ਜੰਮਣ ਥਾਂ ਸ਼ਹਿਰ ਗਰਾਂ

ਸ਼ਹਿਰ ਚੰਡੀਗੜ੍ਹ: ਸੰਨ 1965 ਵਿਚ ਸੋਹਨ ਕਾਦਰੀ ਦਾ ਬਣਾਇਆ ਤੇਲ-ਚਿਤ੍ਰ

ਥਾਵਾਂ ਵੀ ਜੀਉਂਦੀਆਂ-ਜਾਗਦੀਆਂ ਸਾਹ ਲੈਂਦੀਆਂ ਹਨ। ਕਲਯੁਗ ਵਿਚ ਅਸੀਂ ਮਾਰਕਸ ਦੇ ਕਹਿਣ ਵਾਂਙ ਅਪਣੀ ਥਾਂ ਨਾਲ਼ੋਂ ਅਪਣੇ-ਆਪੇ ਨਾਲ਼ੋਂ ਵਿਜੋਗੇ ਹੋਏ ਹਾਂ। ਸਾਡਾ ਅਜੋਕਾ ਪੰਜਾਬੀ ਸਾਹਿਤ ਇਸ ਵਿਜੋਗ ਦਾ ਪ੍ਰਤੱਖ ਪ੍ਰਮਾਣ ਹੈ। ਸਾਡਾ ਕਿਸੇ ਨਾਲ਼ ਕਿਸੇ ਸ਼ੈਅ ਨਾਲ਼ ਪਿਆਰ ਹੈ ਹੀ ਨਹੀਂ। ਆਮ ਬੰਦਾ ਜਿਹੜਾ ਲਿਖ ਕੇ ਗੱਲ ਨਹੀਂ ਕਰਦਾ ਜਾਂ ਕਰ ਸਕਦਾ, ਪਰ ਦੇਖਦਾ-ਚਾਖਦਾ-ਸਮਝਦਾ ਸਭ ਕੁਝ ਹੈ; ਉਹਦੇ ਬਾਰੇ ਕੁਝ ਕਹਿਣਾ ਔਖਾ ਹੈ।

ਜੰਮਣ ਥਾਂ ਸ਼ਹਿਰ ਗਰਾਂ ਦਾ ਇਹ ਪਰਾਗਾ ਭਰਨ ਚ ਵੀ ਔਖਿਆਈ ਹੋਈ। ਸਾਡਾ ਕਵੀ ਕਲਾਕਾਰ ਜਿੱਥੇ ਜੰਮਦਾ, ਜੀਂਵਦਾ ਮਰਦਾ ਹੈ, ਉਸ ਥਾਂ ਇਕ ਸਤਰ ਇਕ ਰੇਖਾ ਲਿਖਣ ਦੀ ਉਹਨੂੰ ਤੌਫ਼ੀਕ ਕਿਉਂ ਨਹੀਂ ਹੁੰਦੀ? ਵੀਰ ਸਿੰਘ ਕਸ਼ਮੀਰ ਦੀਆਂ ਕਵਿਤਾਵਾਂ ਲਿਖੀ ਗਿਆ; ਪਰ ਅਪਣੀ ਭੋਇੰ ਅਮ੍ਰਿਤਸਰ ਦੀ ਇਕ ਵੀ ਕਵਿਤਾ ਨਹੀਂ ਲਿਖੀ। ਪੂਰਨ ਸਿੰਘ ਨੇ ਟੂਰਿਸਟਾਂ ਹਾਰ ਅਮ੍ਰਿਤਸਰ ਦੇ ਹਾਲ ਬਾਜ਼ਾਰ ਦੀ ਕਵਿਤਾ ਲਿਖ ਤਾਂ ਦਿੱਤੀ; ਪਰ ਅਪਣੀ ਜੰਮਣ ਭੋਇੰ, ਕਰਮ ਤੇ ਮਰਨ ਭੋਇੰ ਬਾਰੇ ਕੋਈ ਕਵਿਤਾ ਨਹੀਂ। ਸ਼ਰਫ਼ ਨੂੰ ਬਾਵੇ ਬਲਵੰਤ ਨੂੰ ਕੀ ਹੋ ਗਿਆ? ਇਹ ਤਾਂ ਆਪ ਅੰਬਰਸਰੀਏ ਸਨ। ਉਸਤਾਦ ਦਾਮਨ ਦਾ ਅਪਣੇ ਸ਼ਹਿਰ ਲਹੌਰ ਨੂੰ ਕਵਿਤਾ ਵਿਚ ‘‘ਜੀਓ ਜੀ ਮੇਰੇ ਸ਼ਹਿਰ ਲਾਹੌਰਾ ਜੀ’’ ਆਖਣ ਵਰਗਾ ਪਿਆਰਾ ਮਿਸਰਾ ਹੋਰ ਕੋਈ ਸ਼ਾਇਰ ਨਹੀਂ ਸੀ ਲਿਖ ਸਕਦਾ।

ਲੰਦਨ ਬਾਰੇ ਬਹੁਤ ਸਾਰੇ ਕਵੀਆਂ ਨੇ ਕਵਿਤਾਵਾਂ ਰਚੀਆਂ ਹਨ; ਚਿਤ੍ਰਕਾਰਾਂ ਨੇ ਚਿਤ੍ਰ ਲਿਖੇ ਹਨ। ਅਮਰੀਕਾ ਦੀ ਯੂਨੀਵਰਸਟੀ ਆੱਵ ਵਰਜੀਨੀਆ ਪ੍ਰੈੱਸ ਨੇ ਬਾਰਾਂ ਸਾਲ ਪਹਿਲਾਂ ਦੁਨੀਆ ਦੇ ਵਰਡਜ਼ਵਰਥ ਤੋਂ ਲੈ ਕੇ ਹੁਣ ਤਕ ਦੇ 95 ਸਿਰਕੱਢ ਕਵੀਆਂ ਦੀਆਂ ਲੰਦਨ ਬਾਰੇ ਲਿਖੀਆਂ ਕਵਿਤਾਵਾਂ ਦੀ ਕਿਤਾਬ ‘ਔਲ ਦੈਟ ਮਾਈਟੀ ਹਾਰਟ: ਲੰਡਨ ਪੋਇਮਜ਼’ ਛਾਪੀ ਸੀ। ਇਸ ਵਿਚ ਮੇਰੀ ਹਾਜ਼ਰੀ ਵੀ ਲੱਗੀ ਹੋਈ ਹੈ।

ਹਿਰਖ ਵਾਲ਼ੀ ਗੱਲ ਹੈ ਕਿ ਦੇਸ ਪੰਜਾਬ ਦੇ ਦੋ ਇਤਿਹਾਸਕ ਸ਼ਹਿਰਾਂ ਲਹੌਰ ਤੇ ਅਮ੍ਰਿਤਸਰ ਬਾਰੇ ਇਕ-ਅੱਧ ਕਵਿਤਾ ਤੇ ਹੈ, ਪਰ ਚਿਤ੍ਰ ਕੋਈ ਵੀ ਨਹੀਂ। ਸੰਨ ਸੰਤਾਲ਼ੀ ਤੋਂ ਪਹਿਲਾਂ ਦੋਹਵਾਂ ਸ਼ਹਿਰਾਂ ਵਿਚ ਸਟੇਜੀ ਕਵੀਆਂ ਦੀ ਭਰਮਾਰ ਹੁੰਦੀ ਸੀ। ਅਹਿਮਦ ਰਾਹੀ ਨੂੰ ਵੀ ਖ਼ਿਆਲ ਨਾ ਆਇਆ ਕਿ ਅਪਣੀ ਜੰਮਣ ਭੋਇੰ ਦੀ ਇਕ-ਅੱਧ ਕਵਿਤਾ ਹੀ ਲਿਖ ਛੱਡਦਾ। ਇਹ ਲਹੌਰ ਹਸਪਤਾਲ ਵਿਚ ਪਿਆ ਵੀ ‘‘ਮੈਨੂੰ ਅਮ੍ਰਿਤਸਰ ਲੈ ਚੱਲੋ’’ ਦੇ ਤਰਲੇ ਲੈਂਦਾ ਪੂਰਾ ਹੋ ਗਿਆ।

– ਅਮਰਜੀਤ ਚੰਦਨ

Leave a Reply

Your email address will not be published. Required fields are marked *