‘ਨਫ਼ਰਤਜੀਵੀ’ ਘੜਨ ਦੇ ਦੌਰ ਵਿਚ

ਸੁਕੀਰਤ

ਪਿਛਲੇ 73 ਸਾਲਾਂ ’ਚ ਕਈ ਸਰਕਾਰਾਂ ਆਈਆਂ ਤੇ ਗਈਆਂ। ਹਰ ਪਾਰਟੀ/ਧਿਰ ਦਾ ਟੀਚਾ ਵਧ ਤੋਂ ਵਧ ਸਮੇਂ ਲਈ ਸੱਤਾ ਉੱਤੇ ਆਪਣਾ ਕਬਜ਼ੇ ਕਾਇਮ ਰੱਖਣਾ ਹੁੰਦਾ ਹੈ ਜਿਸ ਲਈ ਉਹ ਚੰਗੇ ਮਾੜੇ, ਜਾਇਜ਼ ਨਾਜਾਇਜ਼, ਹਰ ਕਿਸਮ ਦੇ ਹਰਬੇ ਵਰਤਦੀਆਂ ਹਨ ਪਰ ਮੁਲਕ ਦੇ ਆਜ਼ਾਦ ਹੋਣ ਮਗਰੋਂ ਇਹ ਪਹਿਲੀ ਸਰਕਾਰ ਹੈ ਜਿਹੜੀ ‘ਪਾੜੋ ਤੇ ਰਾਜ ਕਰੋ’ ਵਾਲੀ ਨੀਤੀ ਨੂੰ ਆਪਣਾ ਦਾਬਾ ਕਾਇਮ ਰੱਖਣ ਦੇ ਮੂਲ ਮੰਤਰ ਵਜੋਂ ਵਰਤ ਰਹੀ ਹੈ।

ਇਸ ਨੀਤੀ ਦਾ ਨੰਗਾ ਚਿੱਟਾ ਰੂਪ ਮੁਲਕ ਦੀ ਸਭ ਤੋਂ ਵੱਡੀ ਘੱਟਗਿਣਤੀ ਮੁਸਲਮਾਨਾਂ ਨੂੰ ਵੱਖਰੇ ਤੇ ਵਿਦੇਸ਼ੀ ਅਤੇ ਹਿੰਦੂਆਂ ਲਈ ਖ਼ਤਰਾ ਸਿੱਧ ਕਰ ਕੇ ਹਰ ਕਿਸਮ ਦੀ ਹਿੰਦੂ ਵੋਟ ਨੂੰ ਇਕੇ ਪਾਰਟੀ ਦੀ ਸ਼ਰਨ ਹੇਠ ਇਕੱਤਰ ਕਰੀ ਰੱਖਣ ਦੀਆਂ ਰੋਜ਼ ਨਵੇਂ ਰੂਪ ਧਾਰਦੀਆਂ ਕੋਸ਼ਿਸ਼ਾਂ ਹਨ। ਲਵ ਜਹਾਦ ਅਤੇ ਪਾਕਿਸਤਾਨ ਪ੍ਰੇਮੀ ਵਰਗੇ ਦੁਰ-ਪ੍ਰਚਾਰ ਦੀਆਂ ਮਿਸਾਲਾਂ ਹੁਣ ਇੰਨੀਆਂ ਆਮ ਹਨ ਅਤੇ ਸਪਸ਼ਟ ਦਿਸਦੀਆਂ ਹਨ ਕਿ ਉਨ੍ਹਾਂ ਵੱਲ ਧਿਆਨ ਦਿਵਾਉਣ ਦੀ ਵੀ ਲੋੜ ਨਹੀਂ ਰਹੀ।

ਮੁਸਲਮਾਨਾਂ (ਤੇ ਲੋੜ ਪੈਣ ਤੇ ਈਸਾਈਆਂ ਅਤੇ ਹੋਰ ਘੱਟਗਿਣਤੀਆਂ) ਦੇ ਧਾਰਮਿਕ ਵਖਰੇਵੇਂ ਕਾਰਨ ਭੋਲੇ ਲੋਕਾਂ ਦੇ ਮਨਾਂ ਵਿਚ ਉਨ੍ਹਾਂ ਵਿਰੁਧ ਨਫ਼ਰਤ ਉਪਜਾਉਣਾ ਔਖਾ ਨਹੀਂ ਸੀ ਪਰ ਸਰਕਾਰ ਸਾਹਮਣੇ ਸਮੱਸਿਆ ਸੀ ਕਿ ਅਜਿਹੇ ਲੋਕਾਂ ਦਾ ਕੀ ਕੀਤਾ ਜਾਵੇ ਜੋ ਹਿੰਦੂ ਤਾਂ ਹਨ ਪਰ ਹਿੰਦੂਤਵਵਾਦੀ ਨਹੀਂ। ਅਜਿਹੇ ਲੋਕਾਂ ਨਾਲ ਨਜਿੱਠਣ ਲਈ ਰਾਸ਼ਟਰ ਪ੍ਰੇਮ ਦੀ ਨਵੀਂ ਪਰਿਭਾਸ਼ਾ ਘੜੀ ਗਈ, ਹਰ ਕਿਸਮ ਦੀ ਵਿਰੋਧੀ ਸੁਰ ਨੂੰ ਦੇਸ਼ ਵਿਰੋਧੀ ਗਰਦਾਨ ਕੇ, ਤਿਰੰਗੇ ਝੰਡੇ ਨੂੰ ਹਥਿਆਰ ਤੇ ਢਾਲ ਦੋਵੇਂ ਤਰ੍ਹਾਂ ਵਰਤਿਆ ਜਾਣ ਲੱਗਾ। ਅਦਾਲਤ ਵਿਚ ਆ ਕੇ, ਪੁਲੀਸ ਤੇ ਜੱਜਾਂ ਦੀ ਹਾਜ਼ਰੀ ਵਿਚ ਕਨ੍ਹਈਆ ਕੁਮਾਰ ਤੇ ਹਮਲਾ ਕਰਨ ਆਏ ਵਕੀਲਾਂ ਨੇ ਆਪਣੇ ਹੱਥ ਵਿਚ ਤਿਰੰਗਾ ਹੀ ਫੜਿਆ ਹੋਇਆ ਸੀ। ਜਦੋਂ ਦਾਦਰੀ ਵਿਚ ਹੋਈ ਹਜੂਮੀ ਹਿੰਸਾ ਦੇ ਦੋਸ਼ੀ ਰਵੀਨ ਸਿਸੋਦੀਆ ਦੀ ਮੌਤ ਹੋਈ ਤਾਂ ਸਸਕਾਰ ਸਮੇਂ ਉਸ ਦੀ ਲੋਥ ਨੂੰ ਤਿਰੰਗੇ ਵਿਚ ਲਪੇਟ ਕੇ ਉਸ ਨੂੰ ਸ਼ਹੀਦ ਦਾ ਦਰਜਾ ਦੇ ਦਿਤਾ ਗਿਆ; ਤੇ 26 ਜਨਵਰੀ ਨੂੰ ਜਦੋਂ ਫਿਲਮਾਂ ਨਾਲ ਸਬੰਧਿਤ ਇਕ ਸ਼ਖ਼ਸ ਅਤੇ ਹੋਰ ਸਿਰਫਿਰਿਆਂ (ਜਾਂ ਸ਼ਾਇਦ ਸਿਰ ਫਿਰਾਉਣ ਲਈ ਭੇਜੇ ਗਿਆਂ) ਦੀ ਅਗਵਾਈ ਹੇਠ ਕੁਝ ਲੋਕਾਂ ਨੇ ਲਾਲ ਕਿਲ੍ਹੇ ’ਤੇ ਹੁੱਲੜਬਾਜ਼ੀ ਕੀਤੀ ਤਾਂ ਸੁਰੱਖਿਆ ਤ੍ਰੇੜ ਕਾਰਨ ਹੋਈ (ਜਾਂ ਹੋਣ ਦਿੱਤੀ ਗਈ) ਇਸ ਵਾਰਦਾਤ ਕਿਸਾਨ ਅੰਦੋਲਨ ਵਿਰੋਧੀ ਰਾਏ ਲਾਮਬੰਦ ਕਰਾਉਣ ਦੀ ਕੋਸ਼ਿਸ਼ ਕੀਤੀ ਗਈ। ਕਿਤੇ ਵਡੇਰੇ, ਕਿਤੇ ਪ੍ਰਭਾਵਸ਼ਾਲੀ ਸ਼ਾਂਤਮਈ ਟਰੈਕਟਰ ਮਾਰਚ ਨੂੰ ਅਣਡਿੱਠ ਕਰਦਿਆਂ, ਮੀਡੀਆ ਦਾ ਸਾਰਾ ਜ਼ੋਰ (ਤੇ ਸਾਰਾ ਚੀਕ-ਚਿਹਾੜਾ) ਲਾਲ ਕਿਲ੍ਹੇ ਦੀ ਘਟਨਾ ਵੱਲ ਕੇਂਦਰਿਤ ਕਰੀ ਰੱਖਿਆ ਗਿਆ। ਨਾ ਸਿਰਫ਼ ਲੋਕ ਰਾਏ ਨੂੰ ਕਿਸਾਨ ਅੰਦੋਲਨ ਦਾ ਵਿਰੋਧੀ ਬਣਾਉਣ ਦੀ ਕੋਸ਼ਿਸ਼ ਕੀਤੀ ਗਈ ਸਗੋਂ ਅੰਦੋਲਨਕਾਰੀਆਂ ਨੂੰ ਦੁਫੇੜਨ ਅਤੇ ‘ਪਾੜੋ ਤੇ ਰਾਜ ਕਰੋ ਵਾਲੀ’ ਨੀਤੀ ਨੂੰ ਵਰਤਣ ਦੀ ਇਕ ਹੋਰ ਕੋਸ਼ਿਸ਼ ਕੀਤੀ ਗਈ। ਖਾਲਿਸਤਾਨੀ, ਮਾਓਵਾਦੀ, ਦੇਸ਼-ਧ੍ਰੋਹੀ, ਪੀਜ਼ੇ ਖਾਣੀ ਕਿਸਾਨੀ ਵਰਗੇ ਲਕਬ ਵਰਤ ਕੇ ਅੰਦੋਲਨ ਨੂੰ ਤੋੜਨ ਅਤੇ ਜਨਤਾ ਅੰਦਰ ਅੰਦੋਲਨ ਵਿਰੁਧ ਰੋਸ ਉਪਜਾਉਣ ਦੀਆਂ ਕੋਸ਼ਿਸ਼ਾਂ ਤਾਂ ਪਹਿਲੇ ਦਿਨ ਤੋਂ ਜਾਰੀ ਸਨ ਹੀ।

ਸਰਕਾਰ ਨੂੰ ਪੂਰੀ ਉਮੀਦ ਸੀ ਕਿ ਹੁਣ ਜ਼ਰੂਰ ਅੰਦੋਲਨ ਦੀ ਫੂਕ ਨਿਕਲ ਜਾਏਗੀ ਪਰ ਇਹ ਤੀਰ ਵੀ ਖੁੰਢਾ ਹੀ ਸਾਬਤ ਹੋਇਆ। ‘ਪਾੜੋ ਤੇ ਰਾਜ ਕਰੋ’ ਵਾਲੀ ਨੀਤੀ ਤੇ ਟੇਕ ਰੱਖਣ ਵਾਲੀ, ਲੋਕਾਂ ਨੂੰ ‘ਅਸੀਂ ਤੇ ਉਹ’ ਵਿਚ ਵੰਡ ਕੇ ਹਰ ਵਿਰੋਧ ਨੂੰ ਥਾਏਂ ਨੱਪਣ ਵਾਲੀ ਸਰਕਾਰ ਪਿਛਲੇ ਕੁਝ ਸਾਲਾਂ ਤੋਂ ਰੋਹ ਦੇ ਕਿਸੇ ਵੀ ਪ੍ਰਗਟਾਵੇ ਨੂੰ ਭੰਡਣ ਲਈ ਨਵੇਂ ਤੋਂ ਨਵੇਂ ਵਿਸ਼ੇਸ਼ਣ ਘੜਦੀ ਆਈ ਹੈ: ਸੈਕੁਲਰ, ਜਹਾਦੀ, ਟੁਕੜੇ ਟੁਕੜੇ ਗੈਂਗ, ਆਤੰਕਵਾਦੀ, ਖਾਲਿਸਤਾਨੀ, ਮਾਓਵਾਦੀ, ਦੇਸ਼-ਧ੍ਰੋਹੀ ਵਗੈਰਾ ਵਗੈਰਾ ਪਰ ਹੁਣ ਜਦੋਂ ਇਨ੍ਹਾਂ ਵਿਚੋਂ ਇਕ ਵੀ ਕਾਰਗਰ ਸਾਬਤ ਨਹੀਂ ਹੋ ਰਿਹਾ ਤਾਂ ਭਾਸ਼ਾ-ਘਾੜੇ ਪ੍ਰਧਾਨ ਮੰਤਰੀ ਨੇ ਨਵੀਂ ਕਾਢ ਕੱਢੀ ਹੈ: ਅੰਦੋਲਨਜੀਵੀ। ਸਾਡੀਆਂ ਬੋਲੀਆਂ ਵਿਚ ਅੰਦੋਲਨਕਾਰੀ ਸ਼ਬਦ ਮੌਜੂਦ ਹੈ ਜਿਸ ਦੇ ਮਾਇਨੇ ਹਾਂ-ਪੱਖੀ ਹਨ, ਕਿਉਂਕਿ ਅੰਦੋਲਨ ਸ਼ਬਦ ਨਾਲ ਹਾਂ-ਪੱਖੀ ਭਾਵਨਾਵਾਂ ਜੁੜੀਆਂ ਹੋਈਆਂ ਹਨ, ਇਸ ਸ਼ਬਦ ਨੂੰ ਜਨਤਾ ਦੀ ਹੱਕੀ ਜੱਦੋਜਹਿਦ ਵਜੋਂ ਸਮਝਿਆ ਤੇ ਵਰਤਿਆ ਜਾਂਦਾ ਹੈ। ਕਿਸਾਨਾਂ ਦੇ ਇਸ ਅੰਦੋਲਨ – ਆਜ਼ਾਦੀ ਤੋਂ ਬਾਅਦ ਦੇ ਇਸ ਸਭ ਤੋਂ ਵੱਡੇ ਅੰਦੋਲਨ – ਨੂੰ ਝੁਠਲਾਉਣ ਲਈ, ਇਸ ਨੂੰ ਭੰਡਣ ਲਈ, ਇਸ ਦੇ ਖਿਲਾਫ਼ ਆਪਣੇ ਭਗਤਾਂ ਦੇ ਦਸਤਿਆਂ ਨੂੰ ਤਿਆਰ ਕਰਨ ਲਈ ਪ੍ਰਧਾਨ ਮੰਤਰੀ ਨੇ ਇਹ ਨਵਾਂ, ਨਾਂਹ-ਪੱਖੀ ਸ਼ਬਦ ਘੜਿਆ ਹੈ ਤਾਂ ਜੋ ਲੋਕਾਂ ਨੂੰ ‘ਅਸੀਂ ਤੇ ਉਹ’, ‘ਸਾਡੇ ਤੇ ਉਨ੍ਹਾਂ ਦੇ’ ਵਖਰੇਵਿਆਂ ਵਿਚ ਵੰਡਿਆ ਅਤੇ ਇਕ ਦੂਜੇ ਨਾਲੋਂ ਤੋੜਿਆ ਜਾ ਸਕੇ।

ਸੋ, ਕੀ ਹੁਣ ਲਵ ਜਹਾਦ ਦੇ ਨਾਂ ਤੇ ਸੜਕਾਂ ਤੇ ਉਤਰ ਕੇ ਸਾੜ-ਫੂਕ ਕਰਨ ਵਾਲੇ ਲੋਕ ਅੰਦੋਲਨਕਾਰੀ ਹੋਣਗੇ, ਤੇ ਸ਼ਾਹੀਨ ਬਾਗ਼ ਵਿਚ ਧਰਨੇ ਤੇ ਬੈਠੀਆਂ ਔਰਤਾਂ ਅੰਦੋਲਨਜੀਵੀ? ਕੀ ਹੁਣ ਪੱਛਮੀ ਬੰਗਾਲ ਦੀਆਂ ਚੋਣਾਂ ਸਮੇਂ ਹਿੰਸਾ ਭੜਕਾਊ ਰੱਥ ਯਾਤਰਾਵਾਂ ਕੱਢਣ ਵਾਲੇ ਪਰਿਵਰਤਨ ਮੰਗਦੇ ਅੰਦੋਲਨਕਾਰੀ ਹੋਣਗੇ, ਤੇ ਢਾਈ ਮਹੀਨਿਆਂ ਤੋਂ ਸ਼ਾਂਤਮਈ ਢੰਗ ਨਾਲ ਦਿੱਲੀ ਦੀਆਂ ਬਰੂਹਾਂ ਤੇ ਬੈਠੇ ਕਿਸਾਨ ਅੰਦੋਲਨਜੀਵੀ?

ਸੋ, ਹੈਰਾਨ ਨਾ ਹੋਣਾ ਜੇ ‘ਪਾੜੋ ਤੇ ਰਾਜ ਕਰੋ’ ਦੇ ਸਿਧਾਂਤ ਤੇ ਟੇਕ ਰੱਖਣ ਵਾਲੀ ਇਸ ਸਰਕਾਰ ਦਾ ‘ਚੀਕ-ਚਿਹਾੜਾ – ਗੋਦੀ&ਨਬਸਪ; ਮੀਡੀਆ’ ਹੁਣ ਹਰ ਸਰਕਾਰ ਵਿਰੋਧੀ ਲਹਿਰ ਦੇ ਉਠਣ ਵੇਲੇ ‘ਅੰਦੋਲਨਜੀਵੀ, ਅੰਦੋਲਨਜੀਵੀ’ ਦੀਆਂ ਟਾਹਰਾਂ ਮਾਰਨ ਲੱਗ ਪਿਆ ਸੁਣੇ।

ਅੰਦੋਲਨਜੀਵੀ ਵਰਗੀ ਨਾਂਹ-ਪੱਖੀ ਸ਼ਬਦ ਘਾੜ ਨੂੰ ਸੰਸਦੀ ਪਿੜ ਵਿਚ ਪਰੋਸਦਿਆਂ ਪ੍ਰਧਾਨ ਮੰਤਰੀ ਨੇ ਇਸ ਨਾਲ ਜੋੜ ਕੇ ਇਕ ਹੋਰ ਸ਼ਬਦ ਵੀ ਉਸ ਦਿਨ ਵਰਤਿਆ: ਪਰਜੀਵੀ, ਯਾਨੀ ਪੈਰਾਸਾਈਟ, ਯਾਨੀ ਕਿਸੇ ਹੋਰ ਨੂੰ ਚੂਸ ਕੇ ਜੀਣ ਵਾਲਾ। ਇਹੋ ਸ਼ਬਦ ਹਿਟਲਰ ਨੇ ਯਹੂਦੀਆਂ ਖਿਲਾਫ਼ ਵਰਤ ਕੇ ਜਰਮਨ ਕੌਮ ਨੂੰ ਵਾਰ ਵਾਰ ਉਕਸਾਇਆ ਸੀ ਕਿ ਉਹ ਅਜਿਹੇ ਲੋਕਾਂ ਬਾਰੇ ਚੌਕਸ ਰਹਿਣ ਤੇ ਸਰਕਾਰ ਨੂੰ ਵੀ ਚੌਕਸ ਕਰਨ। ਪ੍ਰਧਾਨ ਮੰਤਰੀ ਰਾਹੀਂ ਲੋਕ-ਉਭਾਰ ਦੇ ਪ੍ਰਸੰਗ ਵਿਚ ਇਹੋ ਜਿਹੇ ਭੜਕਾਊ ਸ਼ਬਦ ਦੀ ਵਰਤੋਂ ਵੱਖਰੇ ਸ਼ੰਕੇ ਉਪਜਾਉਂਦੀ ਹੈ।

ਇਹ ਸਭ ਕੁਝ ਪ੍ਰਧਾਨ ਮੰਤਰੀ ਨੇ ਰਾਜ ਸਭਾ ਵਿਚ ਕਿਹਾ, ਤੇ ਫੇਰ ਦੋ ਦਿਨ ਬਾਅਦ ਲੋਕ ਸਭਾ ਵਿਚ ਇਸੇ ਵਿਸ਼ੇ ਨੂੰ ਵਿਸਤਾਰ ਦਿੰਦਿਆਂ ਉਨ੍ਹਾਂ ਜੋ ਕੁਝ ਕਿਹਾ, ਉਹ ਵੀ ਘਟ ਚੌਂਕਾਉਣ ਵਾਲਾ ਨਹੀਂ।

ਕਿਸਾਨ ਅੰਦੋਲਨ ਨੂੰ ਪਵਿੱਤਰ ਤੇ ਅਪਵਿੱਤਰ, ਦੋ ਹਿਸਿਆਂ ਵਿਚ ਵੰਡਦਿਆਂ (ਜਾਂ ਪਾੜਨ ਦੀ ਕੋਸ਼ਿਸ਼ ਕਰਦਿਆਂ) ਪ੍ਰਧਾਨ ਮੰਤਰੀ ਨੇ ਕਿਹਾ: “ ਲੰਘੇ ਸਮਿਆਂ ਵਿਚ ਨਿਜੀ ਖੇਤਰ ਦੇ ਖਿਲਾਫ਼ ਅਪਸ਼ਬਦ ਬੋਲ ਕੇ ਕੁਝ ਲੋਕ ਸ਼ਾਇਦ ਵੋਟਾਂ ਬਟੋਰਦੇ ਰਹੇ ਹਨ ਪਰ ਉਹ ਸਮਾਂ ਮੁੱਕ ਚੁੱਕਿਆ ਹੈ। ਹੁਣ ਨਿਜੀ ਖੇਤਰ ਨੂੰ ਗਾਲ੍ਹਾਂ ਕੱਢਣ ਵਾਲਾ ਸਭਿਆਚਾਰ ਮਨਜ਼ੂਰ ਨਹੀਂ।”

ਤੇ ਫਿਰ ਪ੍ਰਧਾਨ ਮੰਤਰੀ ਨੇ ਨਿਜੀ ਖੇਤਰ ਦੀ ਤਾਰੀਫ਼ ਕਰਨ ਵਲ ਮੋੜਾ ਕੱਟਣ ਤੋਂ ਪਹਿਲਾਂ ਇਹ ਵੀ ਕਿਹਾ ਕਿ ਅਸੀਂ ਇਸ ਤਰੀਕੇ ਨਾਲ ਆਪਣੇ ਨੌਜਵਾਨਾਂ ਦੀ ਬੇਇਜ਼ਤੀ ਕਰਨੀ ਜਾਰੀ ਨਹੀਂ ਰੱਖ ਸਕਦੇ। ‘ਨੌਜਵਾਨਾਂ ਦੀ ਬੇਇਜ਼ਤੀ’ ਕਿਵੇਂ ਹੋ ਰਹੀ ਹੈ, ਇਸ ਦਾ ਤਾਂ ਕੋਈ ਖੁਲਾਸਾ ਨਾ ਕੀਤਾ ਗਿਆ ਪਰ ਜਿਸ ਪ੍ਰਸੰਗ, ਤੇ ਭਾਸ਼ਣ ਦੇ ਜਿਸ ਪੜਾਅ ਤੇ ਇਹ ਗੱਲ ਆਖੀ ਗਈ, ਪ੍ਰਭਾਵ ਇਹੋ ਪੈਂਦਾ ਸੀ ਕਿ ਨਿਜੀ ਖੇਤਰ ਤੇ ਵਾਰ ਕਰਨਾ ਨੌਜਵਾਨਾਂ ਦੀ ਬੇਇਜ਼ਤੀ ਕਰਨ ਦੇ ਬਰਾਬਰ ਹੈ।

ਨਾਲ ਹੀ ਇਹ ਵੀ ਦੁਹਰਾਇਆ ਕਿ ਸਾਨੂੰ ਅੰਦੋਲਨਕਾਰੀਆਂ ਤੇ ਅੰਦੋਲਨਜੀਵੀਆਂ ਵਿਚ ਨਿਖੇੜਾ ਕਰਨ ਦੀ ਲੋੜ ਹੈ। ਬੰਦ ਟੌਲ ਪਲਾਜਿ਼ਆਂ ਅਤੇ ਮੋਬਾਈਲ ਟਾਵਰਾਂ ਤੇ ਹੋਈ ਤੋੜ-ਭੱਜ ਦਾ ਹਵਾਲਾ ਦਿੰਦਿਆਂ ਮੋਦੀ ਨੇ ਕਿਹਾ ਕਿ ਇਹ ਕਾਰਾ ਅੰਦੋਲਨਜੀਵੀਆਂ ਦਾ ਹੈ।

ਪ੍ਰਧਾਨ ਮੰਤਰੀ ਗੁੱਝੇ ਇਸ਼ਾਰੇ ਕਰਨ ਦੇ ਮਾਹਰ ਹਨ। ਇਨ੍ਹਾਂ ਇਸ਼ਾਰਿਆਂ ਦੀ ਵਜ਼ਾਹਤ ਕਰਨ ਲਈ ਉਨ੍ਹਾਂ ਦੇ ਹੇਠ ਪੂਰਾ ਤੰਤਰ-ਜਾਲ ਹੈ ਜੋ ਇਨ੍ਹਾਂ ਦਾ ਖੁਲਾਸਾ ਲੋੜੀਂਦੀਆਂ ਧਿਰਾਂ ਤਕ ਪਹੁੰਚਾਉਣ ਵਿਚ ਕੋਈ ਕਸਰ ਨਹੀਂ ਰਹਿਣ ਦਿੰਦਾ। ਪਿਛਲੇ ਸਾਲ ਸ਼ਾਹੀਨ ਬਾਗ਼ ਦੇ ਧਰਨੇ ਦੌਰਾਨ ਉਨ੍ਹਾਂ ਕਿਹਾ ਸੀ- ਇਨ੍ਹਾਂ ਧਰਨਿਆਂ ਤੇ ਬਹਿਣ ਵਾਲੇ ਲੋਕ ਆਪਣੇ ਕੱਪੜਿਆਂ ਤੋਂ ਪਛਾਣੇ ਜਾ ਸਕਦੇ ਹਨ। ਹੁਣ ਉਨ੍ਹਾਂ ਨੇ ਅੰਦੋਲਨਜੀਵੀਆਂ ਵਿਚ ਨਿਖੇੜਾ ਕਰਨ ਦੀਆਂ ਕੁਝ ਹੋਰ ਨਿਸ਼ਾਨੀਆਂ ਦੱਸ ਦਿੱਤੀਆਂ ਹਨ।

ਲੋਕਾਂ ਨੂੰ ‘ਪਾੜੋ ਤੇ ਰਾਜ ਕਰੋ’ ਵਾਲੀ ਨੀਤੀ ਨੂੰ ਆਪਣੀ ਸੱਤਾ-ਕਾਬਜ਼ੀ ਦਾ ਦਾਰੋਮਦਾਰ ਬਣਾਉਣ ਵਾਲੀ, ਜਨਤਾ ਨੂੰ ‘ਅਸੀਂ ਤੇ ਉਹ’ ਦੇ ਖਾਨਿਆਂ ਵਿਚ ਵੰਡ ਕੇ ਹਰ ਵਿਦਰੋਹ ਨੂੰ ਦਬਾਉਣ ਵਾਲੀ ਸਰਕਾਰ ਆਪਣੀਆਂ ਪਾਲਿਸੀਆਂ ਰਾਹੀਂ ਦਰਅਸਲ ਸਾਡੇ ਸਮਾਜ ਵਿਚ ‘ਨਫ਼ਰਤਜੀਵੀਆਂ’ ਦੇ ਪੂਰ ਪੈਦਾ ਕਰ ਰਹੀ ਹੈ, ਇਕ ਸ਼ਹਿਰੀ ਨੂੰ ਦੂਜੇ ਸ਼ਹਿਰੀ ਵਿਰੁਧ ਉਕਸਾਉਣ ਦਾ ਕੰਮ ਕਰ ਰਹੀ ਹੈ। ਇਨ੍ਹਾਂ ਚਾਲਾਂ ਪ੍ਰਤੀ ਸੁਚੇਤ ਹੋਣ ਅਤੇ ਹੋਰਨਾਂ ਨੂੰ ਕਰਨ ਦੀ ਲੋੜ ਇਸ ਵੇਲੇ ਅਹਿਮ ਹੈ।

Leave a Reply

Your email address will not be published. Required fields are marked *