ਸਿਆਸਤਦਾਨ-ਅਪਰਾਧੀ-ਪੁਲੀਸ ਗੱਠਜੋੜ ਟੁੱਟਣਾ ਜ਼ਰੂਰੀ

ਜੂਲੀਓ ਰਿਬੇਰੋ

ਬੰਬੇ ਹਾਈ ਕੋਰਟ ਨੇ ਆਪਣੇ ਅੱਗੇ ਦਾਇਰ ਵੱਖ ਵੱਖ ਲੋਕ ਹਿੱਤ ਪਟੀਸ਼ਨਾਂ ਦਾ ਫ਼ੈਸਲਾ ਸੁਣਾਉਂਦਿਆਂ ਬਿਲਕੁਲ ਸਹੀ ਢੰਗ ਨਾਲ ਸੀਬੀਆਈ ਨੂੰ ਹਦਾਇਤ ਕੀਤੀ ਕਿ ਉਹ ਅਹੁਦੇ ਤੋਂ ਹਟਾਏ ਗਏ ਪੁਲੀਸ ਕਮਿਸ਼ਨਰ ਪਰਮਬੀਰ ਸਿੰਘ ਵੱਲੋਂ ਸੂਬੇ ਦੇ ਗ੍ਰਹਿ ਮੰਤਰੀ ਉਤੇ ਲਾਏ ਗਏ ਦੋਸ਼ਾਂ ਦੀ ਜਾਂਚ ਕਰੇ। ਪੁਲੀਸ ਮਮਿਸ਼ਨਰ ਨੇ ਇਹ ਦੋਸ਼ ਲਾਏ ਸਨ ਕਿ ਗ੍ਰਹਿ ਮੰਤਰੀ ਨੇ ਕ੍ਰਾਈਮ ਬਰਾਂਚ ਦੇ ਦੋ ਜੂਨੀਅਰ ਅਫ਼ਸਰਾਂ ਨੂੰ ਸੱਦ ਕੇ ਹਦਾਇਤ ਦਿੱਤੀ ਸੀ ਕਿ ਉਹ ਹਰ ਮਹੀਨੇ ਸ਼ਰਾਬ ਦੇ ਠੇਕੇਦਾਰਾਂ ਅਤੇ ਅਜਿਹੇ ਹੋਰ ਕਾਰੋਬਾਰੀਆਂ ਤੋਂ 10 ਕਰੋੜ ਰੁਪਏ ਇਕੱਤਰ ਕਰ ਕੇ ਉਸ (ਗ੍ਰਹਿ ਮੰਤਰੀ) ਨੂੰ ਦੇਣ।

ਇਹ ਦੋਸ਼ ਸਹੀ ਹੋ ਸਕਦੇ ਹਨ, ਭਾਵੇਂ ਰਕਮ ਵਧਾ ਚੜ੍ਹਾ ਦੇ ਦੱਸੀ ਹੋ ਸਕਦੀ ਹੈ। ਮਹਾਰਾਸ਼ਟਰ ਵਿਚ ਗ੍ਰਹਿ ਮੰਤਰੀਆਂ ਲਈ ਇਹ ਕੋਈ ਅਸਾਧਾਰਨ ਗੱਲ ਨਹੀਂ ਹੈ ਕਿ ਉਹ ਇੰਸਪੈਕਟਰਾਂ ਨੂੰ ਆਪਣੇ ਦਫ਼ਤਰ ਤਲਬ ਕਰ ਕੇ ਉਨ੍ਹਾਂ ਨੂੰ ‘ਦਫ਼ਤਰੀ ਮਾਮਲਿਆਂ’ ਬਾਰੇ ਹਦਾਇਤਾਂ ਜਾਰੀ ਕਰਨ। ਚਾਹੀਦਾ ਤਾਂ ਇਹ ਹੈ ਕਿ ਅਜਿਹੀਆਂ ਸਾਰੀਆਂ ਹਦਾਇਤਾਂ ਪੁਲੀਸ ਕਮਿਸ਼ਨਰ ਰਾਹੀਂ ਹੇਠਾਂ ਤੱਕ ਪਹੁੰਚਾਈਆਂ ਜਾਣ ਪਰ ਕਿਸੇ ਵੀ ਕਮਿਸ਼ਨਰ ਵਿਚ ਇੰਨਾ ਜੇਰਾ ਨਹੀਂ ਕਿ ਉਹ ਗ੍ਰਹਿ ਮੰਤਰੀ ਨੂੰ ਕਮਾਂਡ ਦੀ ਇਹ ਲੜੀ ਨਾ ਤੋੜਨ ਲਈ ਆਖ ਸਕੇ। ਪਰਮਬੀਰ ਖ਼ੁਦ ਜਦੋਂ ਦਰਮਿਆਨੇ ਰੈਂਕ ਦਾ ਅਫ਼ਸਰ ਸੀ ਤਾਂ ਅਕਸਰ ਏਸੀਐੱਸ (ਗ੍ਰਹਿ) ਦੇ ਦਫ਼ਤਰ ਜਾਂਦਾ ਸੀ ਅਤੇ ਉਨ੍ਹਾਂ ਦੇ ਸੇਵਾ ਕਾਲ ਦੌਰਾਨ ਉਨ੍ਹਾਂ ਦਾ ਕਰੀਬੀ ਬਣਿਆ ਰਿਹਾ।

ਅਦਾਲਤ ਨੇ ਮਹਿਸੂਸ ਕੀਤਾ ਕਿ ਸੀਬੀਆਈ ‘ਖ਼ੁਦਮੁਖ਼ਤਾਰ’ ਅਦਾਰਾ ਹੈ ਪਰ ਇਹ ਗੱਲ ਸੁਪਰੀਮ ਕੋਰਟ ਦੀ ਇਸ ਮੁਤੱਲਕ ਰਾਇ ਦੇ ਬਿਲਕੁਲ ਉਲਟ ਹੈ, ਕਿਉਂਕਿ ਸੁਪਰੀਮ ਕੋਰਟ ਨੇ ਆਪਣੀ ਇਕ ਮਸ਼ਹੂਰ ਟਿੱਪਣੀ ਵਿਚ ਦੇਸ਼ ਦੀ ਇਸ ਮੋਹਰੀ ਜਾਂਚ ਏਜੰਸੀ ਨੂੰ ‘ਪਿੰਜਰੇ ਪਿਆ ਤੋਤਾ’ ਆਖਿਆ ਸੀ। ਏਜੰਸੀ ਯਕੀਨਨ ਅਨਿਲ ਦੇਸ਼ਮੁੱਖ ਉਤੇ ਕੇਸ ਦਰਜ ਕਰੇਗੀ, ਕਿਉਂਕਿ ਮਹਾਰਾਸ਼ਟਰ ਦੀ ਸਰਕਾਰ ਨੂੰ ਤੋੜਨ ਲਈ ਭਾਜਪਾ ਨੇ ਪੂਰਾ ਜ਼ੋਰ ਲਾਇਆ ਹੋਇਆ ਹੈ ਪਰ ਕੀ ਏਜੰਸੀ ਪਰਮਬੀਰ ਦਾ ਵੀ ਪਰਦਾਫ਼ਾਸ਼ ਕਰੇਗੀ, ਜੇ ਜਾਂਚ ਦੌਰਾਨ ਉਹ ਵੀ ਅਹੁਦੇ ਤੋਂ ਹਟਾਏ ਜਾਣ ਤੋਂ ਪਹਿਲਾਂ ਅਜਿਹਾ ਕੁਝ ਹੀ ਕਰਨ ਦਾ ਦੋਸ਼ੀ ਪਾਇਆ ਜਾਂਦਾ ਹੈ? ਕੀ ਇਹ ਮੁੰਬਈ ਪੁਲੀਸ ਦੀ ਕ੍ਰਾਈਮ ਬਰਾਂਚ ਦੇ ਗੁਨਾਹਾਂ ਨੂੰ ਵੀ ਉਜਾਗਰ ਕਰੇਗੀ, ਕਿਉਂਕਿ ਇਸ ਦੇ ਕਮਿਸ਼ਨਰ ਨੇ ਸਚਿਨ ਵਜ਼ੇ ਨੂੰ ਆਪਣੇ ਬੰਦੇ ਵਜੋਂ ਬਰਾਂਚ ਵਿਚ ਲਿਆਂਦਾ ਸੀ? ਪਰਮਬੀਰ ਹੁਣ ਦੇਸ਼ਮੁੱਖ ਉਤੇ ਇਲਜ਼ਾਮ ਲਾਉਣ ਤੋਂ ਬਾਅਦ ਭਾਜਪਾ ਦੇ ਕੈਂਪ ਵਿਚ ਪਰਤ ਆਇਆ ਹੈ। ਇਸ ਨਾਲ ਉਸ ਨੂੰ ਹਾਕਮ ਧਿਰ ਦੀ ਲੋੜੀਂਦੀ ਸੁਰੱਖਿਆ ਮਿਲ ਜਾਵੇਗੀ।

ਪਰਮਬੀਰ ਨੇ ਵੀ ਕੁਝ ਔਖੇ ਸਵਾਲਾਂ ਦੇ ਜਵਾਬ ਦੇਣੇ ਹਨ। ਵਜ਼ੇ 13 ਸਾਲ ਮੁਅੱਤਲ ਰਹਿਣ ਤੋਂ ਬਾਅਦ ਕਿਵੇਂ ਬਹਾਲ ਹੋਇਆ? ਉਸ ਨੂੰ ਕੋਵਿਡ ਨਾਲ ਸਬੰਧਤ ਡਿਊਟੀ ਦੀ ਥਾਂ ਕ੍ਰਾਈਮ ਬਰਾਂਚ ਵਿਚ ਕਿਉਂ ਤਾਇਨਾਤ ਕਰ ਦਿੱਤਾ ਗਿਆ, ਜਦੋਂਕਿ ਉਸ ਨੂੰ ਕੋਵਿਡ ਦਾ ਬਹਾਨਾ ਬਣਾ ਕੇ ਹੀ ਬਹਾਲ ਕੀਤਾ ਗਿਆ ਸੀ? ਉਸ ਨੂੰ ਕ੍ਰਾਈਮ ਇੰਟੈਲੀਜੈਂਸ ਯੂਨਿਟ ਦਾ ਆਜ਼ਾਦ ਚਾਰਜ ਕਿਉਂ ਦਿੱਤਾ ਗਿਆ, ਜਦੋਂਕਿ ਇਸ ਅਹੁਦੇ ਉਤੇ ਆਮ ਕਰ ਕੇ ਕਿਸੇ ਸੀਨੀਅਰ ਇੰਸਪੈਕਟਰ ਨੂੰ ਲਾਇਆ ਜਾਂਦਾ ਹੈ? ਉਸ ਨੂੰ ਆਪਣੇ ਨਿਯਮਿਤ ਸੀਨੀਅਰ ਅਫ਼ਸਰਾਂ ਦੀ ਥਾਂ ਸਿੱਧੀ ਕਮਿਸ਼ਨਰ ਨੂੰ ਰਿਪੋਰਟ ਕਰਨ ਦੀ ਇਜਾਜ਼ਤ ਕਿਉਂ ਦਿੱਤੀ ਗਈ?

ਕੁਝ ਹੋਰ ਸਵਾਲ ਵੀ ਹਨ! ਕੀ ਪਰਮਬੀਰ ਨੂੰ ਇਕ ਕਾਰ ਵਿਚ ਜਿਲੇਟਿਨ ਛੜੀਆਂ ਬੀੜ ਕੇ ਉਸ ਕਾਰ ਨੂੰ ਮੁਕੇਸ਼ ਅੰਬਾਨੀ ਦੇ ਘਰ ਨੇੜੇ ਖੜ੍ਹੀ ਕਰਨ ਦੀ ਵਜ਼ੇ ਦੀ ਯੋਜਨਾ ਦਾ ਇਲਮ ਸੀ? ਵਜ਼ੇ ਜੋ ਅਸਿਸਟੈਂਟ ਇੰਸਪੈਕਟਰ ਹੈ, ਵੱਲੋਂ ਇਹ ਯੋਜਨਾ ਘੜੀ ਗਈ ਨਹੀਂ ਹੋ ਸਕਦੀ। ਕੀ ਪਰਮਬੀਰ ਜਾਣਦਾ ਸੀ ਕਿ ਵਜ਼ੇ ਕਮਿਸ਼ਨਰ ਦੇ ਦਫ਼ਤਰ ਦੇ ਅਹਾਤੇ ਵਿਚਲੇ ਉਸ ਦੇ ਦਫ਼ਤਰ ਵਿਚ ਮਰਸਿਡੀਜ਼ ਕਾਰ ਵਿਚ ਆਇਆ ਤੇ ਵਾਪਸ ਗਿਆ ਸੀ? ਜੇ ਪਰਮਬੀਰ ਨੂੰ ਪਤਾ ਸੀ ਤਾਂ ਉਸ ਨੇ ਇਸ ਬਾਰੇ ਵਜ਼ੇ ਨੂੰ ਕੀ ਸਲਾਹ ਦਿੱਤੀ ਸੀ? ਕੀ ਪਰਮਬੀਰ ਨੂੰ ਪਤਾ ਸੀ ਕਿ ਵਜ਼ੇ ਇਕ ਪੰਜ-ਤਾਰਾ ਹੋਟਲ ਦੇ ਕਮਰੇ ਵਿਚੋਂ ਕੰਮ ਕਰਦਾ ਸੀ? ਜੇ ਉਹ ਇਨ੍ਹਾਂ ਤੱਥਾਂ ਨੂੰ ਨਹੀਂ ਜਾਣਦਾ ਸੀ, ਤਾਂ ਐੱਨਆਈਏ ਦੀ ਜਾਂਚ ਵਿਚ ਇਹ ਗੱਲ ਕਿਵੇਂ ਸਾਬਤ ਹੁੰਦੀ ਹੈ ਕਿ ਉਹ ਸੱਚਮੁੱਚ ਇਨ੍ਹਾਂ ਮਾਮਲਿਆਂ ਦਾ ਇੰਚਾਰਜ ਸੀ? ਉਸ ਦਾ ਕੰਟਰੋਲ ਤਾਂ ਖ਼ੁਦ ਉਸ ਨੂੰ ਰਿਪੋਰਟ ਕਰਨ ਵਾਲੇ ਇਕ ਸਾਬਕਾ ‘ਐਨਕਾਊਂਟਰ ਸਪੈਸ਼ਲਿਸਟ’ ਉਤੇ ਹੀ ਢਿੱਲਾ ਸੀ!

ਸੂਬੇ ਵਿਚਲੇ ਸਭ ਤੋਂ ਸੀਨੀਅਰ ਆਈਪੀਐੱਸ ਅਫ਼ਸਰ ਸੰਜੇ ਪਾਂਡੇ ਜਿਸ ਨੂੰ ਆਪਣੀ ਪੂਰੀ ਇਮਾਨਦਾਰੀ ਲਈ ਜਾਣਿਆ ਜਾਂਦਾ ਹੈ, ਨੂੰ ਗ੍ਰਹਿ ਮੰਤਰੀ ਨੇ ਉਸ ਦੇ ਸਹਿਕਰਮੀ ਆਈਪੀਐੱਸ ਅਫ਼ਸਰਾਂ ਨਾਲ ਸਬੰਧਤ ਕੁਝ ਨਾਜ਼ੁਕ ਤਫ਼ਤੀਸ਼ਾਂ ਦੀ ਜ਼ਿੰਮੇਵਾਰੀ ਸੌਂਪੀ ਸੀ। ਉਸ ਨੇ ਹੁਣ ਦੋਸ਼ ਲਾਇਆ ਹੈ ਕਿ ਪਰਮਬੀਰ ਨੇ ਉਸ ਨੂੰ ਅਜਿਹੀ ਇਕ ਤਫ਼ਤੀਸ਼ ਬੰਦ ਕਰਨ ਦੀ ਗੁਜ਼ਾਰਿਸ਼ ਕੀਤੀ ਸੀ, ਪਾਂਡੇ ਦਾ ਇਹ ਵੀ ਕਹਿਣਾ ਹੈ ਕਿ ਇਸ ਸਬੰਧ ਵਿਚ ਪਰਮਬੀਰ ਨਾਲ ਹੋਈ ਗੱਲਬਾਤ ਉਸ ਨੇ ਰਿਕਾਰਡ ਕੀਤੀ ਹੋਈ ਹੈ। ਇਸ ਖ਼ੁਲਾਸੇ ਨੇ ਇਸ ਨਾ ਮੁੱਕਣ ਵਾਲੇ ਡਰਾਮੇ ਵਿਚ ਇਕ ਹੋਰ ਮੋੜ ਲਿਆ ਦਿੱਤਾ ਹੈ। ਇਸ ਮਹਾਂਨਗਰੀ ਦੇ ਸੁਰੱਖਿਆ ਬੰਦੋਬਸਤ ਨਾਲ ਜੁੜੇ ਅਜਿਹੇ ਅਹਿਮ ਅਫ਼ਸਰਾਂ ਦੀ ਸ਼ਮੂਲੀਅਤ ਵਾਲੇ ਇਸ ਘਟੀਆ ਮਾਮਲੇ ਤੇ ਆਮ ਜਨਤਾ ਕੀ ਕਰੇ? ਕੀ ਸਿਆਸਤਦਾਨਾਂ ਅਤੇ ਪੁਲੀਸ ਅਫ਼ਸਰਾਂ ਨੂੰ ਇਸ ਤਰ੍ਹਾਂ ਆਮ ਲੋਕਾਂ ਦੀਆਂ ਜ਼ਿੰਦਗੀਆਂ ਨਾਲ ਖੇਡਣ ਦੀ ਇਜਾਜ਼ਤ ਦਿੱਤੀ ਜਾ ਸਕਦੀ ਹੈ?

ਇਕ ਹੋਰ ਸੀਨੀਅਰ ਆਈਪੀਐੱਸ ਅਫ਼ਸਰ ਰਸ਼ਮੀ ਸ਼ੁਕਲਾ ਨੇ ਕਮਿਸ਼ਨਰ (ਇੰਟੈਲੀਜੈਂਸ) ਦੀ ਆਪਣੀ ਹੈਸੀਅਤ ਵਿਚ ਆਈਪੀਐੱਸ ਅਤੇ ਗ੍ਰਹਿ ਮੰਤਰੀ ਨਾਲ ਤਾਇਨਾਤ ਇਕ ਅਫ਼ਸਰ ਦੀ ਗੱਲਬਾਤ ਫੜੀ ਸੀ ਜਿਸ ਦੌਰਾਨ ਅਫ਼ਸਰਾਂ ਦੀਆਂ ਤਾਇਨਾਤੀਆਂ ਅਤੇ ਉਨ੍ਹਾਂ ਦੇ ਤਬਾਦਲਿਆਂ ਬਾਰੇ ਰਕਮਾਂ ਦੀ ਵਸੂਲੀ ਸਬੰਧੀ ਚਰਚਾ ਹੋਈ ਸੀ। ਇਸ ਬਾਰੇ ਅਫ਼ਵਾਹਾਂ ਪਹਿਲਾਂ ਪੁਲੀਸ ਹਲਕਿਆਂ ਵਿਚ ਫੈਲੀਆਂ ਹੋਈਆਂ ਸਨ ਜੋ ਹੁਣ ਆਮ ਜਨਤਾ ਵਿਚ ਵੀ ਪੁੱਜ ਚੁੱਕੀਆਂ ਹਨ।

ਜੇ ਇਹ ਸਹੀ ਹੈ ਕਿ ਐੱਨਸੀਪੀ ਸੁਪਰੀਮੋ ਸ਼ਰਦ ਪਵਾਰ ਨੇ ਆਪਣੇ ਪਿੱਤੇ ਦੇ ਅਪਰੇਸ਼ਨ ਲਈ ਹਸਪਤਾਲ ਦਾਖ਼ਲ ਹੋਣ ਤੋਂ ਪਹਿਲਾਂ ਅਹਿਮਦਾਬਾਦ ਵਿਚ ਅਮਿਤ ਸ਼ਾਹ ਨਾਲ ਮੁਲਾਕਾਤ ਕੀਤੀ ਸੀ ਤਾਂ ਵਜ਼ੇ ਦੀ ਕਹਾਣੀ ਵਿਚ ਹੋਰ ਨਾਟਕੀ ਮੋੜ ਆ ਸਕਦੇ ਹਨ। ਵਜ਼ੇ ਉਤੇ ਕਿਰਪਾ ਕਰਨ ਵਾਲੇ ਪਰਮਬੀਰ ਨੇ ਇਕ ਹੋਰ ਬਰਤਰਫ਼ ‘ਐਨਕਾਊਂਟਰ ਸਪੈਸ਼ਲਿਸਟ’ ਪ੍ਰਦੀਪ ਸ਼ਰਮਾ ਨੂੰ ਵੀ 2017 ਵਿਚ ਬਹਾਲ ਕੀਤਾ ਸੀ, ਜਦੋਂ ਪਰਮਬੀਰ ਠਾਣੇ (ਮਹਾਰਾਸ਼ਟਰ ਦਾ ਇਕ ਹੋਰ ਅਹਿਮ ਸ਼ਹਿਰ) ਦਾ ਕਮਿਸ਼ਨਰ ਸੀ। ਬੰਦੂਕ ਦੀ ਬੋਲੀ ਬੋਲਣ ਵਾਲੇ ਪੁਲੀਸ ਅਫ਼ਸਰਾਂ ਵਿਚ ਪਰਮਬੀਰ ਦੀ ਦਿਲਚਸਪੀ ਦਾ ਉਸ ਦੇ ਸਹਿਕਰਮੀਆਂ ਨੂੰ ਹੀ ਨਹੀਂ ਸਗੋਂ ਆਮ ਜਨਤਾ ਨੂੰ ਵੀ ਪਤਾ ਸੀ।

ਪਵਾਰ ਅਤੇ ਸ਼ਾਹ ਦਰਮਿਆਨ ਪਹਿਲੀ ਲੜਾਈ ਪਵਾਰ ਨੇ ਜਿੱਤੀ ਸੀ, ਜਦੋਂ ਉਨ੍ਹਾਂ ਦੇ ਭਤੀਜੇ ਅਜੀਤ ਪਵਾਰ ਨੇ ਬਹੁ-ਕਰੋੜੀ ਸਿੰਜਾਈ ਘਪਲੇ ਵਿਚੋਂ ਆਪਣਾ ਨਾਂ ਕਢਵਾ ਲਿਆ ਸੀ। ਇਹ ਨਾਟਕ ਸੂਬੇ ਦੇ ਰਾਜ ਭਵਨ ਵਿਚ ਹੋਇਆ ਸੀ, ਜਦੋਂ ਸੂਬੇ ਦੇ ਰਾਜਪਾਲ ਨੇ ਅਚਨਚੇਤੀ ਤੜਕਸਾਰ ਭਾਜਪਾ-ਐੱਨਸੀਪੀ ਦੀ ਸਰਕਾਰ ਨੂੰ ਸਹੁੰ ਚੁਕਵਾਈ ਸੀ ਜਿਸ ਵਿਚ ਅਜੀਤ ਨੂੰ ਦਵਿੰਦਰ ਫੜਨਵੀਸ ਸਰਕਾਰ ਵਿਚ ਉਪ ਮੁੱਖ ਮੰਤਰੀ ਬਣਾਇਆ ਗਿਆ ਸੀ। ਇਹ ਵੱਖਰੀ ਗੱਲ ਹੈ ਕਿ ਇਹ ਸਰਕਾਰ ਉਸੇ ਦਿਨ ਦੁਪਹਿਰ ਦਾ ਖਾਣਾ ਖਾਧੇ ਜਾਣ ਦੇ ਵੇਲੇ ਤੱਕ ਹੀ ਚੱਲੀ ਸੀ।

ਫੜਨਵੀਸ ਅਤੇ ਅਜੀਤ ਨੂੰ ਖ਼ੁਸ਼ ਕਰਨ ਵਾਲੀ ਭ੍ਰਿਸ਼ਟਾਚਾਰ ਰੋਕੂ ਬਿਊਰੋ ਦਾ ਉਸ ਸਮੇਂ ਡਾਇਰੈਕਟਰ ਹੋਰ ਕੋਈ ਨਹੀਂ, ਪਰਮਬੀਰ ਹੀ ਸੀ; ਉਹੋ ਜਿਸ ਨੂੰ ਬਾਅਦ ’ਚ ਤਰੱਕੀ ਦੇ ਕੇ ਮੁੰਬਈ ਦੇ ਪੁਲੀਸ ਕਮਿਸ਼ਨਰ ਵਰਗੇ ਇਨਾਮੀ ਅਹੁਦੇ ’ਤੇ ਬਿਠਾਇਆ ਗਿਆ। ਅੰਬਾਨੀ ਅਤੇ ਵਜ਼ੇ ਵਾਲੇ ਮਸਲੇ ਕਾਰਨ ਉਸ ਨੂੰ ਇਕ ਸਾਲ ਬਾਅਦ ਅਹੁਦੇ ਤੋਂ ਹਟਾ ਦਿੱਤਾ ਗਿਆ। ਪਰਮਬੀਰ ਨੇ ਇਸ ਤੋਂ ਪਹਿਲਾਂ ਭੀਮਾ-ਕੋਰੇਗਾਉਂ ਕੇਸ ’ਚ ਖੱਬੇ-ਪੱਖੀ ਬੁੱਧੀਜੀਵੀਆਂ ਦੀ ਗ੍ਰਿਫ਼ਤਾਰੀ ਨੂੰ ਜਾਇਜ਼ ਠਹਿਰਾਉਣ ਲਈ ਏਡੀਜੀਪੀ (ਅਮਨ ਕਾਨੂੰਨ) ਦੀ ਹੈਸੀਅਤ ’ਚ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰ ਕੇ ਵੀ ਫੜਨਵੀਸ ਦੀ ਮਦਦ ਕੀਤੀ ਸੀ। ਆਮ ਪ੍ਰਕਿਰਿਆ ’ਚ ਇਹ ਪ੍ਰੈੱਸ ਕਾਨਫਰੰਸ ਸਬੰਧਤ ਸ਼ਹਿਰ ਪੁਣੇ ਵਿਚ ਸੱਦੀ ਜਾਣੀ ਚਾਹੀਦੀ ਸੀ ਜਿਸ ਨੂੰ ਉਸ ਵਕਤ ਉਥੋਂ ਦੇ ਪੁਲੀਸ ਕਮਿਸ਼ਨਰ ਡਾ. ਕੇਕੇ ਵੈਂਕਟੇਸ਼ਨ ਵੱਲੋਂ ਸੰਬੋਧਨ ਕੀਤਾ ਜਾਣਾ ਚਾਹੀਦਾ ਸੀ। ਜ਼ਾਹਿਰ ਹੈ ਕਿ ਫੜਨਵੀਸ ਨੂੰ ਪਰਮਬੀਰ ਉਤੇ ਵੱਧ ਭਰੋਸਾ ਸੀ ਹਾਲਾਂਕਿ ਉਹ ਸਿੱਧੇ ਤੌਰ ਤੇ ਇਸ ਮਾਮਲੇ ਦੀ ਜਾਂਚ ਵਿਚ ਵੀ ਸ਼ਾਮਲ ਨਹੀਂ ਸੀ।

ਸ਼ਰਦ ਪਵਾਰ ਦੀ ਅਮਿਤ ਸ਼ਾਹ ਨਾਲ ਮੀਟਿੰਗ ਜੇ ਸੱਚਮੁੱਚ ਹੋਈ ਹੈ ਤਾਂ ਇਸ ਵਿਚ ਯਕੀਨਨ ਪਰਮਬੀਰ ਵੱਲੋਂ ਦੇਸ਼ਮੁੱਖ ਉਤੇ ਲਾਏ ਪੈਸੇ ਦੀ ਵਸੂਲੀ ਦੇ ਦੋਸ਼ਾਂ ਬਾਰੇ ਚਰਚਾ ਹੋਈ ਹੋਵੇਗੀ। ਕਾਰ ਵਿਚੋਂ ਜਿਲੇਟਿਨ ਛੜੀਆਂ ਮਿਲਣ ਦੇ ਮਾਮਲੇ ਵਿਚ ਐੱਨਆਈਏ ਨੇ ਦਿੱਲੀ ਦੀ ਉੱਚ ਸੁਰੱਖਿਆ ਤਿਹਾੜ ਜੇਲ੍ਹ ਵਿਚ ਸਥਾਪਤ ਕੀਤੇ ਇਕ ਇਸਲਾਮੀ ਦਹਿਸ਼ਤੀ ਸੈੱਲ ਦੀ ਕਹਾਣੀ ਦੇ ਹਵਾਲੇ ਨਾਲ ਸ਼ਮੂਲੀਅਤ ਕੀਤੀ। ਕੇਂਦਰ ਦੇ ਕੰਟਰੋਲ ਵਾਲੀ ਸੀਬੀਆਈ ਨੂੰ ਬੰਬੇ ਹਾਈ ਕੋਰਟ ਨੇ ਪੈਸੇ ਦੀ ਵਸੂਲੀ ਦੀ ਤਫ਼ਤੀਸ਼ ਕਰਨ ਦੀ ਜ਼ਿੰਮੇਵਾਰੀ ਸੌਂਪੀ ਹੈ। ਸਾਰੇ ਪੱਤੇ ਸਾਫ਼ ਢੰਗ ਨਾਲ ਸ਼ਾਹ ਦੇ ਹੱਥਾਂ ਵਿਚ ਹਨ! ਇਸ ਸੂਰਤ ਵਿਚ ਜੇ ਸ਼ਰਦ ਪਵਾਰ ਵੱਲੋਂ ਸ਼ਿਵ ਸੈਨਾ ਦੀ ਅਗਵਾਈ ਵਾਲੀ ਮਹਾਰਾਸ਼ਟਰ ਸਰਕਾਰ ਨੂੰ ਡੇਗਣ ਲਈ ਸ਼ਾਹ ਨਾਲ ਕੋਈ ਸੌਦੇਬਾਜ਼ੀ ਕੀਤੀ ਜਾਂਦੀ ਹੈ ਤਾਂ ਪਰਮਬੀਰ ਦਾ ਭਵਿੱਖ ਮੁੜ ਅਨਿਸ਼ਚਿਤ ਹੋ ਜਾਵੇਗਾ। ਪਰਮਬੀਰ ਭਾਵੇਂ ਬੜਾ ਚੁਸਤ ਖਿਡਾਰੀ ਹੈ ਪਰ ਸੱਤਾ ਦੇ ਭੁੱਖੇ ਅਤੇ ਬਦਲਾਖ਼ੋਰ ਸਿਆਸਤਦਾਨ ਕਿਤੇ ਵੱਧ ਖ਼ਤਰਨਾਕ ਹੁੰਦੇ ਹਨ। ਜੇ ਪਰਮਬੀਰ ਨੂੰ ਸ਼ਰਦ ਪਵਾਰ ਅਤੇ ਅਮਿਤ ਸ਼ਾਹ ਦੀ ਸਾਂਝੀ ਸ਼ਕਤੀ ਦਾ ਸਾਹਮਣਾ ਕਰਨਾ ਪੈਂਦਾ ਹੈ ਤਾਂ ਇਹ ਲੜਾਈ ਇਕ-ਤਰਫ਼ਾ ਹੀ ਹੋਵੇਗੀ। ਇਸ ਸ਼ਹਿਰ ਦੀ ਜਨਤਾ ਅਤੇ ਪੁਲੀਸ ਇਸ ਸਭ ਕਾਸੇ ਨੂੰ ਸਾਹ ਰੋਕ ਦੇ ਉਡੀਕ ਰਹੇ ਹਨ। ਜ਼ਰੂਰੀ ਹੈ ਕਿ ਸਿਆਸਤਦਾਨ-ਅਪਰਾਧੀ-ਪੁਲੀਸ ਗੱਠਜੋੜ ਨੂੰ ਛੇਤੀ ਤੋੜਿਆ ਜਾਵੇ।

Leave a Reply

Your email address will not be published. Required fields are marked *