ਮਹਾਂ ਬਲੀ ਰਣਜੀਤ ਸਿੰਘ ਹੋਇਆ ਪੈਦਾ, ਅੱਛਾ ਰੱਜ ਕੇ ਰਾਜ ਕਮਾਇ ਗਿਆ

ਈਸ਼ਵਰ ਦਿਆਲ ਗੌੜ

ਸਾਂਝ ਦੀ ਤੰਦ

ਸੰਨ 1799 ’ਚ ਰਣਜੀਤ ਸਿੰਘ ਇੱਕ ਜੇਤੂ ਵਜੋਂ ਲਾਹੌਰ ਸ਼ਹਿਰ ’ਤੇ ਕਾਬਜ਼ ਹੁੰਦਾ ਹੈ। ਲਾਹੌਰ ਕਈ ਸਦੀਆਂ ਗਜ਼ਨੀਆਂ, ਗੌਰੀਆਂ ਤੇ ਮੁਗ਼ਲਾਂ ਦੀ ਰਾਜਧਾਨੀ ਰਿਹਾ; ਅਤੇ ਹੁਣ ਸਿਆਸਤ, ਸਭਿਆਚਾਰ ਤੇ ਸਭਿਅਤਾ ਵਾਲਾ ਇਹ ਕਦੀਮੀ ਸ਼ਹਿਰ 19 ਸਾਲਾ ਨੌਜਵਾਨ ਅਤੇ ਸ਼ੁਕਰਚੱਕੀਆ ਮਿਸਲ ਦੇ ਸਰਦਾਰ, ਰਣਜੀਤ ਸਿੰਘ ਦੀ ਸਰਕਾਰ ਖ਼ਾਲਸਾ ਦੀ ਰਾਜਧਾਨੀ ਬਣਦਾ ਹੈ। ਲਾਹੌਰ ’ਚ ਪ੍ਰਵੇਸ਼ ਕਰਦਿਆਂ ਰਣਜੀਤ ਸਿੰਘ ਦਾ ਏਜੰਡਾ ਸਪਸ਼ਟ ਹੈ। ਉਸ ਨੇ ਕੋਝੇ, ਸੰਦੇਹਜਨਕ ਤੇ

ਵੈਰ-ਭਾਵਨਾ ਵਾਲੇ ਅਤੀਤ ਨੂੰ ਦਰਕਿਨਾਰ ਹੀ

ਨਹੀਂ ਕੀਤਾ, ਬਲਕਿ ਪਿਛਲੇ ਸਮਿਆਂ ’ਚ

ਵਾਪਰੀਆਂ ਮਾੜੀਆਂ ਤੇ ਦਰਦਨਾਕ ਘਟਨਾਵਾਂ

ਅਤੇ ਉਨ੍ਹਾਂ ਦੀ ਸਿਮਰਤੀ ਨੂੰ ਵਿਸਾਰ ਦਿੱਤਾ ਹੈ। ਉਸ ਨੂੰ ਇਸ ਗੱਲ ਦੀ ਬਾਖ਼ੂਬੀ ਸਮਝ ਹੈ ਕਿ ਬਹੁ-ਪਰਤੀ ਪੰਜਾਬ ਦੇ ਸਮਾਜ ’ਤੇ ਸ਼ਾਸਨ ਕਿਵੇਂ ਕਰਨਾ ਹੈ। ਲਾਹੌਰ ’ਤੇ ਕਾਬਜ਼ ਹੋਣ ਤੋਂ ਬਾਅਦ ਰਣਜੀਤ ਸਿੰਘ ਦਾ ਪਹਿਲਾ ਉਪਰਾਲਾ ਲਾਹੌਰ ਸ਼ਹਿਰ ਦੀ ਲੋਕਾਈ ਦਾ ਵਿਸ਼ਵਾਸ ਜਿੱਤਣਾ ਹੈ। ਇਸ ਲਈ ਲਾਹੌਰ ’ਚ ਦਾਖ਼ਲ ਹੁੰਦਿਆਂ ਹੀ ਉਸ ਨੇ ਆਪਣੀ ਫ਼ੌਜ ਨੂੰ ਤਾੜਨਾ ਕੀਤੀ ਹੋਈ ਹੈ ਕਿ ਕੋਈ ਵੀ ਫ਼ੌਜੀ ਸ਼ਹਿਰ ਦੀ ਜਨਤਾ ’ਤੇ ਕਿਸੇ ਵੀ ਕਿਸਮ ਦੀ ਹਿੰਸਾ ਨਾ ਕਰੇ। ਇੱਕ ਹੁਕਮਰਾਨ ਤੇ ਜੇਤੂ ਵਜੋਂ ਰਣਜੀਤ ਸਿੰਘ ਨੇ ਆਪਣੀ ਤਮਾਮ ਜ਼ਿੰਦਗੀ ’ਚ ਕਿਸੇ ਵੀ ਸ਼ਹਿਰ-ਕਸਬੇ-ਮੌਜ਼ੇ ਨੂੰ ਲਤਾੜਿਆ ਨਹੀਂ, ਕਿਸੇ ਵੀ ਕਿਸਮ ਦੀ ਇਬਾਦਤਗਾਹ ਨੂੰ ਪਲੀਤ ਨਹੀਂ ਕੀਤਾ ਅਤੇ ਹਾਰੇ ਹੋਏ ਦੁਸ਼ਮਣ ਨਾਲ ਬਦਸਲੂਕੀ ਨਹੀਂ ਕੀਤੀ।

ਉਸ ਦੀ ਮੌਤ ਤੋਂ ਇੱਕ ਸੌ ਅੱਸੀ ਸਾਲ ਬਾਅਦ 27 ਜੂਨ 2019 ਨੂੰ ਉਸ ਦੀ ਆਪਣੀ ਰਾਜਧਾਨੀ ਲਾਹੌਰ ਵਿਖੇ ਉਸ ਨੂੰ ਸ਼ਰਧਾਂਜਲੀ ਦਿੱਤੀ ਗਈ। ਲਾਹੌਰ ਕਿਲ੍ਹੇ ’ਚ ਉਸ ਦੀ ਸਮਾਧ ਲਾਗੇ ਮਾਈ ਜਿੰਦਾਂ ਦੀ ਹਵੇਲੀ ਵਾਲੇ ਪਾਸੇ ਖੁੱਲ੍ਹੇ ਮੈਦਾਨ ’ਚ ਉਸ ਦਾ ਅੱਠ ਫੁੱਟ ਉੱਚਾ ਘੋੜੇ ’ਤੇ ਬੈਠੇ ਦਾ ਮੁਜੱਸਮਾ ਸਥਾਪਤ ਕੀਤਾ ਗਿਆ। ਉਸ ਦਾ ਅਜਿਹਾ ਹੀ ਮੁਜੱਸਮਾ ਅੰਮ੍ਰਿਤਸਰ ਵਿਖੇ ਵੀ ਸਥਾਪਤ ਹੈ। ‘ਆਪਣੇ’ ਪੰਜਾਬ ਦੇ ਦੋ ਇਤਿਹਾਸਕ ਸ਼ਹਿਰਾਂ ਨੂੰ ਪੰਜਾਬੀਅਤ ਦਾ ਸਿਰਤਾਜ, ਮਹਾਰਾਜਾ ਰਣਜੀਤ ਸਿੰਘ ਨਿਹਾਰ ਰਿਹਾ ਹੈ।

ਅੱਖਰੋਂ ਕੋਰੇ ਪੰਜਾਬੀ ਭੋਇੰ ਦੇ ਜੰਮਪਲ ਇਸ ਮਹਾਰਾਜੇ ਨੇ ਪੰਜਾਬ ’ਤੇ 1799 ਤੋਂ 1839 ਤੀਕ ਹਕੂਮਤ ਕੀਤੀ। 1849 ’ਚ ਇਸ ਦੇ 290 ਮੀਲ ਲੰਮੇ, 344 ਮੀਲ ਚੌੜੇ ਰਕਬੇ ਵਾਲੇ ਰਾਜ ’ਤੇ ਫ਼ਰੰਗੀ ਨੇ ਕਬਜ਼ਾ ਕਰ ਲਿਆ। ਉਸ ਵੇਲੇ ਸਰਕਾਰ ਖ਼ਾਲਸਾ ਦੀ ਸਾਲਾਨਾ ਆਮਦਨ ਤਿੰਨ ਕਰੋੜ ਸੀ।

ਰਣਜੀਤ ਸਿੰਘ ਦੇ ਦੋ ਮਕਬੂਲ ਅਕਸ ਹਨ। ਇੱਕ ਸਿਕੰਦਰੀ ਅਕਸ ਹੈ: ਘੋੜੇ ’ਤੇ ਸਵਾਰ ਸ਼ਾਨਾਂਮੱਤਾ ਤੇ ਅਜਿੱਤ ਰਣਜੋਧਾ ਰਣਜੀਤ ਸਿੰਘ; ਅਤੇ ਦੂਜਾ ਸੁਲੇਮਾਨ ਅਕਸ, ਭਾਵ, ਤਖ਼ਤ ’ਤੇ ਬਿਰਾਜਿਆ ਇਨਸਾਫ਼ਪਸੰਦ ਤੇ ਪਰਜਾ ਦਾ ਪਾਲਕ ਮਹਾਰਾਜਾ ਰਣਜੀਤ ਸਿੰਘ। ਕਲਾ ਦੀਆਂ ਵੰਨ-ਸੁਵੰਨੀਆਂ ਸ਼ੈਲੀਆਂ ’ਚ ਉਸ ਦੇ ਇਨ੍ਹਾਂ ਦੋ ਅਕਸਾਂ ਦੀ ਬੇਸ਼ੁਮਾਰ ਤਸਵੀਰਕਸ਼ੀ ਹੋਈ ਹੈ। ਉਸ ਦਾ ਸਿਕੰਦਰੀ ਅਕਸ ਉਸ ਦੀ ‘ਸ਼ੇਰ-ਏ-ਪੰਜਾਬ’ ਵਾਲੀ ਸ਼ਖ਼ਸੀਅਤ ਨੂੰ ਬਿਆਨਦਾ, ਉਘਾੜਦਾ ਹੈ ਅਤੇ ਸੁਲੇਮਾਨ ਅਕਸ ਉਸ ਦੇ ‘ਮਹਾਰਾਜਾ’ ਹੋਣ ਦਾ ਗਵਾਹ ਹੈ ਜੋ ਨਿਆਂ, ਅਕਲ ਤੇ ਰਹਿਮ ਦਾ ਮੁਜੱਸਮਾ ਹੈ।

ਰਣਜੀਤ ਸਿੰਘ ਦੇ ਲਾਹੌਰ ਨੂੰ ਜਿੱਤਣ ਤੋਂ ਕੇਵਲ

ਇੱਕ ਸਾਲ ਪਹਿਲਾਂ ਹੀ 1798 ’ਚ ਅਹਿਮਦ ਸ਼ਾਹ ਅਬਦਾਲੀ ਦਾ ਪੋਤਾ, ਸ਼ਾਹ ਜ਼ਮਾਨ ਆਪਣੀ ਚੌਥੀ ਲਸ਼ਕਰੀ ਫੇਰੀ ਮਾਰ ਚੁੱਕਿਆ ਹੈ। ਉਹ ਬੜੀ ਸ਼ਾਨ-ਸ਼ੌਕਤ ਨਾਲ ਰਾਵੀ ਦਰਿਆ ਨੂੰ ਪਾਰ ਕਰਦਾ ਹੈ ਅਤੇ ਬਗ਼ੈਰ ਕਿਸੇ ਵਿਰੋਧ ਦਾ ਸਾਹਮਣਾ ਕੀਤਿਆਂ ਹਾਥੀ ’ਤੇ ਬਿਰਾਜਮਾਨ ਹੋਇਆ ਲਾਹੌਰ ਕਿਲ੍ਹੇ ’ਚ ਪ੍ਰਵੇਸ਼ ਕਰਦਾ ਹੈ। ਲਾਹੌਰ ਸ਼ਹਿਰ ਦੇ ਮਾਲਕ ਭੰਗੀ ਸਰਦਾਰ, ਸ਼ਾਹ ਜ਼ਮਾਨ ਦੀ ਆਮਦ ਦੀ ਖ਼ਬਰ ਸੁਣਦਿਆਂ ਹੀ ਕਿਲ੍ਹਾ ਅਤੇ ਸ਼ਹਿਰ ਛੱਡ ਕੇ ਨੱਸ ਜਾਂਦੇ ਹਨ।

ਸ਼ਾਹੀ ਕਿਲ੍ਹਾ ਲਾਹੌਰ ਦੇ ਸੰਮਨ ਬੁਰਜ (ਸ਼ੀਸ਼ ਮਹਿਲ) ’ਚ ਕਿਆਮ ਕਰ ਰਹੇ ਸ਼ਾਹ ਜ਼ਮਾਨ ਨੂੰ ਰਣਜੀਤ ਸਿੰਘ ਲਲਕਾਰਦਾ ਹੈ: ‘‘ਓ ਅਹਿਮਦ ਸ਼ਾਹ ਅਬਦਾਲੀ ਦੇ ਪੋਤਰੇ! ਵੇਖ, ਸਰਦਾਰ ਚੜ੍ਹਤ ਸਿੰਘ ਦਾ ਪੋਤਰਾ ਆਇਆ ਹੈ। ਬਾਹਰ ਆ ਤੇ ਦੋ ਦੋ ਹੱਥ ਕਰ।’’ ਰਣਜੀਤ ਸਿੰਘ ਦੀ ਵੰਗਾਰ ਨੂੰ ਕੇਵਲ ਲਾਹੌਰ ਕਿਲ੍ਹੇ ਦੀਆਂ ਦੀਵਾਰਾਂ ਅਤੇ ਸ਼ਾਹ ਜ਼ਮਾਨ ਨੇ ਹੀ ਨਹੀਂ ਸੁਣਿਆ ਸਗੋਂ ਇਹ ਵੰਗਾਰ ਲਾਹੌਰ ਦੇ ਵਸਨੀਕਾਂ ਦੇ ਕੰਨਾਂ ਵਿੱਚ ਵੀ ਗੂੰਜੀ ਜਿਨ੍ਹਾਂ ਦੇ ਭੰਗੀ ਹਾਕਮ ਸ਼ਾਹ ਜ਼ਮਾਨ ਦੀ ਆਮਦ ਦੀ ਖ਼ਬਰ ਸੁਣਦਿਆਂ ਹੀ ਉਨ੍ਹਾਂ ਦਾ ਸਾਥ ਛੱਡ ਕੇ ਨੱਸ ਗਏ ਸਨ। ਤਕਰੀਬਨ ਇੱਕ ਮਹੀਨਾ ਸ਼ਾਹ ਜ਼ਮਾਨ ਲਾਹੌਰ ਕਿਲੇ ’ਚ ਕਿਆਮ ਕਰਦਾ ਹੈ, ਪਰ 3 ਜਨਵਰੀ 1799 ਨੂੰ ਕਾਬਲੋਂ ਖ਼ਬਰ ਆਉਂਦੀ ਹੈ ਕਿ ਉਸ ਦਾ ਭਰਾ ਉਸ ਦੀ ਗ਼ੈਰਹਾਜ਼ਰੀ ’ਚ ਸੱਤਾ ’ਤੇ ਕਾਬਜ਼ ਹੋਣ ਦੇ ਉਪਰਾਲੇ ਕਰ ਰਿਹਾ ਹੈ। ਆਪਣੇ ਤਖ਼ਤ ਨੂੰ ਬਚਾਉਣ ਲਈ ਸ਼ਾਹ ਜ਼ਮਾਨ ਨੂੰ ਲਾਹੌਰ ਦਾ ਕਿਲ੍ਹਾ ਤੁਰੰਤ ਛੱਡਣਾ ਪੈਂਦਾ ਹੈ। ਉਸੇ ਦਿਨ ਬਾਅਦ ਦੁਪਹਿਰ ਉਹ ਆਪਣੇ ਤਮਾਮ ਲਸ਼ਕਰ ਸਮੇਤ ਰਾਵੀ ਨੂੰ ਪਾਰ ਕਰ ਲੈਂਦਾ ਹੈ। ਇਸੇ ਦਿਨ ਇਤਫ਼ਾਕਨ ਰਮਜ਼ਾਨ ਦੇ ਚੰਦ ਨੇ ਵੀ ਨਿਕਲਣਾ ਹੈ। ਸ਼ਾਹ ਜ਼ਮਾਨ ਕਾਹਲੀ-ਕਾਹਲੀ ’ਚ ਹੀ ਈਦ ਦੇ ਜਸ਼ਨ ਲਾਹੌਰ ’ਚ ਮਨਾ ਕੇ, ਕਾਬਲ ਵੱਲ ਕੂਚ ਕਰ ਜਾਂਦਾ ਹੈ।

ਲਾਹੌਰ ਦਾ ਕਿਲ੍ਹਾ ਯਤੀਮ ਹੈ। ਭੰਗੀ ਸਰਦਾਰ ਅੰਮ੍ਰਿਤਸਰ ਨੂੰ ਨੱਸੇ ਹੋਏ ਹਨ ਅਤੇ ਸ਼ਾਹ ਜ਼ਮਾਨ ਕਾਬਲ ਵੱਲ ਨੂੰ ਰੁਖ਼ਸਤ ਹੋ ਗਿਆ ਹੈ। ਅਜਿਹੇ ਢੁਕਵੇਂ ਵੇਲੇ ਰਣਜੀਤ ਸਿੰਘ ਲਾਹੌਰ ’ਤੇ ਬੜੀ ਆਸਾਨੀ ਨਾਲ ਕਾਬਜ਼ ਹੋ ਸਕਦਾ ਸੀ, ਪਰ ਉਹ ਅਜਿਹਾ ਕਦਮ ਨਹੀਂ ਚੁੱਕਦਾ। ਉਹ ਬੜੀ ਖ਼ਾਮੋਸ਼ੀ ਤੇ ਚੌਕਸੀ ਨਾਲ ਤਮਾਮ ਹਾਲਤਾਂ ਨੂੰ ਵਾਚਦਾ ਹੈ। ਸ਼ਾਹ ਜ਼ਮਾਨ ਦੀ ਕਾਬਲ ਵਾਪਸੀ ’ਚ ਵੀ ਕੋਈ ਵਿਘਨ ਨਹੀਂ ਪਾਉਂਦਾ।

ਲਾਹੌਰ ਵਿੱਚ ਵਾਪਰ ਰਹੇ ਦੀ ਤਮਾਮ ਖ਼ਬਰ ਇਸ ਸ਼ਹਿਰ ਦੇ ਭੰਗੀ ਸਰਦਾਰ ਹਾਕਮਾਂ ਨੂੰ ਬਾਖ਼ੂਬੀ ਪਤਾ ਹੈ। ਜਦ ਉਨ੍ਹਾਂ ਨੂੰ ਸ਼ਾਹ ਜ਼ਮਾਨ ਦੀ ਕਾਬਲ ਵੱਲ ਰੁਖ਼ਸਤੀ ਦੀ ਸੂਚਨਾ ਮਿਲਦੀ ਹੈ, ਉਹ ਉਸੇ ਰਾਤ ਅੰਮ੍ਰਿਤਸਰ ਤੋਂ ਲਾਹੌਰ ਵੱਲ ਨੂੰ ਕੂਚ ਕਰਦੇ ਹਨ। ਲਾਹੌਰ ਲਾਗੇ ਡੇਰੇ ਲਾ ਲੈਂਦੇ ਹਨ। ਜਿਉਂ ਹੀ ਸ਼ਾਹ ਜ਼ਮਾਨ ਦੀ ਪਿੱਠ ਲਾਹੌਰ ਵੱਲ ਹੁੰਦੀ ਹੈ ਤਿੰਨੋਂ ਭੰਗੀ ਸਰਦਾਰ ਮੁੜ ਲਾਹੌਰ ’ਤੇ ਕਾਬਜ਼ ਹੋ ਜਾਂਦੇ ਹਨ ਅਤੇ ਆਪਣੀ ਆਦਤ ਮੂਜਬ ਸ਼ਹਿਰ ਦੀ ਲੁੱਟ-ਖਸੁੱਟ ਸ਼ੁਰੂ ਕਰ ਦਿੰਦੇ ਹਨ।

ਹੁਣ ਸ਼ਹਿਰ ਦੇ ਪਤਵੰਤੇ (ਹਿੰਦੂ, ਮੁਸਲਮਾਨ ਤੇ ਸਿੱਖ) ਇਕੱਠੇ ਹੋ ਕੇ ਸਲਾਹ-ਮਸ਼ਵਰਾ ਕਰਦੇ ਹਨ ਕਿ ਭੰਗੀ ਸਰਦਾਰਾਂ ਤੋਂ ਕਿਵੇਂ ਮੁਕਤ ਹੋਇਆ ਜਾ ਸਕਦਾ ਹੈ। ਅਖ਼ੀਰ ਫ਼ੈਸਲਾ ਇਹ ਹੁੰਦਾ ਹੈ ਕਿ ਰਣਜੀਤ ਸਿੰਘ ਨੂੰ ਅਰਜ਼ ਕੀਤੀ ਜਾਵੇ ਕਿ ਉਹ ਲਾਹੌਰ ਨੂੰ ਆਪਣੇ ਕਬਜ਼ੇ ’ਚ ਲੈ ਕੇ ਇਸ ਦੀ ਹਾਲਤ ’ਚ ਸੁਧਾਰ ਕਰੇ। ਇਹ ਅਰਜ਼ ਰਣਜੀਤ ਸਿੰਘ ਨੂੰ ਵੀ ਨਸ਼ਰ ਕਰ ਦਿੱਤੀ ਜਾਂਦੀ ਹੈ।

ਜਦੋਂ 7 ਜੁਲਾਈ 1799 ਨੂੰ ਰਣਜੀਤ ਸਿੰਘ ਆਪਣੇ ਲਸ਼ਕਰ ਸਮੇਤ ਲਾਹੌਰ ’ਚ ਦਾਖ਼ਲ ਹੁੰਦਾ ਹੈ ਤਾਂ ਸਭ ਤੋਂ ਪਹਿਲਾਂ ਉਸ ਨੂੰ ਸ਼ਾਹੀ ਮਸਜਿਦ ਦੇ ਦੀਦਾਰ ਹੁੰਦੇ ਹਨ ਜੋ ਲਾਹੌਰ ਕਿਲ੍ਹੇ ਦੇ ਸਾਹਮਣੇ ਸਥਿਤ ਸੀ। ਇਹ ਮਸਜਿਦ 1674 ’ਚ ਮੁਗ਼ਲ ਬਾਦਸ਼ਾਹ ਔਰਗਜ਼ੇਬ ਨੇ ਬਣਵਾਈ ਸੀ। ਇਸ ਬਾਦਸ਼ਾਹ ਅਤੇ ਇਸ ਦੇ ਪੂਰਵ ਬਾਦਸ਼ਾਹਾਂ ਅਤੇ ਉੱਤਰਾਧਿਕਾਰੀਆਂ ਨਾਲ ਖ਼ਾਲਸਾ-ਸਿੰਘਾਂ ਦੀ ਲਸ਼ਕਰੀ ਟੱਕਰ ਹੁੰਦੀ ਰਹੀ ਹੈ। ਰਣਜੀਤ ਸਿੰਘ ਇਸ ਸ਼ਾਹੀ ਮਸਜਿਦ ’ਚ ਆਪਣੀ ਫ਼ੌਜ ਸਮੇਤ ਕਿਆਮ ਕਰਦਾ ਹੈ। ਉਸ ਨੂੰ ਇਸ ਦੇ ਦੀਦਾਰ ਕਰ ਕੇ ਬੜਾ ਸਕੂਨ ਮਹਿਸੂਸ ਹੁੰਦਾ ਹੈ। ਰਣਜੀਤ ਸਿੰਘ ਪਾਸ ਨਾਨਕ-ਮਰਦਾਨੇ ਵਾਲੀ ਗ਼ੈਰ-ਫ਼ਿਰਕੇਦਾਰਾਨਾ ਵਿਰਾਸਤ ਹੈ।

ਇਸੇ ਲਾਹੌਰ ਸ਼ਹਿਰ ’ਚ ਹੀ 1035 ’ਚ ਅਲੀ-ਉਲ-ਹੁਜਵਰੀ ਗ਼ਜ਼ਨਾ (ਅਫ਼ਗ਼ਾਨਿਸਤਾਨ) ਤੋਂ ਲਾਹੌਰ ਆਏ। ਤਸੱਵੁਫ਼ ਦੇ ਵਿਸ਼ੇ ’ਤੇ ਫ਼ਾਰਸੀ ’ਚ ਲਿਖਿਆ ਪਹਿਲਾ ਗ੍ਰੰਥ ਕਸ਼ਫ਼-ਉਲ-ਮਹਿਜੂਬ ਹੈ ਜਿਸ ਨੂੰ ਲਾਹੌਰ ਵਿਖੇ ਉਨ੍ਹਾਂ ਨੇ ਕਲਮਬੰਦ ਕੀਤਾ। ਇਸ ਮਹਾਨ ਗ੍ਰੰਥ ਦੀ ਰਚਨਾ ਸਦਕਾ ਲਾਹੌਰ ਸ਼ਹਿਰ ਦੀਆਂ ਕਨਸੋਆਂ ਇਰਾਨ ਤੇ ਮੱਧ ਏਸ਼ੀਆ ਤੀਕ ਪਹੁੰਚ ਗਈਆਂ। ਤੀਹ ਸਾਲ ਲਾਹੌਰ ’ਚ ਗ਼ੁਜ਼ਾਰਨ ਤੋਂ ਬਾਅਦ ਅਲੀ-ਉਲ-ਹੁਜਵਰੀ ਦਾ ਰਹਿਤਲੀਕਰਨ ਹੋ ਗਿਆ। ਹੁਣ ਉਹ ‘ਦਾਤਾ ਗੰਜ ਬਖ਼ਸ਼’ ਦੇ ਲਕਬ ਨਾਲ ਜਾਣੇ ਜਾਣ ਲੱਗੇ। ਸੰਨ 1072 ’ਚ ਸੁਲਤਾਨ ਇਬਰਾਹਿਮ ਗ਼ਜ਼ਨਵੀ ਦੀ ਹਕੂਮਤ (1059-99) ਸਮੇਂ ਲਾਹੌਰ ’ਚ ਹੀ ਫ਼ੌਤ ਹੋ ਗਏ। ਲਾਹੌਰ ਵਿਖੇ ਆਪ ਦੀ ਵਿਸ਼ਾਲ ਦਰਗਾਹ ਪੰਜਾਬ ਦੀ ਰੂਹਾਨੀ ਤੇ ਰਹਿਤਲੀ ਵਿਰਾਸਤ ਦਾ ਸਬੂਤ ਹੈ। ਇਸੇ ਲਾਹੌਰ ਸ਼ਹਿਰ ’ਚ ਪੰਜਾਬ ਦਾ ਹਰਮਨ ਪਿਆਰਾ ਸੂਫ਼ੀ ਸ਼ਾਹ ਹੁਸੈਨ ਕ੍ਰਿਸ਼ਨ ਭਗਤੀ ਤੇ ਪੰਜਾਬ ਦੀ ਲੋਕ ਕਥਾ ਹੀਰ-ਰਾਂਝੇ ਦੇ ਰੰਗ ’ਚ ਰੰਗੀਆਂ ਆਪਣੀਆਂ ਕਾਫ਼ੀਆਂ ਗਾਉਂਦਾ ਰਿਹਾ ਹੈ। ਲਾਹੌਰ ਦੇ ਇੱਕ ਹੋਰ ਸੂਫ਼ੀ ਮੀਆਂ ਮੀਰ ਦੀ ਪੰਜਵੇਂ ਗੁਰੂ ਅਰਜਨ ਦੇਵ ਨਾਲ ਦੋਸਤੀ ਰਹੀ ਹੈ ਅਤੇ ਇਸ ਸੂਫ਼ੀ ਨੇ ਅੰਮ੍ਰਿਤਸਰ ਵਿਖੇ ਹਰਿਮੰਦਰ ਸਾਹਿਬ ਦੀ ਨੀਂਹ ਵੀ ਰੱਖੀ ਹੈ। ਲਾਹੌਰ ਦੀ ਫ਼ਿਜ਼ਾ ’ਚ ਵੰਨ-ਸੁਵੰਨੀਆਂ ਮਹਿਕਾਂ ਹਨ।

ਲਾਹੌਰ ਨੂੰ ਸਰ ਕਰਨ ਤੋਂ ਕੁਝ ਹੀ ਦਿਨਾਂ ਬਾਅਦ ਰਣਜੀਤ ਸਿੰਘ ਇੱਕ ਮਹਾ-ਦਰਬਾਰ ਦਾ ਆਯੋਜਨ ਕਰਦਾ ਹੈ ਜਿਸ ਵਿੱਚ ਸ਼ਹਿਰ ਦੇ ਪਤਵੰਤੇ ਲੋਕ ਸ਼ਿਰਕਤ ਕਰਦੇ ਹਨ। ਅਫ਼ਗ਼ਾਨ ਹਮਲਾਵਰ ਸਦਾ ਲਈ ਰੁਖ਼ਸਤ ਹੋ ਗਏ ਹਨ। ਬਰਸਾਤ ਦਾ ਸੁਹਾਨਾ ਤੇ ਠੰਢਾ ਮੌਸਮ ਹੈ। ਰਣਜੀਤ ਸਿੰਘ ਮਹਿਮਾਨਾਂ ਦੀ ਮਠਿਆਈਆਂ ਨਾਲ ਟਹਿਲ-ਸੇਵਾ ਕਰ ਰਿਹਾ ਹੈ ਅਤੇ ਉਸ ਦੀ ਸੱਸ ਸਦਾ ਕੌਰ ਬਟਾਲੇ ਤੇ ਮੁਕੇਰੀਆਂ ਤੋਂ ਮੰਗਵਾਏ ਹੋਏ ਰਸੀਲੇ ਅੰਬਾਂ ਦੀਆਂ ਟੋਕਰੀਆਂ ਪੇਸ਼ ਕਰ ਰਹੀ ਹੈ।

ਲਾਹੌਰ ਦੇ ਨਵੇਂ ਹੁਕਮਰਾਨ ਰਣਜੀਤ ਸਿੰਘ ਨੇ ਮਹਾ-ਦਰਬਾਰ ’ਚ ਐਲਾਨ ਕੀਤਾ ਕਿ ਮੌਜੂਦਾ ਧਾਰਮਿਕ ਪ੍ਰਸ਼ਾਸਨ ’ਚ ਕਿਸੇ ਵੀ ਕਿਸਮ ਦੀ ਰੱਦੋਬਦਲ ਨਹੀਂ ਕੀਤੀ ਜਾਵੇਗੀ। ਕਾਜ਼ੀਆਂ ਤੇ ਮੁਫ਼ਤੀਆਂ ਦੇ ਪੁਸ਼ਤੈਨੀ ਦਫ਼ਤਰ ਨੂੰ ਰਣਜੀਤ ਸਿੰਘ ਨੇ ਅਦਬ ਨਾਲ ਕਾਇਮ ਰਹਿਣ ਦੇ ਹੁਕਮ ਜਾਰੀ ਕੀਤੇ। ਕਾਜ਼ੀ ਨਿਜ਼ਾਮੂਦੀਨ ਅਤੇ ਮੁਹੰਮਦ ਸ਼ਾਹਪੁਰ ਤੇ ਸਦੌਲਾ ਚਿਸ਼ਤੀ, ਜੋ ਮੁਫ਼ਤੀ ਦੇ ਅਹੁਦੇ ’ਤੇ ਤਾਇਨਾਤ ਸਨ, ਹੋਰਾਂ ਨੂੰ ਖ਼ਿੱਲਤਾਂ ਬਖ਼ਸ਼ੀਆਂ ਗਈਆਂ। ਕਾਜ਼ੀ ਨਿਜ਼ਾਮੂਦੀਨ ਦੇ ਮੁਸਲਮਾਨ ਵਸੋਂ ਦੀ ਸ਼ਾਦੀ ਕਰਵਾਉਣ ਅਤੇ ਤਲਾਕ ਸਬੰਧੀ ਹਕੂਕ ਨੂੰ ਮਾਨਤਾ ਦਿੱਤੀ ਗਈ। ਮੁਫ਼ਤੀਆਂ ਨੂੰ ਪਹਿਲਾਂ ਵਾਂਗ ਜਾਇਦਾਦ ਦੇ ਮਸਲੇ ਨਿਪਟਾਉਣ ਲਈ ਹੁਕਮ ਹੋਏ। ਮੁਹੱਲੇਦਾਰੀ ਵਿਵਸਥਾ ਨੂੰ ਮੁੜ ਸੁਰਜੀਤ ਕੀਤਾ ਗਿਆ। ਪਹਿਲਾਂ ਵਾਂਗ ਹਰ ਇੱਕ ਮੁਹੱਲੇ ਨੂੰ ਉਸ ਦੇ ਮੋਹਤਬਰ ਬਾਸ਼ਿੰਦੇ ਦੇ ਸਪੁਰਦ ਕਰ ਦਿੱਤਾ ਗਿਆ। ਕਾਰੀਗਰਾਂ ਨੂੰ ਪੁਰਾਣੀਆਂ ਤੋਪਾਂ ਦੀ ਮੁਰੰਮਤ ਕਰਨ ਲਈ ਰੁਜ਼ਗਾਰ ਦਿੱਤਾ ਗਿਆ। ਕੁਝ ਹੀ ਦਿਨਾਂ ’ਚ ਲਾਹੌਰ ਸ਼ਹਿਰ ’ਚ ਨਵੀਂ ਕਿਸਮ ਦੀ ਜਿੰਦ-ਜਾਨ ਆ ਗਈ। ਇਹ ਹੁਣ ਮੁੜ ਥਿਰਕਣ-ਲਰਜ਼ਣ ਲੱਗ ਪਿਆ ਸੀ।

ਰਣਜੀਤ ਸਿੰਘ ਦੇ ਅਜਿਹੇ ਪ੍ਰਸ਼ਾਸਨਿਕ ਤੇ ਸਮਾਜਿਕ ਕਦਮ ਉਸ ਦੇ ਆਪਣੀ ਭੋਇੰ ਨਾਲ ਜੁੜੇ ਹੋਣ ਦਾ ਸਬੂਤ ਸਨ। ਉਸ ਨੇ ਦੱਸ ਦਿੱਤਾ ਕਿ ਭਵਿੱਖ ’ਚ ਉਹ ਕਿਹੋ ਜਿਹਾ ਹਾਕਮ ਹੋਵੇਗਾ ਅਤੇ ਉਸ ਦੇ ਪ੍ਰਸ਼ਾਸਨ ਦਾ ਕਿਰਦਾਰ ਕਿਹੋ ਜਿਹਾ ਹੋਵੇਗਾ।

Leave a Reply

Your email address will not be published. Required fields are marked *