ਮਜੀਠੀਆ ਵਕੀਲਾਂ ਸਣੇ ‘ਸਿਟ’ ਅੱਗੇ ਪੇਸ਼

ਐੱਸਏਐੱਸ ਨਗਰ (ਮੁਹਾਲੀ) : ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਅੱਜ ਬਹੁਚਰਚਿਤ ਨਸ਼ਾ ਤਸਕਰੀ ਮਾਮਲੇ ਦੀ ਜਾਂਚ ਵਿੱਚ ਸ਼ਾਮਲ ਹੋਣ ਲਈ ‘ਸਿਟ’ ਅੱਗੇ ਪੇਸ਼ ਹੋਏ। ਵਿਸ਼ੇਸ਼ ਜਾਂਚ ਟੀਮ ਨੇ ਮਜੀਠੀਆ ਤੋਂ ਢਾਈ ਘੰਟੇ ਦੇ ਕਰੀਬ ਪੁੱਛ-ਪੜਤਾਲ ਕੀਤੀ। ਪਿਛਲੀ ਦਿਨੀਂ ਹਾਈ ਕੋਰਟ ’ਚੋਂ ਅਗਾਊਂ ਜ਼ਮਾਨਤ ਮਿਲਣ ਤੋਂ ਬਾਅਦ ਮਜੀਠੀਆ ਅੱਜ ਆਪਣੇ ਵਕੀਲਾਂ ਨਾਲ ਇਥੇ ਫੇਜ਼-4 ਸਥਿਤ ਪੰਜਾਬ ਪੁਲੀਸ ਦੇ ਸਟੇਟ ਕ੍ਰਾਈਮ ਬਿਊਰੋ ਦੇ ਥਾਣੇ ਵਿੱਚ ਪਹੁੰਚੇ। ਪੁਲੀਸ ਨੇ ਪਹਿਲਾਂ ਅਕਾਲੀ ਆਗੂ ਦੇ ਵਕੀਲਾਂ ਨੂੰ ਗੇਟ ’ਤੇ ਹੀ ਰੋਕ ਦਿੱਤਾ, ਪਰ ਉੱਚ ਅਧਿਕਾਰੀਆਂ ਦੇ ਦਖ਼ਲ ਮਗਰੋਂ ਉਨ੍ਹਾਂ ਨੂੰ ਅੰਦਰ ਜਾਣ ਦਿੱਤਾ ਗਿਆ। ਅਕਾਲੀ ਆਗੂ ਕੋਲੋਂ ਨਸ਼ਾ ਤਸਕਰੀ ਮਾਮਲੇ ਵਿੱਚ ਪੁੱਛ ਪੜਤਾਲ ਕੀਤੀ ਗਈ ਅਤੇ ਤਾਜ਼ਾ ਐੱਫ਼ਆਈਆਰ ਵਿੱਚ ਦਰਜ ਵੇਰਵਿਆਂ ਬਾਰੇ ਜਾਂਚ ਟੀਮ ਨੇ ਸਵਾਲ ਪੁੱਛੇ। ਸੂਤਰਾਂ ਮੁਤਾਬਕ ਮਜੀਠੀਆ ਨੇ ਕਈ ਸਵਾਲਾਂ ਦੇ ਗੋਲ-ਮੋਲ ਜਵਾਬ ਦਿੱਤੇ। ਜਾਂਚ ਤੋਂ ਬਾਅਦ ਬਿਊਰੋ ਦਫ਼ਤਰ ਦੇ ਬਾਹਰ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਮਜੀਠੀਆ ਨੇ ਦਾਅਵਾ ਕੀਤਾ ਕਿ ਉਹ ‘ਸਿਟ’ ਨੂੰ ਜਾਂਚ ਵਿੱਚ ਪੂਰਾ ਸਹਿਯੋਗ ਦੇ ਰਹੇ ਹਨ। ਮਜੀਠੀਆ ਨੇ ਦੁਹਰਾਇਆ ਕਿ ਉਨ੍ਹਾਂ ਖ਼ਿਲਾਫ਼ ਮਾਮਲਾ ਪੂਰੀ ਤਰ੍ਹਾਂ ਸਿਆਸਤ ਤੋਂ ਪ੍ਰੇਰਿਤ ਹੈ ਕਿਉਂਕਿ ਇਸ ਮਾਮਲੇ ਦੀ ਪਹਿਲਾਂ ਹੀ ਏਡੀਜੀਪੀ ਪੱਧਰ ਦੇ ਅਧਿਕਾਰੀਆਂ ਵੱਲੋਂ ਮੁਕੰਮਲ ਜਾਂਚ ਕੀਤੀ ਜਾ ਚੁੱਕੀ ਹੈ। ਹੁਕਮਰਾਨ ਪਾਰਟੀ ਉਸ ਨੂੰ ਹਵਾਲਾਤ ਵਿੱਚ ਬੰਦ ਕਰਕੇ ਚੋਣਾਂ ਵਿੱਚ ਸਿਆਸੀ ਲਾਹਾ ਲੈਣਾ ਚਾਹੁੰਦੀ ਹੈ। ਉਨ੍ਹਾਂ ਕਿਹਾ ਕਿ ਇਸ ਮਾਮਲੇ ਦਾ ਸੱਚ ਲੋਕਾਂ ਸਾਹਮਣੇ ਆਉਣਾ ਚਾਹੀਦਾ ਹੈ। ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੱਧੂ ’ਤੇ ਵਿਅੰਗ ਕੱਸਦਿਆਂ ਮਜੀਠੀਆ ਨੇ ਕਿਹਾ ਕਿ ਨਵਜੋਤ ਸਿੱਧੂ ਵੱਲੋਂ ਖਟਾਰਾ ਮਾਡਲ ਪੇਸ਼ ਕੀਤਾ ਗਿਆ ਹੈ ਅਤੇ ਇਹ ਪੂਰੀ ਤਰ੍ਹਾਂ ਫੇਲ੍ਹ ਹੋ ਚੁੱਕਾ ਹੈ। ਉਨ੍ਹਾਂ ਕਿਹਾ ਕਿ ਸਿੱਧੂ ਸਿਰਫ਼ ‘ਮੈਂ-ਮੈਂ ਮੈਂ ਕਰਦਾ’ ਹੀ ਪੰਜਾਬ ਘੁੰਮ ਰਿਹਾ ਹੈ। ਮਜੀਠੀਆ ਨੇ ਕਿਹਾ ਕਿ ਸਿੱਧੂ ਦੀ ਬਤੌਰ ਕੈਬਨਿਟ ਮੰਤਰੀ ਵੱਖ-ਵੱਖ ਵਿਭਾਗਾਂ ਦੀ ਕਾਰਗੁਜ਼ਾਰੀ ਸਿਫ਼ਰ ਹੈ। ‘ਆਪ’ ਸੁਪਰੀਮੋ ਅਰਵਿੰਦ ਕੇਜਰੀਵਾਲ ਦੇ ‘ਪੰਜਾਬ ਮਾਡਲ’ ਬਾਰੇ ਪੁੱਛੇ ਸਵਾਲ ਦੇ ਜਵਾਬ ਵਿੱਚ ਮਜੀਠੀਆ ਨੇ ਕਿਹਾ ਕਿ ਕੇਜਰੀਵਾਲ ਨੂੰ ਪੰਜਾਬ ਦੇ ਮਾਡਲ ਬਾਰੇ ਕੋਈ ਜਾਣਕਾਰੀ ਨਹੀਂ ਹੈ ਅਤੇ ਪੰਜਾਬੀ ਖ਼ੁਦ ਹੀ ਪੰਜਾਬ ਦਾ ਮਾਡਲ ਪੇਸ਼ ਕਰਦੇ ਹਨ। ਉਨ੍ਹਾਂ ਕਿਹਾ ਕਿ ਕੇਜਰੀਵਾਲ ਮਾਡਲ ਦੀ ਪੰਜਾਬ ਵਿੱਚ ਕੋਈ ਥਾਂ ਨਹੀਂ ਹੈ ਕਿਉਂਕਿ ਜੇਕਰ ਕੋਈ ਮਾਡਲ ਹੁੰਦਾ ਤਾਂ ਇਸ ਨੂੰ ਸਹੀ ਮਾਇਨਿਆਂ ਵਿੱਚ ਦਿੱਲੀ ਵਿੱਚ ਹੀ ਲਾਗੂ ਕਰ ਲਿਆ ਜਾਂਦਾ।

Leave a Reply

Your email address will not be published. Required fields are marked *