ਅਫ਼ੇਅਰ ਦੇ ਚੱਕਰ ’ਚ ਨੌਜਵਾਨ ਨੇ ਮਾਰੀ ਖ਼ੁਦ ਨੂੰ ਗੋਲੀ

ਜਲੰਧਰ: ਵਰਕਸ਼ਾਪ ਚੌਂਕ ਨਜ਼ਦੀਕ ਕਾਰ ਖੜ੍ਹੀ ਕਰਕੇ ਆਈਲੈੱਟਸ ਦਾ ਕੋਰਸ ਕਰ ਰਹੇ 21 ਸਾਲਾ ਨੌਜਵਾਨ ਨੇ ਆਪਣੀ ਛਾਤੀ ਵਿਚ ਗੋਲ਼ੀ ਮਾਰ ਲਈ, ਜਿਹੜੀ ਆਰ-ਪਾਰ ਹੋ ਗਈ। ਨੌਜਵਾਨ ਮਾਨਸਿਕ ਤੌਰ ’ਤੇ ਪ੍ਰੇਸ਼ਾਨ ਦੱਸਿਆ ਜਾ ਰਿਹਾ ਹੈ, ਜਿਸ ਨੇ ਆਪਣੇ ਪਿਤਾ ਦੀ ਲਾਇਸੈਂਸੀ ਪਿਸਤੌਲ ਨਾਲ ਘਟਨਾ ਨੂੰ ਅੰਜਾਮ ਦਿੱਤਾ। ਫਿਲਹਾਲ ਆਪ੍ਰੇਸ਼ਨ ਤੋਂ ਬਾਅਦ ਨੌਜਵਾਨ ਦੀ ਹਾਲਤ ਖ਼ਤਰੇ ਤੋਂ ਬਾਹਰ ਹੈ।

ਥਾਣਾ ਨੰਬਰ 2 ਦੇ ਇੰਚਾਰਜ ਅਜਾਇਬ ਸਿੰਘ ਨੇ ਦੱਸਿਆ ਕਿ ਜ਼ਖ਼ਮੀ ਹੋਏ ਨੌਜਵਾਨ ਦੀ ਪਛਾਣ ਅਰਵਿੰਦਰ ਸਿੰਘ (21) ਪੁੱਤਰ ਸਤਨਾਮ ਸਿੰਘ ਨਿਵਾਸੀ ਅਮੀਵਾਲਾ, ਮੱਖੂ (ਜ਼ੀਰਾ) ਵਜੋਂ ਹੋਈ ਹੈ। ਉਨ੍ਹਾਂ ਦੱਸਿਆ ਕਿ ਅਰਵਿੰਦਰ ਜਲੰਧਰ ਤੋਂ ਆਈਲੈੱਟਸ ਦਾ ਕੋਰਸ ਕਰ ਰਿਹਾ ਹੈ। ਉਹ ਐਤਵਾਰ ਸਵੇਰੇ ਆਪਣੀ ਕਾਰ ਵਿਚ ਜਲੰਧਰ ਵਿਚ ਆਇਆ ਸੀ। ਉਸ ਨੇ ਕਾਰ ਵਰਕਸ਼ਾਪ ਚੌਂਕ ਨੇੜੇ ਖੜ੍ਹੀ ਕੀਤੀ ਅਤੇ 32 ਬੋਰ ਦੇ ਪਿਸਤੌਲ ਨਾਲ ਛਾਤੀ ਦੇ ਸੱਜੇ ਪਾਸੇ ਖ਼ੁਦ ਨੂੰ ਗੋਲ਼ੀ ਮਾਰ ਲਈ। ਗੋਲ਼ੀ ਛਾਤੀ ਤੋਂ ਆਰ-ਪਾਰ ਹੋ ਗਈ। ਅਰਵਿੰਦਰ ਨੂੰ ਨਿੱਜੀ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ ਹੈ।

ਇਹ ਵੀ ਪਤਾ ਲੱਗਾ ਹੈ ਕਿ ਅਰਵਿੰਦਰ ਦਾ ਇਕ ਹਫ਼ਤਾ ਪਹਿਲਾਂ ਆਪਣੀ ਗਰਲਫਰੈਂਡ ਦੇ ਨਾਲ ਬ੍ਰੇਕਅਪ ਹੋਇਆ ਸੀ, ਕਿਉਂਕਿ ਦੋਹਾਂ ਦੇ ਧਰਮ ਵੱਖ-ਵੱਖ ਸਨ। ਅਰਵਿੰਦਰ ਬ੍ਰੇਕਅਪ ਦੇ ਬਾਅਦ ਘਰੋਂ ਪਿਤਾ ਦੀ ਲਾਇਸੈਂਸੀ ਰਿਵਾਲਵਰ ਲੈ ਕੇ ਆਇਆ ਸੀ।

ਇਸ ਕਰਕੇ ਕੀਤੀ ਖ਼ੁਦਕੁਸ਼ੀ ਦੀ ਕੋਸ਼ਿਸ਼
ਆਪ੍ਰੇਸ਼ਨ ਦੇ ਬਾਅਦ ਸੋਮਵਾਰ ਸ਼ਾਮ ਹੋਸ਼ ਵਿਚ ਆਏ ਅਰਵਿੰਦਰ ਸਿੰਘ ਨੇ ਪੁਲਸ ਨੂੰ ਦੱਸਿਆ ਕਿ ਉਸ ਦੇ ਪਿਤਾ ਸਤਨਾਮ ਸਿੰਘ ਕਿਸਾਨ ਹਨ। ਉਹ ਕੈਨੇਡਾ ਜਾਣਾ ਚਾਹੁੰਦਾ ਹੈ, ਜਿਸ ਕਰਕੇ ਉਹ ਜਲੰਧਰ ਤੋਂ ਆਈਲੈੱਟਸ ਕਰ ਰਿਹਾ ਹੈ। ਰੋਜ਼ਾਨਾ ਘਰ ਨਾ ਜਾਣ ਕਾਰਨ ਉਹ ਉਦੈ ਨਗਰ ਵਿਚ ਗੁਰਜੀਤ ਸਿੰਘ ਦੇ ਪੀ.ਜੀ. ਵਿਚ ਰਹਿੰਦਾ ਹੈ। ਇਸ ਦੌਰਾਨ ਫਿਲੌਰ ਦੀ ਰਹਿਣ ਵਾਲੀ ਉਸ ਦਾ ਇਕ ਵਿਦਿਆਰਥਣ ਨਾਲ ਅਫੇਅਰ ਚੱਲ ਗਿਆ ਸੀ। ਉਸ ਨੇ ਆਪਣੇ ਪਰਿਵਾਰ ਨੂੰ ਵੀ ਦੱਸ ਦਿੱਤਾ ਸੀ। ਇਕ ਹਫ਼ਤਾ ਪਹਿਲਾਂ ਉਸ ਨੂੰ ਗਰਲਫਰੈਂਡ ਨੇ ਵਿਆਹ ਤੋਂ ਮਨ੍ਹਾ ਕਰ ਦਿੱਤਾ ਸੀ ਕਿ ਉਸ ਦਾ ਪਰਿਵਾਰ ਰਾਜ਼ੀ ਨਹੀਂ ਹੈ। ਕਾਰਨ ਪੁੱਛਣ ‘ਤੇ ਕੁੜੀ ਨੇ ਦੱਸਿਆ ਕਿ ਉਨ੍ਹਾਂ ਦੇ ਧਰਮ ਵੱਖ-ਵੱਖ ਹਨ।

ਗਰਲਫਰੈਂਡ ਦੀ ਇਹ ਗੱਲ ਸੁਣ ਕੇ ਉਹ ਡਿਪਰੈਸ਼ਨ ਵਿਚ ਚਲਾ ਗਿਆ ਸੀ। ਉਹ ਫਿਰੋਜ਼ਪੁਰ ਦੇ ਪਿੰਡ ਅੰਮੀਵਾਲ ਸਥਿਤ ਆਪਣੇ ਘਰ ਗਿਆ ਪਰ ਉਥੇ ਦਿਲ ਨਹੀਂ ਲੱਗਾ ਤਾਂ ਚੋਰੀ ਪਿਤਾ ਦੀ ਪਿਸਤੌਲ ਲੈ ਕੇ ਗਿਆ ਸੀ। ਉਥੇ ਹੀ ਪੁਲਸ ਵੱਲੋਂ ਅਰਵਿੰਦਰ ਦੇ ਖ਼ਿਲਾਫ਼ ਅਸਲਾ ਐਕਟ ਦੀ ਧਾਰਾ 25, 30 ਅਤੇ ਸੀ.ਆਰ.ਪੀ.ਸੀ. ਦੇ ਤਹਿਤ ਕੇਸ ਦਰਜ ਕਰ ਲਿਆ ਗਿਆ ਹੈ। ਪੁਲਸ ਨੇ ਅਸਲਾ ਐਕਟ ਦੀ ਧਾਰ-30 ਵਿਚ ਕਿਸਾਨ ਪਿਤਾ ਸਤਨਾਮ ਸਿੰਘ ਨੂੰ ਵੀ ਮੁਲਜ਼ਮ ਬਣਾਇਆ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਅਰਵਿੰਦਰ ਮਾਨਸਿਕ ਤੌਰ ’ਤੇ ਪ੍ਰੇਸ਼ਾਨ ਹੈ, ਜਿਸ ਕਾਰਨ ਉਸ ਨੇ ਇਹ ਕਦਮ ਚੁੱਕਿਆ। ਉਸ ਦੀ ਹਾਲਤ ਸਥਿਰ ਦੱਸੀ ਜਾ ਰਹੀ ਹੈ। ਥਾਣਾ ਨੰਬਰ 2 ਦੀ ਪੁਲਸ ਨੇ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

Leave a Reply

Your email address will not be published. Required fields are marked *