ਜਉ ਤਉ ਪ੍ਰੇਮ ਖੇਲਣ ਕਾ ਚਾਉ: ਗੁਰੂ ਅਰਜਨ ਸਾਹਿਬ ਦੀ ਸ਼ਹਾਦਤ

ਗੱਜਣਵਾਲਾ ਸੁਖਮਿੰਦਰ ਸਿੰਘ

‘ਮਹਿਮਾ ਪ੍ਰਕਾਸ਼’ ਅਤੇ ‘ਗੁਰ ਪ੍ਰਤਾਪ ਸੂਰਜ ਗ੍ਰੰਥ’ ਸਿੱਖ ਇਤਿਹਾਸ ਦੇ ਪ੍ਰਥਮ ਹਵਾਲਾ ਸਰੋਤ ਹਨ, ਜਿਨ੍ਹਾਂ ਵਿਚ ਗੁਰੂ ਅਰਜਨ ਦੇਵ ਨੂੰ ਤਸੀਹੇ ਦੇ ਕੇ ਸ਼ਹੀਦ ਕਰਨ ਵਿਚ ਚੰਦੂ ਸ਼ਾਹ ਦੀਵਾਨ ਵੱਲੋਂ ਮੁੱਖ ਭੂਮਿਕਾ ਨਿਭਾਉਣ ਦਾ ਵਿਸ਼ੇਸ਼ ਤਜ਼ਕਰਾ ਹੈ।

ਚੰਦੂ ਸ਼ਾਹ ਦੀਵਾਨ, ਬਾਦਸ਼ਾਹ ਜਹਾਂਗੀਰ ਦੇ ਰਾਜ ਵਿਚ ਮਹਿਕਮਾ ਮਾਲ ਦਾ ਉੱਚ ਅਧਿਕਾਰੀ ਸੀ। ਉਸ ਨੇ ਆਪਣੀ ਲੜਕੀ ਲਈ ਯੋਗ ਵਰ ਲੱਭਣ ਲਈ ਉਦੋਂ ਦੇ ਰੀਤੀ-ਰਿਵਾਜ਼ ਅਨੁਸਾਰ ਇੱਕ ਬ੍ਰਾਹਮਣ ਨੂੰ ਪੰਜਾਬ ਵੱਲ ਭੇਜਿਆ। ਉਹ ਪੁੱਛਦਾ ਪੁਛਾਉਂਦਾ ਅੰਮ੍ਰਿਤਸਰ ਪਹੁੰਚ ਗਿਆ। ਆਖਿਰ ਉਸ ਨੇ ਆਪਣੀ ਸੋਝੀ ਅਨੁਸਾਰ ਹਰ ਪੱਖ ਤੋਂ ਖੋਜ-ਪਰਖ ਕੀਤੀ ਤੇ ਗੁਰੂ ਅਰਜਨ ਦੇਵ ਦੇ ਪੁੱਤਰ ਹਰਿਗੋਬਿੰਦ ਜੀ ਨੂੰ ਸ੍ਰੇਸ਼ਟ ਵਰ ਵਜੋਂ ਚੁਣ ਲਿਆ। ਫਿਰ ਉਸ ਨੇ ਵਾਪਸ ਦਿੱਲੀ ਜਾ ਕੇ ਗੁਰੂ ਸਾਹਿਬ ਬਾਰੇ ਸਾਰਾ ਵੇਰਵਾ ਦੱਸਿਆ ਤਾਂ ਚੰਦੂ ਸ਼ਾਹ ਨੂੰ ਉਸ ਦੀ ਪਸੰਦ ਚੰਗੀ ਨਾ ਲੱਗੀ। ਉਸ ਦੇ ਕਿਹਾ, ‘‘ਮੈਂ ਬਡ ਦਿਵਾਨ ਪਾਤਸ਼ਾਹਿ ਕੋ ਜਿਤ ਕਿਤ ਮੇਰਾ ਹੁਕਮ ਅਟਾਲ। – ਮੈਂ ਵੱਡੇ ਮੁਰਾਤਬੇ ਵਾਲਾ ਨਾਮੀ-ਗਿਰਾਮੀ ਬਾਦਸ਼ਾਹ ਦਾ ਦੀਵਾਨ, ਜਿੱਥੇ ਕਿਥੇ ਮੇਰਾ ਹੁਕਮ ਚੱਲਦਾ ਹੈ, ਵਜ਼ੀਰ ਮੁਸ਼ੀਰ ਮੇਰੇ ਕਹਿਣੇ ਵਿਚ, ਤੂੰ (ਬ੍ਰਾਹਮਣ) ਮੇਰੀ ਹੈਸੀਅਤ ਅਨੁਸਾਰ ਸਹੀ ਪਛਾਣ ਨਹੀਂ ਕਰ ਸਕਿਆ। ਫਿਰ ਵੀ ਮੈਂ (ਪਰੰਪਰਾ ਅਨੁਸਾਰ) ਤੇਰਾ ਲਿਆ ਹੋਇਆ ਫ਼ੈਸਲਾ ਮੰਨ ਲੈਂਦਾ ਹਾਂ। ਪਰ ਤੂੰ! ਚੁਬਾਰੇ ਦੀ ਇੱਟ ਮੋਰੀ ਵਿਚ ਲਾ ਆਇਉਂ।’’

‘ਗੁਰ ਪ੍ਰਤਾਪ ਸੂਰਜ ਗ੍ਰੰਥ’ ਦਾ ਰਚੇਤਾ ਭਾਈ ਸੰਤੋਖ ਸਿੰਘ ਲਿੱਖਦਾ ਹੈ: ਚੰਦੂ ਨੇ ਸ਼ਗਨ ਦੀ ਰਸਮ ਕਰਨ ਲਈ ਬ੍ਰਾਹਮਣ ਨੂੰ ਦੁਬਾਰਾ ਦਿੱਲੀ ਤੋਂ ਅੰਮ੍ਰਿਤਸਰ ਭੇਜ ਦਿੱਤਾ। ਉਧਰ ਦਿੱਲੀ ਦੇ ਸਿੱਖਾਂ, ਜਿਨ੍ਹਾਂ ਨੇ ਗੁਰੂ ਘਰ ਪ੍ਰਤੀ ਚੰਦੂ ਦੇ ਕੁਰੱਖਤ ਬੋਲ ਸੁਣੇ ਸਨ, ਨੇ ਤੁਰੰਤ ਮਜਲਸ ਕੀਤੀ ਤੇ ਗੁਰੂ ਸਾਹਿਬ ਵੱਲ ਸੰਦੇਸ਼ ਭੇਜ ਦਿੱਤਾ, ‘‘ਗੁਰੂ ਸਾਹਿਬ! ਦੀਵਾਨ ਚੰਦੂ ਧਨ-ਸੰਪਦਾ ਦਾ ਅਭਿਮਾਨੀ, ਸਾਕਤ (ਮਨਮੁੱਖ) ਬਿਰਤੀ ਵਾਲਾ ਹੈ। ਗੁਰੂ ਘਰ ਵਿਚ ਇਸ ਦੀ ਕੋਈ ਸ਼ਰਧਾ ਨਹੀਂ। ਉਸ ਨਾਲ ਰਿਸ਼ਤਾ ਜੋੜਨਾ ਸ਼ੋਭਦਾ ਨਹੀਂ।’’ ਸੰਦੇਸ਼ਾ ਪੜ੍ਹ ਕੇ ਗੁਰੂ ਸਾਹਿਬ ਨੇ ਸਿੱਖਾਂ ਨਾਲ ਮਸ਼ਵਰਾ ਕੀਤਾ ਤੇ ਫਰਮਾਇਆ, ‘‘ਸਤਿਗੁਰੁ ਕੇ ਘਰ ਮਾਣ ਨਿਮਾਣਨ ਮਾਨੀ ਜਬ ਕਬ ਲਹੈ ਸਜਾਇ।’’ ਭਾਵ ਸਤਿਗੁਰੂ ਦੇ ਘਰ ਤਾਂ ਨਿਮਾਣਿਆ ਨੂੰ ਮਾਣ ਮਿਲਦਾ ਹੈ ਅਸੀਂ ਤਾਂ ਨਿਮਰ ਹੋ ਕੇ ਨਿਮਰ (ਨੀਵੇਂ) ਲੋਕਾਂ ਨੂੰ ਮਿਲਦੇ ਹਾਂ। ਗੁਰੂ ਸਾਹਿਬ ਨੇ ਦਿੱਲੀ ਦੀ ਸੰਗਤ ਦੇ ਸੰਦੇਸ਼ ਦਾ ਪਾਲਣ ਕੀਤਾ ਤੇ ਚੰਦੂ ਦਾ ਸਾਕ ਲੈਣ ਤੋਂ ਇਨਕਾਰ ਕਰ ਦਿੱਤਾ। ਚੰਦੂ ਨੂੰ ਖ਼ਬਰ ਹੋਈ ਤਾਂ ਉਸ ਨੇ ਗੁਰੂ ਘਰ ਦੀ ਉੱਚਤਾ ਦੇ ਉਲਟ ਫ਼ੈਸਲਾ ਲੈ ਲਿਆ। ਰੰਜਸ਼ੀ ਚੰਦੂ ਨੇ ਉਦੋ ਤੋਂ ਬਾਦਸ਼ਾਹ ਜਹਾਂਗੀਰ ਨੂੰ ਗੁਮਰਾਹ ਕਰਨਾ ਸ਼ੁਰੂ ਕਰ ਦਿੱਤਾ।
ਮੁਅੱਰਿਖ ਲਿੱਖਦਾ ਹੈ ਕਿ ਪਹਿਲੇ ਗੁਰੂ ਸਾਹਿਬ ਤੋਂ ਲੈ ਕੇ ਹੁਣ ਤਕ ਮੁਗਲ ਪ੍ਰਸ਼ਾਸਨ ਦੀ ਗੁਰੂ ਘਰ ਨਾਲ ਕੋਈ ਝੜਪ ਨਹੀਂ ਸੀ ਹੋਈ। ਸਗੋਂ ਬਾਦਸ਼ਾਹ ਅਕਬਰ, ਜੋ ਧਰਮ-ਨਿਰਪੱਖਤਾ ਦਾ ਧਾਰਨੀ, ਕੁਦਰਤੀ ਫਰਾਖਦਿਲ ਸੀ, ਸਿੱਖ ਧਰਮ ਲਈ ਸਹਾਈ ਹੀ ਹੋਇਆ। ਜਦ ਕਿ ਇਸਲਾਮੀ ਸ਼ਰ੍ਹਾ ਦੀ ਨਕਸ਼ਬੰਦੀ ਜਮਾਤ ਦੇ ਕੱਟੜ ਮੁਲਾਣੇ ਅਕਬਰ ਦੀ ਧਰਮ ਨਿਰਪੱਖ ਨੀਤੀ ਦੇ ਮੁੱਢੋਂ ਬਰਖ਼ਿਲਾਫ਼ ਸਨ। ਅਕਬਰ ਦੇ ਅੱਖਾਂ ਮੀਟਣ ਦੀ ਦੇਰ ਸੀ ਕਿ ਇਸਲਾਮੀ ਕੱਟੜਵਾਦੀ ਨਕਸ਼ਬੰਦੀਆਂ ਦੀ ਬਦੌਲਤ ਤੁਅੱਸਬੀ ਜਹਾਂਗੀਰ ਦਿੱਲੀ ਤਖ਼ਤ ’ਤੇ ਆ ਬੈਠਾ। ਜਹਾਂਗੀਰ ਦੇ ਕੱਟੜਪੰਥੀ ਪ੍ਰਸ਼ਾਸਨ ਨੂੰ ਪੰਜਵੇਂ ਪਾਤਸ਼ਾਹ ਤਕ ਉਸਰ ਚੁੱਕੀ ਸਿੱਖ-ਸੰਸਥਾ ਦਿਖ ਰਹੀ ਸੀ। ਗੁਰੂ ਗ੍ਰੰਥ ਸਾਹਿਬ ਦੀ ਪਾਵਨ ਬੀੜ ਹੋਂਦ ਵਿਚ ਆ ਚੁੱਕੀ ਸੀ ਤੇ ਹਰਿਮੰਦਰ ਸਾਹਿਬ ਪ੍ਰਕਾਸ਼ਮਾਨ ਹੋ ਚੁੱਕਾ ਸੀ। ਗੁਰੂ ਅਰਜਨ ਦੇਵ ਦੀ ਸ਼ਹਾਦਤ ਦਾ ਮੁੱਢ ਬੱਝਣਾ ਲਾਜ਼ਮ ਹੋ ਗਿਆ ਸੀ।

ਜਹਾਂਗੀਰ ਤਖਤ ’ਤੇ ਬੈਠਾ ਹੀ ਸੀ ਤਾਂ ਉਸ ਦੇ ਪੁੱਤਰ ਖੁਸਰੋ ਨੇ ਬਗਾਵਤ ਕਰ ਦਿੱਤੀ। ਅਕਬਰ ਦੀ ਸਹਿਮਤੀ ਸਦਕਾ ਉਹ ਆਪਣੇ ਆਪ ਨੂੰ ਤਖ਼ਤ ਦਾ ਦਾਅਵੇਦਾਰ ਸਮਝਦਾ ਸੀ। ਇਤਿਹਾਸਕਾਰ ਈਸ਼ਵਰੀ ਪ੍ਰਸ਼ਾਦ ਲਿੱਖਦੇ ਹਨ ਕਿ ਇਕ ਦਿਨ ਖੁਸਰੋ 300 ਘੋੜ ਸਵਾਰਾਂ ਦਾ ਲਸ਼ਕਰ ਲੈ ਕੇ ਆਪਣੇ ਦਾਦਾ ਅਕਬਰ ਬਾਦਸ਼ਾਹ ਦੀ ਕਬਰ ’ਤੇ ਜ਼ਿਆਰਤ ਕਰਨ ਬਹਾਨੇ ਨਿਕਲਿਆ ਅਤੇ ਬਾਗੀ ਹੋ ਕੇ ਆਗਰੇ ਦੇ ਕਿਲ੍ਹੇ ਤੋਂ ਲਾਹੌਰ ਵੱਲ ਭੱਜ ਪਿਆ। ਬਾਦਸ਼ਾਹ ਜਹਾਂਗੀਰ ਨੇ ਬਾਗੀ ਸ਼ਹਿਜ਼ਾਦੇ ਖੁਸਰੋ ਨੂੰ ਮਾਰਨ/ਫੜ੍ਹਨ ਲਈ ਨਜ਼ਦੀਕੀ ਫਰੀਦ ਖਾਂ ਬੁਖਾਰੀ (ਮੁਰਤਜ਼ਾ ਖਾਨ) ਨੂੰ ਭਾਰੀ ਫ਼ੌਜ ਦੇ ਕੇ ਉਸ ਦੇ ਪਿੱਛੇ ਲਾ ਦਿੱਤਾ। ਥੋੜੇ ਸਮੇਂ ਬਾਅਦ ਜਹਾਂਗੀਰ ਵੀ ਫ਼ੌਜ ਲੈ ਕੇ ਪਿੱਛੇ-ਪਿੱਛੇ ਚੱਲ ਪਿਆ। ਖੁਸਰੋ ਲਾਹੌਰ ਦੇ ਕਿਲ੍ਹੇ ’ਤੇ ਕਬਜ਼ਾ ਕਰਨਾ ਚਾਹੁੰਦਾ ਸੀ।

ਇਤਿਹਾਸਕਾਰ ਮੁਹੰਮਦ ਅਕਬਰ ‘ਪੰਜਾਬ ਅੰਡਰ ਦਿ ਮੁਗਲਜ਼’ ਵਿਚ ਲਿਖਦਾ ਹੈ ਕਿ ਖੁਸਰੋ ਨੇ 9 ਦਿਨ ਕਿਲ੍ਹੇ ਨੂੰ ਘੇਰਾ ਪਾਈ ਰੱਖਿਆ ਪਰ ਸਫ਼ਲ ਨਾ ਹੋ ਸਕਿਆ। ਪਿਛੋਂ ਚੜ੍ਹੀ ਆਉਂਦੀ ਫਰੀਦ ਖਾਂ ਬੁਖਾਰੀ ਦੀ ਫ਼ੌਜ ਨੂੰ ਡੱਕਣ ਲਈ ਉਹ ਲਾਹੌਰ ਤੋਂ ਵਾਪਸ ਮੁੜ ਪਿਆ। ਉਸ ਦੀ ਤਰਨ ਤਾਰਨ-ਗੋਇੰਦਵਾਲ ਕੋਲ ਭੈਰੋਵਾਲ ਦੇ ਸਥਾਨ ’ਤੇ ਟੱਕਰ ਹੋ ਗਈ। ਇਥੇ ਖੁਸਰੋ ਦੀ ਹਾਰ ਹੋ ਗਈ ਤੇ ਉਸ ਦੀ ਫ਼ੌਜ ਉਥੋਂ ਭੱਜਣ ਲੱਗੀ। ਖੁਸਰੋ ਵੀ ਭੱਜ ਨਿਕਲਿਆ। ਮਹਿਮਾ ਪ੍ਰਕਾਸ਼ ਦਾ ਰਚੇਤਾ ਸਰੁੂਪ ਦਾਸ ਭੱਲਾ ਲਿੱਖਦਾ ਹੈ, ‘‘ਖੁਸਰੋ ਭਗੌੜਾ ਹੋ ਗਿਆ, ਉਸ ਦਾ ਧਨ-ਮਾਲ ਲੁੱਟਿਆ ਗਿਆ ਸੀ। ਉਹ ਭੱਜ ਕੇ ਗੁਰੂ ਅਰਜਨ ਦੇਵ ਕੋਲ ਤਰਨ ਤਾਰਨ ਆ ਗਿਆ। ਗੁਰੂ ਜੀ ਨੇ ਲੋੜਵੰਦ ਤੇ ਉਸ ਦੀ ਦੁਖਦਾਈ ਹਾਲਤ ਵੇਖ ਕੇ ਉਸ ਨੂੰ ਭੋਜਨ ਛਕਾਇਆ ਤੇ ਕੁਝ ਪੈਸੇ-ਟਕੇ ਦੀ ਇਮਦਾਦ ਕੀਤੀ।’’

ਖੁਸਰੋ ਦੀ ਮਦਦ ਕਰਨ ਦੀ ਘਟਨਾ ਸਦਕਾ ਚੰਦੂ ਸ਼ਾਹ ਨੂੰ ਜਹਾਂਗੀਰ ਨੂੰ ਭੜਕਾਉਣ ਦਾ ਮੌਕਾ ਮਿਲ ਗਿਆ। ਚੰਦੂ ਨੇ ਬਾਦਸ਼ਾਹ ਕੋਲ ਜਾ ਕੇ ਚੁਗਲੀ ਕੀਤੀ, ‘‘ਇਕ ਦੁਸਟ ਖੱਤ੍ਰੀ ਚੰਦੂ ਸ਼ਾਹੀ। ਤਿਨ ਬਾਦਸ਼ਾਹ ਪੇ ਚੁਗਲੀ ਲਾਈ। ਸਹਜ਼ਾਦੇ ਜੀ ਭਾਗ ਕਰ ਗਏ ਅਰਜਨ ਪਾਸ। ਕਛੁ ਮਦਤ ਖਜ਼ਾਨੇ ਕੀ ਕਰੀ ਕੀਨੀ ਬਹੁਤ ਸੁਪਾਸ।6॥ – ਗੁਰੂ ਅਰਜਨ ਦੇਵ ਆਪਣੇ ਆਪ ਨੂੰ ਪਾਤਸ਼ਾਹ ਅਖਵਾਉਂਦਾ ਹੈ, ਹੋਰ ਕਿਸੇ ਨੂੰ ਕੁਝ ਨਹੀਂ ਸਮਝਦਾ।’’
ਭਾਈ ਸੰਤੋਖ ਸਿੰਘ ਲਿਖਦੇ ਹਨ ਕਿ ਗੁਰੂ ਸਾਹਿਬ ਨੇ ਬਾਗੀ ਖੁਸਰੋ ਦੀ ਮਦਦ ਕਰਨ ਦੇ ਇਵਜ਼ ਚੰਦੂ ਸ਼ਾਹ ਦੀਵਾਨ ਨੇ ਬਾਦਸ਼ਾਹ ਪਾਸੋਂ ਲਿਖਤੀ ਰੁੱਕਾ (ਪਰਵਾਨਾ) ਹਾਸਲ ਕਰ ਲਿਆ ਕਿ ਗੁਰੂ ਸਾਹਿਬ ਤੋਂ ਦੋ ਲੱਖ ਜ਼ੁਰਮਾਨਾ ਵਸੂਲ ਕੀਤਾ ਜਾਵੇ। ਗੁਰੂ ਸਾਹਿਬ ਕੋਲ ਬਾਦਸ਼ਾਹ ਦਾ ਪਰਵਾਨਾ ਪਹੁੰਚਿਆ। ਸਰੂਪ ਦਾਸ ਭੱਲਾ ਵੀ ਲਿੱਖਦੇ ਹਨ ਕਿ ਚੰਦੂ ਨੇ ਇਹ ਮਨਜ਼ੂਰੀ ਵੀ ਲੈ ਲਈ ਸੀ ਕਿ ਗੁਰੂ ਸਾਹਿਬ ਨੂੰ ਉਸ ਦੇ ਸਪੁਰਦ ਕਰ ਦਿੱਤਾ ਜਾਵੇ ਤੇ ਉਸ ਕੋਲੋਂ ਦੋ ਲੱਖ ਲੈ ਲਏ ਜਾਣ। ‘ਜੋ ਸਪੁਰਦ ਹਮਾਰੀ ਕਰ ਦੀਜੈ।ਦੁਇ ਲਾਖ ਰੁਪਯਾ ਮੇਰੇ ਸੇ ਲੀਜੈ।’
ਗੁਰੂ ਸਾਹਿਬ ਨੇ ਬਾਬਾ ਬੁੱਢਾ ਜੀ ਅਤੇ ਭਾਈ ਗੁਰਦਾਸ ਜੀ ਨੂੰ ਬੁਲਾਇਆ। ਬਾਬਾ ਬੁੱਢਾ ਜੀ ਨੂੰ ਮੁਖਾਤਿਬ ਹੁੰਦਿਆਂ ਉਨ੍ਹਾਂ ਫਰਮਾਇਆ,‘‘ਅਸੀਂ ਆਪਣਾ ਅੰਤਿਮ ਸਮਾਂ ਆਇਆ ਜਾਣ ਲਿਆ ਹੈ। ਹਰਿਗੋਬਿੰਦ ਜੀ ਬਲ ਸਹਿਤ ਸਮਰਥਾਵਾਨ ਹੋ ਗਏ ਹਨ। ਗੁਰੂਭਾਰੀ ਪਰਗਟ ਹੋਣਗੇ।’’ ਆਗਿਆ ਪਾ ਬਾਬਾ ਬੁੱਢਾ ਜੀ ਨੇ ਗੁਰਤਾ-ਪਦ ਦੀ ਰਸਮ ਨਿਭਾਉਂਦਿਆਂ ਹਰਿਗੋਬਿੰਦ ਜੀ ਦੇ ਮੱਥੇ ਤਿਲਕ ਲਗਾ ਦਿੱਤਾ।

ਮੁਅੱਰਿਖ ਲਿੱਖਦਾ ਹੈ, ‘‘ਗੁਰਤਾ-ਪਦ ਬਖਸ਼ਣ ਵੇਲੇ ਪੰਚਮ ਪਾਤਸ਼ਾਹ ਨੇ ਹਰਿਗੋਬਿੰਦ ਜੀ ਨੂੰ ਫਰਮਾਇਆ:
ਜਉ ਤਉ ਪ੍ਰੇਮ ਖੇਲਣ ਕਾ ਚਾਉ।
ਸਿਰੁ ਧਰਿ ਤਲੀ ਗਲੀ ਮੇਰੀ ਆਉ।
ਇਤੁ ਮਾਰਗਿ ਪੈਰੁ ਧਰੀਜੈ।
ਸਿਰੁ ਦੀਜੈ ਕਾਣਿ ਨ ਕੀਜੈ।

ਹੁਣ ਜ਼ੁਲਮ ਦਾ ਟਾਕਰਾ ਕਰਨ ਲਈ ਤਲਵਾਰ ਚੁੱਕਣੀ ਲਾਜ਼ਮ ਹੈ। ਗੁਰੂ ਨਾਨਕ ਦੇ ਮਿਸ਼ਨ ਨੂੰ ਅੱਗੇ ਲੈ ਕੇ ਜਾਣਾ ਹੈ। ਭਗਤੀ ਤੇ ਸ਼ਕਤੀ ਦੀਆਂ ਸ਼ਮਸ਼ੀਰਾਂ/ਤੇਗਾਂ ਦੀ ਚਮਕ ਨੇ ਗੁਰੂ ਨਾਨਕ ਮਾਰਗ ਦੇ ਪ੍ਰਕਾਸ਼ ਨੂੰ ਕੁੱਲ ਆਲਮ ’ਤੇ ਲਿਸ਼ਕੋਰਨਾ ਹੈ।’’

ਗੁਰੂ ਸਾਹਿਬ ਕੁਝ ਸਿੱਖਾਂ ਨਾਲ ਲਾਹੌਰ ਪਹੁੰਚ ਗਏ ਸਨ। ਇੰਤਹਾਈ ਗਰਮ, ਜੇਠ ਦਾ ਮਹੀਨਾ ਸੀ। ਆਪਣੀ ਨਿਗਰਾਨੀ ਹੇਠ ਚੰਦੂ ਸ਼ਾਹੀ ਨੇ ਸਖ਼ਤ ਤਸੀਹੇ ਦਿੱਤੇ। ਗੁਰੂ ਸਾਹਿਬ ਨੂੰ ਉਬਲਦੀ ਦੇਗ ਵਿਚ ਬਿਠਾਇਆ ਗਿਆ, ਸੀਸ ਉਪਰ ਤੱਤੀ ਰੇਤ ਪਾਈ ਗਈ। ਗੁਰੂ ਜੀ ਗਰਮ ਲੋਹ ’ਤੇ ਸ਼ਾਂਤ ਚਿਤ ਬੈਠੇ ਰਹੇ। ਚੰਦੂ ਵਾਰ ਵਾਰ ਰਿਸ਼ਤੇ ਦੀ ਮੰਗ ਦੁਹਰਾਉਂਦਾ ਰਿਹਾ। ਸਾਹਿਬ ਦਾ ਸਰੀਰ ਫਲੂਹਿਆ ਗਿਆ, ਚਮੜੀ ਸੜ ਗਈ ਸੀ ਪਰ ਅਡੋਲ ਸਮਾਧੀ ਅਭੰਗਤ ਰਹੀ।

ਆਖਿਰ, ਪਵਿੱਤਰ ਪ੍ਰਭਾਤ ਆਈ, ਸਾਹਿਬ ਨੇ ਰਾਵੀ ਦੇ ਪਾਣੀਆਂ ਨੂੰ ਯਾਦ ਕੀਤਾ। ਬਦਬਖਤ, ਜ਼ਾਲਿਮ ਚੰਦੂ ਵੱਲੋਂ ਆਗਿਆ ਹੋਈ। ਰਾਵੀ ਦੀਆਂ ਲਹਿਰਾਂ ਨੇ ਗੁਰੂ ਨੂੰ ਗੋਦ ਵਿਚ ਲੈ ਲਿਆ। ਸਾਹਿਬ ਸ਼ਹਾਦਤ ਪਾ ਗਏ, ਸਿੱਖ ਪੰਥ ਦੇ ਪਹਿਲੇ ਸ਼ਹੀਦ ਹੋਣ ਦਾ ਮੁਰਾਤਬਾ ਹਾਸਲ ਕਰ ਗਏ।

ਸ਼ਹਾਦਤ ਵਾਲੀ ਰਾਤ ਸ਼ਦੀਦ ਉਦਾਸ ਰਾਤ ਸੀ। ਪਰ ਅਥਾਹ ਤਸੀਹਿਆਂ ਦੇ ਦੁਖਦ ਵਰਤਾਰੇ ਅਤੇ ਜਰਨ ਦੇ ਭਾਣੇ ਨੇ ਸਿੱਖ-ਮਨਾਂ ਅੰਦਰ ਅਸਚਰਜ ਧਰਵਾਸ ਦੀ ਬਖਸ਼ਿਸ਼ ਕਰ ਦਿੱਤੀ। ਸਾਹਿਬ ਦੀ ਸ਼ਹਾਦਤ ਵੱਡੀ ਕ੍ਰਾਂਤੀ ਦਾ ਆਵੇਸ਼ ਸੀ, ਕੁੱਲ-ਆਲਮ ਵਿਚ ਨਵੇਂ ਅਧਿਆਇ ਦੀ ਸ਼ੁਰੂਆਤ ਸੀ। ਜੰਗ ਦੇ ਮੈਦਾਨ ਸਜਣੇ ਸਨ ਤੇ ਇਤਿਹਾਸਕ ਜੰਗਾਂ ਵਿਚ ਸ਼ਹੀਦਾਂ ਦੀ ਬੇਮਿਸਾਲ ਪ੍ਰਭੁਤਾ ਨੇ ਪ੍ਰਕਾਸ਼ਮਾਨ ਹੋਣਾ ਸੀ। ਛੇਵੇਂ ਨਾਨਕ ਨੇ ਅਜਬ ਰੂਪ ਵਿਚ ਸੰਗਤ ਦੇ ਸਨਮੁੱਖ ਹੋਣਾ ਸੀ।

Leave a Reply

Your email address will not be published. Required fields are marked *