ਪਾਕਿਸਤਾਨ: ਸੋਸ਼ਲ ਮੀਡੀਆ ਨੂੰ ਜਕੜਨ ਦੀ ਤਿਆਰੀ

ਪਾਕਿਸਤਾਨ ਸਰਕਾਰ ਨੇ ਸੋਸ਼ਲ ਮੀਡੀਆ ਉੱਤੇ ਕੰਟਰੋਲ ਵਧਾਉਣ ਵਾਸਤੇ ਤਿਆਰੀ ਪੂਰੀ ਕਰ ਲਈ ਹੈ। ਇਸ ਸਬੰਧੀ ਇਕ ਆਰਡੀਨੈਂਸ ਦਾ ਖਰੜਾ ਕੇਂਦਰੀ ਕੈਬਨਿਟ ਦੇ ਮੈਂਬਰਾਂ ਵਿਚ ਵੰਡਿਆ ਜਾ ਚੁੱਕਾ ਹੈ। ਅੰਗਰੇਜ਼ੀ ਅਖ਼ਬਾਰ ‘ਡਾਅਨ’ ਦੀ ਰਿਪੋਰਟ ਮੁਤਾਬਿਕ ਖਰੜੇ ਵਿਚ ਜਨਤਕ ਹਸਤੀਆਂ ਜਾਂ ਸੰਸਥਾਵਾਂ ਖਿਲਾਫ਼ ਇਤਰਾਜ਼ਯੋਗ ਪੋਸਟਾਂ ਪਾਉਣ ਜਾਂ ਉਨ੍ਹਾਂ ਨੂੰ ਬਦਨਾਮ ਕਰਨ ਵਾਲੇ ਸੁਨੇਹੇ ਸਰਕੁਲੇਟ ਕਰਨ ਵਾਲਿਆਂ ਵਿਰੁੱਧ ਸਖ਼ਤ ਕਾਨੂੰਨੀ ਕਾਰਵਾਈ ਤਜਵੀਜ਼ ਕੀਤੀ ਗਈ ਹੈ। ਸੋਸ਼ਲ ਮੀਡੀਆ ਰਾਹੀਂ ਕਿਰਦਾਰਕੁਸ਼ੀ ਜਾਂ ਗ਼ਲਤ ਦੂਸ਼ਨ ਲਾਉਣ ਨੂੰ ਜ਼ਮਾਨਤੀ ਜੁਰਮ ਦੀ ਥਾਂ ਗ਼ੈਰ-ਜ਼ਮਾਨਤੀ ਜੁਰਮ ਕਰਾਰ ਦੇ ਕੇ ਇਸ ਅਪਰਾਧ ਬਦਲੇ ਸਜ਼ਾ ਦੀ ਸੀਮਾ ਦੋ ਸਾਲ ਦੀ ਥਾਂ ਪੰਜ ਸਾਲ ਕੀਤੀ ਜਾ ਰਹੀ ਹੈ।

ਆਰਡੀਨੈਂਸ ਵਿਚ ਕੌਮੀ ਅਸੈਂਬਲੀ ਤੇ ਸੈਨੇਟ ਦੇ ਮੈਂਬਰਾਂ ਨੂੰ ਆਪਣਾ ਚੋਣ ਪ੍ਰਚਾਰ ਸੋਸ਼ਲ ਮੀਡੀਆ ਰਾਹੀਂ ਕਰਨ ਦਾ ਹੱਕ ਦਿੱਤਾ ਜਾ ਰਿਹਾ ਹੈ, ਪਰ ਸ਼ਰਤ ਇਹ ਰੱਖੀ ਗਈ ਹੈ ਕਿ ਪ੍ਰਚਾਰ ਸਮੱਗਰੀ ਇਖ਼ਲਾਕ ਤੇ ਤਹਿਜ਼ੀਬ ਦੇ ਦਾਇਰੇ ’ਚ ਰਹੇ। ਸੂਚਨਾ ਮੰਤਰੀ ਫ਼ਵਾਦ ਚੌਧਰੀ ਨੇ ਕਬੂਲ ਕੀਤਾ ਕਿ ਆਰਡੀਨੈਂਸ ਛੇਤੀ ਹੀ ਜਾਰੀ ਹੋਣ ਵਾਲਾ ਹੈ। ਉਨ੍ਹਾਂ ਦਾਅਵਾ ਕੀਤਾ ਕਿ ਆਰਡੀਨੈਂਸ ਵਿਚ ਕੁਝ ਵੀ ਅਜਿਹਾ ਨਹੀਂ ਜੋ ਮੀਡੀਆ ਦੇ ਹੱਕਾਂ ਜਾਂ ਆਜ਼ਾਦੀ ਉੱਤੇ ਵਾਰ ਕਰਨ ਵਾਲਾ ਹੋਵੇ। ਦੂਜੇ ਪਾਸੇ, ਟੈਲੀਕਾਮ ਕੰਪਨੀਆਂ ਅਤੇ ਡਿਜੀਟਲ ਮੀਡੀਆ ਨਾਲ ਸਬੰਧਿਤ ਜਥੇਬੰਦੀਆਂ ਨੇ ਆਰਡੀਨੈਂਸ ਦੀਆਂ ਮੱਦਾਂ ਨਾਲ ਅਸਹਿਮਤੀ ਪ੍ਰਗਟਾਈ ਹੈ ਅਤੇ ਇਸ ਨੂੰ ‘ਜਾਬਰਾਨਾ’ ਦੱਸਿਆ ਹੈ।

ਜ਼ਿਕਰਯੋਗ ਹੈ ਕਿ 2018 ਵਿਚ ਵਜੂਦ ’ਚ ਆਉਣ ਮਗਰੋਂ ਵਜ਼ੀਰੇ ਆਜ਼ਮ ਇਮਰਾਨ ਖ਼ਾਨ ਦੀ ਸਰਕਾਰ, ਮੀਡੀਆ ਦੇ ਵੱਖ ਵੱਖ ਅੰਗਾਂ ਉੱਤੇ ਬੰਦਸ਼ਾਂ ਲਾਉਣ ਦੇ ਯਤਨ ਲਗਾਤਾਰ ਕਰਦੀ ਆਈ ਹੈ। ਡਿਜੀਟਲ ਮੀਡੀਆ ਅਜਿਹੀਆਂ ਬੰਦਸ਼ਾਂ ਦਾ ਉਚੇਰੇ ਤੌਰ ’ਤੇ ਨਿਸ਼ਾਨਾ ਬਣਦਾ ਆਇਆ ਹੈ। ਸਰਕਾਰ ਨੇ ਪਿਛਲੇ ਸਾਲ ਮੀਡੀਆ ਉੱਤੇ ਕੰਟਰੋਲ ਵਧਾਉਣ ਵਾਲਾ ਇਕ ਬਿੱਲ ਕੌਮੀ ਅਸੈਂਬਲੀ ਵਿਚ ਲਿਆਂਦਾ ਸੀ, ਪਰ ਮੀਡੀਆ ਸੰਗਠਨਾਂ ਅਤੇ ਵਿਰੋਧੀ ਧਿਰ ਦੇ ਸਖ਼ਤ ਵਿਰੋਧ ਦੇ ਮੱਦੇਨਜ਼ਰ ਇਹ ਬਿੱਲ ਵਾਪਸ ਲੈ ਲਿਆ ਗਿਆ। ਹੁਣ ਸੋਸ਼ਲ ਮੀਡੀਆ ਦੀ ਦੁਰਵਰਤੋਂ ਖਿਲਾਫ਼ ਦੁਨੀਆਂ ਭਰ ਵਿਚ ਉੱਭਰੇ ਜਜ਼ਬਾਤ ਦਾ ਲਾਹਾ ਲੈਣ ਲਈ ਸਰਕਾਰ ਨੇ ਆਰਡੀਨੈਂਸ ਵਾਲਾ ਰਾਹ ਫੜਨਾ ਵਾਜਬ ਸਮਝਿਆ ਹੈ। ‘ਡਾਅਨ’ ਦੀ ਰਿਪੋਰਟ ਅਨੁਸਾਰ ਸਰਕਾਰ ਨੂੰ ਭਰੋਸਾ ਨਹੀਂ ਕਿ ਉਹ ਪ੍ਰਸਤਾਵਿਤ ਕਾਨੂੰਨ ਨੂੰ ਪਾਰਲੀਮੈਂਟ ਪਾਸੋਂ ਪਾਸ ਕਰਵਾ ਸਕੇਗੀ। ਇਸੇ ਲਈ ਉਹ ਆਰਡੀਨੈਂਸ ਦਾ ਸਹਾਰਾ ਲੈ ਰਹੀ ਹੈ।

ਬੇਵਿਸਾਹੀ ਮਤੇ ਦੀਆਂ ਤਿਆਰੀਆਂ

ਇਮਰਾਨ ਖ਼ਾਨ ਸਰਕਾਰ ਦੀਆਂ ‘ਅਗਨੀ ਪ੍ਰੀਖਿਆਵਾਂ’ ਵਾਲਾ ਦੌਰ ਖ਼ਤਮ ਹੁੰਦਾ ਨਹੀਂ ਜਾਪ ਰਿਹਾ। ਅੰਗਰੇਜ਼ੀ ਅਖ਼ਬਾਰ ‘ਦਿ ਨਿਊਜ਼’ ਮੁਤਾਬਿਕ ਵਿਰੋਧੀ ਪਾਰਟੀਆਂ ਨੇ ਕੌਮੀ ਅਸੈਂਬਲੀ ਵਿਚ ਸਰਕਾਰ ਖ਼ਿਲਾਫ਼ ਬੇਵਿਸਾਹੀ ਮਤਾ ਪੇਸ਼ ਕਰਨ ਦੀਆਂ ਤਿਆਰੀਆਂ ਵਿੱਢ ਲਈਆਂ ਹਨ। ਇਹ ਪ੍ਰਭਾਵ ਆਮ ਹੈ ਕਿ ਵਿਰੋਧੀ ਪਾਰਟੀਆਂ ਆਪਸੀ ਏਕੇ ਬਾਰੇ ਐਲਾਨ ਤਾਂ ਲੰਮੇ-ਚੌੜੇ ਕਰਦੀਆਂ ਹਨ, ਪਰ ਐਨ ਆਖ਼ਰੀ ਮੌਕੇ ਇਹ ਏਕਾ, ਦੁਫੇੜ ਵਿਚ ਬਦਲ ਜਾਂਦਾ ਹੈ। ਹੁਣ ਬੇਵਿਸਾਹੀ ਮਤੇ ਵਾਲੇ ਪੈਂਤੜੇ ਦੀ ਪੈਦਾਇਸ਼ ਹੁਕਮਰਾਨ ਧਿਰ- ਪਾਕਿਸਤਾਨ ਤਹਿਰੀਕ-ਇ-ਇਨਸਾਫ਼ (ਪੀਟੀਆਈ) ਅੰਦਰਲੀ ਫੁੱਟ ਨਾਲ ਜੁੜੀ ਹੋਈ ਹੈ। ਇਸ ਧਿਰ ਦੇ ਇਕ ਸਰਕਰਦਾ ਆਗੂ ਜਹਾਂਗੀਰ ਤਾਰੀਨ ਨੇ ਸਰਕਾਰ ਨਾਲੋਂ ਨਾਤਾ ਤੋੜ ਲਿਆ ਹੈ। ਉਹ ਛੇ ਮਹੀਨੇ ਪਹਿਲਾਂ ਤਕ ਪੀ.ਟੀ.ਆਈ. ਦੇ ਸਕੱਤਰ ਜਨਰਲ ਸਲ। ਇਸੇ ਕਾਰਨ ਇਹ ਮੰਨਿਆ ਜਾਂਦਾ ਹੈ ਕਿ ਉਹ ਬਾਰਸੂਖ਼ ਹਸਤੀ ਹਨ। ਉਨ੍ਹਾਂ ਦਾ ਦਾਅਵਾ ਹੈ ਕਿ ਕੌਮੀ ਅਸੈਂਬਲੀ ਦੇ ਦੋ ਦਰਜਨ ਮੈਂਬਰ ਉਨ੍ਹਾਂ ਦੇ ਨਾਲ ਹਨ। ਲਿਹਾਜ਼ਾ, ਸਰਕਾਰ ਹੁਣ ਬਹੁਗਿਣਤੀ ਵਿਚ ਨਹੀਂ ਅਤੇ ਇਸ ਨੂੰ ਡੇਗਿਆ ਜਾ ਸਕਦਾ ਹੈ।

ਦੂਜੇ ਪਾਸੇ ਸੂਚਨਾ ਮੰਤਰੀ ਫ਼ਵਾਦ ਚੌਧਰੀ ਦਾ ਦਾਅਵਾ ਹੈ ਕਿ ਸਰਕਾਰ ਦੀ ਹੋਂਦ ਨੂੰ ਕੋਈ ਖ਼ਤਰਾ ਨਹੀਂ। ਉਨ੍ਹਾਂ ਪਿਛਲੇ ਹਫ਼ਤੇ ਸੈਨੇਟ ਵਿਚ ਹੋਈ ਵਿਰੋਧੀ ਧਿਰ ਦੀ ਹਾਰ ਦਾ ਹਵਾਲਾ ਦਿੰਦਿਆਂ ਕਿਹਾ ਕਿ ਬਹੁਗਿਣਤੀ ਵਿਚ ਹੋਣ ਦੇ ਬਾਵਜੂਦ ਜੇਕਰ ਵਿਰੋਧੀ ਧਿਰ, ਸਰਕਾਰ ਨੂੰ ਨਹੀਂ ਹਰਾ ਸਕੀ ਤਾਂ ਉਸ ਨੂੰ ਅਹਿਸਾਸ ਹੋ ਜਾਣਾ ਚਾਹੀਦਾ ਹੈ ਕਿ ਉਸ ਦੀਆਂ ਆਪਣੀਆਂ ਸਫ਼ਾਂ ਹੀ ਇਕਜੁੱਟ ਨਹੀਂ। ਲਿਹਾਜ਼ਾ, ਸਰਕਾਰ ਬੇਵਿਸਾਹੀ ਮਤਾ ਵੀ ਆਸਾਨੀ ਨਾਲ ਹਰਾਉਣ ਦੀ ਸਥਿਤੀ ਵਿਚ ਹੈ।

ਬੇਵਿਸਾਹੀ ਮਤੇ ਰਾਹੀਂ ਸਰਕਾਰ ਨੂੰ ਡੇਗਣ ਲਈ ਵਿਰੋਧੀ ਧਿਰ ਨੂੰ ਕੌਮੀ ਅਸੈਂਬਲੀ ਵਿਚ 172 ਵੋਟਾਂ ਦੀ ਲੋੜ ਹੈ। ਇਸ ਸਮੇਂ ਦੋ ਮੁੱਖ ਵਿਰੋਧੀ ਪਾਰਟੀਆਂ ਪੀ.ਐਮ.ਐਲ.-ਐੱਨ ਤੇ ਪਾਕਿਸਤਾਨ ਪੀਪਲਜ਼ ਪਾਰਟੀ ਅਤੇ ਉਨ੍ਹਾਂ ਦੇ ਇਤਿਹਾਦੀਆਂ ਦੇ ਮੈਂਬਰਾਂ ਦੀ ਗਿਣਤੀ 165 ਹੈ। ਬਹੁਮਤ ਲਈ ਹਾਕਮ ਧਿਰ ਦੇ ਸੱਤ ਮੈਂਬਰ ਤੋੜਨੇ ਆਸਾਨ ਕੰਮ ਨਹੀਂ। ਇਸ ਦੇ ਬਾਵਜੂਦ ਸਰਕਾਰ ਫ਼ਿਕਰਮੰਦ ਹੈ। ਫ਼ਿਕਰ ਦੀ ਮੁੱਖ ਵਜ੍ਹਾ ਹੈ ਆਮ ਲੋਕਾਂ ਵਿਚ ਸਰਕਾਰ ਖ਼ਿਲਾਫ਼ ਰੋਹ। ਸਰਕਾਰ ਮਹਿੰਗਾਈ ਠੱਲ੍ਹਣ ਅਤੇ ਬੇਰੁਜ਼ਗਾਰੀ ਘਟਾਉਣ ਵਰਗੇ ਪੈਮਾਨਿਆਂ ’ਤੇ ਪੂਰੀ ਤਰ੍ਹਾਂ ਨਾਕਾਮ ਰਹੀ ਹੈ। ਅਜਿਹੇ ਆਲਮ ਵਿਚ ਹਾਕਮ ਧਿਰ ਦੇ ਆਗੂ ਹੀ ਸਰਕਾਰ ਖ਼ਿਲਾਫ਼ ਭੜਾਸ ਖੁਲ੍ਹੇਆਮ ਕੱਢਣ ਲੱਗੇ ਹਨ। ਸਰਕਾਰੀ ਹਲਕੇ ਮਹਿਸੂਸ ਕਰਦੇ ਹਨ ਕਿ ਲੋਕ ਰੋਹ ਦੀ ਤਪਸ਼ ਨਾਲ ਜੂਝ ਰਹੇ ਸੰਸਦ ਮੈਂਬਰ ਬੇਵਿਸਾਹੀ ਮਤੇ ’ਤੇ ਵੋਟਿੰਗ ਸਮੇਂ ਸਰਕਾਰ ਲਈ ਸਿਰਦਰਦ ਪੈਦਾ ਕਰ ਸਕਦੇ ਹਨ।

ਇਸੇ ਦੌਰਾਨ ਸੀ.ਪੀ.ਪੀ.ਏ. ਦੀ ਤਜਵੀਜ਼ ਦੇ ਖ਼ਿਲਾਫ਼ ਵਿਰੋਧ ਜਥੇਬੰਦ ਹੋਣਾ ਸ਼ੁਰੂ ਹੋ ਗਿਆ ਹੈ। ਵਿਰੋਧੀ ਧਿਰ ਨੇ 25 ਫਰਵਰੀ ਨੂੰ ਛੇ ਘੰਟਿਆਂ ਦੇ ‘ਕੌਮੀ ਬੰਦ’ ਦਾ ਸੱਦਾ ਦਿੱਤਾ ਹੈ। ਅਗਲਾ ਸੰਘਰਸ਼ੀ ਪ੍ਰੋਗਰਾਮ ਉਸ ਦਿਨ ਸ਼ਾਮ ਨੂੰ ਐਲਾਨਿਆ ਜਾਵੇਗਾ।

ਗਾਇਕ ਨੂਰ ਨੇ ਮੰਗੀ ਮੁਆਫ਼ੀ

ਉੱਘੇ ਗਾਇਕ ਅਲੀ ਨੂਰ ਨੇ ਪੱਤਰਕਾਰ ਆਇਸ਼ਾ ਬਿਨਤੇ ਰਾਸ਼ਿਦ ਪਾਸੋਂ ਜਨਤਕ ਤੌਰ ’ਤੇ ਮੁਆਫ਼ੀ ਮੰਗੀ ਹੈ ਅਤੇ ਉਮੀਦ ਪ੍ਰਗਟਾਈ ਹੈ ਕਿ ਉਸ ਦਾ ਮੁਆਫ਼ੀਨਾਮਾ ਸਾਰੇ ਗ਼ਿਲੇ-ਸ਼ਿਕਵੇ ਦੂਰ ਕਰਨ ਵਿਚ ਸਹਾਈ ਸਾਬਤ ਹੋਵੇਗਾ। ਆਇਸ਼ਾ ਨੇ ਦੋਸ਼ ਲਾਇਆ ਸੀ ਕਿ ਇਸਲਾਮਾਬਾਦ ਤੋਂ ਲਾਹੌਰ ਤਕ ਦੇ ਸਫ਼ਰ ਦੌਰਾਨ ਨੂਰ ਨੇ ਉਸ ਨੂੰ ‘ਜਿਨਸੀ ਤੌਰ ’ਤੇ ਜਿੱਚ’ ਕੀਤਾ ਸੀ ਅਤੇ ਬਾਅਦ ਵਿਚ ਆਪਣੇ ਵਿਵਹਾਰ ਸਬੰਧੀ ਸਫ਼ਾਈ ਦਿੰਦਿਆਂ ਸੋਸ਼ਲ ਮੀਡੀਆ ’ਤੇ ਆਇਸ਼ਾ ਬਾਰੇ ਕੁਝ ਅਸਭਿਆ ਟਿੱਪਣੀਆਂ ਕੀਤੀਆਂ ਸਨ। ਸੋਸ਼ਲ ਮੀਡੀਆ ’ਤੇ ਇਹ ਮਾਮਲਾ ਨੂਰ-ਵਿਰੋਧੀ ਤੂਫ਼ਾਨ ਦਾ ਰੂਪ ਧਾਰਨ ਕਰ ਗਿਆ ਜਿਸ ਤੋਂ ਤ੍ਰਹਿ ਕੇ ਨੂਰ ਨੇ ਆਇਸ਼ਾ ਤੋਂ ਮੁਆਫ਼ੀ ਮੰਗਣੀ ਚਾਹੀ। ਇਹ ਮੁਆਫ਼ੀਨਾਮਾ, ਨੂਰ ਦੀ ਪਤਨੀ ਦੇ ਫੋਨ ਤੋਂ ਆਇਸ਼ਾ ਦੇ ਨਾਮ ਵੱਟਸਐਪ ਸੁਨੇਹੇ ਦੇ ਰੂਪ ਵਿਚ ਭੇਜਿਆ ਗਿਆ। ਆਇਸ਼ਾ ਨੇ ਇਹ ਸਵੀਕਾਰ ਨਹੀਂ ਕੀਤਾ। ਅਖ਼ਬਾਰ ‘ਐਕਸਪ੍ਰੈਸ ਟ੍ਰਿਬਿਊਨ’ ਅਨੁਸਾਰ ਨੂਰ ਨੇ ਹੁਣ ਇੰਸਟਾਗ੍ਰਾਮ ਰਾਹੀਂ ਭੇਜੇ ਸੁਨੇਹੇ ਵਿਚ ਆਇਸ਼ਾ ਤੋਂ ‘ਜਨਤਕ ਤੌਰ ’ਤੇ ਮੁਆਫ਼ੀ’ ਮੰਗੀ ਹੈ। ਉਸ ਨੇ ਸੋਸ਼ਲ ਮੀਡੀਆ ਮੰਚਾਂ ਤੋਂ ਉਹ ਸਾਰੀਆਂ ਪੋਸਟਾਂ ਵੀ ਮਿਟਾ ਦਿੱਤੀਆਂ ਹਨ ਜੋ ਆਇਸ਼ਾ ਵੱਲੋਂ ਲਾਏ ਦੂਸ਼ਨਾਂ ਬਾਰੇ ਸਨ। ਉਸ ਨੇ ਲਿਖਿਆ ਹੈ ਕਿ ਉਸ ਨੇ ਆਇਸ਼ਾ ਨੂੰ ਜੋ ਠੇਸ ਪਹੁੰਚਾਈ, ਉਸ ਦੀ ਭਰਪਾਈ ਤਾਂ ਨਹੀਂ ਹੋ ਸਕਦੀ, ਪਰ ਉਹ ਉਮੀਦ ਕਰਦਾ ਹੈ ਕਿ ਆਇਸ਼ਾ ਉਸ ਨੂੰ ਮੁਆਫ਼ ਜ਼ਰੂਰ ਕਰ ਦੇਵੇਗੀ। ਜ਼ਿਕਰਯੋਗ ਹੈ ਕਿ ਉਹ ਤੀਜਾ ਅਜਿਹਾ ਪਾਕਿਸਤਾਨੀ ਪੁਰਸ਼ ਕਲਾਕਾਰ ਹੈ ਜਿਸ ਨੇ ਇਸ ਵਰ੍ਹੇ ਦੌਰਾਨ ਸੋਸ਼ਲ ਮੀਡੀਆ ਮੰਚਾਂ ਰਾਹੀਂ ਜਨਤਕ ਤੌਰ ’ਤੇ ਮੁਆਫ਼ੀ ਮੰਗੀ ਹੈ।

Leave a Reply

Your email address will not be published. Required fields are marked *