ਮਾਤਮ ’ਚ ਬਦਲੀਆਂ ਖ਼ੁਸ਼ੀਆਂ, ਭੈਣ ਦੇ ਸ਼ਗਨ ਲਈ ਫਲਾਂ ਦੀ ਟੋਕਰੀ ਬਣਾਉਣ ਜਾ ਰਹੇ ਭਰਾ ਦੀ ਹਾਦਸੇ ’ਚ ਮੌਤ
ਅੰਮ੍ਰਿਤਸਰ : ਜ਼ਿਲ੍ਹਾ ਅੰਮ੍ਰਿਤਸਰ ਦੇ ਸਰਹੱਦੀ ਇਲਾਕੇ ਰਾਏਪੁਰ ਵਿਚ ਉਸ ਵੇਲੇ ਖੁਸ਼ੀਆਂ ਦਾ ਮਾਹੌਲ ਮਾਤਮ ਵਿਚ ਬਦਲ ਗਿਆ ਜਦੋਂ ਇਕ ਘਰ ’ਚ ਸ਼ਗਨ ਦੀ ਰਸਮ ਦਾ ਟੋਕਰਾ ਲੈਣ ਜਾ ਰਹੇ ਨੌਜਵਾਨ ਦੀ ਹਾਦਸੇ ਵਿਚ ਮੌਤ ਹੋ ਗਈ। ਜਾਣਕਾਰੀ ਅਨੁਸਾਰ ਪਿੰਡ ਰਾਏਪੁਰ ਦੇ ਇਕ ਘਰ ਵਿਚ ਕੁੜੀ ਦਾ ਵਿਆਹ ਸੀ ਅਤੇ ਅੱਜ ਸ਼ਗਨ ਦੀ ਰਸਮ ਸੀ ਜਿਸ ਲਈ ਉਸ ਦਾ ਭਰਾ ਜਗਰੂਪ ਆਪਣੀ ਭੈਣ ਦੇ ਸ਼ਗਨ ਲਈ ਸ਼ਗਨ ਵਾਲਾ ਟੋਕਰਾ ਲੈਣ ਅਤੇ ਹੋਰ ਸ਼ਗਨ ਦਾ ਸਮਾਨ ਲੈਣ ਲਈ ਜਦੋਂ ਅੰਮ੍ਰਿਤਸਰ ਆ ਰਿਹਾ ਸੀ ਤਾਂ ਰਸਤੇ ਵਿਚ ਟਰੈਕਟਰ ਪਲਟਣ ਕਾਰਨ ਉਸ ਦੀ ਮੌਤ ਹੋ ਗਈ ਜਿਸ ਤੋਂ ਬਾਅਦ ਘਰ ਵਿਚ ਮਾਤਮ ਦਾ ਮਾਹੌਲ ਛਾ ਗਿਆ।
ਉੱਥੇ ਹੀ ਮੌਕੇ ’ਤੇ ਪਹੁੰਚੇ ਚਸ਼ਮਦੀਦਾਂ ਅਨੁਸਾਰ ਉਨ੍ਹਾਂ ਦਾ ਕਹਿਣਾ ਹੈ ਕਿ ਹਾਦਸਾ ਬਹੁਤ ਭਿਆਨਕ ਸੀ ਅਤੇ ਮੌਕੇ ’ਤੇ ਜਗਰੂਪ ਨੂੰ ਬਚਾਉਣ ਦੀ ਬਹੁਤ ਕੋਸ਼ਿਸ਼ ਕੀਤੀ ਪਰ ਉਹ ਬਚਾ ਨਹੀਂ ਸਕੇ। ਦੂਜੇ ਪਾਸੇ ਮ੍ਰਿਤਕ ਜਗਰੂਪ ਸਿੰਘ ਦੇ ਪਰਿਵਾਰਿਕ ਮੈਂਬਰਾਂ ਨੇ ਦੱਸਿਆ ਕਿ ਅੱਜ ਜਗਰੂਪ ਦੀ ਵੱਡੀ ਭੈਣ ਦਾ ਸ਼ਗਨ ਸੀ ਅਤੇ ਉਸ ਲਈ ਸਵੇਰ ਤੋਂ ਹੀ ਸਾਰੇ ਰਿਸ਼ਤੇਦਾਰ ਸਾਮਾਨ ਲੈਣ ਲਈ ਬਾਜ਼ਾਰ ਗਏ ਹੋਏ ਸਨ ਪਰ ਜਦੋਂ ਉਨ੍ਹਾਂ ਨੂੰ ਪਤਾ ਲੱਗਾ ਕਿ ਜਗਰੂਪ ਦਾ ਐਕਸੀਡੈਂਟ ਹੋ ਗਿਆ ਹੈ ਅਤੇ ਉਸ ਦੀ ਮੌਤ ਹੋ ਗਈ ਹੈ ਤਾਂ ਘਰ ਵਿਚ ਇਕਦਮ ਮਾਤਮ ਛਾ ਗਿਆ। ਇਸ ਦੇ ਨਾਲ ਹੀ ਉਨ੍ਹਾਂ ਨੇ ਦੱਸਿਆ ਕਿ ਅੱਜ ਸ਼ਗਨ ਦੀਆਂ ਤਿਆਰੀਆਂ ਚੱਲ ਰਹੀਆਂ ਸਨ ਅਤੇ ਇਸ ਤਰ੍ਹਾਂ ਦਾ ਸੁਨੇਹਾ ਸੁਣ ਕੇ ਪੂਰਾ ਪਰਿਵਾਰ ਸਦਮੇ ਵਿਚ ਹੈ।