ਪੰਜਾਬ ਦੀ ਵਰਚੁਅਲ ਸਿਆਸਤ: 80 ਦੀ ਉਮਰ ’ਚ ਨੇਤਾ ਸਿੱਖ ਰਹੇ ਹਨ ਫੇਸਬੁੱਕ

ਮੋਗਾ:’ਹੁਣ ਮੈਂ ਫੇਸਬੁੱਕ ਚਲਾ ਲੈਂਦਾ ਹਾਂ ਪਰ ਓਹ ਗੱਲ ਨਹੀਂ ਬਣਦੀ।’ ਇਹ ਕਹਿਣਾ ਹੈ ਅਕਾਲੀ ਨੇਤਾ ਤੋਤਾ ਸਿੰਘ ਦਾ। ਇਸ ਵਾਰ ਉਹ ਮੋਗਾ ਦੇ ਧਰਮਕੋਟ ਤੋਂ ਉਮੀਦਵਾਰ ਹਨ। ਪਿਛਲੀ ਅਕਾਲੀ ਸਰਕਾਰ ਵਿਚ ਉਹ ਸਿੱਖਿਆ ਮੰਤਰੀ ਰਹੇ ਸਨ। ਹੁਣ 80 ਸਾਲ ਦੀ ਉਮਰ ਵਿਚ ਉਹ ਵਰਚੁਅਲ ਰੈਲੀ ਕਰਨਾ ਸਿੱਖ ਰਹੇ ਹਨ ਕਿਉਂਕਿ ਕੋਵਿਡ-19 ਕਾਰਨ ਚੋਣ ਕਮਿਸ਼ਨ ਨੇ ਰੈਲੀਆਂ ਤੇ ਸਭਾਵਾਂ ’ਤੇ ਰੋਕ ਲਾਈ ਹੋਈ ਹੈ। ਉਹ 5 ਦਹਾਕਿਆਂ ਤੋਂ ਚੋਣ ਰਾਜਨੀਤੀ ਵਿਚ ਹਨ ਅਤੇ ਅਜਿਹਾ ਪਹਿਲੀ ਵਾਰ ਹੈ ਜਦੋਂ ਪ੍ਰਚਾਰ ਡਿਜੀਟਲ ਤਰੀਕੇ ਨਾਲ ਕਰਨਾ ਪੈ ਰਿਹਾ ਹੈ।

ਤੋਤਾ ਸਿੰਘ 3 ਵਾਰ ਅਕਾਲੀ ਦਲ ਦੀ ਟਿਕਟ ’ਤੇ ਜਿੱਤ ਚੁੱਕੇ ਹਨ। ਸਮਾਰਟਫੋਨ ਤੇ ਫੇਸਬੁੱਕ ਤੋਂ ਇਲਾਵਾ ਉਨ੍ਹਾਂ ਨੇ ਹੁਣ ਜ਼ੂਮ ’ਤੇ ਪਾਰਟੀ ਮੀਟਿੰਗ ਵਿਚ ਵੀ ਹਿੱਸਾ ਲੈਣਾ ਹੁੰਦਾ ਹੈ। ਨਾਲ ਹੀ ਵਟਸਐਪ ’ਤੇ ਬਲਕ ਮੈਸੇਜ ਭੇਜਣੇ ਹੁੰਦੇ ਹਨ। ਉਨ੍ਹਾਂ ਦੇ ਬੇਟੇ ਬਰਜਿੰਦਰ ਸਿੰਘ ਮੱਖਣ ਬਰਾੜ ਵੀ ਮੋਗਾ ਤੋਂ ਅਕਾਲੀ ਦਲ ਦੇ ਉਮੀਦਵਾਰ ਹਨ। ਉਨ੍ਹਾਂ ਦੀ ਨਵੀਂ ਟੀਮ ਬੂਥ ਪੱਧਰੀ 206 ਵਟਸਐਪ ਗਰੁੱਪ ਚਲਾ ਰਹੀ ਹੈ। ਉਨ੍ਹਾਂ ਨੇ ਫੇਸਬੁੱਕ ਤੋਂ ਇਕ ਨਵਾਂ ਸਨੈਪੀ ਟੈਗ ‘ਧਰਮਕੋਟ ਦਾ ਜਥੇਦਾਰ’ ਹਾਸਲ ਕੀਤਾ ਹੈ।

ਤੋਤਾ ਸਿੰਘ ਮੰਨਦੇ ਹਨ ਕਿ ਸੋਸ਼ਲ ਮੀਡੀਆ ਕਦੇ ਵੀ ਸਭਾਵਾਂ ਦਾ ਬਦਲ ਨਹੀਂ ਹੋ ਸਕਦਾ। ਚੋਣ ਕਮਿਸ਼ਨ ਨੇ ਕੋਵਿਡ ਕਾਰਨ ਰੈਲੀਆਂ ’ਤੇ ਜੋ ਰੋਕ ਲਾਈ ਹੋਈ ਹੈ, ਉਸ ਦਾ ਸਭ ਤੋਂ ਉਲਟ ਅਸਰ ਸ਼੍ਰੋਮਣੀ ਅਕਾਲੀ ਦਲ ’ਤੇ ਹੀ ਪਿਆ ਹੈ। ਅਕਾਲੀ ਦਲ ਦੇ ਵੋਟਰ ਜ਼ਿਆਦਾਤਰ ਕਿਸਾਨ, ਰੋਜ਼ਾਨਾ ਕਮਾਉਣ ਵਾਲੇ ਤੇ ਪੇਂਡੂ ਹਨ। ਉਨ੍ਹਾਂ ਵਿਚੋਂ ਕਾਫ਼ੀ ਹੁਣ ਵੀ ਇੰਟਰਨੈੱਟ ਤੇ ਸੋਸ਼ਲ ਮੀਡੀਆ ’ਤੇ ਨਹੀਂ ਹਨ। ਬਾਦਲ ਪਰਿਵਾਰ ਦੀ ਕਿਸੇ ਵੀ ਰੈਲੀ ਵਿਚ ਉਹ ਹਜ਼ਾਰਾਂ ਦੀ ਗਿਣਤੀ ਵਿਚ ਪਹੁੰਚ ਜਾਂਦੇ ਹਨ।

ਉਨ੍ਹਾਂ ਦੇ ਪੁੱਤਰ ਮੱਖਣ ਬਰਾੜ ਕਹਿੰਦੇ ਹਨ ਕਿ ਉਨ੍ਹਾਂ ਨੇ ਪਿਤਾ ਦੇ ਸੋਸ਼ਲ ਮੀਡੀਆ ਕੈਂਪੇਨ ਲਈ ਇਕ ਪ੍ਰਾਈਵੇਟ ਏਜੰਸੀ ਹਾਇਰ ਕੀਤੀ ਹੈ। ਫੋਟੋਗ੍ਰਾਫਰ ਤੇ ਵੀਡੀਓਗ੍ਰਾਫਰ ਵੀ ਸਾਡੇ ਨਾਲ ਹਨ। ਉਹ ਸਾਡੀ ਘਰ ਦੀ ਟੀਮ ਨਾਲ ਪੂਰਾ ਸੰਪਰਕ ਰੱਖਦੇ ਹਨ ਅਤੇ ਹਰ ਸਰਗਰਮੀ ਨੂੰ ਫੇਸਬੁੱਕ, ਇੰਸਟਾਗ੍ਰਾਮ ਤੇ ਹੋਰ ਪਲੇਟਫਾਰਮਜ਼ ’ਤੇ ਅਪਡੇਟ ਕਰਦੇ ਹਨ।

ਅਕਾਲੀ ਦਲ ਦਾ ਪ੍ਰਚਾਰ ਪਾਰਟੀ ਦੇ ਉਪ-ਪ੍ਰਧਾਨ ਤੇ ਸਾਬਕਾ ਉਪ-ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਅਤੇ ਸਾਬਕਾ ਮੰਤਰੀ ਤੇ ਡਰੱਗਜ਼ ਕੇਸ ਵਿਚ ਜ਼ਮਾਨਤ ’ਤੇ ਚੱਲ ਰਹੇ ਬਿਕਰਮ ਸਿੰਘ ਮਜੀਠੀਆ ’ਤੇ ਫੋਕਸ ਹੈ। ਪਾਰਟੀ ਨੇ ਚੋਣ ਸੁਪਰਵਾਈਜ਼ਰ ਸੁਨੀਲ ਕਨੁਗੋਲੂ ਦੀ ਕੰਪਨੀ ‘ਮਾਈਂਡਸ਼ੇਅਰ ਐਨਾਲਿਟਿਕਸ’ ਨੂੰ ਹਾਇਰ ਕੀਤਾ ਹੈ। ਇਹੀ ਪੂਰੀ ਪ੍ਰਚਾਰ ਮੁਹਿੰਮ ਨੂੰ ਸੰਭਾਲ ਰਹੀ ਹੈ। ਇਸ ਨੇ ਸ਼੍ਰੋਮਣੀ ਅਕਾਲੀ ਦਲ ਲਈ ‘ਗੱਲ ਪੰਜਾਬ ਦੀ’ ਨਾਂ ਨਾਲ ਪ੍ਰਚਾਰ ਮੁਹਿੰਮ ਚਲਾਈ ਹੈ। ਸੋਮਵਾਰ ਨੂੰ ਸੁਖਬੀਰ ਬਾਦਲ ਨੇ ਖਰੜ ਤੋਂ ਪਾਰਟੀ ਦੇ ਉਮੀਦਵਾਰ ਰਣਜੀਤ ਸਿੰਘ ਗਿੱਲ ਨਾਲ ਪਹਿਲਾ ਵਰਚੁਅਲ ਇੰਟਰੈਕਸ਼ਨ ਫੇਸਬੁੱਕ ਤੇ ਯੂ-ਟਿਊਬ ’ਤੇ ਕੀਤਾ ਸੀ। ਪਾਰਟੀ ਦੇ ਆਈ. ਟੀ. ਸੈੱਲ ਦੇ ਇੰਚਾਰਜ ਨਛੱਤਰ ਗਿੱਲ ਦਾ ਕਹਿਣਾ ਹੈ ਕਿ ਉਹ ਫੇਸਬੁੱਕ, ਇੰਸਟਾਗ੍ਰਾਮ, ਯੂ-ਟਿਊਬ, ਸਨੈਪਚੈਟ, ਸ਼ੇਅਰਚੈਟ ਆਦਿ ਦੀ ਵਰਤੋਂ ਕਰ ਰਹੇ ਹਨ। ਇਸ ਤੋਂ ਇਲਾਵਾ ਉਨ੍ਹਾਂ ਕੋਲ 23 ਹਜ਼ਾਰ ਬੂਥ ਲੈਵਲ ਦੇ ਵਟਸਐਪ ਗਰੁੱਪ ਹਨ।

ਓਧਰ ਆਮ ਆਦਮੀ ਪਾਰਟੀ ਦਾ ਡਿਜੀਟਲ ਕੈਂਪੇਨ ਖ਼ਾਸ ਏਜ ਗਰੁੱਪ ਨੂੰ ਟਾਰਗੈੱਟ ਕਰ ਰਿਹਾ ਹੈ। ਉਸ ਦਾ ਸੈਂਟਰਲ ਥੀਮ ਪਾਰਟੀ ਦੇ ਪ੍ਰਧਾਨ ਅਰਵਿੰਦ ਕੇਜਰੀਵਾਲ ਹਨ। ਥੀਮ ਦਾ ਨਾਂ ਹੈ ‘ਇਕ ਮੌਕਾ ਕੇਜਰੀਵਾਲ ਨੂੰ’। ਪੰਜਾਬ ’ਚ ‘ਆਪ’ ਦੇ ਸੋਸ਼ਲ ਮੀਡੀਆ ਹੈੱਡ ਆਕਾਸ਼ਨੂਰ ਸਿੰਘ ਅਨੁਸਾਰ ਕੇਜਰੀਵਾਲ ਤੋਂ ਬਾਅਦ ਸਾਡਾ ਫੋਕਸ ਸੂਬਾ ਪ੍ਰਧਾਨ ਭਗਵੰਤ ਮਾਨ ’ਤੇ ਹੈ। ਉਹ ਵੋਟਰਾਂ ਵਿਚ ਬਹੁਤ ਹਰਮਨ ਪਿਆਰੇ ਹਨ। ਅਸੀਂ ਫੇਸਬੁੱਕ ਤੇ ਇੰਸਟਾਗ੍ਰਾਮ ’ਤੇ ਰੀਲ ਵਰਗੇ ਫੀਚਰ ਦੀ ਵਰਤੋਂ ਕਰ ਰਹੇ ਹਾਂ। ਸਾਡਾ ਉਦੇਸ਼ ਹੈਸ਼ਟੈਗ ਨੂੰ ਕੈਸ਼ ਕਰਨਾ ਨਹੀਂ, ਸਗੋਂ ਕੰਟੈਂਟ ਦੇਣਾ ਹੈ ਤਾਂ ਜੋ ਵੋਟਰ ਇਹ ਸਮਝ ਸਕੇ ਕਿ ਉਸ ਨੂੰ ‘ਆਪ’ ਨੂੰ ਵੋਟ ਕਿਉਂ ਦੇਣੀ ਚਾਹੀਦੀ ਹੈ। ਜੇ ਅਸੀਂ 35 ਸਾਲ ਤੋਂ ਉੱਪਰ ਦੀ ਉਮਰ ਦੇ ਲੋਕਾਂ ਤਕ ਪਹੁੰਚ ਬਣਾਉਣਾ ਚਾਹੁੰਦੇ ਹਾਂ ਤਾਂ ਫੇਸਬੁੱਕ ਮੁੱਖ ਹੈ ਪਰ 18 ਤੋਂ 35 ਸਾਲ ਵਾਲਿਆਂ ਲਈ ਸਾਨੂੰ ਆਪਣਾ ਕੰਟੈਂਟ ਇੰਸਟਾਗ੍ਰਾਮ ’ਤੇ ਪਾਉਣਾ ਪੈਂਦਾ ਹੈ। ਪੰਜਾਬ ਵਿਚ ਟਵਿਟਰ ਜ਼ਿਆਦਾ ਲੋਕਪ੍ਰਿਯ ਨਹੀਂ ਹੈ। ਕਾਂਗਰਸ ਦੇ ਸੋਸ਼ਲ ਮੀਡੀਆ ਵਾਰ ਰੂਮ ਦਾ ਹੈੱਡਕੁਆਰਟਰ ਮੋਹਾਲੀ ’ਚ ਹੈ। ਪਾਰਟੀ ਦੇ ਨੈਸ਼ਨਲ ਡਿਜੀਟਲ ਕੋ-ਆਰਡੀਨੇਟਰ ਗੌਰਵ ਪਾਂਧੀ ਖ਼ੁਦ ਇਸ ਦੀ ਕਮਾਨ ਸੰਭਾਲਦੇ ਹਨ। ਕਾਂਗਰਸ ਦੀ ਮੁਹਿੰਮ ਸੋਸ਼ਲ ਮੀਡੀਆ ’ਤੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੰ ਆਮ ਲੋਕਾਂ ਦਾ ਮੁੱਖ ਮੰਤਰੀ ਪ੍ਰਾਜੈਕਟ ਕਰਨਾ ਹੈ। ਇਸ ਦੇ ਲਈ 111 ਕਾਂਗਰਸ ਦੁਬਾਰਾ, ਲੋਕਾਂ ਦਾ ਸੀ. ਐੱਮ., ਲੋਕਾਂ ਦੀ ਸਰਕਾਰ ਵਰਗੇ ਹੈਸ਼ਟੈਗ ਚਲਾਏ ਜਾ ਰਹੇ ਹਨ। ਪ੍ਰਚਾਰ ਇਹ ਕੀਤਾ ਜਾ ਰਿਹਾ ਹੈ ਕਿ ਚੰਨੀ ਸਰਕਾਰ ਨੇ 111 ਦਿਨ ਦੇ ਕਾਰਜਕਾਲ ’ਚ 1100 ਦਿਨ ਦਾ ਕੰਮ ਕੀਤਾ। ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਦਾ ਸੋਸ਼ਲ ਮੀਡੀਆ ਕੰਮ ਦੇਖਣ ਲਈ ਉਨ੍ਹਾਂ ਦੀ ਇਕ ਆਪਣੀ ਟੀਮ ਵੀ ਹੈ। ਸਮਿਤ ਸਿੰਘ (30) ਇਸ ਦੇ ਹੈੱਡ ਹਨ, ਜੋ ਇਕ ਇੰਟਰਨੈਸ਼ਨਲ ਸਕੀਟ ਸ਼ੂਟਰ ਹਨ। ਉਹ ਆਕਸਫੋਰਡ ਯੂਨੀਵਰਸਿਟੀ ਤੋਂ ਪੜ੍ਹੇ ਹਨ ਅਤੇ ਧੂਰੀ ਤੋਂ ਵਿਧਾਇਕ ਰਹੇ ਧਨਵੰਤ ਸਿੰਘ ਦੇ ਪੁੱਤਰ ਹਨ। ਸਿੱਧੂ ਉਨ੍ਹਾਂ ਗਿਣੇ-ਚੁਣੇ ਨੇਤਾਵਾਂ ਵਿਚੋਂ ਹਨ, ਜੋ ‘ਕੂ’ ’ਤੇ ਵੀ ਸਰਗਰਮ ਹਨ।

ਪੰਜਾਬ ਭਾਜਪਾ ਦੇ ਸੋਸ਼ਲ ਮੀਡੀਆ ਹੈੱਡ ਰਾਕੇਸ਼ ਗੋਇਲ ਹਨ, ਜਿਨ੍ਹਾਂ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਪਾਰਟੀ ਕੈਪਟਨ ਅਮਰਿੰਦਰ ਸਿੰਘ ਨਾਲ ਗਠਜੋੜ ਕਰ ਕੇ ਚੋਣ ਲੜ ਰਹੀ ਹੈ। ਸੋਸ਼ਲ ਮੀਡੀਆ ਰਣਨੀਤੀ ਤਹਿਤ ਸਾਰੀਆਂ 117 ਸੀਟਾਂ ’ਤੇ ਫੋਕਸ ਕੀਤਾ ਜਾ ਰਿਹਾ ਹੈ। ਹਰ ਵਿਧਾਨ ਸਭਾ ਹਲਕੇ ਵਿਚ ਇੰਚਾਰਜ ਬਣਾ ਦਿੱਤੇ ਗਏ ਹਨ, ਜੋ ਫੇਸਬੁੱਕ, ਯੂ-ਟਿਊਬ, ਇੰਸਟਾਗ੍ਰਾਮ ਤੇ ਟਵਿਟਰ ’ਤੇ ਕੰਟੈਂਟ ਪਾਉਂਦੇ ਹਨ। ਇਸ ਤੋਂ ਇਲਾਵਾ ਫੇਸਬੁੱਕ ’ਤੇ ਪੰਜਾਬ ਬੀ. ਜੇ. ਪੀ. ਅਤੇ ਅਜਿਹੇ ਹੀ ਹੋਰ 36 ਪੇਜ ਹਨ। ‘ਨਵਾਂ ਪੰਜਾਬ, ਭਾਜਪਾ ਦੇ ਨਾਲ’ ਹੈਸ਼ਟੈਗ ਨਾਲ ਪੰਜਾਬ ਭਾਜਪਾ ਨੇ ਆਪਣੀ ਪ੍ਰਚਾਰ ਮੁਹਿੰਮ ਹੁਣੇ ਜਿਹੇ ਸ਼ੁਰੂ ਕੀਤੀ ਹੈ। ਇਸੇ ਤਰ੍ਹਾਂ ‘ਮੋਦੀ ਦਾ ਸਿੱਖਾਂ ਦੇ ਨਾਲ ਖਾਸ ਰਿਸ਼ਤਾ’ ਚਲਾਇਆ ਜਾ ਰਿਹਾ ਹੈ। ਕੈਪਟਨ ਅਮਰਿੰਦਰ ਸਿੰਘ ਦੀ ਪਾਰਟੀ ਪੀ. ਐੱਲ. ਸੀ. ਦੇ ਫੇਸਬੁੱਕ ਪੇਜ ਦੇ 8300 ਫਾਲੋਅਰਸ ਹਨ। ਉਨ੍ਹਾਂ ਦਾ ਪੋਤਰਾ ਨਿਰਵਾਣ ਸਿੰਘ ਉਨ੍ਹਾਂ ਦੇ ਸੋਸ਼ਲ ਮੀਡੀਆ ਪਲੇਟਫਾਰਮ ਨੂੰ ਸੰਭਾਲ ਰਿਹਾ ਹੈ। ਉਨ੍ਹਾਂ ਦਾ ਹੈਸ਼ਟੈਗ ਹੈ ‘ਬਸ ਹੁਣ ਗੋਲ ਕਰਨਾ ਬਾਕੀ ਹੈ।’

Leave a Reply

Your email address will not be published. Required fields are marked *