ਬੱਚਿਆਂ ਨੂੰ ਜ਼ਰੂਰ ਸਿਖਾਓ ਸ਼ਿਸ਼ਟਾਚਾਰ ਅਤੇ ਅਨੁਸ਼ਾਸਨ ’ਚ ਰਹਿਣ ਦਾ ਇਹ 10 ਸੂਤਰੀ ਏਜੰਡਾ

ਅੱਜ ਬੱਚਿਆਂ ‘ਚ ਸ਼ਿਸ਼ਟਾਚਾਰ ਅਤੇ ਅਨੁਸ਼ਾਸਨ ਦੀ ਘਾਟ ਦੇਖੀ ਜਾਂਦੀ ਹੈ। ਇਸ ਦੇ ਜ਼ਿੰਮੇਵਾਰ ਮਾਤਾ-ਪਿਤਾ ਖੁਦ ਹੀ ਹਨ। ਇਸ ਲਈ ਮਾਤਾ-ਪਿਤਾ ਆਪਣੇ ਬੱਚਿਆਂ ਨੂੰ ਬਚਪਨ ‘ਚ ਹੀ ਚੰਗੀਆਂ ਗੱਲਾਂ, ਸ਼ਿਸ਼ਟਾਚਾਰ ਦੇ ਸੂਤਰ ਅਤੇ ਅਨੁਸ਼ਾਸਨ ‘ਚ ਰਹਿਣਾ ਸਿਖਾਉਣ। ਛੋਟੀ ਟਾਹਣੀ ਨੂੰ ਕਿਤੇ ਵੀ ਮੋੜਿਆ ਅਤੇ ਸੰਭਾਲਿਆ ਜਾ ਸਕਦਾ ਹੈ। ਵੱਡੇ ਰੁੱਖ ਨੂੰ ਮੋੜਨਾ ਬਹੁਤ ਮੁਸ਼ਕਲ ਹੁੰਦਾ ਹੈ। ਸਾਰਿਆਂ ਨਾਲ ਮਿੱਠਾ ਵਿਵਹਾਰ ਕਰਨ ਨਾਲ ਖੁਸ਼ੀ ਮਿਲਦੀ ਹੈ। ਬੱਚਿਆਂ ਦੇ ਸਾਹਮਣੇ ਅਪਸ਼ਬਦ ਨਾ ਬੋਲੋ। ਚੁਗਲੀ ਨਾ ਕਰੋ, ਝੂਠ ਨਾ ਬੋਲੋ। ਤੁਹਾਡਾ ਆਪਣਾ ਜੀਵਨ ਜੇਕਰ ਸੰਤੁਲਿਤ, ਅਨੁਸ਼ਾਸਿਤ ਤੇ ਨਿਯਮਬੱਧ ਹੋਵੇਗਾ ਤਾਂਹੀ ਤੁਹਾਡੇ ਬੱਚੇ ਦਾ ਜੀਵਨ ਸੁੰਦਰ ਅਤੇ ਸ਼ਿਸ਼ਟ ਹੋ ਸਕਦਾ ਹੈ। ਤੁਹਾਡੀ ਜੀਵਨਸ਼ੈਲੀ, ਬੱਚੇ ਲਈ ਮਾਰਦਰਸ਼ਕ ਦਾ ਕੰਮ ਕਰਦੀ ਹੈ। ਉਹ ਵੱਡਿਆਂ ਦਾ ਅਨੁਸਰਨ ਕਰਨਾ ਜਲਦੀ ਸਿੱਖ ਜਾਂਦੇ ਹਨ।

ਦੂਸਰੇ ਵਿਅਕਤੀ ਨੂੰ ਆਪਣੀ ਸੁਹਿਰਦਤਾ ਅਤੇ ਸਤਿਕਾਰ ਆਦਰ ਦੀ ਭਾਵਨਾ ਦਾ ਪਰਿਚੈ ਦੇਣਾ ਸ਼ਿਸ਼ਟਾਚਾਰ ਅਖਵਾਉਂਦਾ ਹੈ। ਸ਼ਿਸ਼ਟਾਚਾਰ ਦੀ ਘਾਟ ‘ਚ ਸੁੰਦਰਤਾ ਦਾ ਵੀ ਮਹੱਤਵ ਨਹੀਂ ਰਹਿੰਦਾ। ਰੋਜ਼ਾਨਾ ਦੀ ਜ਼ਿੰਦਗੀ ‘ਚ ਅਸੀਂ ਕੁਝ ਗੱਲਾਂ ਦਾ ਧਿਆਨ ਰੱਖੀਏ ਤਾਂ ਸਾਡੇ ਵਿਅਕਤੀਤਵ ‘ਚ ਨਿਖਾਰ ਲਿਆਂਦਾ ਜਾ ਸਕਦਾ ਹੈ। ਹੇਠ ਲਿਖੀਆਂ ਗੱਲਾਂ ਨਾਲ ਸ਼ਿਸ਼ਟਾਚਾਰ ਨੂੰ ਵਿਕਸਿਤ ਕੀਤਾ ਜਾ ਸਕਦਾ ਹੈ।

1. ਬੱਚਿਆਂ ਨੂੰ ਸਿਖਾਓ ਕਿ ਰਸਤੇ ’ਚ ਚੱਲਦੇ ਸਮੇਂ ਉਨ੍ਹਾਂ ਨੂੰ ਥਾਂ-ਥਾਂ ਥੁੱਕਣਾ ਨਹੀਂ ਚਾਹੀਦਾ।

2. ਜਨਤਕ ਥਾਵਾਂ ‘ਤੇ ਪਿਸ਼ਾਬ ਨਾ ਕਰਨ ਸਗੋਂ ਬਾਥਰੂਮ ਦੀ ਵਰਤੋਂ ਕਰਨ।

3. ਖਾਣਾ ਖਾਂਦੇ ਸਮੇਂ ਦੂਸਰਿਆਂ ਨਾਲ ਗੱਲਾਂ ਨਾ ਕਰਨ ਦੀ ਆਦਤ ਬਾਰੇ ਦੱਸੋ। ਬੱਚੇ ਹੱਥ ਧੋ ਕੇ ਹੀ ਭੋਜਨ ਕਰਨ। ਉਚਿਤ ਢੰਗ ਨਾਲ ਬੈਠ ਕੇ ਸ਼ਾਂਤੀ ਨਾਲ ਭੋਜਨ ਕਰਨ ਦੀ ਆਦਤ ਪਾਓ।

4. ਬੱਚਿਆਂ ਨੂੰ ਸਿਖਾਓ ਕਿ ਨੱਕ ‘ਚ ਉਂਗਲੀ ਪਾ ਕੇ ਨੱਕ ਸਾਫ ਨਾ ਕਰਨ।

5. ਬੱਚਿਆਂ ਨੂੰ ਇਹ ਵੀ ਸਿਖਾਓ ਕਿ ਪੜ੍ਹਦੇ ਸਮੇਂ ਉਂਗਲੀ ਨੂੰ ਥੁੱਕ ਲਗਾ ਕੇ ਪੁਸਤਕ ਦੇ ਪੰਨੇ ਨਾ ਪਲਟਾਉਣ। ਇਹ ਸਿਹਤ ਲਈ ਵੀ ਹਾਨੀਕਾਰਕ ਹੁੰਦਾ ਹੈ। ਜੀਵਾਣੂ ਕਿਤਾਬਾਂ ‘ਤੇ ਲੱਗੇ ਰਹਿੰਦੇ ਹਨ।

6. ਬੱਚਿਆਂ ਨੂੰ ਸਮਝਾਓ ਕਿ ਗੱਲਬਾਤ ਕਰਦੇ ਸਮੇਂ ਗਾਲ੍ਹਾਂ ਦੀ ਵਰਤੋਂ ਨਾ ਕਰਨ। ਦੂਸਰਿਆਂ ਦੇ ਸਰੀਰ ‘ਤੇ ਹੱਥ ਮਾਰ-ਮਾਰ ਕੇ ਗੱਲਾਂ ਨਾ ਕਰਨ।

7. ਗੱਲਾਂ ਕਰਦੇ ਸਮੇਂ ਹੋਰਾਂ ਬੱਚਿਆਂ ਦੇ ਸਰੀਰ ਨੂੰ ਹੱਥ ਨਾ ਲਗਾਉਣ।  

8. ਭੋਜਨ ਖਾਣ ਤੋਂ ਬਾਅਦ ਡਾਈਨਿੰਗ ਟੇਬਲ ‘ਤੇ ਸਾਰਿਆਂ ਦੇ ਸਾਹਮਣੇ ਕੁਰਲੀ ਨਾ ਕਰਨ ਦੀ ਆਦਤ ਪਾਓ।

9. ਕਦੇ ਵੀ ਸੜਕ ਛਾਪ ਜੋਤਸ਼ੀਆਂ ਤੋਂ ਆਪਣੀ ਭਵਿੱਖਵਾਣੀ ਨਾ ਪੁੱਛਣ। ਉਹ ਤੁਹਾਡੀ ਜ਼ਿੰਦਗੀ ਨੂੰ ਅਸ਼ਾਂਤ ਕਰ ਦੇਣਗੇ।

10. ਬੱਚਿਆਂ ਨੂੰ ਸਿਖਾਓ ਕਿ ਉਹ ਜਾਦੂ-ਟੂਣਾ, ਜੰਤਰ-ਮੰਤਰ ਆਦਿ ‘ਤੇ ਭਰੋਸਾ ਨਾ ਕਰਨ।

Leave a Reply

Your email address will not be published. Required fields are marked *