰ ਵਧ ਰਿਹਾ ਹੈ। ਇਸ ਨੂੰ ਗਲੋਬਲ ਵਾਰਮਿੰਗ ਦਾ ਨਾਮ ਦਿੱਤਾ ਗਿਆ ਹੈ। ਇਸ ਕਾਰਨ ਬਰਫ਼ ਦੇ ਗਲੇਸ਼ੀਅਰ ਪਿਘਲ ਰਹੇ ਹਨ, ਸਿੱਟੇ ਵਜੋਂ ਸਮੁੰਦਰ ਵਿਚ ਪਾਣੀ ਦਾ ਵਾਧਾ ਹੋ ਰਿਹਾ ਹੈ। ਗਲੋਬਲ ਵਾਰਮਿੰਗ ਪੂਰੀ ਦੁਨੀਆ ਲਈ ਚਿੰਤਾ ਦਾ ਵਿਸ਼ਾ ਹੈ। ਇਹ ਕਿਸੇ ਇੱਕ ਮੁਲਕ ਦੀ ਸਮੱਸਿਆ ਨਹੀਂ। ਸਭ ਮੁਲਕਾਂ ਨੂੰ ਇਸ ਬਿਪਤਾ ਨਾਲ ਨਜਿੱਠਣ ਲਈ ਅੱਗੇ ਆਉਣਾ ਚਾਹੀਦਾ ਹੈ। ਪਾਣੀ ਹੁਣ ਸਿਰ ਤੱਕ ਪਹੁੰਚ ਚੁੱਕਾ ਹੈ; ਜੇ ਅਸੀਂ ਹੁਣ ਵੀ ਨਾ ਜਾਗੇ ਤਾਂ ਇੱਕ ਦਿਨ ਸਾਰੇ ਇਸ ਮੁਸੀਬਤ ਵਿਚ ਡੁੱਬ ਜਾਵਾਂਗੇ।

ਅਸੀਂ ਰੁੱਖ ਅੰਨ੍ਹੇਵਾਹ ਵੱਢੇ, ਹਵਾ ਪ੍ਰਦੂਸ਼ਤ ਕੀਤੀ, ਸਮੁੰਦਰਾਂ ਤੇ ਦਰਿਆਵਾਂ ਨੂੰ ਗੰਧਲਾ ਕੀਤਾ, ਧਰਤੀ ਹੇਠਲੇ ਪਾਣੀ ਨੂੰ ਅੰਨ੍ਹੇਵਾਹ ਕੱਢਦੇ ਰਹੇ। ਮਨੁੱਖ ਦੇ ਇਹ ਤਮਾਸ਼ੇ ਕੁਦਰਤ ਚੁੱਪ-ਚਾਪ ਦੇਖਦੀ ਰਹੀ ਅਤੇ ਮਨੁੱਖ ਬੇਸੁਰਤ ਆਪਣੀ ਬਰਬਾਦੀ ਦੀਆਂ ਆਪੇ ਨੀਹਾਂ ਪੁੱਟਦਾ ਰਿਹਾ। ਮਨੁੱਖ ਦੇ ਭਾਵੇਂ ਕੋਈ ਨਿਯਮ ਨਹੀਂ ਪਰ ਕੁਦਰਤ ਆਪਣੇ ਨਿਯਮਾਂ ਦੀ ਪੱਕੀ ਹੈ। ਇਹ ਹੁਣ ਮਨੁੱਖ ਨੂੰ ਦੱਸ ਰਹੀ ਹੈ ਕਿ ਇਹ ਲਾਪ੍ਰਵਾਹੀ ਦਾ ਨਤੀਜਾ ਹੈ। ਉਂਝ, ਕੁਦਰਤ ਬਖਸ਼ਣਹਾਰ ਹੈ। ਜੇ ਮਨੁੱਖ ਹੁਣ ਵੀ ਆਪਣੀਆਂ ਗਲਤੀਆਂ ਸੁਧਾਰ ਕੇ ਆਪਣੀ ਜੀਵਨ ਸ਼ੈਲੀ ਵਿਚ ਤਬਦੀਲੀ ਕਰ ਲਵੇਗਾ ਜਾਂ ਕੁਦਰਤ ਨਾਲ ਖਿਲਵਾੜ ਨਹੀਂ ਕਰੇਗਾ ਤਾਂ ਉਹ ਮਨੁੱਖ ਨੂੰ ਬਖਸ਼ ਸਕਦੀ ਹੈ। ਜਿਹੜੀਆਂ ਜਿਹੜੀਆਂ ਚੀਜ਼ਾਂ ਦੀ ਤਬਾਹੀ ਅਸੀਂ ਅੰਨ੍ਹੇਵਾਹ, ਬਿਨਾ ਸੋਚੇ ਸਮਝੇ ਕੀਤੀ, ਉਨ੍ਹਾਂ ਨੂੰ ਫਿਰ ਆਬਾਦ ਕਰ ਸਕਦੇ ਹਾਂ। ਰੁੱਖ ਲਗਾ ਕੇ, ਪਾਣੀ ਬਚਾ ਕੇ, ਦਰਿਆ ਸਾਫ਼ ਰੱਖ ਕੇ, ਹਵਾ ਸ਼ੁੱਧ ਰੱਖ ਕੇ ਅਸੀਂ ਇਸ ਧਰਤੀ ਨੂੰ ਫਿਰ ਪਹਿਲਾਂ ਵਰਗੀ ਬਣਾ ਸਕਦੇ ਹਾਂ। ਇਸ ਕਾਰਜ ਲਈ ਧਰਤੀ ’ਤੇ ਹੁੰਦੀ ਬੇਲੋੜੀ ਖਣਨ ਰੁਕਣੀ ਚਾਹੀਦੀ ਹੈ। ਪਲਾਸਟਿਕ ਦੇ ਲਿਫ਼ਾਫਿ਼ਆਂ ਦਾ ਇਸਤੇਮਾਲ ਨਾ ਕਰੋ। ਕੂੜਾ ਕੂੜੇਦਾਨ ਵਿਚ ਸੁੱਟੋ। ਫ਼ਸਲਾਂ ਦੀ ਰਹਿੰਦ-ਖੂੰਹਦ ਨੂੰ ਅੱਗ ਨਾ ਲਾਈ ਜਾਵੇ। ਬਿਜਲੀ ਦੀ ਵਰਤੋਂ ਲੋੜ ਮੁਤਾਬਿਕ ਕਰੋ; ਲੋੜ ਅਨੁਸਾਰ ਹੀ ਵਾਹਨਾਂ ਦਾ ਇਸਤੇਮਾਲ ਕਰੋ, ਬੇਵਜ੍ਹਾ ਤੇਲ ਦੀ ਖ਼ਪਤ ਨਾ ਕਰੋ।

ਕੁਦਰਤ ਨੇ ਸਾਨੂੰ ਤੋਹਫ਼ੇ ਵਜੋਂ ਜਿਹੜੀ ਧਰਤੀ ਦਿੱਤੀ ਹੈ, ਉਸ ਨੂੰ ਅਸੀਂ ਆਪਣੀਆਂ ਆਉਣ ਵਾਲੀਆਂ ਪੀੜ੍ਹੀਆਂ ਲਈ ਬਚਾ ਕੇ ਰੱਖ ਸਕਦੇ ਹਾਂ। ਕੁਝ ਵੀ ਨਾਮੁਮਕਿਨ ਨਹੀਂ ਹੁੰਦਾ। ਅੱਜ ਤੋਂ ਹੀ ਆਪਣੇ ਫਰਜ਼ ਸਮਝਦੇ ਹੋਏ ਸ਼ੁਰੂਆਤ ਕਰ ਦਿਉ। ਧਰਤੀ ਨੂੰ ਬ

ਚਾਉਣ ਲਈ ਆਪਣਾ ਯੋਗਦਾਨ ਜ਼ਰੂਰ ਪਾਉ। ਇਹ ਕਿਸੇ ਇਕੱਲੇ ਦੇ ਵੱਸ ਦੀ ਗੱਲ ਨਹੀਂ। ਇੱਕ ਗੱਲ ਹਮੇਸ਼ਾ ਯਾਦ ਰੱਖੀਏ ਕਿ ਅਸੀਂ ਇਸ ਧਰਤੀ ਦੇ ਮਾਲਕ ਨਹੀਂ ਹਾਂ, ਕੁਝ ਟੋਟੇ ਥਾਂ ਦੀ ਰਜਿਸਟਰੀ ਕਰਵਾਉਣ ਨਾਲ ਅਸੀਂ ਇਸ ਧਰਤੀ ਦੇ ਮਾਲਕ ਨਹੀਂ ਬਣ ਜਾਂਦੇ। ਅਸੀਂ ਇੱਥੇ ਪ੍ਰਾਹੁਣੇ ਹਾਂ। ਸਾਨੂੰ ਇਹ ਗੱਲ ਦਿਮਾਗ ਵਿਚ ਰੱਖ ਕੇ ਆਪਣਾ ਸਮਾਂ ਧਰਤੀ ’ਤੇ ਗੁਜ਼ਾਰਨਾ ਚਾਹੀਦਾ ਹੈ। ਇਸ ਲਈ ਕੁਦਰਤ ਨਾਲ ਪਿਆਰ ਕਰੋ, ਧਰਤੀ ’ਤੇ ਮੁਹੱਬਤਾਂ ਮਾਣੋ।

Leave a Reply

Your email address will not be published. Required fields are marked *