ਨਾਮ ਬਦਲਣ ਦਾ ਮੁੱਦਾ

ਭਾਰਤੀ ਜਨਤਾ ਪਾਰਟੀ ਦੇ ਆਗੂ ਸੁਬਰਾਮਨੀਅਨ ਸਵਾਮੀ ਨੇ ਹਿਮਾਚਲ ਪ੍ਰਦੇਸ਼ ਦੇ ਰਾਜਪਾਲ ਬੰਡਾਰੂ ਦੱਤਾਤ੍ਰੇਯ ਨੂੰ ਚਿੱਠੀ ਲਿਖ ਕੇ ਡਲਹੌਜ਼ੀ ਦਾ ਨਾਂ ਸੁਭਾਸ਼ ਚੰਦਰ ਬੋਸ ਨਗਰ ਰੱਖਣ ਦੀ ਮੰਗ ਕੀਤੀ ਹੈ। ਸੁਭਾਸ਼ ਚੰਦਰ 1937 ਵਿਚ ਇਸ ਸ਼ਹਿਰ ਵਿਚ ਆਏ ਅਤੇ ਪੰਜ ਮਹੀਨੇ ਇੱਥੇ ਠਹਿਰੇ ਸਨ। ਭਾਜਪਾ ਆਗੂਆਂ ਅਨੁਸਾਰ ਉਨ੍ਹਾਂ ਨੇ ਪਹਿਲਾਂ ਵੀ ਸ਼ਹਿਰ ਦਾ ਨਾਂ ਬਦਲਣ ਦੀ ਤਜਵੀਜ਼ ਰੱਖੀ ਸੀ ਪਰ ਕਾਂਗਰਸੀ ਆਗੂਆਂ ਨੇ ਇਸ ਦਾ ਵਿਰੋਧ ਕੀਤਾ ਸੀ। ਕੁਝ ਸਥਾਨਕ ਸਿਆਸੀ ਆਗੂ ਵੀ ਇਸ ਦਾ ਨਾਂ ਬਦਲਣ ਦੇ ਹੱਕ ’ਚ ਨਹੀਂ।

ਬਸਤੀਵਾਦ ਦੌਰ ਦੌਰਾਨ ਕਈ ਸ਼ਹਿਰਾਂ ਅਤੇ ਸੜਕਾਂ ਦੇ ਨਾਮ ਅੰਗਰੇਜ਼ ਹਾਕਮਾਂ ਦੇ ਨਾਂ ’ਤੇ ਰੱਖੇ ਗਏ। ਉਨ੍ਹਾਂ ਨਾਵਾਂ ਨੂੰ ਕਾਇਮ ਰੱਖਣ ਜਾਂ ਬਦਲਣ ਬਾਰੇ ਇਤਿਹਾਸਕਾਰਾਂ ਦੀ ਰਾਇ ਵੱਖਰੀ ਵੱਖਰੀ ਹੈ। ਕੁਝ ਇਤਿਹਾਸਕਾਰਾਂ ਅਨੁਸਾਰ ਸ਼ਹਿਰਾਂ ਤੇ ਸ਼ਾਹਰਾਹਾਂ ਦੇ ਬਸਤੀਵਾਦੀ ਹਾਕਮਾਂ ਦੇ ਨਾਵਾਂ ’ਤੇ ਰੱਖੇ ਗਏ ਨਾਮ ਬਦਲ ਦੇਣੇ ਚਾਹੀਦੇ ਹਨ ਕਿਉਂਕਿ ਇਹ ਗੁਲਾਮੀ ਦੀਆਂ ਨਿਸ਼ਾਨੀਆਂ ਹਨ ਜਦੋਂਕਿ ਕੁਝ ਹੋਰ ਇਤਿਹਾਸਕਾਰਾਂ ਦਾ ਕਹਿਣਾ ਹੈ ਕਿ ਸ਼ਹਿਰਾਂ ਅਤੇ ਸੜਕਾਂ ਦੇ ਨਾਮ ਬਦਲ ਕੇ ਇਤਿਹਾਸ ਨੂੰ ਨਹੀਂ ਬਦਲਿਆ ਜਾ ਸਕਦਾ। ਇਕ ਹੋਰ ਵੱਡੀ ਪ੍ਰੇਸ਼ਾਨੀ ਇਹ ਆਉਂਦੀ ਹੈ ਕਿ ਨਵਾਂ ਨਾਂ ਕਿਸ ਦੇ ਨਾਮ ’ਤੇ ਰੱਖਿਆ ਜਾਵੇ: ਕਿਸੇ ਰਾਸ਼ਟਰੀ ਨੇਤਾ ਦੇ ਨਾਂ ’ਤੇ, ਕਿਸੇ ਪੁਰਾਣੇ ਰਾਜੇ ਦੇ ਨਾਂ ’ਤੇ ਜਾਂ ਕਿਸੇ ਸਥਾਨਕ ਆਗੂ ਦੇ ਨਾਂ ’ਤੇ। ਭਾਰਤ ਵਰਗੇ ਦੇਸ਼ ਵਿਚ ਇਨ੍ਹਾਂ ਸਵਾਲਾਂ ਵਿਚ ਧਰਮ, ਜਾਤ, ਖਿੱਤੇ ਆਦਿ ਦੇ ਸਵਾਲ ਵੀ ਪੈਦਾ ਹੋ ਜਾਂਦੇ ਹਨ। ਕਈ ਵਾਰੀ ਕੁਝ ਇਤਿਹਾਸਕ ਵਿਅਕਤੀ ਕਿਸੇ ਸਥਾਨ ਨਾਲ ਇਸ ਤਰ੍ਹਾਂ ਨਾਲ ਡੂੰਘੇ ਜੁੜੇ ਹੁੰਦੇ ਹਨ ਕਿ ਨਵਾਂ ਰੱਖਿਆ ਗਿਆ ਨਾਂ ਸੁਭਾਵਿਕ ਲੱਗਦਾ ਹੈ ਜਦੋਂਕਿ ਕਈ ਵਾਰ ਅਜਿਹੇ ਨਾਮ ਓਪਰੇ ਤੇ ਉਪਰੋਂ ਮੜ੍ਹੇ ਹੋਏ ਲੱਗਦੇ ਹਨ। ਉਦਾਹਰਨ ਦੇ ਤੌਰ ’ਤੇ ਡਲਹੌਜ਼ੀ ਦਾ ਨਾਮ ‘ਪਗੜੀ ਸੰਭਾਲ ਜੱਟਾ’ ਦੇ ਆਗੂ ਸਰਦਾਰ ਅਜੀਤ ਸਿੰਘ ਨਾਲ ਵੀ ਜੁੜਿਆ ਹੋਇਆ ਹੈ। ਪਗੜੀ ਸੰਭਾਲ ਜੱਟਾ ਲਹਿਰ ਤੋਂ ਬਾਅਦ ਸਰਦਾਰ ਅਜੀਤ ਸਿੰਘ 1909 ਵਿਚ ਵਿਦੇਸ਼ ਚਲੇ ਗਏ ਸਨ ਅਤੇ ਸਾਰੀ ਉਮਰ ਅੰਗਰੇਜ਼ਾਂ ਵਿਰੁੱਧ ਸੰਘਰਸ਼ ਕਰਦੇ ਰਹੇ। ਉਨ੍ਹਾਂ ਨੇ ਬਹੁਤ ਵਾਰ ਭਾਰਤ ਪਰਤਣ ਦੀ ਕੋਸ਼ਿਸ਼ ਕੀਤੀ ਪਰ ਅਸਫ਼ਲ ਰਹੇ। ਅਖ਼ੀਰ ਵਿਚ ਉਹ ਜਵਾਹਰਲਾਲ ਨਹਿਰੂ ਦੇ ਦਖ਼ਲ ਦੇਣ ’ਤੇ 8 ਮਾਰਚ 1947 ਨੂੰ ਕਰਾਚੀ ਪਹੁੰਚੇ ਅਤੇ ਉੱਥੇ ਕਾਂਗਰਸੀ ਆਗੂਆਂ ਲਾਲ ਜੀ ਮਲਹੋਤਰਾ ਅਤੇ ਕ੍ਰਿਸ਼ਨ ਆਨੰਦ ਨੇ ਉਨ੍ਹਾਂ ਦਾ ਸਵਾਗਤ ਕੀਤਾ। ਖਰਾਬ ਸਿਹਤ ਕਾਰਨ ਉਨ੍ਹਾਂ ਨੂੰ ਡਲਹੌਜ਼ੀ ਭੇਜਿਆ ਗਿਆ ਜਿੱਥੇ 15 ਅਗਸਤ 1947 ਨੂੰ ਉਨ੍ਹਾਂ ਦਾ ਦੇਹਾਂਤ ਹੋ ਗਿਆ। ਉੱਥੇ ਉਨ੍ਹਾਂ ਦੀ ਸਮਾਧੀ ਹੈ।

ਸੁਭਾਸ਼ ਚੰਦਰ ਬੋਸ ਦਾ ਵੀ ਪੰਜਾਬੀਆਂ ਨਾਲ ਬਹੁਤ ਡੂੰਘਾ ਰਿਸ਼ਤਾ ਹੈ। ਪੰਜਾਬੀਆਂ, ਜਿਨ੍ਹਾਂ ਵਿਚ ਭਗਤ ਰਾਮ ਤਲਵਾੜ, ਅੱਛਰ ਸਿੰਘ ਛੀਨਾ, ਨਰਿੰਜਨ ਸਿੰਘ ਤਾਲਿਬ, ਸਰਦੂਲ ਸਿੰਘ ਕਵੀਸ਼ਰ, ਗੁਰਚਰਨ ਸਿੰਘ ਸਹਿੰਸਰਾ, ਰਾਮਕਿਸ਼ਨ ਨੈਸ਼ਨਲ ਅਤੇ ਕਿਰਤੀ ਪਾਰਟੀ ਦੇ ਹੋਰ ਆਗੂ ਸ਼ਾਮਲ ਹਨ, ਨੇ ਉਨ੍ਹਾਂ ਨੂੰ ਹਿੰਦੋਸਤਾਨ ਤੋਂ ਕਾਬਲ ਪਹੁੰਚਾਇਆ। ਪੰਜਾਬੀ ਅਤੇ ਸਿੱਖ ਵੱਡੀ ਗਿਣਤੀ ਵਿਚ ਆਜ਼ਾਦ ਹਿੰਦ ਫ਼ੌਜ ਵਿਚ ਸ਼ਾਮਲ ਹੋਏ ਅਤੇ ਸੁਭਾਸ਼ ਚੰਦਰ ਬੋਸ ਦੀ ਅਗਵਾਈ ਵਿਚ ਲੜਦਿਆਂ ਕੁਰਬਾਨੀਆਂ ਦਿੱਤੀਆਂ। ਲਾਲ ਕਿਲ੍ਹੇ ਵਿਚ ਆਜ਼ਾਦ ਹਿੰਦ ਫ਼ੌਜ ਦੇ ਜਿਹੜੇ ਤਿੰਨ ਅਧਿਕਾਰੀਆਂ (ਜਨਰਲ ਸ਼ਾਹਨਵਾਜ਼ ਖਾਨ, ਕਰਨਲ ਗੁਰਬਖ਼ਸ਼ ਸਿੰਘ ਢਿੱਲੋਂ ਅਤੇ ਕਰਨਲ ਪ੍ਰੇਮ ਸਹਿਗਲ) ਵਿਰੁੱਧ ਪਹਿਲਾ ਮੁੱਖ ਮੁਕੱਦਮਾ ਚਲਾਇਆ ਗਿਆ, ਉਹ ਵੀ ਪੰਜਾਬੀ ਸਨ। ਜੇ ਇਹ ਮੰਗ ਕੀਤੀ ਜਾਏ ਕਿ ਡਲਹੌਜ਼ੀ ਦਾ ਨਾਂ ਸਰਦਾਰ ਅਜੀਤ ਸਿੰਘ ਨਗਰ ਰੱਖਿਆ ਜਾਵੇ ਤਾਂ ਵੰਡ-ਪਾਊ ਤਾਕਤਾਂ ਉਸ ਨੂੰ ਪੰਜਾਬੀਆਂ ਤੇ ਬੰਗਾਲੀਆਂ ਦੇ ਵਿਰੋਧ ਵਜੋਂ ਪੇਸ਼ ਕਰ ਸਕਦੀਆਂ ਹਨ ਅਤੇ ਉਨ੍ਹਾਂ ਨੂੰ ਅਜਿਹੀਆਂ ਗੱਲਾਂ ਉਭਾਰਨ ਵਿਚ ਮੁਹਾਰਤ ਵੀ ਹਾਸਲ ਹੈ। ਇਸ ਸਬੰਧ ਵਿਚ ਸਭ ਤੋਂ ਵੱਡਾ ਸਵਾਲ ਡਲਹੌਜ਼ੀ ਅਤੇ ਹਿਮਾਚਲ ਪ੍ਰਦੇਸ਼ ਦੇ ਵਾਸੀਆਂ ਦੀ ਰਾਏ ਦਾ ਹੈ। ਕੀ ਉਹ ਡਲਹੌਜੀ ਦਾ ਨਾਮ ਬਦਲਣਾ ਚਾਹੁਣਗੇ ਜਾਂ ਨਹੀਂ? ਹੋ ਸਕਦਾ ਹੈ ਉਹ ਡਲਹੌਜੀ ਦਾ ਨਾਂ ਉਸੇ ਇਲਾਕੇ ਦੇ ਆਜ਼ਾਦੀ ਸੰਘਰਸ਼ ਦੇ ਸਥਾਨਕ ਨਾਇਕ ਦੇ ਨਾਂ ’ਤੇ ਰੱਖਣਾ ਚਾਹੁੰਦੇ ਹੋਣ। ਇਤਿਹਾਸਕ ਤਜਰਬਾ ਇਹ ਵੀ ਦੱਸਦਾ ਹੈ ਕਿ ਬਹੁਤ ਸਾਰੇ ਸ਼ਹਿਰਾਂ ਦੇ ਨਾਂ ਬਦਲ ਕੇ ਕੌਮੀ ਆਗੂਆਂ ਅਤੇ ਨਾਇਕਾਂ ਦੇ ਨਾਵਾਂ ’ਤੇ ਰੱਖੇ ਗਏ ਪਰ ਉਹ ਲੋਕਾਂ ਵਿਚ ਪ੍ਰਚਲਿਤ ਨਹੀਂ ਹੋ ਸਕੇ। ਇਸ ਸਬੰਧ ਵਿਚ ਡਲਹੌਜ਼ੀ ਦੇ ਸਥਾਨਕ ਲੋਕਾਂ ਦੀ ਰਾਇ ਨੂੰ ਪ੍ਰਥਾਮਿਕਤਾ ਦੇਣੀ ਚਾਹੀਦੀ ਹੈ।

Leave a Reply

Your email address will not be published. Required fields are marked *