ਜਦੋਂ ‘ਅੰਗਰੇਜ਼ੀ ਰਾਜ ਦੀਆਂ ਬਰਕਤਾਂ’ ਦੇ ਲੇਖ ਲਿਖੇ ਜਾਂਦੇ ਸਨ

ਸੰਨ ਸੰਤਾਲੀ ਤੋਂ ਪਹਿਲਾਂ ‘ਭਾਰਤ ਵਿਚ ਅੰਗਰੇਜ਼ੀ ਰਾਜ ਦੀਆਂ ਬਰਕਤਾਂ’ ਦੇ ਸਿਰਲੇਖ ਹੇਠਲੇ ਲੇਖ ਸਕੂਲਾਂ ਕਾਲਜਾਂ ਦੇ ਇਮਤਿਹਾਨਾਂ ਵਿਚ ਆਮ ਵੇਖੇ ਜਾਂਦੇ ਸਨ। ਇਨ੍ਹਾਂ ਵਿਚ ਅੰਗਰੇਜ਼ਾਂ ਵੱਲੋਂ ਰੇਲਾਂ ਤੇ ਸੜਕਾਂ ਦੇ ਜਾਲ ਵਿਛਾਏ ਜਾਣ ਤੋਂ ਇਲਾਵਾ ਭਾਰਤ ਵਿਚ ਕਾਨੂੰਨ ਦਾ ਰਾਜ, ਇਨਸਾਫ਼ ਦਾ ਦਸਤੂਰ ਕਾਇਮ ਕਰਨ ਦੀ ਗੱਲ ਕੀਤੀ ਜਾਂਦੀ ਸੀ। ਨਾਗਰਿਕਾਂ ਦੀ ਜਾਨ ਮਾਲ ਦੀ ਮੁਕੰਮਲ ਹਿਫ਼ਾਜ਼ਤ ਹੋਣ ਦਾ ਦਾਅਵਾ ਕੀਤਾ ਜਾਂਦਾ ਸੀ। ਜੰਮਦੀਆਂ ਲੜਕੀਆਂ ਦੇ ਕਤਲ ਤੇ ਇਨਸਾਨਾਂ ਦੀ ਬਲੀ ਦੇਣ ਦੀਆਂ ਸਮਾਜਿਕ ਬੁਰਾਈਆਂ ਖ਼ਤਮ ਕਰਨ ਤੋਂ ਇਲਾਵਾ ਸਿੱਖਿਆ ਦੇ ਪਸਾਰ ਦਾ ਜ਼ਿਕਰ ਅਤੇ ਸਕੂਲ, ਕਾਲਜ ਤੇ ਯੂਨੀਵਰਸਿਟੀਆਂ ਦੀ ਸਥਾਪਨਾ ਦਾ ਦਾਅਵਾ ਕੀਤਾ ਜਾਂਦਾ ਸੀ।

ਲੇਖਾਂ ਦੀ ਗੱਲ ਵੱਖਰੀ ਹੈ, ਸਾਨੂੰ ਸਾਰਥਕ ਵਿਚਾਰ ਦੀ ਲੋੜ ਹੈ। ਬਾਹਰੋਂ ਆਉਂਦੇ ਹਮਲਾਵਰਾਂ ਦਾ ਮਕਸਦ ਲੁੱਟਣਾ ਜਾਂ ਕਬਜ਼ਾ ਕਰਨਾ ਹੀ ਹੁੰਦਾ ਸੀ, ਪਰ ਅਸਾਂ ਹਰ ਹਮਲਾਵਰ ਤੋਂ ਕੁਝ ਨਾ ਕੁਝ ਪ੍ਰਾਪਤ ਕੀਤਾ ਤੇ ਕੁਝ ਨਾ ਕੁਝ ਸਿੱਖਿਆ। ਸੀਤੇ ਕੱਪੜੇ ਪਹਿਨਣਾ ਤੇ ਤਵੇ ਜਾਂ ਤੰਦੂਰ ਉਪਰ ਰੋਟੀਆਂ ਬਣਾਉਣਾ ਮੱਧ ਏਸ਼ੀਆ ਦੇ ਹਮਲਾਵਰਾਂ ਤੋਂ ਸਿੱਖਿਆ। ਕਈ ਕਿਸਮ ਦੇ ਬੀਜ ਬਾਹਰੋਂ ਆਏ। ਖ਼ਰਬੂਜ਼ਾ ਤੇ ਹਦਵਾਣਾ ਫ਼ਾਰਸੀ ਦੇ ਸ਼ਬਦ ਹਨ, ਇਹ ਚੀਜ਼ਾਂ ਬਾਬਰ ਦੇ ਵਕਤ ਆਈਆਂ। ਭਵਨ ਨਿਰਮਾਣ ਤੇ ਧਾਤ ਪਿਘਲਾਉਣਾ ਹੀ ਨਹੀਂ, ਯੂਨਾਨੀ ਇਲਾਜ ਪ੍ਰਣਾਲੀ ਵੀ ਮੁਗ਼ਲ ਹਾਕਮਾਂ ਦੇ ਵਕਤਾਂ ਦੀ ਦੇਣ ਹਨ।

ਅੰਗਰੇਜ਼ ਵੀ ਭਾਰਤ ਨੂੰ ਲੁੱਟਣ ਵਾਸਤੇ ਹੀ ਆਏ ਸਨ। ਜੇ ਉਨ੍ਹਾਂ ਨੇ ਰੇਲਾਂ ਦਾ ਜਾਲ ਵਿਛਾਇਆ ਤਾਂ ਇਸ ਦਾ ਮਕਸਦ ਸੀ ਕਿ ਲੋੜ ਪੈਣ ਉਪਰ ਦੂਰ ਦਰਾਡੇ ਦੇ ਇਲਾਕਿਆਂ ਵਿਚ ਵੀ ਫ਼ੌਜ ਭੇਜੀ ਜਾ ਸਕੇ ਅਤੇ ਕੱਚਾ ਮਾਲ ਆਸਾਨੀ ਨਾਲ ਬੰਦਰਗਾਹਾਂ ਉਪਰ ਪਹੁੰਚੇ। ਇਸ ਤੋਂ ਇਲਾਵਾ ਅੰਗਰੇਜ਼ ਕਾਰੋਬਾਰੀ ਰੇਲਾਂ ਵਿਚ ਪੂੰਜੀ ਲਗਾ ਕੇ ਯਾਤਰੀ ਕਿਰਾਏ ਅਤੇ ਮਾਲ ਢੁਆਈ ਰਾਹੀਂ ਮੁਨਾਫ਼ਾ ਕਮਾਉਣਾ ਚਾਹੁੰਦੇ ਸਨ। ਲੇਕਿਨ ਅਸੀਂ ਇਹ ਨਹੀਂ ਕਹਿ ਸਕਦੇ ਕਿ ਇਸ ਦਾ ਸਾਡੇ ਲੋਕਾਂ ਨੂੰ ਲਾਭ ਨਹੀਂ ਪਹੁੰਚਿਆ। ਰੇਲਾਂ ਰਾਹੀਂ ਲੋਕ ਇਕ ਦੂਜੇ ਦੇ ਨਜ਼ਦੀਕ ਆਏ, ਜਾਣਕਾਰੀਆਂ ਵਧੀਆਂ, ਗਿਆਨ ਵਧਿਆ। ਰੇਲਾਂ ਨੇ ਭਾਰਤ ਨੂੰ ਜੋੜਿਆ।

ਬਰਕਤਾਂ ਵਾਲੇ ਲੇਖਾਂ ਵਿਚ ਅੰਗਰੇਜ਼ਾਂ ਵੱਲੋਂ ਇਨਸਾਫ਼ ਦੀ ਪ੍ਰਣਾਲੀ ਸ਼ੁਰੂ ਕਰਨ ਦਾ ਆਮ ਹੀ ਜ਼ਿਕਰ ਹੁੰਦਾ ਸੀ। ਸੱਚੇ ਇਨਸਾਫ਼ ਬਾਰੇ ਸ਼ਿਕਾਇਤਾਂ ਪੁਰਾਣੇ ਜ਼ਮਾਨੇ ਵਿਚ ਵੀ ਸਨ, ਬਰਤਾਨਵੀ ਰਾਜ ਵਿਚ ਵੀ ਸਨ ਤੇ ਹੁਣ ਵੀ ਹਨ। ਲੇਕਿਨ ਇਸ ਤੱਥ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਕਿ ਅੰਗਰੇਜ਼ਾਂ ਨੇ ਹੀ ਇਨਸਾਫ਼ ਦਾ ਆਧਾਰ ਲਿਖਤੀ ਕਾਨੂੰਨ ਬਣਾਏ ਸਨ। ਗਵਾਹੀਆਂ, ਬਹਿਸਾਂ ਤੇ ਕਾਨੂੰਨ ਦੀਆਂ ਲਿਖਤਾਂ ਵਿਚਾਰੀਆਂ ਜਾਂਦੀਆਂ ਸਨ। ਇਕ ਜੱਜ ਨੂੰ ਆਪਣੇ ਫ਼ੈਸਲੇ ਦੇ ਲਿਖਤੀ ਕਾਰਨ ਦੱਸਣੇ ਪੈਂਦੇ ਸਨ ਤੇ ਸਜ਼ਾ ਦੀ ਅਉਧ ਬਾਰੇ ਵੀ ਦੱਸਣਾ ਪੈਂਦਾ ਸੀ। ਇਨ੍ਹਾਂ ਫ਼ੈਸਲਿਆਂ ਖ਼ਿਲਾਫ਼ ਅਪੀਲਾਂ ਦੀ ਰੀਤ ਵੀ ਸੀ। ਇਉਂ ਹਾਕਮ ਵੱਲੋਂ ਸਜ਼ਾਏ ਮੌਤ ਦੇ ਐਲਾਨ, ਹਾਥੀ ਦੇ ਪੈਰ ਹੇਠ ਕੁਚਲ ਕੇ ਮਾਰਨ, ਭੁੱਖੇ ਸ਼ੇਰ ਅੱਗੇ ਸੁੱਟਣ, ਕੋੜੇ ਮਾਰੇ ਜਾਣ ਜਾਂ ਹੱਥ ਪੈਰ ਕੱਟਣ ਦੀਆਂ ਸਜ਼ਾਵਾਂ ਖ਼ਤਮ ਹੋ ਗਈਆਂ।

ਜਦੋਂ ਮੁਨਸ਼ੀ ਪ੍ਰੇਮ ਚੰਦ ਨੂੰ ਅੰਗਰੇਜ਼ੀ ਰਾਜ ਖ਼ਿਲਾਫ਼ ਲੇਖ ਲਿਖਣ ਕਰਕੇ ਕਾਨਪੁਰ ਦੇ ਡਿਪਟੀ ਕਮਿਸ਼ਨਰ ਅੱਗੇ ਪੇਸ਼ ਕੀਤਾ ਗਿਆ ਤਾਂ ਉਸ ਨੇ ਕਿਹਾ ਸੀ ਕਿ ਆਪਣੀ ਕਿਸਮਤ ਉਪਰ ਰਸ਼ਕ ਕਰੋ ਕਿ ਅੰਗਰੇਜ਼ੀ ਰਾਜ ਵਿਚ ਹੋ, ਮੁਗ਼ਲਾਂ ਦਾ ਰਾਜ ਹੁੰਦਾ ਤਾਂ ਹੁਣ ਤੱਕ ਦੋਵੇਂ ਹੱਥ ਕੱਟ ਦਿੱਤੇ ਜਾਂਦੇ। ਡਿਪਟੀ ਕਮਿਸ਼ਨਰ ਗ਼ਲਤ ਨਹੀਂ ਸੀ, ਸਜ਼ਾਵਾਂ ਦੇ ਤੌਰ ਤਰੀਕੇ ਤੇ ਸੁਣਵਾਈ ਦੇ ਹੱਕ ਸਬੰਧੀ ਵੱਡੀ ਤਬਦੀਲੀ ਆ ਚੁੱਕੀ ਸੀ।

ਯੂਰਪ ਸਦੀਆਂ ਤੋਂ ਹੀ ਇਸ ਸੰਸਾਰ ਦਾ ਸਭ ਤੋਂ ਖੁਸ਼ਹਾਲ ਮਹਾਂਦੀਪ ਰਿਹਾ ਹੈ। ਲੋਕ ਆਮ ਤੌਰ ’ਤੇ ਸਿਹਤਮੰਦ ਤੇ ਤਾਕਤਵਰ ਜੁੱਸੇ ਦੇ ਮਾਲਕ ਸਨ। ਨਵੀਆਂ ਧਰਤੀਆਂ ਦੀ ਖੋਜ ਵਿਚ ਯੂਰਪ ਦੇ ਲੋਕ ਹੀ ਚਾਰਾਂ ਦਿਸ਼ਾਵਾਂ ਵੱਲ ਨਿਕਲੇ। ਨਵੇਂ ਮੁਲਕਾਂ ਤੋਂ ਇਲਾਵਾ ਧੁਰ ਦੱਖਣ ਵਿਚ ਅਟਾਂਰਟਿਕਾ ਦਾ ਬਰਫ਼ੀਲਾ ਮਹਾਂਦੀਪ ਵੀ ਲੱਭਿਆ। ਅਠਾਰਵੀਂ ਸਦੀ ਦੇ ਉਦਯੋਗਿਕ ਇਨਕਲਾਬ, ਖ਼ਾਸਕਰ ਭਾਫ਼ ਦੇ ਇੰਜਣ ਦੀ ਖੋਜ ਨੇ ਯੂਰਪ ਦੀ ਕਾਇਆ ਹੀ ਪਲਟ ਦਿੱਤੀ। ਹੁਣ ਯੂਰਪੀਨ ਕੌਮਾਂ ਨੂੰ ਹੋਰ ਤਰੱਕੀ ਵਾਸਤੇ ਆਪਣੀ ਧਰਤੀ ਤੰਗ ਨਜ਼ਰ ਆਉਣ ਲੱਗੀ। ਉਹ ਪੂਰਬ ਵੱਲ ਏਸ਼ੀਆ ਤੇ ਅਫ਼ਰੀਕਾ ਦੇ ਦੇਸ਼ਾਂ ਉਪਰ ਕਬਜ਼ੇ ਵਾਸਤੇ ਵਧੇ। ਇਸ ਖ਼ਾਤਰ ਪਹਿਲਾਂ ਤਾਂ ਉਨ੍ਹਾਂ ਨੂੰ ਆਪਸ ਵਿਚ ਹੀ ਅਤੇ ਫਿਰ ਬੇਗਾਨੇ ਮੁਲਕਾਂ ਨਾਲ ਲੜਾਈਆਂ ਲੜਨੀਆਂ ਪਈਆਂ।

ਸਿਰਫ਼ ਆਰਥਿਕ, ਸਨਅਤੀ ਤੇ ਫ਼ੌਜੀ ਮਜ਼ਬੂਤੀ ਹੀ ਨਹੀਂ, ਯੂਰਪ ਨੇ ਅੱਖਰ ਗਿਆਨ ਤੇ ਤਾਲੀਮ ਦੀਆਂ ਵੱਡੀਆਂ ਪ੍ਰਾਪਤੀਆਂ ਕੀਤੀਆਂ। ਨਵੇਂ ਸੱਭਿਆਚਾਰ ਦੀ ਉਸਾਰੀ ਹੋਈ ਤੇ ਸੱਚੀ ਗੱਲ ਹੈ ਮੁਕਾਬਲਤਨ ਚੰਗੇ ਇਖ਼ਲਾਕ ਦੀ ਵੀ। ਅਸੀਂ ਅਕਸਰ ਇਕ ਤਸੱਵਰ ਪੇਸ਼ ਕਰਦੇ ਹਾਂ ਕਿ ਅੰਗਰੇਜ਼ ਬਹਾਦਰ ਨਹੀਂ ਸਨ, ਸਿਰਫ਼ ਧੋਖੇ ਨਾਲ ਤੇ ਸਾਡੇ ਜਰਨੈਲਾਂ ਦੀਆਂ ਗੱਦਾਰੀਆਂ ਕਾਰਨ ਜਿੱਤਾਂ ਹਾਸਲ ਕਰਦੇ ਰਹੇ। ਪਰ ਸਵਾਲ ਇਹ ਹੈ ਕਿ ਅੰਗਰੇਜ਼ ਜਰਨੈਲ ਕਿਉਂ ਨਹੀਂ ਵਿਕੇ, ਸਾਡੇ ਰਾਜਿਆਂ ਕੋਲ ਸੋਨਾ, ਚਾਂਦੀ ਤੇ ਹੀਰਿਆਂ ਦੇ ਭੰਡਾਰਾਂ ਦੀ ਕਮੀ ਹੀ ਕੋਈ ਨਹੀਂ ਸੀ। ਅਸੀਂ ਵੇਖਦੇ ਆਏ ਹਾਂ ਕਿ ਸਾਡੇ ਰਾਜਿਆਂ ਦੀਆਂ ਦਰਜਨਾਂ ਰਾਣੀਆਂ ਅਤੇ ਰਖੇਲਾਂ ਹੁੰਦੀਆਂ ਸਨ। ਦੂਜੇ ਪਾਸੇ ਅੰਗਰੇਜ਼ ਇਕ ਹੀ ਬੀਵੀ ਰੱਖਦੇ ਸਨ ਤੇ ਅਸੀਂ ਇਸ ਗੱਲ ਨੂੰ ਨਿੰਦਦੇ ਰਹੇ ਕਿ ਉਹ ਬੇਸ਼ਰਮਾਂ ਵਾਂਗ ਉਸ ਦੀ ਬਾਂਹ ਵਿਚ ਬਾਂਹ ਪਾ ਕੇ ਸ਼ਾਹੀ ਸੰਮੇਲਨਾਂ ਵਿਚ ਆਉਂਦੇ ਸਨ।

ਸ਼ਿਕਾਇਤਾਂ ਸੁਣਦੇ ਹਾਂ ਕਿ ਅੰਗਰੇਜ਼ਾਂ ਨੇ ਬਹਾਦਰ ਸ਼ਾਹ ਜ਼ਫ਼ਰ ਤੇ ਲੜਾਈਆਂ ਹਾਰ ਗਏ ਹੋਰ ਕਈ ਰਾਜਿਆਂ ਨਾਲ ਚੰਗਾ ਸਲੂਕ ਨਹੀਂ ਕੀਤਾ, ਚੰਗੀਆਂ ਪੈਨਸ਼ਨਾਂ ਨਹੀਂ ਦਿੱਤੀਆਂ। ਪਰ ਦੇਸੀ ਹਾਕਮ ਕੀ ਦਿੰਦੇ ਰਹੇ ਸਨ? ਪਾਣੀਪਤ ਦੀ ਪਹਿਲੀ ਲੜਾਈ ਵੇਲੇ ਬਾਬਰ ਨੇ ਇਬਰਾਹੀਮ ਲੋਧੀ ਦਾ ਸਿਰ ਕੱਟ ਕੇ ਨੇਜ਼ੇ ’ਤੇ ਟੰਗਿਆ। ਦੂਜੀ ਲੜਾਈ ਤੋਂ ਬਾਅਦ ਬੈਰਮ ਖਾਂ ਨੇ 16 ਸਾਲ ਦੇ ਅਕਬਰ ਦੇ ਹੱਥ ਤਲਵਾਰ ਦਿੱਤੀ ਕਿ ਭਰੇ ਜਲਸੇ ਵਿਚ ਹੇਮੂ ਦਾ ਸਿਰ ਕੱਟ ਕੇ ਗਾਜ਼ੀ ਬਣੋ। ਔਰੰਗਜ਼ੇਬ ਨੇ ਆਪਣੇ ਸਕੇ ਭਰਾਵਾਂ ਦੇ ਹੀ ਨਹੀਂ, ਉਨ੍ਹਾਂ ਦੇ ਸਾਰੇ ਬੱਚਿਆਂ ਦੇ ਸਿਰ ਵੀ ਕਲਮ ਕੀਤੇ ਕਿ ਕੋਈ ਤਖ਼ਤ ਦਾ ਦਾਅਵੇਦਾਰ ਨਾ ਉੱਠ ਆਵੇ। ਲਾਹੌਰ ਵਿਚ 19ਵੀਂ ਸਦੀ ਦੀ ਗੱਲ ਹੈ ਜਦੋਂ ਮਹਾਰਾਜਾ ਸ਼ੇਰ ਸਿੰਘ ਤੇ ਨਾਲ ਹੀ ਉਸ ਦੇ 12 ਸਾਲਾ ਪੁੱਤਰ ਪ੍ਰਤਾਪ ਸਿੰਘ ਦਾ ਸਿਰ ਕੱਟ ਕੇ ਨੇਜ਼ੇ ਉਪਰ ਟੰਗਿਆ ਗਿਆ।

1857 ਦੀ ਬਗ਼ਾਵਤ ਦਬਾਏ ਜਾਣ ਤੋਂ ਬਾਅਦ ਇੰਗਲੈਂਡ ਦੀ ਸਰਕਾਰ ਨੇ ਭਾਰਤ ਦੀ ਹਕੂਮਤ ਈਸਟ ਇੰਡੀਆ ਕੰਪਨੀ ਤੋਂ ਲੈ ਕੇ ਸਿੱਧੀ ਆਪਣੇ ਅਧੀਨ ਕਰ ਲਈ ਕਿ ਇੰਗਲੈਂਡ ਦਾ ਬਾਦਸ਼ਾਹ ਭਾਰਤ ਦਾ ਬਾਦਸ਼ਾਹ ਵੀ ਹੋਵੇਗਾ ਤੇ ਭਾਰਤ ਵਾਸਤੇ ਕਾਨੂੰਨ ਬਰਤਾਨਵੀ ਸੰਸਦ ਬਣਾਇਆ ਕਰੇਗੀ। ਇਸ ਤਰ੍ਹਾਂ ਅੰਗਰੇਜ਼ਾਂ ਨੇ ਹੀ ਭਾਰਤ ਨੂੰ ਮਲਕਾ ਵਿਕਟੋਰੀਆ ਦੇ ਰੂਪ ਵਿਚ ਪਹਿਲਾ ਬਾਦਸ਼ਾਹ ਦਿੱਤਾ। ਫਿਲਮ ਮੁਗਲ-ਏ-ਆਜ਼ਮ ਦੇ ਸੰਵਾਦ ਵੱਖਰੀ ਗੱਲ ਹਨ, ਅਕਬਰ ਨੇ ਕਦੇ ਆਪਣੇ ਆਪ ਨੂੰ ਹਿੰਦੋਸਤਾਨ ਦਾ ਬਾਦਸ਼ਾਹ ਤਸੱਵਰ ਨਹੀਂ ਕੀਤਾ ਸੀ। ਉਹ ਮੁਗ਼ਲ ਸਲਤਨਤ ਦਾ ਸ਼ਹਿਨਸ਼ਾਹ ਸੀ ਜਿਸ ਦੇ ਅਧੀਨ ਹੁਣ ਵਾਲਾ ਸਾਰਾ ਹਿੰਦੋਸਤਾਨ ਤਾਂ ਨਹੀਂ ਸੀ, ਪਰ ਕਾਬਲ ਤੇ ਕੰਧਾਰ ਜ਼ਰੂਰ ਸਨ। ਅੰਗਰੇਜ਼ੀ ਰਾਜ ਵਿਚ ਹੀ ਪਹਿਲੀ ਵਾਰ ‘ਭਾਰਤ ਸਰਕਾਰ’ ਦੇ ਨਾਮ ਦਾ ਸਿੱਕਾ ਚੱਲਿਆ। ਭਾਰਤ ਦਾ ਵਰਤਮਾਨ ਨਕਸ਼ਾ ਅੰਗਰੇਜ਼ਾਂ ਦਾ ਬਣਾਇਆ ਹੋਇਆ ਹੈ। ਭਾਰਤ ਦਾ ਸਰੂਪ ਅੰਗਰੇਜ਼ਾਂ ਦੀ ਦੇੇਣ ਹੈ।

ਸਭ ਤੋਂ ਵੱਡੀ ਗੱਲ ਹੈ ਕਿ ਦੇਸ਼ ਭਰ ਦਾ ਰਾਜਸੀ ਇੰਤਜ਼ਾਮ ਤੇ ਇਨਸਾਫ਼ ਪ੍ਰਣਾਲੀ ਸ਼ਖ਼ਸੀ ਸ਼ਾਹੀ ਫਰਮਾਨਾਂ ਦੀ ਬਜਾਏ ਲਿਖਤੀ ਕਾਨੂੰਨਾਂ ਦੇ ਆਧਾਰ ਉਪਰ ਚੱਲਣ ਲੱਗ ਪਈ। ਇਹ ਕਾਨੂੰਨ ਬਰਤਾਨਵੀ ਸੰਸਦ ਬਣਾਉਂਦੀ ਸੀ। ਬੇਸ਼ੱਕ ਉਸ ਵਿਚ ਨਾ ਕੋਈ ਭਾਰਤੀ ਹੁੰਦਾ ਸੀ ਤੇ ਨਾ ਕੋਈ ਭਾਰਤ ਵੱਲੋਂ ਚੁਣਿਆ ਗਿਆ ਸ਼ਖ਼ਸ, ਪਰ ਇਹ ਕਾਨੂੰਨ ਕੁਝ ਲੋਕਾਂ ਦੀਆਂ ਬਹਿਸਾਂ ਤੋਂ ਬਾਅਦ ਬਣਦੇ ਸਨ ਤੇ ਨਿਰਸੰਦੇਹ ਸ਼ਖ਼ਸੀ ਹਾਕਮਾਂ ਦੇ ਐਲਾਨਾਂ, ਇਕ ਬੰਦੇ ਦੀ ਮਰਜ਼ੀ, ਦੇ ਮੁਕਾਬਲੇ ਇਕ ਹੱਦ ਤੱਕ ਦਾ ਅਗਾਂਹਵਧੂ ਕਦਮ ਸੀ।

ਅੰਗਰੇਜ਼ੀ ਰਾਜ ਵਕਤ ਲੋਕਾਂ ਦੇ ਜਲਸੇ ਜਲੂਸਾਂ ਤੇ ਰੋਸ ਮੁਜ਼ਾਹਰਿਆਂ ਉਪਰ ਲਾਠੀਚਾਰਜ ਹੋਏ, ਗੋਲੀਆਂ ਚੱਲੀਆਂ ਤੇ ਲੋਕ ਮਾਰੇ ਗਏ। ਸਾਡਾ ਦੁੱਖ ਜਾਇਜ਼ ਹੈ, ਪਰ ਜਲਸਿਆਂ ਤੇ ਰੋਸ ਮੁਜ਼ਹਰਿਆਂ ਦਾ ਪ੍ਰਗਟ ਹੋਣਾ, ਇਨ੍ਹਾਂ ਦਾ ਦੌਰ ਇਤਿਹਾਸਕ ਜੁੱਗ ਬਦਲੀ ਸਦਕਾ ਸੰਭਵ ਹੋਇਆ ਸੀ ਜਿਸ ਦੀ ਸ਼ੁਰੂਆਤ ਅੰਗਰੇਜ਼ੀ ਰਾਜ ਵਿਚ ਹੀ ਹੋਈ। ਇਹ ਸਭ ਕੁਝ ਸਿੱਖਿਆ ਦੇ ਪਸਾਰ ਤੇ ਸੰਚਾਰ ਦੇ ਵਿਕਸਿਤ ਸਾਧਨਾਂ ਦੀ ਦੇਣ ਸੀ ਤੇ ਯੂਰਪੀਨ ਦੇਸ਼ਾਂ ਦੀ ਅੰਦਰੂਨੀ ਜਮਹੂਰੀਅਤ ਦੀ ਝਲਕ ਨੇ ਗ਼ੁਲਾਮ ਦੇਸ਼ਾਂ ਅੰਦਰ ਜਾਗ੍ਰਤੀ ਪੈਦਾ ਕੀਤੀ। ਇਹ ਸਾਮੰਤਸ਼ਾਹੀ ਜਕੜ ਤੋਂ ਬਾਅਦ ਪੂੰਜੀਵਾਦੀ ਉਦਾਰਤਾ ਤੇ ਖੁੱਲ੍ਹ ਵੱਲ ਤਬਦੀਲੀ ਸੀ। ਇਸ ਨੇ ਲੋਕਾਂ ਅੰਦਰ ਸੰਗਠਨਾਤਮਿਕ ਸ਼ਕਤੀ ਪ੍ਰਤੀ ਵਿਸ਼ਵਾਸ ਪੈਦਾ ਕੀਤਾ।

ਇਕ ਅੰਕੜਾ ਇਹ ਵੀ ਨਹੀਂ ਝੁਠਲਾਇਆ ਜਾ ਸਕਦਾ ਕਿ 1857 ਤੋਂ ਲੈ ਕੇ 1947 ਤੱਕ ਦੇ 90 ਸਾਲਾ ਦੌਰਾਨ ਬਾਕਾਇਦਾ ਅੰਗਰੇਜ਼ੀ ਰਾਜ ਵਿਚ ਜਿਤਨੇ ਲੋਕ ਫ਼ੌਜ ਜਾਂ ਪੁਲੀਸ ਦੀਆਂ ਗੋਲੀਆਂ ਨਾਲ ਮਰੇ, 1947 ਤੋਂ ਬਾਅਦ ਹੁਣ ਤੱਕ ਭਾਰਤ, ਪਾਕਿਸਤਾਨ ਤੇ ਬੰਗਲਾਦੇਸ਼ ਵਿਚ ਉਸ ਤੋਂ ਕਈ ਗੁਣਾ ਵੱਧ ਮਰੇ ਹਨ।

ਜਦੋਂ ਇਹ ਕਿਹਾ ਜਾਂਦਾ ਹੈ ਕਿ ਭਾਰਤੀਆਂ ਨੂੰ ਤਾਂ ਆਜ਼ਾਦੀ ਦੀ ਜਾਗ ਵੀ ਅੰਗਰੇਜ਼ਾਂ ਨੇ ਲਗਾਈ ਤਾਂ ਪੂਰੀ ਤਰ੍ਹਾਂ ਗ਼ਲਤ ਨਹੀਂ। ਭਾਰਤੀਆਂ ਸਾਹਮਣੇ ਇਕ ਆਜ਼ਾਦ ਮੁਲਕ ਦੀ ਪਹਿਲੀ ਝਲਕ ਹੀ ਇੰਗਲੈਂਡ ਸੀ। ਉੱਥੋਂ ਵਾਸਤੇ ਕਾਨੂੰਨ ਉਨ੍ਹਾਂ ਦੀ ਆਪਣੀ ਸੰਸਦ ਬਣਾਉਂਦੀ ਸੀ ਜਿਸ ਦੇ ਮੈਂਬਰ ਉੱਥੋਂ ਦੇ ਲੋਕ ਚੁਣਦੇ ਸਨ। ਇਸੇ ਵਾਸਤੇ ਸਾਡੀ ਆਜ਼ਾਦੀ ਦੀ ਜੱਦੋਜਹਿਦ ਕਰਨ ਵਾਲੇ ਲੀਡਰ ਉਹੀ ਸਨ ਜੋ ਇੰਗਲੈਂਡ ਵਿਚ ਪੜ੍ਹੇ ਸਨ। ਉੱਥੇ ਖੁੱਲ੍ਹੀਆਂ ਰਾਜਨੀਤਕ ਬਹਿਸਾਂ ਇਨ੍ਹਾਂ ਦੀ ਤਾਲੀਮ ਦਾ ਇਕ ਹਿੱਸਾ ਹੁੰਦੀਆਂ ਸਨ ਜਿਨ੍ਹਾਂ ਵਿਚ ਭਾਰਤ ਦੀ ਗ਼ੁਲਾਮੀ ਦੀ ਸਾਰਥਿਕਤਾ ਵੀ ਪ੍ਰਸ਼ਨ ਚਿੰਨ੍ਹ ਲਗਾ ਕੇ ਵਿਚਾਰੀ ਜਾਂਦੀ ਸੀ। ਇਹ ਬਹਿਸਾਂ ਭਾਰਤ ਦੇ ਅਖ਼ਬਾਰਾਂ ਵਿਚ ਛਪਦੀਆਂ ਤੇ ਏਧਰ ਵੀ ਗੋਸ਼ਟੀਆਂ ਹੁੰਦੀਆਂ। ਇਸੇ ਚੌਖਟੇ ਮੁਤਾਬਿਕ ਭਾਰਤ ਵਿਚ ਕੌਮੀ ਅਸੈਂਬਲੀ ਬਣੀ ਤੇ ਉਸ ਵਾਸਤੇ ਸ਼ਾਨਦਾਰ ਭਵਨ ਬਣਿਆ। ਇਹ ਅਸੈਂਬਲੀ ਨਾ ਪ੍ਰਤੀਨਿਧ ਸੀ ਤੇ ਨਾ ਹੀ ਬਾਅਖ਼ਤਿਆਰ, ਪਰ ਆਜ਼ਾਦੀ ਦੀ ਪ੍ਰਕਿਰਿਆ ਦਾ ਆਧਾਰ ਬਣੀ। ਇਸ ਦੇ ਹਾਲ ਵਿਚ ਹੀ ਆਜ਼ਾਦੀ ਦੇ ਐਲਾਨ ਨੇ ਅਮਲੀਜਾਮਾ ਪਹਿਨਿਆ।

ਭਾਰਤ ਦੀ ਆਜ਼ਾਦੀ ਦਾ ਮੁੱਖ ਕਾਰਨ ਅੰਗਰੇਜ਼ਾਂ ਦਾ ਦੂਜੀ ਆਲਮੀ ਜੰਗ ਜਿੱਤਣ ਦੇ ਬਾਵਜੂਦ ਲੱਕ ਟੁੱਟਣਾ ਦੱਸਿਆ ਜਾਂਦਾ ਹੈ। ਇਹ ਠੀਕ ਹੋਵੇਗਾ, ਪਰ ਅਸੀਂ ਅੰਗਰੇਜ਼ ਦੂਰਦ੍ਰਿਸ਼ਟੀ ਜਾਂ ਯੂਰਪੀਨ ਖੁੱਲ੍ਹੇਪਣ ਦੀ ਇਕ ਮਿਸਾਲ ਨਜ਼ਰਅੰਦਾਜ਼ ਨਹੀਂ ਕਰ ਸਕਦੇ। ਇੰਗਲੈਂਡ ਦੇ ਵੋਟਰਾਂ ਨੇ ਭਾਰਤ ਦੀ ਆਜ਼ਾਦੀ ਦਾ ਪੱਖ ਲੈਣ ਵਾਲੀ ਪਾਰਟੀ ਨੂੰ ਵੋਟਾਂ ਪਾਈਆਂ। ਆਜ਼ਾਦੀ ਦਾ ਕਾਨੂੰਨ ਸੰਸਦ ਨੇ ਪਾਸ ਕੀਤਾ। ਇਹ ਕਾਨੂੰਨ ਵੀ ਪਾਸ ਕੀਤਾ ਕਿ ਅੱਗੇ ਤੋਂ ਇੰਗਲੈਂਡ ਦਾ ਬਾਦਸ਼ਾਹ ਭਾਰਤ ਦਾ ਬਾਦਸ਼ਾਹ ਨਹੀਂ ਹੋਵੇਗਾ। ਇਨ੍ਹਾਂ ਕਾਨੂੰਨਾਂ ਉਪਰ ਬਾਦਸ਼ਾਹ ਨੇ ਦਸਤਖ਼ਤ ਕੀਤੇ। ਮੁੱਦਾ ਇਹ ਕਿ ‘ਭਾਰੀ ਕੁਰਬਾਨੀਆਂ ਨਾਲ ਲਾਲ ਕਿਲੇ ’ਤੇ ਗੱਡੇ ਯੂਨੀਅਨ ਜੈਕ ਦੀ ਆਖ਼ਰੀ ਦਮ ਤੱਕ ਰਾਖੀ’ ਦੇ ਜਗੀਰੂ ਪੱਛੜੇਪਣ ਉਪਰ ਪੂੰਜੀਵਾਦੀ ਸਮਝਦਾਰੀ ਭਾਰੂ ਪੈ ਗਈ।

ਅਸੀਂ ਰਾਜਪੱਥ ਤੋਂ ਮਲਿਕਾ ਵਿਕਟੋਰੀਆ ਦਾ ਬੁੱਤ ਹਟਾ ਦਿੱਤਾ, ਕਰਜ਼ਨ ਰੋਡ ਤੇ ਕਨਾਟ ਪਲੇਸ ਦੇ ਇਤਿਹਾਸਕ ਨਾਮ ਬਦਲ ਦਿੱਤੇ। ਮੁੰਬਈ ਦੇ ਵਿਕਟੋਰੀਆ ਟਰਮੀਨਲ ਸਟੇਸ਼ਨ ਦਾ ਨਾਮ ਬਦਲ ਦਿੱਤਾ, ਪਰ ਇਸ ਤਰ੍ਹਾਂ ਇਤਿਹਾਸ ਦੇ ਪੰਨੇ ਮਿਟਾਏ ਨਹੀਂ ਜਾ ਸਕਦੇ। ਇਤਿਹਾਸ ਕਦੇ ਵੀ ਸ਼ਾਨਾਮੱਤਾ ਨਹੀਂ ਹੁੰਦਾ, ਨਾਮੋਸ਼ੀਜਨਕ ਨਹੀਂ ਹੁੰਦਾ, ਇਹ ਸਿਰਫ਼ ਇਤਿਹਾਸ ਹੁੰਦਾ ਹੈ। ਅੰਗਰੇਜ਼ੀ ਦੌਰ ਨੇ ਭਾਰਤ ਨੂੰ, ਭਾਵੇਂ ਪੂਰੀ ਤਰ੍ਹਾਂ ਨਹੀਂ, ਪਰ ਪੱਛੜੇ ਸਾਮੰਤਸ਼ਾਹੀ ਯੁੱਗ ਵਿਚੋਂ ਕੱਢ ਕੇ ਆਧੁਨਿਕ ਪੂੰਜੀਵਾਦੀ ਯੁੱਗ ਵਿਚ ਲਿਆਂਦਾ ਹੈ, ਮੱਧਕਾਲੀਨ ਬਰਬਰਤਾ ਤੋਂ ਨਿਕਲ ਕੇ ਆਧੁਨਿਕ ਯੁੱਗ ਦਾ ਰਸਤਾ ਖੁੱਲ੍ਹਿਆ ਹੈ। ਇਸ ਦੌਰ ਨੂੰ ਸਮਾਜਿਕ ਤੇ ਵਿਗਿਆਨਕ ਤਬਦੀਲੀ ਦੇ ਕੋਣ ਤੋਂ ਵੀ ਵਿਚਾਰਨ ਦੀ ਲੋੜ ਹੈ।

Leave a Reply

Your email address will not be published. Required fields are marked *