ਕੁਦਰਤ ਮੌਲ਼ ਰਹੀ ਹੈ…

ਅਮਰੀਕ ਸਿੰਘ ਦਿਆਲ

ਲੌਕਡਾਊਨ ਕਾਰਨ ਅਸੀਂ ਸਾਰੇ ਘਰਾਂ ਵਿਚ ਬੈਠੇ ਹਾਂ। ਪਿਛਲੇ ਕਈ ਸਾਲਾਂ ਤੋਂ ਵਾਤਾਵਰਨ ਪਲੀਤ ਹੋਣ ਬਾਰੇ ਖਬਰਾਂ ਪੜ੍ਹਨ-ਸੁਣਨ ਨੂੰ ਮਿਲਦੀਆਂ ਰਹੀਆਂ ਹਨ। ਪਲੀਤ ਹੋ ਰਹੇ ਵਾਤਾਵਰਨ ਦੇ ਨਤੀਜੇ ਬੰਦੇ ਨੇ ਆਪਣੇ ਪਿੰਡੇ ਤੇ ਹੰਢਾਏ ਹਨ। ਲੰਮੇ ਅਰਸੇ ਬਾਅਦ ਹੁਣ ਕੁਦਰਤ ਜਿਵੇਂ ਸੌਖੇ ਸਾਹ ਲੈਂਦੀ ਮਹਿਸੂਸ ਹੋ ਰਹੀ ਹੈ ਅਤੇ ਬੰਦੇ ਨੂੰ ਕਹਿ ਰਹੀ ਹੋਵੇ, “ਬਥੇਰੀ ਅੱਤ ਮਚਾ ਲਈ ਤੂੰ।”

ਲੌਕਡਾਊਨ ਦੇ ਹਫ਼ਤੇ ਕੁ ਬਾਅਦ ਹੀ ਜਲੰਧਰ ਤੋਂ ਖਬਰਾਂ ਛਪੀਆਂ ਕਿ ਉਨ੍ਹਾਂ ਦੇ ਘਰਾਂ ਤੋਂ ਧੌਲਾਧਾਰ ਦੇ ਪਰਬਤ ਸ਼ੀਸ਼ੇ ਵਾਂਗ ਚਮਕਦੇ ਦਿਖਾਈ ਦੇ ਰਹੇ ਹਨ। ਸ਼ਿਵਾਲਕ ਦੇ ਪਹਾੜ ਤਾਂ ਇੰਝ ਪ੍ਰਤੀਤ ਹੁੰਦੇ ਹਨ ਕਿ ਹੱਥ ਲਾ ਕੇ ਛੂਹ ਲਈਏ। ਲੋਕ ਕਿੰਨੇ ਵਿਰਵੇਂ ਹੋ ਗਏ ਸਨ ਇਹ ਕੁਦਰਤੀ ਦ੍ਰਿਸ਼ ਮਾਣਨ ਤੋਂ! ਗੰਦਗੀ ਦਾ ਜਾਲ਼ਾ ਛਣ ਰਿਹਾ ਹੈ। ਪਿਛਲੇ ਕੁੱਝ ਸਾਲਾਂ ਤੋਂ ਸਾਡੇ ਨੀਮ-ਪਹਾੜੀ ਇਲਾਕੇ ‘ਬੀਤ’ ਦੇ ਪੱਧਰੇ ਸਿਖਰ ਤੋਂ ਨੈਣਾ ਦੇਵੀ ਮੰਦਿਰ, ਨੰਗਲ ਡੈਮ ਵਾਲਾ ਖਾਦ ਕਾਰਖਾਨਾ ਅਤੇ ਡੈਮ ਵਾਲੇ ਪਹਾੜ ਝਾਉਲ਼ੇ ਝਾਉਲ਼ੇ ਦਿਸਣ ਲਗ ਪਏ ਸਨ। ਬਚਪਨ ਦੇ ਦਿਨਾਂ ਵਿਚ ਇਹ ਸਾਫ ਦਿਖਾਈ ਦਿੰਦੇ ਹੁੰਦੇ ਸਨ। ਸਾਡੇ ਇਲਾਕੇ ਅਤੇ ਇਨ੍ਹਾਂ ਦ੍ਰਿਸ਼ਾਂ ਵਿਚਾਰ ਗਰਦ ਦੀ ਮੋਟੀ ਪਰਤ ਦਾ ਪਰਦਾ ਖੜ੍ਹਾ ਹੋ ਗਿਆ ਸੀ।

ਹੁਣ ਪਿਛਲੇ ਕੁੱਝ ਦਿਨਾਂ ਤੋਂ ਇਹ ਨਜ਼ਾਰੇ ਮੁੜ ਤੱਕਣ ਨੂੰ ਮਿਲੇ ਹਨ। ਦਿਨ ਵੇਲੇ ਨੈਣਾਂ ਦੇਵੀ ਨੂੰ ਚੜ੍ਹਦੀ ਵਲ-ਵਲੇਵਿਆਂ ਵਾਲੀ ਸੜਕ ਵੀ ਨਜ਼ਰੀ ਪੈ ਰਹੀ ਹੈ। ਪਹਿਲਾਂ ਰਾਤ ਵੇਲੇ ਕਤਾਰਾਂ ਵਿਚ ਜਗਦੀਆਂ ਬੱਤੀਆਂ ਹੀ ਇਸ ਸੜਕ ਦੀ ਨਿਸ਼ਾਨਦੇਹੀ ਕਰਦੀਆਂ ਹੁੰਦੀਆਂ ਸਨ। ਇੱਕ ਕਲਾਕਾਰ ਨੇ ਖਬਰਾਂ ਵਾਲੇ ਇਕ ਚੈਨਲ ਨੂੰ ਇੰਟਰਵਿਊ ਦੌਰਾਨ ਦੱਸਿਆ ਕਿ ਚੰਡੀਗੜ੍ਹ ਤੋਂ ਕਸੌਲੀ ਵਾਲਾ ਟੀਵੀ ਟਾਵਰ ਸਾਫ ਦਿਖਾਈ ਦੇ ਰਿਹਾ ਹੈ। ਉਹਨੇ ਚੰਡੀਗੜ੍ਹ ਵਿਚ ਆਪਣੇ ਘਰ ਦੀ ਛੱਤ ਤੋਂ ਫੋਟੋ ਵੀ ਖਿੱਚੀ। ਇੱਕ ਅਖਬਾਰ ਵਿਚ ਕਾਰਟੂਨ ਛਪਿਆ ਹੈ ਜੋ ਸੋਸ਼ਲ ਮੀਡੀਆ ਰਾਹੀਂ ਅਗਾਂਹ ਤੋਂ ਅਗਾਂਹ ਸਾਂਝਾ ਕੀਤਾ ਗਿਆ। ਕਾਰਟੂਨ ਬਣਾਉਣ ਵਾਲੇ ਦਾ ਕਮਾਲ ਹੈ। ਜਾਨਵਰ ਇਕੱਠੇ ਹੋ ਕੇ ਗਲਾਂ ਵਿਚ ਕੈਮਰੇ ਪਾ ਕੇ ‘ਬੰਦਾ ਘਰ’ ਦੀ ਸੈਰ ਲਈ ਨਿਕਲੇ ਹਨ। ਵੱਡੇ ਸ਼ਹਿਰਾਂ ਦੀਆਂ ਸੁੰਨ-ਮਸਾਣ ਸੜਕਾਂ ਤੇ ਘੁੰਮਦੇ ਜਾਨਵਰ ਸ਼ਾਇਦ ਇਹ ਕਹਿ ਰਹੇ ਹਨ ਕਿ ਧਰਤੀ ਉੱਤੇ ਸਾਡਾ ਹੱਕ ਵੀ ਹੈ। ਸਵੇਰੇ ਉੱਠਦਿਆਂ ਹੀ ਪੰਛੀਆਂ ਦੀ ਮਿੱਠੀ ਆਵਾਜ਼ ਕੰਨੀ ਪੈ ਰਹੀ ਹੈ।

ਨੂਰਪੁਰ ਬੇਦੀ ਇਲਾਕੇ ਤੋਂ ਸੁਖਦ ਖਬਰ ਹੈ ਕਿ ਸਟੋਨ ਕਰੱਸ਼ਰ ਕਾਰਨ ਸੁਆਂ ਨਦੀ ਦਾ ਗੰਧਲਾ ਹੋਇਆ ਪਾਣੀ ਹੁਣ ਨੀਲੇ ਰੰਗ ਦੀ ਭਾਅ ਮਾਰਨ ਲੱਗ ਪਿਆ ਹੈ। ਇਹ ਪਾਣੀ ਇੰਨਾ ਸਾਫ ਹੋ ਗਿਆ ਹੈ ਕਿ ਹੇਠਾਂ ਪਈ ਰੇਤ ਸਾਫ ਦਿਖਾਈ ਦੇ ਰਹੀ ਹੈ।

ਜ਼ਿੰਦਗੀ ਦੇ ਚਾਰ ਕੁ ਦਹਾਕੇ ਹੰਢਾ ਚੁੱਕੇ ਲੋਕਾਂ ਲਈ ਇਹ ਅਸਲ ਵਿਚ ਸਮੇਂ ਦਾ ਦੁਹਰਾਓ ਹੈ। ਸਿੰਜਾਈ ਵਾਲੇ ਟਿਊਬਵੈੱਲਾਂ ਦਾ ਪਾਣੀ ਦਾ ਪੱਧਰ ਉੱਚਾ ਹੋ ਗਿਆ ਹੈ। ਲੋਕ ਇਸ ਬਦਲਾਓ ਦੀਆਂ ਤਸਵੀਰਾਂ ਸਾਂਝੀਆਂ ਕਰ ਰਹੇ ਹਨ। ਕੁਦਰਤ ਰਾਣੀ ਜਿਵੇਂ ਨਹਾ-ਧੋ ਕੇ ਸ਼ਿੰਗਾਰ ਲਾ ਕੇ ਸਜ-ਫਬ ਰਹੀ ਹੈ। ਕਿੰਨੇ ਸਾਲਾਂ ਬਾਅਦ ਖੇਤਾਂ ਦੇ ਮਾਲਕ ਉਨ੍ਹਾਂ ਨੂੰ ਮਿਲੇ ਹਨ ਜਿਵੇਂ ਖੇਤ ਉਨ੍ਹਾਂ ਨੂੰ ਬਾਹਾਂ ਉਲਾਰੀ ਉਡੀਕ ਰਹੇ ਹੋਣ। ਪੰਛੀਆਂ ਵਾਂਗ ਚੋਗਾ ਲਿਆਉਣ ਲਈ ਸਵੇਰੇ ਨਿਕਲ ਕੇ ਸੋਤੇ ਪਏ ਪਰਤਣ ਵਾਲਾ ਬੰਦਾ ਇਹ ਭੁੱਲ ਬੈਠਾ ਸੀ ਕਿ ਦੁਨੀਆਂ ਵਿਚ ਹੋਰ ਵੀ ਨਿਆਮਤਾਂ ਹਨ ਜਿਨ੍ਹਾਂ ਨੂੰ ਮਾਣਨਾ ਹੈ।

ਤਿੰਨ ਪੀੜ੍ਹੀਆਂ ਇੱਕ ਛੱਤ ਹੇਠ ਬੈਠੀਆਂ ਸਦੀਆਂ ਦੇ ਤਜਰਬੇ ਸਾਂਝੇ ਕਰ ਰਹੀਆਂ ਹਨ। ਬੱਚਿਆਂ ਨੇ ਕਿੰਨੇ ਚਿਰਾਂ ਬਾਅਦ ਤਾਰਿਆਂ ਨਾਲ਼ ਗੱਲਾਂ ਕੀਤੀਆਂ ਹਨ। ਘਰਾਂ ਵਿਚ ਪਈਆਂ ਕਿਤਾਬਾਂ ਨੇ ਚੁੱਪ ਤੋੜੀ ਹੈ। ਦੋ ਵਿਸਰ ਰਹੇ ਸ਼ਬਦ ਨਵੀਂ ਪੀੜ੍ਹੀ ਦੇ ਸ਼ਬਦ-ਕੋਸ਼ ਵਿਚ ਹੁਣੇ ਹੁਣੇ ਜੁੜੇ ਹਨ। ਕਾਢਿਆਂ ਦਾ ਭੌਣ ਅਤੇ ਤਿਲ-ਚੌਲ਼ੀ। ਇਨ੍ਹਾਂ ਦੋਹਾਂ ਦੀ ਗੂੜ੍ਹੀ ਸਾਂਝ ਹੈ। ਜੇ ਭੌਣ ਨਹੀਂ ਤਾਂ ਤਿਲ-ਚੌਲੀ ਦਾ ਕੀ ਮਤਲਬ! ਲੋਪ ਹੋ ਗਏ ਕਾਢਿਆਂ ਦੇ ਭੌਣ ਦਿਖਾਈ ਦੇਣ ਲੱਗ ਪਏ ਹਨ ਅਤੇ ਤਿਲ-ਚੌਲ਼ੀ ਪਾਉਣ ਵਾਲੇ ਵੀ।

ਮੈਂ ਪਿਛਲੇ ਸਾਲ ਕਿਤੇ ਪੜ੍ਹਿਆ ਸੀ ਕਿ ਜਦੋਂ ਸ਼ਹਿਦ ਦੀਆਂ ਮੱਖੀਆਂ ਦੇ ਛੱਤੇ (ਡੂਮਣੇ) ਲੱਗਣ ਤੋਂ ਹਟ ਜਾਣ ਤਾਂ ਸਮਝੋ ਪ੍ਰਦੂਸ਼ਣ ਦਾ ਸਿਖਰ ਆ ਗਿਆ ਹੈ। ਇਹ ਦੇਖ ਕੇ ਮਨ ਨੂੰ ਤਸੱਲੀ ਭਰੀ ਖੁਸ਼ੀ ਹੋਈ ਜਦੋਂ ਆਪਣੇ ਚੋਅ ਕੰਢੇ ਖੇਤ ਦੇ ਬੰਨੇ ਲੱਗੇ ਦਰਖਤ ਉੱਤੇ ਮੱਖੀਆਂ ਦਾ ਛੱਤਾ ਦੇਖਿਆ। ਇਸ ਨੇ ਹਫਤੇ ਕੁ ਵਿਚ ਹੀ ਦਸਤਕ ਦਿੱਤੀ ਹੈ। ਕਿਸੇ ਵੇਲੇ ਸਾਡੇ ਇਲਾਕੇ ਵਿਚ ਇਹ ਛੱਤੇ ਆਮ ਦਿਖਾਈ ਦਿੰਦੇ ਸਨ ਅਤੇ ਹੱਥੀਂ ਚੋਇਆ ਸ਼ਹਿਦ ਅਕਸਰ ਮਿਲ ਜਾਂਦਾ ਸੀ। ਕੁਦਰਤ ਮੌਲ਼ ਰਹੀ ਹੈ।…

ਘਰਾਂ ਵਿਚ ਪਈਆਂ ਕਿਤਾਬਾਂ ਨੇ ਚੁੱਪ ਤੋੜੀ ਹੈ। ਦੋ ਵਿਸਰ ਰਹੇ ਸ਼ਬਦ ਨਵੀਂ ਪੀੜ੍ਹੀ ਦੇ ਸ਼ਬਦ-ਕੋਸ਼ ਵਿਚ ਹੁਣੇ ਹੁਣੇ ਜੁੜੇ ਹਨ। ਕਾਢਿਆਂ ਦਾ ਭੌਣ ਅਤੇ ਤਿਲ-ਚੌਲ਼ੀ। ਇਨ੍ਹਾਂ ਦੋਹਾਂ ਦੀ ਗੂੜ੍ਹੀ ਸਾਂਝ ਹੈ। ਜੇ ਭੌਣ ਨਹੀਂ ਤਾਂ ਤਿਲ-ਚੌਲੀ ਦਾ ਕੀ ਮਤਲਬ! ਲੋਪ ਹੋ ਗਏ ਕਾਢਿਆਂ ਦੇ ਭੌਣ ਦਿਖਾਈ ਦੇਣ ਲੱਗ ਪਏ ਹਨ ਅਤੇ ਤਿਲ-ਚੌਲ਼ੀ ਪਾਉਣ ਵਾਲੇ ਵੀ।
ਮੈਂ ਪਿਛਲੇ ਸਾਲ ਕਿਤੇ ਪੜ੍ਹਿਆ ਸੀ ਕਿ ਜਦੋਂ ਸ਼ਹਿਦ ਦੀਆਂ ਮੱਖੀਆਂ ਦੇ ਛੱਤੇ (ਡੂਮਣੇ) ਲੱਗਣ ਤੋਂ ਹਟ ਜਾਣ ਤਾਂ ਸਮਝੋ ਪ੍ਰਦੂਸ਼ਣ ਦਾ ਸਿਖਰ ਆ ਗਿਆ ਹੈ। ਇਹ ਦੇਖ ਕੇ ਮਨ ਨੂੰ ਤਸੱਲੀ ਭਰੀ ਖੁਸ਼ੀ ਹੋਈ ਜਦੋਂ ਆਪਣੇ ਚੋਅ ਕੰਢੇ ਖੇਤ ਦੇ ਬੰਨੇ ਲੱਗੇ ਦਰਖਤ ਉੱਤੇ ਮੱਖੀਆਂ ਦਾ ਛੱਤਾ ਦੇਖਿਆ। ਇਸ ਨੇ ਹਫਤੇ ਕੁ ਵਿਚ ਹੀ ਦਸਤਕ ਦਿੱਤੀ ਹੈ। ਕਿਸੇ ਵੇਲੇ ਸਾਡੇ ਇਲਾਕੇ ਵਿਚ ਇਹ ਛੱਤੇ ਆਮ ਦਿਖਾਈ ਦਿੰਦੇ ਸਨ ਅਤੇ ਹੱਥੀਂ ਚੋਇਆ ਸ਼ਹਿਦ ਅਕਸਰ ਮਿਲ ਜਾਂਦਾ ਸੀ। ਕੁਦਰਤ ਮੌਲ਼ ਰਹੀ ਹੈ।

… ਤੇ ਲੱਖਾਂ ਦਾਅਵੇ ਕਰਨ ਵਾਲਾ ਬੰਦਾ ਇਹ ਸਭ ਅੱਖੀਂ ਦੇਖ ਰਿਹਾ ਹੈ। ਅਲਮਾਰੀਆਂ ਵਿਚ ਤਾੜੇ ਕੱਪੜੇ ਖਾਮੋਸ਼ ਹਨ। ਤਿੰਨ ਡੰਗ ਦੀ ਰੋਟੀ ਤੋਂ ਬਿਨਾਂ ਸਭ ਫਿਕਰ ਮੁੱਕ ਗਏ ਹਨ। ਧੂੜ ਨਾਲ ਭਰੇ ਵਾਹਨ ਬੰਦੇ ਦੀ ਛੋਹ ਨੂੰ ਤਰਸ ਗਏ ਹਨ। ‘ਮਿੰਟ ਦੀ ਵਿਹਲ ਨੀ, ਟਕੇ ਦੀ ਸੇਲ ਨੀ’ ਵਰਗੀ ਹਾਲਤ ਵਿਚ ਨੱਠ-ਭੱਜ ਦੀ ਜ਼ਿੰਦਗੀ ਗੁਜ਼ਾਰ ਰਹੇ ਬੰਦੇ ਦੇ ਚਿੱਤ-ਚੇਤੇ ਵੀ ਨਹੀਂ ਸੀ ਕਿ ਅਜਿਹਾ ਸਮਾਂ ਵੀ ਆਏਗਾ! ਕੁੱਝ ਵੀ ਹੋਵੇ, ਦਿਨੋ-ਦਿਨ ਖੂਬਸੂਰਤ ਹੋ ਰਹੀ ਕੁਦਰਤ ਰਾਣੀ ਆਪਣਾ ਰੁਤਬਾ ਬਹਾਲ ਕਰਨ ਵਿਚ ਲੱਗੀ ਹੋਈ ਹੈ। ਸਾਡੇ ਸਭ ਲਈ ਇਹ ਹੁਣ ਸੰਜੀਦਗੀ ਨਾਲ ਸੋਚਣ ਦਾ ਵੇਲਾ ਹੈ।

Leave a Reply

Your email address will not be published. Required fields are marked *