ਮਿਸ USA ਰਹੀ ਚੈਸਲੀ ਕ੍ਰਿਸਟ ਨੇ ਕੀਤੀ ਖ਼ੁਦਕੁਸ਼ੀ, ਮਰਨ ਤੋਂ ਪਹਿਲਾਂ ਇੰਸਟਾਗ੍ਰਾਮ ’ਤੇ ਸਾਂਝੀ ਕੀਤੀ ਸੀ ਤਸਵੀਰ

ਨਿਊਯਾਰਕ : 2019 ਵਿਚ ਮਿਸ ਯੂ.ਐਸ.ਏ ਦਾ ਤਾਜ ਜਿੱਤਣ ਵਾਲੀ 30 ਸਾਲਾ ਦੀ ਚੈਸਲੀ ਕ੍ਰਿਸਟ ਨੇ ਨਿਊਯਾਰਕ ਸਿਟੀ ਵਿਚ ਸਥਿੱਤ ਆਪਣੀ ਬਿਲਡਿੰਗ ਤੋਂ ਐਤਵਾਰ ਦੀ ਸਵੇਰ ਨੂੰ ਛਾਲ ਮਾਰ ਦਿੱਤੀ, ਜਿਸ ਕਾਰਨ ਉਸ ਦੀ ਮੌਕੇ ’ਤੇ ਹੀ ਮੌਤ ਹੋ ਗਈ। ਨਿਊਯਾਰਕ ਪੁਲਸ ਡਿਪਾਰਟਮੈਂਟ ਨੂੰ 42ਵੀਂ ਸਟਰੀਟ ’ਤੇ ਚੈਸਲੀ ਦੇ ਮਿਡਟਾਊਨ ਅਪਾਰਟਮੈਂਟ ਬਿਲਡਿੰਗ ਤੋਂ ਸਵੇਰੇ 7:13 ਵਜੇ ਇਕ ਕਾਲ ਆਈ, ਜਿਸ ਮਗਰੋਂ ਮੌਕੇ ’ਤੇ ਪੁੱਜੇ ਪੁਲਸ ਅਧਿਕਾਰੀਆਂ ਅਤੇ ਪੈਰਾਮੈਡਿਕਸ ਡਾਕਟਰਾਂ ਦੀ ਟੀਮ ਵੱਲੋਂ ਜਾਂਚ ਤੋਂ ਬਾਅਤ ਉਸ ਨੂੰ ਮੌਕੇ ’ਤੇ ਹੀ ਮ੍ਰਿਤਕ ਐਲਾਨ ਦਿੱਤਾ ਗਿਆ।

ਪੁਲਸ ਜਾਂਚ ਅਨੁਸਾਰ ਉਨ੍ਹਾਂ ਦਾ ਮੰਨਣਾ ਹੈ ਕਿ ਚੈਸਲੀ 60 ਮੰਜ਼ਿਲਾ ਬਿਲਡਿੰਗ ਦੀ 9ਵੀਂ ਮੰਜ਼ਿਲ ’ਤੇ ਰਹਿੰਦੀ ਸੀ ਅਤੇ ਆਖਰੀ ਵਾਰ ਉਸ ਨੂੰ ਬਿਲਡਿੰਗ ਦੀ 29ਵੀਂ ਮੰਜ਼ਿਲ ’ਤੇ ਦੇਖਿਆ ਗਿਆ ਸੀ। ਚੈਸਲੀ ਨੇ ਮਰਨ ਤੋਂ ਕੁੱਝ ਘੰਟੇ ਪਹਿਲਾਂ ਇਕ ਕੈਪਸ਼ਨ ਦੇ ਨਾਲ ਆਪਣੇ ਇੰਸਟਾਗ੍ਰਾਮ ਪੇਜ਼ ’ਤੇ ਆਪਣੀ ਇਕ ਫੋਟੋ ਵੀ ਪੋਸਟ ਕੀਤੀ ਸੀ, ਜਿਸ ਵਿਚ ਉਸ ਨੇ ਲਿਖਿਆ ਸੀ ਕਿ ਇਹ ਦਿਨ ਤੁਹਾਡੇ ਲਈ ਅਰਾਮ ਅਤੇ ਸ਼ਾਂਤੀ ਲੈ ਕੇ ਆਵੇ।

ਕ੍ਰਿਸਟ ਚੈਸਲੀ ਅਮਰੀਕਾ ਦੇ ਸੂਬੇ ਨਾਰਥ ਕੈਰੋਲੀਨਾ ’ਚ ਪੈਦਾ ਹੋਈ ਸੀ ਅਤੇ ਮਿਸ ਯੂ.ਐਸ.ਏ ਦੀ ਪ੍ਰਤੀਯੋਗਤਾ ਵਿਚ ਚੋਟੀ ਦਾ ਸਨਮਾਨ ਹਾਸਲ ਕਰ ਚੁੱਕੀ ਸੀ। ਉਹ ਇਕ ਅਟਾਰਨੀ (ਵਕੀਲ) ਵੀ ਸੀ ਅਤੇ ਖਿਤਾਬ ਜਿੱਤਣ ਤੋਂ ਬਾਅਦ ਉਸ ਨੇ ਇਕ ਪੱਤਰਕਾਰ ਵਜੋਂ ਵੀ ਕੰਮ ਕੀਤਾ। ਚੈਸਲੀ ਨੇ ਆਪਣੇ ਮਿਸ ਯੂ.ਐਸ.ਏ ਦੇ ਪਲੇਟ ਫ਼ਾਰਮ ਦੀ ਵਰਤੋਂ ਅਪਰਾਧਿਕ ਨਿਆਂ ਸੁਧਾਰਾਂ ਬਾਰੇ ਬੋਲਣ ਅਤੇ ਲਿਖਣ ਲਈ ਕੀਤੀ ਸੀ।

Leave a Reply

Your email address will not be published. Required fields are marked *