ਅਨੈਤਿਕ ਗੱਠਜੋੜ

ਮਸ਼ਹੂਰ ਟੀਵੀ ਪੱਤਰਕਾਰ ਅਰਨਬ ਗੋਸਵਾਮੀ ਅਤੇ ਪਾਰਥੋ ਦਾਸਗੁਪਤਾ ਦੇ ਇਕ-ਦੂਸਰੇ ਨੂੰ ਦਿੱਤੇ ਗਏ ਵ੍ਹੱਟਸਐਪ ਸੁਨੇਹਿਆਂ ਨੇ ਕਈ ਨੈਤਿਕ ਸਵਾਲ ਉਠਾਏ ਹਨ। ਪਾਰਥੋ ਦਾਸਗੁਪਤਾ ਪ੍ਰਸਾਰਨ ਦਰਸ਼ਕ ਖੋਜ ਪਰਿਸ਼ਦ (ਬਰਾਡਕਾਸਟ ਆਡੀਐਂਸ ਰਿਸਰਚ ਕੌਂਸਲ, Broadcast Audience Research Council-ਬਾਰਕ) ਨਾਂ ਦੀ ਸੰਸਥਾ, ਜਿਹੜੀ ਇਹ ਅੰਕੜੇ ਇਕੱਠੇ ਕਰਦੀ ਹੈ ਕਿ ਕਿਹੜੇ ਟੈਲੀਵਿਜ਼ਨ ਚੈਨਲ ਨੂੰ ਕਿੰਨੇ ਦਰਸ਼ਕ ਵੇਖਦੇ ਹਨ, ਦਾ ਸਾਬਕਾ ਮੁਖੀ ਹੈ। ਮੁੰਬਈ ਪੁਲੀਸ ਨੂੰ ਮਿਲੇ ਵੇਰਵਿਆਂ ਅਨੁਸਾਰ ਅਰਨਬ ਗੋਸਵਾਮੀ ਨੂੰ ਕੌਮੀ ਸੁਰੱਖਿਆ ਦੇ ਮਾਮਲਿਆਂ ਦੇ ਨਾਲ ਨਾਲ ਦੇਸ਼ ਦੇ ਸੰਵਿਧਾਨਕ ਅਤੇ ਪ੍ਰਸ਼ਾਸਨਿਕ ਅਹੁਦਿਆਂ ’ਤੇ ਹੋਣ ਵਾਲੀਆਂ ਨਿਯੁਕਤੀਆਂ ਦੀ ਅਗਾਊਂ ਜਾਣਕਾਰੀ ਪ੍ਰਾਪਤ ਹੁੰਦੀ ਰਹੀ ਹੈ। 2019 ਵਿਚ ਇਨ੍ਹਾਂ ਦੋ ਸ਼ਖ਼ਸਾਂ ਵਿਚਕਾਰ ਭੇਜੇ ਗਏ ਵ੍ਹੱਟਸਐਪ ਸੁਨੇਹਿਆਂ ਤੋਂ ਪਤਾ ਲੱਗਦਾ ਹੈ ਕਿ ਅਰਨਬ ਨੂੰ ਭਾਰਤੀ ਹਵਾਈ ਫ਼ੌਜ ਵੱਲੋਂ ਪਾਕਿਸਤਾਨ ਵਿਚ ਬਾਲਾਕੋਟ ’ਤੇ ਕੀਤੇ ਜਾਣ ਵਾਲੇ ਹਵਾਈ ਹਮਲੇ ਦਾ ਪਹਿਲਾਂ ਹੀ ਪਤਾ ਸੀ ਅਤੇ ਉਹ ਇਹ ਵੀ ਜਾਣਦਾ ਸੀ ਕਿ ਕੇਂਦਰ ਵਿਚ ਸੱਤਾਧਾਰੀ ਪਾਰਟੀ ਨੂੰ ਇਸ ਤੋਂ ਵੱਡਾ ਫ਼ਾਇਦਾ ਹੋਵੇਗਾ। ਇਸੇ ਤਰ੍ਹਾਂ ਇਨ੍ਹਾਂ ਵ੍ਹੱਟਸਐਪ ਸੁਨੇਹਿਆਂ ਤੋਂ ਇਹ ਵੀ ਪਤਾ ਲੱਗਦਾ ਹੈ ਕਿ ਕਿਵੇਂ ਅਰਨਬ ਅਤੇ ਪਾਰਥੋ ਦਾਸਗੁਪਤਾ ਆਪਸ ਵਿਚ ਰਿਪਬਲਿਕ ਟੀਵੀ ਦੇ ਦਰਸ਼ਕਾਂ ਦੀ ਗਿਣਤੀ ਫ਼ਰਜ਼ੀ ਤੌਰ ’ਤੇ ਵੱਧ ਦਰਸਾਉਣ ਬਾਰੇ ਸਲਾਹਾਂ ਕਰਦੇ ਰਹੇ। ਇਸ ਸਬੰਧ ਵਿਚ ਮੁੰਬਈ ਪੁਲੀਸ ਦੀ ਕ੍ਰਾਈਮ ਬਰਾਂਚ ਨੇ ਦਾਸਗੁਪਤਾ ਨੂੰ ਗ੍ਰਿਫ਼ਤਾਰ ਕੀਤਾ ਹੈ।

ਪ੍ਰੈਸ ਨੂੰ ਜਮਹੂਰੀਅਤ ਦਾ ਚੌਥਾ ਥੰਮ੍ਹ ਕਿਹਾ ਜਾਂਦਾ ਹੈ। ਜਮਹੂਰੀਅਤ ਦੇ ਤਿੰਨ ਥੰਮ੍ਹ ਹਨ: ਵਿਧਾਨਪਾਲਿਕਾ (ਲੋਕ ਸਭਾ, ਵਿਧਾਨ ਸਭਾਵਾਂ ਆਦਿ ਜਿਨ੍ਹਾਂ ਦੀ ਚੋਣ ਲੋਕ ਕਰਦੇ ਹਨ), ਨਿਆਂਪਾਲਿਕਾ ਅਤੇ ਸਰਕਾਰ; ਰਿਆਸਤ/ਸਟੇਟ ਦੇ ਇਹ ਅੰਗ ਕ੍ਰਮਵਾਰ ਕਾਨੂੰਨ ਬਣਾਉਣ, ਨਿਆਂ ਕਰਨ ਅਤੇ ਸਰਕਾਰ ਚਲਾਉਣ ਦਾ ਕੰਮ ਕਰਦੇ ਹਨ। ਨਿਆਂਪਾਲਿਕਾ ਇਹ ਵੀ ਯਕੀਨੀ ਬਣਾਉਂਦੀ ਹੈ ਕਿ ਵਿਧਾਨਕਾਰ ਸਹੀ ਕਾਨੂੰਨ ਬਣਾਉਣ ਅਤੇ ਸਰਕਾਰ ਸਹੀ ਫ਼ੈਸਲੇ ਲਏ ਅਤੇ ਇਨ੍ਹਾਂ ਕਾਨੂੰਨਾਂ ਅਤੇ ਫ਼ੈਸਲਿਆਂ ਵਿਚ ਕੁਝ ਵੀ ਅਸੰਵਿਧਾਨਕ ਨਾ ਹੋਵੇ। ਪ੍ਰੈਸ ਨੂੰ ਚੌਥਾ ਥੰਮ੍ਹ ਇਸ ਲਈ ਕਿਹਾ ਜਾਂਦਾ ਹੈ ਕਿ ਰਿਆਸਤ/ਸਟੇਟ ਦੇ ਬਾਹਰ ਹੋਣ ਕਾਰਨ ਇਹ ਸਰਕਾਰ/ਰਿਆਸਤ/ਸਟੇਟ, ਵਪਾਰ, ਕਾਰੋਬਾਰ ਅਤੇ ਜ਼ਿੰਦਗੀ ਦੇ ਹੋਰ ਸ਼ੋਹਬਿਆਂ ’ਤੇ ਨਜ਼ਰਸਾਨੀ ਕਰ ਕੇ ਸਮਾਜ ਨੂੰ ਸੂਚਿਤ ਕਰਦਾ ਰਹੇ ਕਿ ਦੁਨੀਆ ਵਿਚ ਕੀ ਵਾਪਰ ਰਿਹਾ ਹੈ। ਪ੍ਰੈਸ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਘਟਨਾਵਾਂ ਦੀ ਸਹੀ ਜਾਣਕਾਰੀ ਦੇਣ ਦੇ ਨਾਲ ਨਾਲ ਰਿਆਸਤ/ਸਟੇਟ/ਸਰਕਾਰ ਵੱਲੋਂ ਕੀਤੇ ਗਏ ਫ਼ੈਸਲਿਆਂ ਅਤੇ ਕਾਰਵਾਈਆਂ ਦੀ ਸਾਕਾਰਾਤਮਕ ਢੰਗ ਨਾਲ ਪੜਚੋਲ ਵੀ ਕਰੇ। ਟੈਲੀਵਿਜ਼ਨ ਦੇ ਫੈਲਾਉ ਨੇ ਪ੍ਰੈਸ ਨੂੰ 24 ਘੰਟੇ ਜਾਣਕਾਰੀ ਪ੍ਰਾਪਤ ਕਰਵਾਉਣ ਵਾਲਾ ਮਾਧਿਅਮ ਵੀ ਬਣਾ ਦਿੱਤਾ ਹੈ ਅਤੇ ਹੋਰ ਤਾਕਤਵਰ ਵੀ। ਸੋਸ਼ਲ ਮੀਡੀਆ ਰਾਹੀਂ ਪ੍ਰੈਸ ਦੇ ਨਵੇਂ ਆਯਾਮ ਸਾਹਮਣੇ ਆ ਰਹੇ ਹਨ। ਇਸ ਸਭ ਕੁਝ ਕਾਰਨ ਪ੍ਰੈਸ ਅਤੇ ਟੈਲੀਵਿਜ਼ਨ ਵਿਚ ਕੰਮ ਕਰਨ ਵਾਲੇ ਪੱਤਰਕਾਰਾਂ ਅਤੇ ਐਂਕਰਾਂ ਦੀ ਜ਼ਿੰਮੇਵਾਰੀ ਹੋਰ ਵਧ ਜਾਂਦੀ ਹੈ ਅਤੇ ਕਿਸੇ ਵੀ ਪੱਤਰਕਾਰ ਦੇ ਗ਼ਲਤ ਵਿਹਾਰ ਦੇ ਅਸਰ ਦੂਰਗਾਮੀ ਹੋ ਸਕਦੇ ਹਨ।

ਟੈਲੀਵਿਜ਼ਨ ਚੈਨਲ ਆਪਣੇ ਦਰਸ਼ਕਾਂ ਤਕ ਜਲਦੀ ਤੋਂ ਜਲਦੀ ਜਾਣਕਾਰੀ ਪਹੁੰਚਾਉਣ ਦੀ ਕੋਸ਼ਿਸ਼ ਕਰਦੇ ਹਨ। ਉਨ੍ਹਾਂ ਵਿਚ ਇਹ ਦੌੜ ਵੀ ਲੱਗੀ ਰਹਿੰਦੀ ਹੈ ਕਿ ਵੱਧ ਤੋਂ ਵੱਧ ਦਰਸ਼ਕ ਉਨ੍ਹਾਂ ਨੂੰ ਵੇਖਣ। ਵੱਧ ਦਰਸ਼ਕਾਂ ਦੁਆਰਾ ਵੇਖਣਾ ਟੈਲੀਵਿਜ਼ਨ ਚੈਨਲ ਨੂੰ ਮਿਲਣ ਵਾਲੇ ਇਸ਼ਤਿਹਾਰਾਂ ਨੂੰ ਵੀ ਪ੍ਰਭਾਵਿਤ ਕਰਦਾ ਹੈ ਕਿਉਂਕਿ ਇਸ਼ਤਿਹਾਰ ਹੀ ਚੈਨਲਾਂ ਦੀ ਆਮਦਨ ਦਾ ਮੁੱਖ ਜ਼ਰੀਆ ਹਨ ਪਰ ਅਨੈਤਿਕ ਢੰਗ-ਤਰੀਕੇ ਵਰਤ ਕੇ ਦਰਸ਼ਕਾਂ ਦੀ ਗਿਣਤੀ ਵੱਧ ਦਰਸਾਉਣਾ ਲੋਕਾਂ ਨਾਲ ਧੋਖਾ ਹੈ। ਬਹੁਤ ਦੇਰ ਤੋਂ ਇਲੈਕਟ੍ਰਾਨਿਕ, ਪ੍ਰਿੰਟ ਮੀਡੀਆ ਅਤੇ ਹੋਰ ਸੰਸਥਾਵਾਂ ਦੇ ਪਤਨ ਬਾਰੇ ਬਹਿਸ ਸ਼ੁਰੂ ਹੋਈ ਹੈ। ਦਾਸ-ਅਰਨਬ ਮਾਮਲਾ ਦਰਸਾਉਂਦਾ ਹੈ ਕਿ ਅਸੀਂ ਕਿਹੋ ਜਿਹੇ ਰਸਾਤਲ ਵਿਚ ਡਿੱਗ ਰਹੇ ਹਾਂ। ਦਰਸ਼ਕਾਂ ਅਤੇ ਵੱਧ ਟੀਆਰਪੀ ਹਾਸਲ ਕਰਨ ਦੀ ਦੌੜ ਵਿਚ ਨੈਤਿਕਤਾ ਅਤੇ ਪਾਰਦਰਸ਼ਤਾ ਨੂੰ ਤਿਲਾਂਜਲੀ ਦੇ ਦਿੱਤੀ ਜਾਂਦੀ ਹੈ। ਜਮਹੂਰੀ ਤਾਕਤਾਂ ਨੂੰ ਲੋਕਾਂ ਨੂੰ ਅਜਿਹੇ ਰੁਝਾਨਾਂ ਵਿਰੁੱਧ ਚੇਤੰਨ ਕਰਨਾ ਚਾਹੀਦਾ ਹੈ।

Leave a Reply

Your email address will not be published. Required fields are marked *