ਅਧਿਆਤਮਕ ਰੰਗਾਂ ਵਾਲੀ ਬਹੁਮੁੱਲੀ ਵਿਰਾਸਤ

ਪ੍ਰਿੰ. ਗੁਰਮੀਤ ਸਿੰਘ ਫਾਜ਼ਿਲਕਾ

ਪੁਸਤਕ ਚਰਚਾ

ਸਿੱਖ ਚਿੰਤਕ ਤੇ ਗੁਰਬਾਣੀ ਸਰੋਕਾਰਾਂ ਦੇ ਸਾਹਿਤਕਾਰ ਡਾ. ਜਸਪਾਲ ਸਿੰਘ ਰਚਿਤ ਪੁਸਤਕ ‘ਸ੍ਰੀ ਗੁਰੂ ਗ੍ਰੰਥ ਸਾਹਿਬ ਬਾਣੀ ਦਾ ਸੰਕਲਨ ਤੇ ਚਿੰਤਨ’ (ਕੀਮਤ: 375 ਰੁਪਏ; ਨਵਯੁਗ ਪਬਲਿਸ਼ਰਜ਼, ਨਵੀਂ ਦਿੱਲੀ) ਵਿਚ  ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਪੰਚਮ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਵੱਲੋਂ 1604 ਵਿਚ ਕੀਤੀ ਸੰਪਾਦਨਾ ਦੇ ਮਹਾਨ ਕਾਰਜ ਨੂੰ ਸੰਪੰਨ ਕਰਨ ਦੀ ਵਡਮੁੱਲੀ ਗਾਥਾ ਹੈ। ਵਰਲਡ ਪੰਜਾਬੀ ਸੈਂਟਰ, ਪਟਿਆਲਾ ਦੇ ਡਾਇਰੈਕਟਰ ਪ੍ਰੋ. ਬਲਕਾਰ ਸਿੰਘ ਨੇ ਪੁਸਤਕ ਦੀ ਪ੍ਰਸਾਤਵਨਾ ਵਿਚ ਲਿਖਿਆ ਹੈ ਕਿ ਡਾ. ਜਸਪਾਲ ਸਿੰਘ ਵਰਤਮਾਨ ਸਿੱਖ ਸਮਾਜਿਕਤਾ ਦੀ ਦ੍ਰਿਸ਼ਟੀ ਤੋਂ ਆਪਣੇ ਵਰਗੇ ਆਪ ਹਨ। ਵਿਰਾਸਤੀ ਨਿਮਰਤਾ ਨਾਲ ਨਿਵਾਜ਼ੇ ਹੋਏ ਹਨ ਤੇ  ਸਿੱਖ ਨੈਤਿਕਤਾ ਦੀ ਦ੍ਰਿਸ਼ਟੀ ਤੋਂ ਪਹੁੰਚੇ ਹੋਏ ਅਦੀਬ ਹਨ। ਅਜਿਹੇ ਸੁਹਿਰਦ ਲੇਖਕ ਦੀ ਇਸ ਖੋਜਮਈ  ਪੁਸਤਕ ਵਿਚ ਪੰਜ ਅਧਿਆਏ ਹਨ। ਪਹਿਲੇ ਅਧਿਆਏ ਵਿਚ ਬਾਣੀ ਸੰਕਲਨ ਦੀ ਪੂਰੀ ਰੂਪ-ਰੇਖਾ ਹੈ।   ਗੁਰੂ ਅਰਜਨ ਸਾਹਿਬ ਨੇ ਗੁਰੂ ਅਮਰਦਾਸ ਜੀ ਦੇ ਸਪੁੱਤਰ ਬਾਬਾ ਮੋਹਨ ਜੀ ਪਾਸ ਬਾਬਾ ਬੁੱਢਾ ਜੀ ਤੇ ਭਾਈ ਗੁਰਦਾਸ ਜੀ ਨੂੰ ਬਾਣੀ ਦੀਆਂ  ਪੋਥੀਆਂ ਲਿਆਉਣ ਲਈ  ਗੋਇੰਦਵਾਲ ਸਾਹਿਬ ਭੇਜਿਆ।  ਬਾਬਾ ਮੋਹਨ ਜੀ ਸਮਾਧੀ ਵਿਚ ਲੀਨ ਸਨ।  ਮੁਲਾਕਾਤ ਨਾ ਹੋ ਸਕੀ। ਉਹ ਦੋਵੇਂ ਵਾਪਸ ਆ ਗਏ। ਫਿਰ ਗੁਰੂ ਸਾਹਿਬ ਆਪ ਗਏ।  ਸ਼ਬਦ ਗਾਇਆ: ਮੋਹਨ ਤੇਰੇ ਊਚੇ ਮੰਦਰ ਮਹਿਲ ਅਪਾਰਾ  (ਗਉੜੀ ਰਾਗ)। ਸੁਣ ਕੇ ਬਾਬਾ ਮੋਹਨ ਜੀ ਪਸੀਜ ਗਏ।   ਗੁਰਬਾਣੀ ਪੋਥੀਆਂ ਲਿਆ ਕੇ ਗੁਰੂ ਸਾਹਿਬ ਨੂੰ ਦੇ ਦਿੱਤੀਆਂ। ਗੁਰੂ ਅਰਜਨ ਦੇਵ ਜੀ ਨੇ ਰਾਮਸਰ ਦੇ ਸਥਾਨ ’ਤੇ ਭਾਈ ਗੁਰਦਾਸ ਜੀ ਤੋਂ ਲਿਖਵਾਉਣ ਦਾ  ਸ਼ੁਭ ਕਾਰਜ ਸ਼ੁਰੂ ਕੀਤਾ। ਇਸ ਸਾਰੇ  ਇਤਿਹਾਸਕ ਪ੍ਰਸੰਗ ਨੂੰ ਪੁਸਤਕ ਵਿਚ ਕਈ ਹਵਾਲੇ ਦੇ ਕੇ ਸਪਸ਼ਟ ਕੀਤਾ ਗਿਆ ਹੈ।  ਪ੍ਰੋ. ਸਾਹਿਬ ਸਿੰਘ ਦਾ ਹਵਾਲਾ ਹੈ ਕਿ ਗੁਰੂ ਜੀ ਨੇ  ਮੋਹਨ ਸ਼ਬਦ ਦੀ ਵਰਤੋਂ ਪਰਮਾਤਮਾ ਦੀ ਉਸਤਤ ਲਈ ਕੀਤੀ ਹੈ।  ਭਗਤਾਂ ਦੀਆਂ ਰੂਹਾਂ ਦਾ ਗੁਰੂ ਜੀ ਕੋਲ ਆ ਕੇ ਬਾਣੀ ਲਿਖਵਾਉਣ ਦਾ ਖੰਡਨ ਹਵਾਲਿਆਂ ਸਹਿਤ  ਕੀਤਾ ਹੈ।   ਭਗਤਾਂ ਦੀ ਬਾਣੀ ਗੁਰੂ ਨਾਨਕ ਸਾਹਿਬ ਦੇ ਸਮੇਂ ਤੋਂ ਹੀ ਇਕੱਠੀ ਕਰਨੀ ਸ਼ੁਰੂ ਕਰ ਦਿੱਤੀ ਗਈ ਸੀ। ਇਸ ਦਾ ਪ੍ਰਮਾਣ  ਬਾਬਾ ਫ਼ਰੀਦ ਦੇ ਇਕ ਸ਼ਬਦ  (ਪੰਨਾ 19) ਦੇ ਨਾਲ ਗੁਰੂ ਨਾਨਕ ਸਾਹਿਬ ਦਾ ਸ਼ਬਦ ਲਿਖੇ ਹੋਣਾ ਹੈ। ਪੁਸਤਕ ਵਿਚ ਹਰੇਕ ਇਤਿਹਾਸਕ ਬਿਰਤਾਂਤ ਨਾਲ ਸਿੱਕੇਬੰਦ ਇਤਿਹਾਸਕ  ਹਵਾਲੇ ਹਨ।  ਬਾਣੀ ਵਿਚ ਗੁਰੂ ਸਾਹਿਬ ਵੱਲੋਂ ਰਲਾਵਟ ਰੋਕਣੀ, ਗੁਰੂ ਸਾਹਿਬਾਨ ਦੀ ਰਚੀ ਬਾਣੀ ਤੇ ਕੱਚੀ ਬਾਣੀ ਦਾ ਵਖਰੇਵਾਂ ਅਤੇ  ਵੇਦ ਬਾਣੀ ਤੇ ਗੁਰਬਾਣੀ ਦੇ ਅੰਤਰ ਰੱਖਣਾ, ਗੁਰਬਾਣੀ ਸੰਗੀਤ ਵਿਚ  31 ਰਾਗਾਂ ਦੀ ਵਿਆਖਿਆ, ਗੁਰਮਤਿ ਸੰਗੀਤ ਦੀ ਮਹਿਮਾ, ਬਾਣੀ ਦੀ ਤਰਤੀਬ, 22 ਵਾਰਾਂ, ਸਲੋਕ ਸੰਸਕ੍ਰਿਤੀ ਭਗਤਾਂ ਦੀ  ਬਾਣੀ, ਭੱਟਾਂ ਦੇ ਸਵੱਈੲੇ ਵੱਖ ਵੱਖ ਅਧਿਆਇਆਂ ਵਿਚ ਹਨ।  ਹਥਲੀ ਪੁਸਤਕ ਦੇ ਲੇਖਕ ਨੇ ਗੁਰੂ ਨਾਨਕ ਦੇਵ ਜੀ, ਗੁਰੂ ਅੰਗਦ ਦੇਵ ਜੀ, ਗੁਰੂ ਅਮਰਦਾਸ ਜੀ, ਗੁਰੂ ਰਾਮਦਾਸ ਜੀ, ਗੁਰੂ ਅਰਜਨ ਦੇਵ ਜੀ, ਗੁਰੂ ਤੇਗ ਬਹਾਦਰ ਜੀ ਦੀ ਰਚੀ ਸਮੁੱਚੀ ਬਾਣੀ ਨੂੰ ਪੂਰੀ ਕਲਾ ਕੌਸ਼ਲਤਾ ਸਹਿਤ ਪੁਸਤਕ ਵਿਚ ਰੌਸ਼ਨ ਕੀਤਾ ਹੈ। ਨਾਲ ਹੀ ਹਰੇਕ ਸਿਰਲੇਖ ਵਾਲੀ   ਬਾਣੀ ਦੀ ਸੁਹਜਮਈ ਨੁਹਾਰ, ਰੂਹਾਨੀ ਪਹੁੰਚ, ਜੀਵਨ ਜਾਚ, ਬ੍ਰਹਿਮੰਡੀ ਚੇਤਨਾ, ਆਲਮੀ ਸਰੋਕਾਰਾਂ, ਮਨੁੱਖ ਦੀ ਜ਼ਿੰਦਗੀ ਦੇ ਵੱਖ-ਵੱਖ ਪਹਿਲੂਆਂ ਦਾ  ਬਾਣੀ ਦੇ ਸੰਦਰਭ ਵਿਚ  ਵਿਸ਼ਲੇਸ਼ਣ ਕੀਤਾ ਹੈ। ਭਗਤਾਂ ਤੋਂ ਪਿੱਛੋਂ ਬਾਬਾ ਸੁੰਦਰ ਜੀ, ਭਾਈ ਮਰਦਾਨਾ, ਭਾਈ ਸੱਤਾ ਬਲਵੰਡ ਦੀ ਬਸੰਤ ਰਾਗ ਦੀ ਵਾਰ ਦਾ ਜ਼ਿਕਰ ਹੈ। 11 ਭੱਟਾਂ  ਦੇ ਨਾਵਾਂ ਸਮੇਤ  ਰਚੇ 123 ਸਵਯੈ ਹਨ। ਦੇਸ਼ ਦੇ ਵੱਖ ਵੱਖ ਸੂਬਿਆਂ ਨਾਲ ਸੰਬੰਧਿਤ 15 ਭਗਤਾਂ ਦੀ ਰਚੀ ਰਾਗਾਂ ਵਿਚ ਬਾਣੀ,  ਭਗਤਾਂ ਦੇ ਨਿੱਜੀ ਜੱਦੀ ਸਥਾਨ, ਭਗਤ ਰਾਮਾਨੰਦ ਦੇ ਚੇਲੇ ਭਗਤ, ਭਗਤ ਕਬੀਰ, ਭਗਤ ਰਵਿਦਾਸ, ਭਗਤ ਸੈਣ, ਭਗਤ ਧੰਨਾ, ਭਗਤ ਪੀਪਾ  ਤੋਂ ਇਲਾਵਾ ਭਗਤ ਭੀਖਣ, ਭਗਤ ਜੈਦੇਵ, ਭਗਤ ਸਧਨਾ, ਭਗਤ ਪਰਮਾਨੰਦ, ਭਗਤ ਸੂਰ ਦਾਸ, ਭਗਤ ਬੇਣੀ  ਦਾ ਵੱਖ ਵੱਖ ਰਾਗਾਂ ਵਿਚ  ਰਚੀ ਬਾਣੀ ਸਹਿਤ ਜ਼ਿਕਰ ਹੈ।  ਬਾਣੀ ਸ਼ੇਖ ਫ਼ਰੀਦ ਦੇ 112  ਸਲੋਕਾਂ ਤੇ ਚਾਰ ਸ਼ਬਦਾਂ ਦਾ ਜ਼ਿਕਰ ਪੁਸਤਕ ਵਿਚ ਕੀਤਾ ਗਿਆ ਹੈ।  ਬਾਬਾ ਨਾਮਦੇਵ ਤੇ ਭਗਤ ਤ੍ਰਿਲੋਚਨ ਜੀ ਦਾ  ਆਪਸੀ ਸੰਵਾਦ ਅਤੇ ਭਗਤ ਨਾਮਦੇਵ ਜੀ ਦੀ ਬਾਣੀ ਵਿਚ ਮਰਾਠੀ ਸ਼ਬਦਾਂ ਦੀ ਜਾਣਕਾਰੀ ਹੈ। ਭਗਤਾਂ ਦੀ  ਬਾਣੀ ਦੀ  ਗੁਰੂ ਸਾਹਿਬਾਨ ਦੀ ਦ੍ਰਿਸ਼ਟੀ ਨਾਲ ਇਕਸੁਰਤਾ ਤੇ ਹੋਰ ਬਹੁਤ ਕੁਝ  ਪੁਸਤਕ ਵਿਚ ਪੜ੍ਹਿਆ  ਜਾ ਸਕਦਾ  ਹੈ। ਲੇਖਕ ਨੇ ‘ਬਾਣੀ ਗੁਰੂ ਗੁਰੂ ਹੈ ਬਾਣੀ’ ਦੇ ਸਿਧਾਂਤ ਦੀ ਵਿਆਖਿਆ ਕੀਤੀ ਹੈ। ਗੁਰੂ ਸਾਹਿਬ  ਤੇ ਭਗਤਾਂ ਦੇ ਪਰਮਾਤਮਾ ਨਾਲ ਸਿੱਧੇ ਸੰਵਾਦ ਪੜ੍ਹ ਕੇ  ਪਾਠਕ ਵਿਸਮਾਦ ਵਿਚ ਆ ਜਾਂਦਾ ਹੈ। ਇਹ ਹਵਾਲਾ ਪੁਸਤਕ ਗੁਰਬਾਣੀ ਦੇ ਜਗਿਆਸੂ ਪਾਠਕਾਂ, ਕਥਾਵਾਚਕਾਂ, ਗੁਰੂਘਰਾਂ ਨਾਲ ਜੁੜੀਆਂ ਰੂਹਾਂ ਤੇ ਅਧਿਆਤਮਕ ਪਾਂਧੀਆਂ  ਲਈ ਅਜ਼ੀਮ ਸੌਗਾਤ ਹੈ।

Leave a Reply

Your email address will not be published. Required fields are marked *