ਡਾਕਟਰ ਦਾ ਭਰੋਸਾ

ਪਰਦੀਪ ਮਹਿਤਾ

ਆਪ ਬੀਤੀ

ਆਪਣੀ ਕਰਨ ਗੱਲ ਕਰਨ ਤੋਂ ਪਹਿਲਾਂ ਮੈਂ ਆਰ.ਕੇ.ਨਰਾਇਣ ਦੀ ਕਹਾਣੀ ‘ਦਿ ਡਾਕਟਰਜ਼ ਵਰਡ’ ਬਾਰੇ ਚਰਚਾ ਕਰਨੀ ਚਾਹਾਂਗਾ। ਇਸ ਵਿਚ ਡਾਕਟਰ ਰਮਨ ਕੇਂਦਰੀ ਪਾਤਰ ਹੈ ਜਿਸ ਦੇ ਕਹੇ ਹੋਏ ਸ਼ਬਦ ਸੌ ਫ਼ੀਸਦੀ ਸਹੀ ਹੁੰਦੇ ਹਨ। ਕਹਾਣੀ ਵਿਚ ਲੋਕ ਡਾਕਟਰ ਰਮਨ ਨੂੰ ਉਸ ਵੇਲੇ ਹੀ ਬੁਲਾਉਂਦੇ ਜਦੋਂ ਮਰੀਜ਼ ਦੀ ਹਾਲਤ ਬਹੁਤ ਖ਼ਸਤਾ ਹੁੰਦੀ ਜਾਂ ਕਹਿ ਲਓ ਕਿ ਜਦੋਂ ਡਾਕਟਰ ਰਮਨ ਕਿਸੇ ਦੇ ਘਰ ਜਾਂਦਾ ਤਾਂ ਸਮਝ ਲਿਆ ਜਾਂਦਾ ਮਰੀਜ਼ ਰੱਬ ਨੂੰ ਪਿਆਰਾ ਹੋਣ ਵਾਲਾ ਹੈ। ਡਾਕਟਰ ਰਮਨ ਨੂੰ ਘਰ ਬਹੁਤ ਘੱਟ ਲੋਕ ਬੁਲਾਉਂਦੇ। ਉਹ ਮਰੀਜ਼ ਦੀ ਹਾਲਤ ਬਿਲਕੁਲ ਸੱਚ ਸੱਚ ਮਰੀਜ਼ ਅਤੇ ਉਸ ਦੇ ਰਿਸ਼ਤੇਦਾਰਾਂ ਨੂੰ ਉਨ੍ਹਾਂ ਦੇ ਮੂੰਹ ’ਤੇ ਹੀ ਦੱਸ ਦਿੰਦਾ ਸੀ। ਇਕ ਵਾਰ ਉਸ ਦਾ ਬਹੁਤ ਕਰੀਬੀ ਦੋਸਤ ਗੋਪਾਲ ਬਿਮਾਰ ਹੋ ਗਿਆ। ਕੁਝ ਕਾਰਨਾਂ ਕਰਕੇ ਉਹ ਡਾਕਟਰ ਨੂੰ ਨਾ ਮਿਲ ਸਕਿਆ। ਜਦ ਹਾਲਤ ਬਹੁਤ ਮਾੜੀ ਹੋ ਗਈ ਤਾਂ ਉਸ ਦੀ ਪਤਨੀ ਨੇ ਡਾਕਟਰ ਨੂੰ ਘਰ ਬੁਲਾਇਆ। ਉਸ ਦਾ ਮੁਆਇਨਾ ਕਰਕੇ ਡਾਕਟਰ ਰਮਨ ਨੇ ਤੁਰੰਤ ਹੀ ਆਪ੍ਰੇਸ਼ਨ ਕਰਨ ਬਾਰੇ ਆਖਿਆ। ਆਪਰੇਸ਼ਨ ਹੋ ਗਿਆ। ਮਿੱਤਰ ਦੀ ਪਤਨੀ ਨੇ ਡਾਕਟਰ ਤੋਂ ਉਸ ਦੀ ਹਾਲਤ ਬਾਰੇ ਪੁੱਛਿਆ। ਡਾਕਟਰ ਨੂੰ ਪਤਾ ਸੀ ਕਿ ਮਰੀਜ਼ ਦੀ ਸਥਿਤੀ ਠੀਕ ਨਹੀਂ, ਪਰ ਉਸ ਨੇ ਆਪਣੇ ਸਾਰੇ ਨਿਯਮਾਂ ਨੂੰ ਛਿੱਕੇ ਟੰਗ ਕੇ ਬਿਲਕੁਲ ਝੂਠ ਆਖ ਦਿੱਤਾ ਕਿ ਹੁਣ ਉਹ ਬਿਲਕੁਲ ਤੰਦਰੁਸਤ ਹੈ ਅਤੇ ਕਾਫ਼ੀ ਲੰਮੇ ਸਮੇਂ ਤੱਕ ਜੀਵੇਗਾ। ਡਾਕਟਰ ਦੇ ਸ਼ਬਦਾਂ ਦਾ ਜਾਦੂਈ ਅਸਰ ਹੋਇਆ। ਉਸ ਦਾ ਮਿੱਤਰ ਤੰਦਰੁਸਤ ਹੋ ਗਿਆ ਜਿਸ ’ਤੇ ਡਾਕਟਰ ਰਮਨ ਆਪ ਵੀ ਹੈਰਾਨ ਸੀ।

ਮੇਰੇ ਨਾਲ ਵੀ ਕੁਝ ਇਸ ਤਰ੍ਹਾਂ ਦੀ ਘਟਨਾ ਵਾਪਰੀ। ਮੇਰੀ ਪਤਨੀ ਦੇ ਪਰਿਵਾਰ ਵਿਚ ਗੁਰਦਿਆਂ ਦੀ ਸਮੱਸਿਆ ਸੀ। ਉਸ ਦੇ ਮਨ ਵਿਚ ਇਹ ਗੱਲ ਘਰ ਕਰ ਗਈ ਕਿ ਕਿਧਰੇ ਉਸ ਨੂੰ ਵੀ ਇਹ ਸਮੱਸਿਆ ਨਾ ਹੋਵੇ। ਅਕਸਰ ਉਹ ਦਰਦ ਦੀ ਸ਼ਿਕਾਇਤ ਕਰਦੀ ਰਹਿੰਦੀ। ਸਥਾਨਕ ਡਾਕਟਰਾਂ ਤੋਂ ਕਈ ਵਾਰ ਸਲਾਹ ਲਈ, ਪਰ ਉਨ੍ਹਾਂ ਨੇ ਅਜਿਹਾ ਕੁਝ ਵੀ ਨਾ ਹੋਣ ਦਾ ਦਾਅਵਾ ਕੀਤਾ। ਆਪਣੀ ਸਮਝ ਮੁਤਾਬਿਕ ਮੈਂ ਵੀ ਉਸ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ, ਪਰ ਵਿਅਰਥ। ਨੇੜਲੇ ਸ਼ਹਿਰ ਵਿਖੇ ਮੇਰੀ ਸਹਿਕਰਮੀ ਦਾ ਵਿਆਹ ਸੀ। ਕਿਸੇ ਕਾਰਨ ਮੈਂ ਨਹੀਂ ਜਾ ਸਕਿਆ। ਸਟਾਫ਼ ਨਾਲ ਆਪਣੀ ਪਤਨੀ ਨੂੰ ਭੇਜ ਦਿੱਤਾ। ਮੈਂ ਸ਼ਹਿਰ ਰਹਿੰਦੇ ਆਪਣੇ ਦੋਸਤ ਜਤਿੰਦਰ ਸਹਿਗਲ ਨਾਲ ਗੱਲ ਕੀਤੀ। ਵਿਆਹ ਪਾਰਟੀ ਤੋਂ ਤੁਰੰਤ ਬਾਅਦ ਕਿਸੇ ਵਧੀਆ ਅਤੇ ਜਾਣਕਾਰ ਡਾਕਟਰ ਤੋਂ ਉਨ੍ਹਾਂ ਦੀ ਜਾਂਚ ਕਰਾਉਣ ਦੀ ਤਾਕੀਦ ਕੀਤੀ। ਤਿੰਨ ਕੁ ਵਜੇ ਦੋਸਤ ਦਾ ਫੋਨ ਆ ਗਿਆ। ਉਹ ਮੇਰੇ ਨਾਲ ਫੋਨ ’ਤੇ ਬਹੁਤ ਗੁੱਸੇ ਹੋ ਰਿਹਾ ਸੀ ਕਿ ਮੈਂ ਅਜੇ ਤਕ ਪਤਨੀ ਨੂੰ ਬਾਹਰ ਕਿਉਂ ਨਹੀਂ ਸੀ ਦਿਖਾਇਆ। ਸਾਰੀਆਂ ਰਿਪੋਰਟਾਂ ਨੂੰ ਸੰਖੇਪ ਵਿਚ ਸਮਝਾ ਕੇ ਉਸ ਨੇ ਮੈਨੂੰ ਪੀ.ਜੀ.ਆਈ. ਵਿਚ ਛੇਤੀ ਤੋਂ ਛੇਤੀ ਚੈੱਕਅੱਪ ਕਰਾਉਣ ਦੀ ਤਾਕੀਦ ਕੀਤੀ। ਸ਼ੱਕ ਯਕੀਨ ਵਿਚ ਬਦਲ ਰਿਹਾ ਸੀ। ਬਾਹਰ ਮੀਂਹ ਪੈ ਰਿਹਾ ਸੀ ਤੇ ਅੰਦਰ ਮੇਰੀਆਂ ਅੱਖਾਂ ਛਹਿਬਰ ਲਾ ਰਹੀਆਂ ਸਨ। ਦਿਮਾਗ ਸੁੰਨ ਹੁੰਦਾ ਜਾ ਰਿਹਾ ਸੀ। ਤਕਰੀਬਨ ਚਾਰ ਵਜੇ ਮੇਰੀ ਪਤਨੀ ਘਰ ਆ ਗਈ। ਉਹ ਮੈਨੂੰ ਵਿਆਹ ਦੀਆਂ ਗੱਲਾਂ ਦੱਸ ਰਹੀ ਸੀ ਤੇ ਮੈਂ ਡੌਰ ਭੌਰ ਹੋਇਆ ਸਿਰਫ਼ ਹਾਂ ਹੂੰ ਕਰ ਰਿਹਾ ਸੀ।

‘‘ਦੇਖਿਓ, ਮੈਂ ਕਿਹੋ ਜਿਹੀ ਲੱਗਦੀ ਹਾਂ…?’’ ਸ਼ੀਸ਼ੇ ਅੱਗੇ ਆਪਣੇ ਆਪ ਨੂੰ ਨਿਹਾਰਦਿਆਂ ਬੜੇ ਸਹਿਜ ਨਾਲ ਉਸ ਨੇ ਆਪਣੀਆਂ ਰਿਪੋਰਟਾਂ ਮੈਨੂੰ ਫੜਾ ਪੁੱਛਿਆ। ਮੇਰੇ ਹੁਣੇ ਹੁਣੇ ਪੂੰਝੇ ਅੱਥਰੂਆਂ ਤੋਂ ਉਹ ਬੇਖ਼ਬਰ ਸੀ।

‘‘ਕੀ ਦੱਸਿਆ ਡਾਕਟਰ ਨੇ?’’

‘‘ਬਸ ਉਹੀ, ਵੱਧ ਪਾਣੀ ਪੀਓ, ਸਿਹਤ ਦਾ ਧਿਆਨ ਰੱਖੋ।’’

‘‘ਤੇ ਸਹਿਗਲ ਨੇ ਕੀ ਕਿਹਾ?’’

‘‘ਤੁਹਾਡਾ ਦੋਸਤ ਤੁਹਾਡੇ ਵਰਗਾ, …ਪ੍ਰਵਚਨ ਸੁਣਾਏ।’’

‘ਸ਼ੁਕਰ ਹੈ! ਉਸ ਨੇ ਇਹਨੂੰ ਨਹੀਂ ਦੱਸਿਆ’ ਮੈਂ ਮਨੋਮਨੀ ਸੋਚਿਆ ਅਤੇ ਆਪਣੀ ਸਮਝ ਮੁਤਾਬਿਕ ਰਿਪੋਰਟਾਂ ਨੂੰ ਜਾਚਣ ਲੱਗ ਪਿਆ। ਰਿਪੋਰਟਾਂ ਨਾਰਮਲ ਨਾਲੋਂ ਘੱਟ ਵੱਧ ਦੇਖ ਕੇ ਮੇਰਾ ਦਿਲ ਡੁੱਬਦਾ ਜਾ ਰਿਹਾ ਸੀ।

‘‘ਚੱਲ, ਰਿਪੋਰਟਾਂ ਡਾਕਟਰ ਰੋਮਾਣਾ ਨੂੰ ਦਿਖਾ ਕੇ ਆਈਏ,’’ ਮੈਂ ਕਾਹਲੀ ਪਤਨੀ ਨੂੰ ਕਿਹਾ।

‘‘ਹੁਣ ਸਭ ਠੀਕ ਤਾਂ ਹੈ…’’ ਉਹ ਥੋੜ੍ਹੀ ਫ਼ਿਕਰਮੰਦ ਹੋ ਰਹੀ ਸੀ।

ਡਾਕਟਰ ਰੋਮਾਣਾ ਲੋਕਾਂ ਦਾ ਮਸੀਹਾ ਤੇ ਮੇਰੇ ਵਧੀਆ ਪਛਾਣ ਵਾਲੇ ਆਯੁਰਵੇਦ ਡਾਕਟਰ ਹਨ। ਸੇਵਾਮੁਕਤੀ ਤੋਂ ਬਾਅਦ ਵੀ ਇਲਾਕੇ ਦੀ ਨਿਰਸਵਾਰਥ ਸੇਵਾ ਕਰ ਰਹੇ ਹਨ।

ਰਿਪੋਰਟਾਂ ਦੇਖ ਕੇ ਉਹ ਵੀ ਗੰਭੀਰ ਹੋ ਗਏ। ਮੈਂ ਉਨ੍ਹਾਂ ਦਾ ਚਿਹਰਾ ਅਤੇ ਅੱਖਾਂ ਪੜ੍ਹਨ ਦੀ ਕੋਸ਼ਿਸ਼ ਕਰ ਰਿਹਾ ਸੀ ਤੇ ਪਤਨੀ ਮੇਰੇ ਹਾਵ ਭਾਵ ਦੇਖ ਰਹੀ ਸੀ।

‘‘ਤੁਸੀਂ ਰਿਪੋਰਟਾਂ ਮੇਰੇ ਕੋਲ ਰਹਿਣ ਦਿਓ, ਘੰਟੇ ਤੱਕ ਤੁਸੀਂ ਇਕੱਲੇ ਹੀ ਆ ਜਾਇਓ… ਭੈਣ ਜੀ ਨੂੰ ਨਾਲ ਨਾ ਲਿਆਉਣਾ,’’ ਆਖ ਕੇ ਡਾਕਟਰ ਸਾਹਿਬ ਕਲੀਨਿਕ ਚਲੇ ਗਏ। ਮੈਨੂੰ ਆਪਣੀ ਧੜਕਣ ਬੰਦ ਹੁੰਦੀ ਜਾਪੀ। ਪਤਨੀ ਦੇ ਚਿਹਰੇ ’ਤੇ ਵੀ ਉਦਾਸੀ ਦਾ ਪਰਛਾਵਾਂ ਸਾਫ਼ ਝਲਕ ਰਿਹਾ ਸੀ। ਘਰ ਤਕ ਅਸੀਂ ਇਕ ਵੀ ਸ਼ਬਦ ਸਾਂਝਾ ਨਹੀਂ ਕੀਤਾ। ਪਤਨੀ ਨੂੰ ਘਰ ਛੱਡ ਕੇ ਮੈਂ ਬਾਜ਼ਾਰ ਵਿਚ ਭਟਕਦਾ ਰਿਹਾ। ਉਹ ਘੰਟਾ ਮੈਨੂੰ ਸਦੀਆਂ ਵਰਗਾ ਲੱਗ ਰਿਹਾ ਸੀ। ਜਿਵੇਂ ਤਿਵੇਂ ਮੈਂ ਕਲੀਨਿਕ ’ਤੇ ਪਹੁੰਚਿਆ।

‘‘ਮੈਂ ਰਿਪੋਰਟਾਂ ਨਾਲ ਸਹਿਮਤ ਨਹੀਂ… ਤੁਹਾਡਾ ਸ਼ੱਕ ਜਾਂ ਡਰ ਬੇਬੁਨਿਆਦ ਹੈ। ਇਨ੍ਹਾਂ ਨੂੰ ਗੁਰਦਿਆਂ ਦੀ ਕੋਈ ਵੀ ਸਮੱਸਿਆ ਨਹੀਂ ਹੋ ਸਕਦੀ। ਵਾਟਰ ਸਿਸਟ ਆਮ ਜਿਹੀ ਗੱਲ ਹੈ।’’ ਮੇਰੀਆਂ ਅੱਖਾਂ ਵਿੱਚੋਂ ਪ੍ਰਸ਼ਨ ਪੜ੍ਹ ਬੜੀ ਹਲੀਮੀ ਨਾਲ ਉਨ੍ਹਾਂ ਨੇ ਆਪ ਹੀ ਸਪੱਸ਼ਟ ਕੀਤਾ।

‘‘ਜੇ ਰਿਪੋਰਟਾਂ ਸਹੀ ਹੋਣ ਤਾਂ…’’ ਮੈਂ ਮਸਾਂ ਹੀ ਬੋਲ ਸਕਿਆ।

‘‘ਫਿਰ ਜ਼ਿੰਦਗੀ ਸਾਲ… ਛੇ ਮਹੀਨੇ…।’’

‘‘ਕੋਈ ਇਲਾਜ…?’’ ਮੇਰਾ ਗੱਚ ਭਰ ਗਿਆ।

‘‘ਸਿਰਫ਼ ਕਿਡਨੀ ਟਰਾਂਸਪਲਾਂਟ, ਪਰ ਤੁਸੀਂ ਅਜਿਹਾ ਕਿਉਂ ਸੋਚਦੇ ਹੋ? ਅਜਿਹਾ ਕੁਝ ਵੀ ਨਹੀਂ। ਮੈਨੂੰ ਪੂਰਾ ਯਕੀਨ ਹੈ ਕਿ ਅਜਿਹਾ ਕੁਝ ਵੀ ਨਹੀਂ। ਫਿਰ ਵੀ ਆਪਣਾ ਸ਼ੱਕ ਦੂਰ ਕਰਨ ਲਈ ਤੁਸੀਂ ਪੀ.ਜੀ.ਆਈ. ਵਿਚ ਚੈੱਕਅੱਪ ਕਰਵਾ ਲਓ।’’

ਮੈਂ ਰਿਪੋਰਟਾਂ ਫੜ ਅਣਜਾਣ ਜਿਹੀਆਂ ਗਲੀਆਂ ਵਿਚੋਂ ਘਰ ਜਾ ਰਿਹਾ ਸੀ ਤਾਂ ਜੋ ਅੱਖਾਂ ਵਿਚੋਂ ਪਰਲ ਪਰਲ ਡਿੱਗਦੇ ਹੰਝੂ ਕੋਈ ਦੇਖ ਨਾ ਲਵੇ।

ਮੇਰਾ ਦੋ ਕੁ ਸਾਲ ਦਾ ਬੇਟਾ ਪਰਗੀਤ ਰਾਤ ਨੂੰ ਕਹਾਣੀ ਸੁਣਾਉਣ ਦੀ ਜ਼ਿੱਦ ਕਰ ਰਿਹਾ ਸੀ, ਪਰ ਮੇਰੀ ਸੋਚ ਜਵਾਬ ਦੇ ਰਹੀ ਸੀ। ਪਤਨੀ ਦੇ ਵਾਰ ਵਾਰ ਪੁੱਛਣ ’ਤੇ ਮੈਂ ਸਿਰਫ਼ ਇੰਨਾ ਆਖ ਸਕਿਆ ਕਿ ਡਾਕਟਰ ਸਾਹਿਬ ਨੇ ਆਖਿਆ ਹੈ ਕੋਈ ਖ਼ਾਸ ਗੱਲ ਨਹੀਂ। ਕੁਝ ਨਹੀਂ ਹੁੰਦਾ… ਬਸ ਉਨ੍ਹਾਂ ਪੀ.ਜੀ.ਆਈ. ਤੋਂ ਚੈੱਕਅੱਪ ਕਰਵਾਉਣ ਲਈ ਕਿਹਾ ਹੈ…।’’

‘ਸਾਲ… ਛੇ ਮਹੀਨੇ… ਕਿਡਨੀ ਟਰਾਂਸਪਲਾਂਟ… ਵਾਟਰੀ ਸਿਸਟ… ਛੋਟਾ ਜਿਹਾ ਬੱਚਾ… ਮੈਂ ਆਪ ਅਪਾਹਜ…’ ਪਤਾ ਨਹੀਂ ਕਿੰਨੇ ਕੁ ਸ਼ਬਦ ਭਿਅੰਕਰ ਦ੍ਰਿਸ਼ ਬਣ ਮੇਰੇ ਮਨ ਦੀਆਂ ਘੰਟੀਆਂ ਵਜਾ ਰਹੇ ਸਨ। ਮੈਂ ਨਿਰਾਸ਼ਾ ਦੇ ਸਮੁੰਦਰ ਵਿਚ ਡੁੱਬਦਾ ਜਾ ਰਿਹਾ ਸੀ।

‘‘ਮੈਨੂੰ ਯਕੀਨ ਹੈ ਅਜਿਹੀ ਕੋਈ ਗੱਲ ਵੀ ਨਹੀਂ ਹੋਵੇਗੀ’’ ਡਾਕਟਰ ਸਾਹਿਬ ਦੇ ਸ਼ਬਦ ਮੈਨੂੰ ਬਾਹੋਂ ਫੜ ਫਿਰ ਉੱਪਰ ਵੱਲ ਲੈ ਆਉਂਦੇ।

ਮੁਹਾਲੀ ਰਹਿੰਦੇ ਮੇਰੇ ਦੋਵੇਂ ਭਰਾਵਾਂ ਗੁਰਦੀਪ ਅਤੇ ਰਾਧੇ ਸ਼ਾਮ ਨੇ ਮੈਨੂੰ ਅਗਲੇ ਦਿਨ ਹੀ ਮੁਹਾਲੀ ਆਉਣ ਲਈ ਕਿਹਾ। ਮੇਰੀ ਪਤਨੀ ਨੂੰ ਲਗਪਗ ਸਾਰੀਆਂ ਗੱਲਾਂ ਪਤਾ ਲੱਗ ਗਈਆਂ। ਆਪਣੇ ਇਸ਼ਟ ਨੂੰ ਧਿਆ ਅਸੀਂ ਪਰਿਵਾਰ ਸਮੇਤ ਮੁਹਾਲੀ ਨੂੰ ਚੱਲ ਪਏ। ਨਿਰਾਸ਼ਾ ਨੇ ਮੇਰੀ ਪਤਨੀ ਨੂੰ ਏਨਾ ਕੁ ਤੋੜ ਦਿੱਤਾ ਕਿ ਉਸ ਨੇ ਆਪਣੇ ਸਾਰੇ ਕੱਪੜੇ ਬਣ ਰਹੀ ਸੜਕ ’ਤੇ ਬੈਠੇ ਮਜ਼ਦੂਰਾਂ ਨੂੰ ਵੰਡ ਦਿੱਤੇ। ਮੰਦਰ ਵਿਚ ਉਸ ਦੀਆਂ ਸਾਥੀ ਸਤਿਸੰਗਣਾਂ ਨੇ ਉਸ ਲਈ ਪ੍ਰਾਰਥਨਾ ਕੀਤੀ।

ਮੇਰੇ ਭਰਾਵਾਂ ਨੇ ਫ਼ੈਸਲਾ ਕੀਤਾ ਕਿ ਪੀ.ਜੀ.ਆਈ. ਦੀ ਜਗ੍ਹਾ ਫੋਰਟਿਸ ਵਿਚ ਚੈੱਕਅੱਪ ਕਰਵਾਇਆ ਜਾਵੇ। ਚੈੱਕਅੱਪ ਦਾ ਕੰਮ ਸਵੇਰੇ ਲਗਭਗ ਨੌਂ ਵਜੇ ਸ਼ੁਰੂ ਹੋ ਗਿਆ। ਮੈਂ ਆਪਣੇ ਬੇਟੇ ਸਮੇਤ ਕਾਰ ਵਿਚ ਹੀ ਬੈਠ ਗਿਆ। ਸਮਾਂ ਬਤੀਤ ਹੋਣ ਵਿਚ ਹੀ ਨਹੀਂ ਸੀ ਆ ਰਿਹਾ। ਮੈਂ ਸਿਰਫ਼ ਚਾਹ ਹੀ ਪੀਤੀ ਸੀ। ਮੇਰੀ ਨਿਗ੍ਹਾ ਫੋਰਟਿਸ ਵਿਚੋਂ ਨਿਕਲਣ ਵਾਲੇ ਹਰ ਵਿਅਕਤੀ ’ਤੇ ਪੈਂਦੀ ਤੇ ਨਿਰਾਸ਼ ਵਾਪਸ ਆ ਜਾਂਦੀ। ਮੈਂ ਲਗਾਤਾਰ ਪਾਠ ਕਰੀ ਜਾ ਰਿਹਾ ਸੀ ਤੇ ਮੇਰੇ ਨਾਲ ਹੀ ਆਪਣੀ ਤੋਤਲੀ ਆਵਾਜ਼ ਵਿਚ ਮੇਰਾ ਬੇਟਾ ਵੀ ਪਾਠ ਕਰ ਰਿਹਾ ਸੀ। ਮੈਂ ਉਸ ਤੋਂ ਵਾਰ ਵਾਰ ਅਖਵਾ ਰਿਹਾ ਸੀ ‘‘ਹੇ ਭਗਵਾਨ ਮੇਰੇ ਮੰਮੀ ਨੂੰ ਠੀਕ ਕਰਦੇ…’’। ਜਦੋਂ ਉਹ ਆਪਣੀ ਤੋਤਲੀ ਆਵਾਜ਼ ਵਿਚ ਆਖਦਾ ‘‘ਏ ਭਾਨ ਮੇਲੀ ਮੰਮੀ ਨੂੰ ਠੀਤ ਤਲਦੇ’’ ਤਾਂ ਮੇਰਾ ਗੱਚ ਭਰ ਆਉਂਦਾ। ਤਕਰੀਬਨ ਬਾਰਾਂ ਵਜੇ ਮੇਰਾ ਛੋਟਾ ਭਰਾ ਮੈਥੋਂ ਰੋਟੀ ਪੁੱਛਣ ਆਇਆ, ਪਰ ਮੇਰੀ ਭੁੱਖ ਉੱਕਾ ਹੀ ਮਰ ਚੁੱਕੀ ਸੀ। ਮੇਰੇ ਵਾਰ ਵਾਰ ਪੁੱਛਣ ’ਤੇ ਉਸ ਨੇ ਇੰਨਾ ਹੀ ਦੱਸਿਆ, ‘‘ਅਜੇ ਟੈਸਟ ਚੱਲ ਰਹੇ ਹਨ…।’’ ਮੇਰਾ ਦਿਲ ਹੋਰ ਬੈਠ ਗਿਆ। ਮੈਂ ਸਿਰਫ਼ ਬੱਚੇ ਲਈ ਦੁੱਧ ਤੇ ਬਿਸਕੁਟ ਮੰਗਵਾਏ।

ਮੇਰੀ ਸੋਚ ਅਨੰਤ ਅੰਧਕਾਰ ਵਿਚ ਡੁੱਬਣ ਲੱਗਦੀ ਤਾਂ ਡਾਕਟਰ ਰੋਮਾਣਾ ਦੇ ਸ਼ਬਦ ਚੇਤੇ ਕਰ ਮੈਨੂੰ ਥੋੜ੍ਹਾ ਜਿਹਾ ਹੌਸਲਾ ਮਿਲਦਾ। ਉੱਥੇ ਬੈਠਿਆਂ ਮੈਂ ਆਪਣੇ ਸਾਰੇ ਜੀਵਨ ’ਤੇ ਝਾਤ ਮਾਰੀ ਕਿ ਮੈਥੋਂ ਕੋਈ ਬਹੁਤ ਵੱਡੀ ਗ਼ਲਤੀ ਜਾਂ ਭੁੱਲ ਤਾਂ ਨਹੀਂ ਹੋਈ। ਚੰਗੀਆਂ ਮਾੜੀਆਂ ਗੱਲਾਂ ਯਾਦ ਆ ਰਹੀਆਂ ਸਨ। ਮੈਂ ਅਕਸਰ ਮੱਖੀ ਜਾਂ ਮੱਛਰ ਨੂੰ ਬਰਦਾਸ਼ਤ ਨਹੀਂ ਕਰਦਾ। ਉਸੇ ਵੇਲੇ ਮਾਰਨ ਦਾ ਯਤਨ ਕਰਦਾ ਹਾਂ। ਉਸ ਦਿਨ ਭਾਵੇਂ ਮੱਖੀ ਤੇ ਮੱਛਰ ਮੈਨੂੰ ਤੰਗ ਕਰ ਰਹੇ ਸਨ, ਪਰ ਮੈਂ ਉਨ੍ਹਾਂ ਨੂੰ ਸਿਰਫ਼ ਅਖ਼ਬਾਰ ਨਾਲ ਪਰ੍ਹਾਂ ਕਰ ਰਿਹਾ ਸੀ। ਜੀਵਨ ਵਿਚ ਕਿਸੇ ਨੂੰ ਬੋਲੇ ਗਏ ਕੌੜੇ ਬੋਲਾਂ ਪ੍ਰਤੀ ਮੈਂ ਪਸ਼ਚਾਤਾਪ ਕਰ ਰਿਹਾ ਸੀ। ਉਸ ਦਿਨ ਮੈਂ ਆਪਣੀ ਮੋਈ ਅੰਮੜੀ ਨੂੰ ਬਹੁਤ ਸ਼ਿੱਦਤ ਨਾਲ ਯਾਦ ਕੀਤਾ। ਪਰਮਾਤਮਾ ’ਤੇ ਭਰੋਸਾ ਪੇਤਲਾ ਪੈਂਦਾ ਜਾ ਰਿਹਾ ਸੀ। ਇਸ ਤਰ੍ਹਾਂ ਲੱਗਦਾ ਸੀ ਜਿਵੇਂ ਘੜੀ ਦੀਆਂ ਸੂਈਆਂ ਨਾਲ ਮਣਾਂ ਮੂੰਹੀ ਭਾਰ ਲੱਦਿਆ ਹੋਵੇ ਤੇ ਉਹ ਚੱਲਣ ਤੋਂ ਅਸਮਰੱਥ ਹੋਣ। ਕਰੀਬ ਪੰਜ ਕੁ ਵਜੇ ਮੈਨੂੰ ਪਤਨੀ ਸਮੇਤ ਪਰਿਵਾਰ ਹਸਪਤਾਲ ’ਚੋਂ ਬਾਹਰ ਆਉਂਦਾ ਦਿਖਾਈ ਦਿੱਤਾ। ਮੈਂ ਦੂਰੋਂ ਹੀ ਉਨ੍ਹਾਂ ਦੇ ਚਿਹਰੇ ਦੇ ਹਾਵ-ਭਾਵ ਦੇਖਣ ਦੀ ਕੋਸ਼ਿਸ਼ ਕਰਨ ਲੱਗਾ। ਉਨ੍ਹਾਂ ਦੇ ਚਿਹਰਿਆਂ ਦੀ ਰੌਣਕ ਦੇਖ ਮੈਨੂੰ ਥੋੜ੍ਹੀ ਜਿਹੀ ਤਸੱਲੀ ਹੋਈ।

‘‘ਚੱਕ ਰਿਪੋਰਟਾਂ…’’ ਮੇਰੇ ਕੁਝ ਵੀ ਕਹਿਣ ਤੋਂ ਪਹਿਲਾਂ ਹੀ ਮੇਰੇ ਭਰਾ ਨੇ ਰਿਪੋਰਟਾਂ ਮੇਰੇ ਅੱਗੇ ਸੁੱਟ ਦਿੱਤੀਆਂ।

‘‘ਕਿਹੜਾ ਡਾਕਟਰ ਸੀ ਜਿਹਨੇ ਸਾਰੇ ਟੱਬਰ ਨੂੰ ਮਰਨ ਵਰਗਾ ਕਰਤਾ?’’ ‘‘ਡਾਕਟਰ ਨੇ ਕਿਹੈ ਘੱਟੋ ਘੱਟ ਸੱਤਰ ਸਾਲ ਤਕ ਇਸ ਨੂੰ ਇਹ ਬਿਮਾਰੀ ਨਹੀਂ ਹੋ ਸਕਦੀ।’’ ‘‘ਸੱਤ ਹਜ਼ਾਰ ਦੇ ਟੈਸਟ ਤੇ ਦਵਾਈ ਸਿਰਫ਼ ਚਾਰ ਸੌ ਪੰਜਾਹ ਦੀ’’ ਸਭ ਆਪੋ ਆਪਣੇ ਵਿਚਾਰ ਦੇ ਰਹੇ ਸਨ ਤੇ ਮੇਰੇ ਅੰਦਰ ਇਕ ਅਲੌਕਿਕ ਜਿਹੀ ਖ਼ੁਸ਼ੀ ਪਨਪ ਰਹੀ ਸੀ। ਪਿਛਲੇ ਦੋ ਦਿਨ ਮੈਂ ਅਕਹਿ ਨਿਰਾਸ਼ਾ ਵਿਚ ਬਿਤਾਏ, ਪਰ ਹੁਣ ਉਹ ਦੁੱਖ ਦਰਦ ਖੰਭ ਲਗਾ ਕੇ ਉੱਡ ਗਏ। ਜਦੋਂ ਮੈਂ ਆਪਣੀ ਪਤਨੀ ਵੱਲ ਵੇਖਿਆ ਤਾਂ ਉਹ ਮੁਸਕਰਾ ਪਈ।

‘‘ਤੁਸੀਂ ਕੁਝ ਖਾਣੈ?’’ ਉਸ ਦੇ ਕਹਿਣ ’ਤੇ ਜਿਵੇਂ ਜਨਮਾਂ ਦੀ ਭੁੱਖ ਚਮਕ ਪਈ ਸੀ। ਮੈਂ ਮਨੋਮਨੀ ਸਾਰੇ ਦੇਵੀ ਦੇਵਤਿਆਂ ਦਾ ਧੰਨਵਾਦ ਕੀਤਾ, ਆਪਣੀ ਅੰਮੜੀ ਨੂੰ ਯਾਦ ਕੀਤਾ। ਇਹ ਘਟਨਾ ਅੱਜ ਵੀ ਮੇਰੇ ਰੌਂਗਟੇ ਖੜ੍ਹੇ ਕਰ ਦਿੰਦੀ ਹੈ।

Leave a Reply

Your email address will not be published. Required fields are marked *