ਸਹੁਰਿਆਂ ’ਤੇ ਨੂੰਹ ਨੂੰ ਕਤਲ ਕਰਨ ਦਾ ਦੋਸ਼, ਅੰਤਿਮ ਰਸਮਾਂ ਮੌਕੇ ਖੁੱਲ੍ਹੀ ਪੋਲ

ਮਾਹਿਲਪੁਰ: ਪਿੰਡ ਖ਼ੈਰੜ ਅਛੱਰਵਾਲ ਵਿਖ਼ੇ 50 ਹਜ਼ਾਰ ਰੁਪਏ ਦੀ ਮੰਗ ਕਰਨ ਵਾਲੇ ਸਹੁਰਾ ਪਰਿਵਾਰ ਦੀ ਕੁੱਟਮਾਰ ਦਾ ਸ਼ਿਕਾਰ ਵਿਆਹੁਤਾ ਦੀ ਹੋਈ ਮੌਤ ਦੇ ਮਾਮਲੇ ’ਚ ਥਾਣਾ ਮਾਹਿਲਪੁਰ ਦੀ ਪੁਲਸ ਨੇ ਮ੍ਰਿਤਕਾ ਦੇ ਪਤੀ, ਸਹੁਰਾ ਅਤੇ ਸੱਸ ਵਿਰੁੱਧ ਕਾਨੂੰਨ ਦੀ ਧਾਰਾ 302, 34 ਆਈ. ਪੀ. ਸੀ. ਅਧੀਨ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਪਾਖ਼ਰ ਸਿੰਘ ਪੁੱਤਰ ਠਾਕੁਰ ਸਿੰਘ ਵਾਸੀ ਬਘੌਰਾ ਨੇ ਪੁਲਸ ਨੂੰ ਦਿੱਤੇ ਬਿਆਨਾਂ ’ਚ ਦੱਸਿਆ ਕਿ ਉਸ ਦੀ ਪੁੱਤਰੀ ਪ੍ਰਦੀਪ ਕੌਰ ਦਾ ਪਹਿਲਾ ਵਿਆਹ ਹੋਇਆ ਸੀ ਅਤੇ ਉਸ ਦੇ ਪਤੀ ਦੀ ਮੌਤ ਤੋਂ ਬਾਅਦ ਉਨ੍ਹਾਂ ਆਪਣੀ ਲੜਕੀ ਦਾ ਵਿਆਹ ਮਨਜੀਤ ਸਿੰਘ ਪੁੱਤਰ ਚਮਨ ਸਿੰਘ ਵਾਸੀ ਖ਼ੈਰੜ ਅੱਛਰਵਾਲ ਨਾਲ 23 ਫ਼ਰਵਰੀ 2021 ਨਾਲ ਹੋਇਆ ਸੀ।

ਮਨਜੀਤ ਸਿੰਘ ਦਾ ਵੀ ਪਹਿਲੇ ਵਿਆਹ ਤੋਂ ਤਲਾਕ ਹੋ ਚੁੱਕਾ ਸੀ ਅਤੇ ਦੋਵਾਂ ਦੇ ਇਕ-ਇਕ ਪੁੱਤਰੀ ਸੀ। ਉਸ ਦੱਸਿਆ ਕਿ ਉਨ੍ਹਾਂ ਦਾ ਜਵਾਈ ਮਨਜੀਤ ਸਿੰਘ ਘਰ ਦੀ ਮੁਰੰਮਤ ਲਈ ਉਨ੍ਹਾਂ ਦੀ ਪੁੱਤਰੀ ਪ੍ਰਦੀਪ ਕੌਰ ਕੋਲੋਂ ਪੰਜਾਹ ਹਜ਼ਾਰ ਦੀ ਮੰਗ ਕਰਦਾ ਸੀ ਅਤੇ ਇਹ ਮੰਗ ਪੂਰੀ ਕਰਨ ਲਈ ਉਨ੍ਹਾਂ ਦੀ ਬੇਟੀ ਦੀ ਕੁੱਟਮਾਰ ਵੀ ਕਰਦਾ ਸੀ। ਉਸ ਨੇ ਦੱਸਿਆ ਕਿ ਉਹ ਆਪਣੇ ਰਿਸ਼ਤੇਦਾਰਾਂ ਨੂੰ ਨਾਲ ਲੈ ਕੇ ਆਪਣੀ ਬੇਟੀ ਦੇ ਸਹੁਰੇ ਘਰ ਜਾ ਕੇ ਆਪਣੀ ਮਜ਼ਬੂਰੀ ਦੱਸ ਚੁੱਕਾ ਸੀ ਅਤੇ ਪੈਸੇ ਦੇਣ ਤੋਂ ਆਪਣੀ ਅਸਮਰਥਾ ਜ਼ਾਹਿਰ ਕਰ ਚੁੱਕਾ ਸੀ। ਉਨ੍ਹਾਂ ਦੱਸਿਆ ਕਿ 15 ਫ਼ਰਵਰੀ ਦੀ ਸ਼ਾਮ ਨੂੰ ਉਸ ਦੇ ਕੁੜਮ ਚਮਨ ਸਿੰਘ ਦਾ ਫ਼ੋਨ ਆਇਆ ਕਿ ਉਨ੍ਹਾਂ ਦੀ ਲਡ਼ਕੀ ਬੀਮਾਰ ਹੋ ਗਈ ਹੈ ਅਤੇ ਕੋਟਫ਼ਤੂਹੀ ਦੇ ਇਕ ਨਿੱਜੀ ਹਸਪਤਾਲ ’ਚ ਇਲਾਜ ਲਈ ਲੈ ਕੇ ਆਏ ਹਨ।
ਉਨ੍ਹਾਂ ਨੇ ਦੱਸਿਆ ਕਿ ਕੋਟਫ਼ਤੂਹੀ ਪਹੁੰਚ ਉਨ੍ਹਾਂ ਜਦੋਂ ਕੁੜਮ ਨਾਲ ਸੰਪਰਕ ਕੀਤਾ ਤਾਂ ਚਮਨ ਸਿੰਘ ਨੇ ਉਸ ਨੂੰ ਦੱਸਿਆ ਕਿ ਪ੍ਰਦੀਪ ਕੌਰ ਦੀ ਹਾਲਤ ਖ਼ਰਾਬ ਹੋਣ ਕਾਰਨ ਉਸ ਨੂੰ ਢਾਹਾਂ ਕਲੇਰਾਂ ਹਸਪਤਾਲ ਲੈ ਕੇ ਆਏ ਸਨ, ਜਿਥੇ ਉਸ ਦੀ ਮੌਤ ਹੋ ਗਈ ਹੈ। ਉਨ੍ਹਾਂ ਦੱਸਿਆ ਕਿ ਚਮਨ ਸਿੰਘ ਨੇ ਉਨ੍ਹਾਂ ਨੂੰ ਖ਼ੈਰਡ਼ ਹੀ ਪਹੁੰਚਣ ਲਈ ਆਖ ਦਿੱਤਾ। ਉਨ੍ਹਾਂ ਦੱਸਿਆ ਕਿ ਹਨੇਰਾ ਹੋਣ ਕਾਰਨ ਉਹ ਆਪਣੀ ਲੜਕੀ ਨੂੰ ਨਾ ਵੇਖ ਸਕੇ ਅਤੇ ਜਦੋਂ ਸਵੇਰੇ ਅੰਤਿਮ ਸਸਕਾਰ ਕਰਨ ਤੋਂ ਪਹਿਲਾਂ ਮ੍ਰਿਤਕਾ ਨੂੰ ਨਹਾਉਣ ਲੱਗੇ ਤਾਂ ਉਨ੍ਹਾਂ ਆਪਣੀ ਬੇਟੀ ਦੇ ਸਰੀਰ ’ਤੇ ਸੱਟਾਂ ਦੇ ਨਿਸ਼ਾਨ ਅਤੇ ਗਲਾ ਘੁੱਟਣ ਕਾਰਨ ਗਲ ’ਤੇ ਪਏ ਨਿਸ਼ਾਨ ਵੇਖੇ ਤਾਂ ਪਤਾ ਲੱਗਾ ਕਿ ਉਨ੍ਹਾਂ ਦੀ ਬੇਟੀ ਦਾ ਕਤਲ ਕੀਤਾ ਗਿਆ ਹੈ।

ਉਨ੍ਹਾਂ ਦੋਸ਼ ਲਗਾਇਆ ਕਿ ਸਹੁਰਾ ਪਰਿਵਾਰ ਨੇ 50 ਹਜ਼ਾਰ ਬਦਲੇ ਉਨ੍ਹਾਂ ਦੀ ਬੇਟੀ ਦਾ ਕਤਲ ਕੀਤਾ ਗਿਆ ਹੈ। ਮਾਹਿਲਪੁਰ ਪੁਲਸ ਨੇ ਕਾਨੂੰਨ ਦੀ ਧਾਰਾ 302, 34 ਆਈ. ਪੀ. ਸੀ. ਅਧੀਨ ਮਾਮਲਾ ਦਰਜ਼ ਕਰਕੇ ਪਤੀ ਮਨਜੀਤ ਸਿੰਘ, ਸਹੁਰਾ ਚਮਨ ਸਿੰਘ ਅਤੇ ਸੱਸ ਨਰਿੰਦਰ ਕੌਰ ਨੂੰ ਗਿ੍ਫ਼ਤਾਰ ਕਰ ਲਿਆ। ਥਾਣਾ ਮੁਖ਼ੀ ਬਲਵਿੰਦਰ ਸਿੰਘ ਨੇ ਦੱਸਿਆ ਕਿ ਦੋਸ਼ੀਆਂ ਨੂੰ ਅਦਾਲਤ ਵਿਚ ਪੇਸ ਕਰ ਕੇ ਚਾਰ ਦਿਨ ਦਾ ਰਿਮਾਂਡ ਲੈ ਕੇ ਪੁੱਛਗਿੱਛ ਕੀਤੀ ਜਾ ਰਹੀ ਹੈ।

Leave a Reply

Your email address will not be published. Required fields are marked *