ਸੁਪਨੇ ਤੇ ਤਲਾਸ਼

ਅਮਨਦੀਪ ਸਿੰਘ 

ਸੁੰਨੀ ਤੇ ਰੁੱਖੀ ਜ਼ਿੰਦਗੀ ਵਿਚ ਅਜੀਬੋ-ਗਰੀਬ ਸੁਪਨੇ, ਇਕ ਰਹੱਸਮਈ ਵਾਤਾਵਰਣ ਸਿਰਜਦਿਆਂ, ਬੜੇ ਹੀ ਰੋਮਾਂਚਕ ਤੇ ਲੁਭਾਵਣੇ ਹੁੰਦੇ ਹਨ, ਜਿਵੇਂ ਇਕ ਰੂਹਾਨੀ ਅਵਸਥਾ ਵਿਚ ਲੈ ਜਾਂਦੇ ਹੋਣ। ਅਨੋਖੀ ਦੁਨੀਆ ਦਾ ਇਕ ਬ੍ਰਹਿਮੰਡੀ ਅਹਿਸਾਸ ਕਰਵਾਉਂਦੇ ਨੇ! ਸੁਪਨੇ ਮਨੁੱਖੀ ਜ਼ਿੰਦਗੀ ਦਾ ਖ਼ੂਬਸੂਰਤ ਅਨੁਭਵ ਹੁੰਦੇ ਨੇ – ਸੱਚਮੁੱਚ ਹੈਰਾਨ ਕਰ ਦੇਣ ਵਾਲ਼ਾ ਅਨੁਭਵ। ਪਤਾ ਨਹੀਂ ਕਿਵੇਂ ਨੀਂਦ ਵਿਚ ਚੱਲਦੀਆਂ-ਫਿਰਦੀਆਂ ਤਸਵੀਰਾਂ ਨਜ਼ਰ ਆਉਂਦੀਆਂ ਹਨ! ਬੜੇ ਹੈਰਾਨੀ ਭਰੇ, ਅਜੀਬੋ-ਗਰੀਬ ਹਾਦਸੇ ਤੇ ਘਟਨਾਵਾਂ ਵਾਪਰਦੀਆਂ ਨੇ – ਹਕੀਕਤ ਤੋਂ ਬਿਲਕੁਲ ਵੱਖਰੀਆਂ – ਸੁਪਨਮਈ! ਮਨੋਵਿਗਿਆਨ ਮੁਤਾਬਿਕ ਸੁਪਨੇ ਸਾਡੇ ਅੰਤਰਮਨ ਦੀਆਂ ਅਤ੍ਰਿਪਤ ਤੇ ਦੱਬੀਆਂ ਖ਼ਾਹਿਸ਼ਾਂ ਵਾਸਤੇ ਇਕ ਪਨਾਹਗਾਹ ਹੁੰਦੇ ਨੇ। ਇਹ ਬਹੁਤ ਜ਼ਿਆਦਾ ਹੱਦ ਤਕ ਸਹੀ ਵੀ ਹੈ। ਫਿਰ ਵੀ ਸੁਪਨਿਆਂ ਦੀ ਸਮਝ ਨਹੀਂ ਪੈਂਦੀ – ਅਸੀਂ ਉਨ੍ਹਾਂ ਦਾ ਮਤਲਬ ਨਹੀਂ ਕੱਢ ਸਕਦੇ ਕਿਉਂਕਿ ਉਹ ਅਸਪਸ਼ਟ ਤੇ ਗੁੰਝਲਦਾਰ ਹੁੰਦੇ ਹਨ। ਪਰ ਉਹ ਇੰਨੇ ਰੁਮਾਂਚਿਕ ਹੁੰਦੇ ਨੇ ਕਿ ਸਾਨੂੰ ਉਨ੍ਹਾਂ ਤੋਂ ਜਿਵੇਂ ਇਕ ਤਰ੍ਹਾਂ ਦਾ ਸੁਖ ਮਿਲ਼ਦਾ ਹੈ। ਕਿਸੇ ਹੋਰ ਹੀ ਸੰਸਾਰ ਦਾ ਆਨੰਦ… ਵਿਸਮਾਦ ਦੀ ਅਵਸਥਾ। ਅਕਸਰ ਦਿਲ ਕਰਦਾ ਹੈ ਕਿ ਸੌਂ ਜਾਈਏ ਤੇ ਮਿੱਠੇ ਸੁਪਨਿਆਂ ਵਿਚ ਗੁੰਮ ਹੋ ਜਾਈਏ! ਸੁੰਨੀ ਜ਼ਿੰਦਗੀ ਵਿਚ ਸੁਪਨੇ ਰੰਗੀਨੀ ਦਾ ਇਕ ਸਰੋਤ ਹੁੰਦੇ ਨੇ- ਚਾਹੇ ਉਹ ਪਲ ਭਰ ਲਈ ਹੋਵੇ ਜਾਂ ਪੂਰੀ ਨੀਂਦ ਦੇ ਵਿਚ…।

ਵਿਗਿਆਨ ਮੁਤਾਬਿਕ ਸੁਪਨੇ ਨੀਂਦ ਵਿਚ ਅੱਖਾਂ ਦੀ ਤੇਜ਼ ਚਾਲ (Rapid Eye Movement – REM Sleep) ਸਟੇਜ ਦੌਰਾਨ ਆਉਂਦੇ ਹਨ – ਜਦੋਂ ਮਨ-ਮਸਤਕ ਦੀ ਗਤੀਵਿਧੀ ਸਭ ਤੋਂ ਜ਼ਿਆਦਾ ਹੁੰਦੀ ਹੈ। ਨੀਂਦ ਦੀਆਂ ਹੋਰ ਸਟੇਜਾਂ ਦੌਰਾਨ ਵੀ ਸੁਪਨੇ ਆ ਸਕਦੇ ਹਨ, ਪਰ ਉਹ ਬਹੁਤ ਘੱਟ ਯਾਦ ਰਹਿੰਦੇ ਹਨ। ਇਕ ਆਮ ਵਿਅਕਤੀ ਨੂੰ ਇਕ ਰਾਤ ਵਿਚ ਤਿੰਨ ਤੋਂ ਪੰਜ ਸੁਪਨੇ ਆਉਂਦੇ ਹਨ, ਕਈਆਂ ਨੂੰ ਸੱਤ ਸੁਪਨੇ ਵੀ ਆ ਸਕਦੇ ਹਨ, ਪਰ ਬਹੁਤੇ ਸੁਪਨੇ ਜਲਦੀ ਭੁੱਲ ਜਾਂਦੇ ਹਨ।

‘ਕੌਸਮੌਸ’ ਨਾਂ ਦਾ ਟੈਲੀਵਿਜ਼ਨ ਪ੍ਰੋਗਰਾਮ ਬਣਾ ਚੁੱਕਿਆ ਕਾਰਲ ਸੈਗਨ ਮਨੁੱਖਾਂ ਬਾਰੇ ਕਹਿੰਦਾ ਹੈ- ‘‘ਤੁਸੀਂ ਕਿੰਨੇ ਖ਼ੂਬਸੂਰਤ ਸੁਪਨਿਆਂ ਤੇ ਕਿੰਨੇ ਭਿਆਨਕ ਦਬਾਅ  ਦੇ ਸਮਰੱਥ ਹੋ! ਤੁਸੀਂ ਕਿੰਨੇ ਗੁੰਮਸੁੰਮ, ਕਿੰਨੇ ਅਲੱਗ ਹੋ, ਕਿੰਨੇ ਇਕੱਲੇ ਤੇ ਖਾਲੀ ਮਹਿਸੂਸ ਕਰਦੇ ਹੋ, ਪਰ ਤੁਸੀਂ ਇਕੱਲੇ ਨਹੀਂ ਹੋ। ਦੇਖੋ, ਅਸੀਂ ਆਪਣੀਆਂ ਸਾਰੀਆਂ ਖੋਜਾਂ ਦੌਰਾਨ ਇਸੇ ਸਿੱਟੇ ’ਤੇ ਪੁੱਜੇ ਹਾਂ ਕਿ ਅਸੀਂ ਮਿਲਜੁਲ ਕੇ ਹੀ ਇਸ ਖਾਲੀਪਣ ਨੂੰ ਸਹਿਣਸ਼ੀਲ ਬਣਾ ਸਕਦੇ ਹਾਂ।’’

ਕਾਰਲ ਸੈਗਨ ਮੁਤਾਬਿਕ ਜਦੋਂ ਸਾਡਾ ਦਿਮਾਗ਼ ਦਿਨ ਭਰ ਦੀਆਂ ਯਾਦਾਂ ਨੂੰ ਸਮੇਟ ਰਿਹਾ ਹੁੰਦਾ ਹੈ, ਕਈ ਫ਼ਾਲਤੂ ਦੀਆਂ ਯਾਦਾਂ ਨੂੰ ਭੁੱਲ ਜਾਂਦਾ ਹੈ ਤੇ ਕਈ ਮਹੱਤਵਪੂਰਣ ਯਾਦਾਂ ਨੂੰ ਸਥਾਈ ਤੌਰ ’ਤੇ ਚੇਤੇ ਰੱਖਣ ਲਈ ਸਥਾਈ ਯਾਦਦਾਸ਼ਤ (Long-term Memory) ਵਿਚ ਟਿਕਾਉਂਦਾ ਹੈ, ਉਦੋਂ ਹੀ ਸਾਨੂੰ ਸੁਪਨੇ ਆਉਂਦੇ ਹਨ।

ਇਕ ਸੁਪਨਾ 

ਮੈਨੂੰ ਵੀ ਸੁਪਨੇ ਬਹੁਤ ਚੰਗੇ ਲੱਗਦੇ ਹਨ ਤੇ ਅਕਸਰ ਮੈਂ ਉਨ੍ਹਾਂ ਨੂੰ ਸਮਝਣ ਦੀ ਕੋਸ਼ਿਸ਼ ਕਰਦਾ ਹਾਂ। ਜੇ ਸਮਝ ਨਹੀਂ ਆਉਂਦੇ ਤਾਂ ਮਾਣਨ ਦੀ ਕੋਸ਼ਿਸ਼ ਕਰਦਾ ਹਾਂ। ਪਰ ਅਕਸਰ ਅਜਿਹਾ ਹੁੰਦਾ ਹੈ ਕਿ ਤੁਹਾਡਾ ਮਨਚਾਹਿਆ ਸੁਪਨਾ ਨਹੀਂ ਆਉਂਦਾ, ਕੁਝ ਹੋਰ ਹੀ ਤਰ੍ਹਾਂ ਦਾ ਸੁਪਨਾ ਆ ਜਾਂਦਾ ਹੈ, ਪਰ ਉਹ ਬੜਾ ਰੋਚਕ ਹੁੰਦਾ ਹੈ ਜਾਂ ਫਿਰ ਕਦੇ ਕਦੇ ਬੜਾ ਹੀ ਡਰਾਵਣਾ!

ਇਕ ਰਾਤ ਮੈਨੂੰ ਇਕ ਬੜਾ ਹੀ ਅਜੀਬ ਜਿਹਾ ਸੁਪਨਾ ਆਇਆ। ਮੈਂ ਇਕੱਲਿਆਂ ਇਕ ਅਣਜਾਣੇ ਪ੍ਰਦੇਸ਼ ਵਿਚ ਘੁੰਮ ਰਿਹਾ ਹਾਂ। ਬੇਹੱਦ ਰਹੱਸਮਈ ਮਾਹੌਲ ਹੈ। ਮੇਰਾ ਦਿਮਾਗ਼ ਜਿਵੇਂ ਇਕ ਧੁੰਦ ਜਿਹੀ ਵਿਚ ਘਿਰਿਆ ਹੋਇਆ ਹੈ। ਅਚਾਨਕ ਮੈਨੂੰ ਅਨੁਭਵ ਹੁੰਦਾ ਹੈ ਕਿ ਮੈਂ ਇਕ ਰਹੱਸਮਈ ਜਗ੍ਹਾ ਵਿਚ ਪ੍ਰਵੇਸ਼ ਕਰ ਰਿਹਾ ਹਾਂ- ਸ਼ਾਇਦ ਕੋਈ ਬਾਗ਼ ਜਾਂ ਜੰਗਲ ਹੈ! ਆਲੇ-ਦੁਆਲੇ ਸਾਵੇ ਰੰਗੇ, ਪਰ ਅਜੀਬ ਜਿਹੇ ਦਰੱਖਤ ਹਨ। ਇਕ ਰਸਤਾ ਹੈ ਜੋ ਦੂਰ ਕਿਤੇ ਸੰਘਣੇ ਜੰਗਲ ਵਿਚਦੀ ਜਾਂਦਾ ਹੈ। ਰਸਤੇ ਦੇ ਆਲੇ-ਦੁਆਲੇ ਪੱਥਰ ਤੇ ਚੱਟਾਨਾਂ ਹਨ। ਕਈ ਚੱਟਾਨਾਂ ਛੋਟੀਆਂ ਤੇ ਕਈ ਬਹੁਤ ਵੱਡੀਆਂ ਹਨ ਤੇ ਆਪਸ ਵਿਚ ਮਿਲ ਕੇ ਇਕ ਛੋਟੀ ਜਿਹੀ ਪਹਾੜੀ ਬਣਾਉਂਦੀਆਂ ਹਨ। ਚੱਟਾਨਾਂ ਵਿਚ ਕਿਤੇ ਕਿਤੇ ਹਰੇ ਪੌਦੇ ਹਨ। ਉਹ ਰਸਤਾ ਜਿਹੜਾ ਤੰਗ ਜਿਹਾ ਹੈ, ਦੂਰ ਅੰਦਰ ਨੂੰ ਜਾਂਦਾ ਹੈ। ਮੈਂ ਬਿਨਾਂ ਕਿਸੇ ਸੋਚ ਦੇ ਉਸ ਉੱਪਰ ਤੁਰਦਾ ਜਾਂਦਾ ਹਾਂ। ਕਾਫ਼ੀ ਤੁਰਨ ਤੋਂ ਬਾਅਦ ਮੈਂ ਉਸ ਬਾਗ਼ ਦੇ ਅੰਦਰਲੇ ਭਾਗ ਵਿਚ ਪੁੱਜ ਜਾਂਦਾ ਹਾਂ। ਉੱਥੇ ਆਲੇ-ਦੁਆਲੇ ਹਰਾ ਹਰਾ ਮੁਲਾਇਮ ਘਾਹ ਹੈ। ਕਿਤੇ ਕਿਤੇ ਛੋਟੀਆਂ ਚੱਟਾਨਾਂ ਹਨ। ਓਹੀ ਰਸਤਾ ਹੋਰ ਅੰਦਰ ਜਾਂਦਾ ਹੈ। ਉੱਥੇ ਕੁਝ ਲੋਕ ਬੈਠੇ ਹਨ। ਇਕ ਪਾਸੇ ਇਕ ਅੰਗਰੇਜ਼ ਜੋੜੀ ਬੈਠੀ ਹੈ। ਮੈਂ ਉਸ ਨੂੰ ਦੂਰੋਂ ‘‘ਹੈਲੋ’’ ਕਹਿੰਦਾ ਹਾਂ। ਬਾਕੀ ਲੋਕਾਂ ਵੱਲ ਬਿਨਾ ਦੇਖੇ, ਮੈਂ ਟੁਰਿਆ ਜਾਂਦਾ ਹਾਂ।

ਅਚਾਨਕ ਇਕਦਮ ਦ੍ਰਿਸ਼ ਬਦਲ ਜਾਂਦਾ ਹੈ ਤੇ ਮੈਂ ਇਕ ਪੁਰਾਣੀ ਕਿਲ੍ਹਾਨੁਮਾ ਇਮਾਰਤ ਦੇ ਅੰਦਰ ਹਾਂ। ਆਸਪਾਸ ਅਨੇਕਾਂ ਲੋਕ ਹਨ- ਕੁਝ ਜਾਣੇ ਪਛਾਣੇ ਤੇ ਕੁਝ ਅਜਨਬੀ। ਅਜੀਬ ਕਿਸਮ ਦਾ ਸ਼ੋਰ ਪਸਰਿਆ ਹੋਇਆ ਹੈ। ਸਾਰੇ ਲੋਕ ਜਿਵੇਂ ਬੇਚੈਨੀ ਦੀ ਅਵਸਥਾ ਵਿਚ ਹਨ। ਉਹ ਬੜੀ ਕਾਹਲ਼ੀ ਵਿਚ ਜਾਪਦੇ ਨੇ। ਫਿਰ ਅਚਾਨਕ ਮੈਂ ਉੱਥੋਂ ਬਾਹਰ ਜਾਣ ਵਾਲੇ ਰਸਤੇ ’ਤੇ ਆ ਜਾਂਦਾ ਹਾਂ ਜਿੱਥੇ ਦੋ ਰਸਤੇ ਹਨ। ਮੈਂ ਇਕ ਰਸਤਾ ਚੁਣ ਕੇ ਉੱਧਰ ਨੂੰ ਨਿਕਲ ਟੁਰਦਾ ਹਾਂ। ਮੇਰੇ ਆਲੇ-ਦੁਆਲੇ ਦੇ ਲੋਕ ਕਹਿੰਦੇ ਹਨ ਕਿ ਇਹੀ ਸਹੀ ਰਸਤਾ ਹੈ, ਦੂਜਾ ਰਸਤਾ ਸ਼ਾਇਦ ਬਹੁਤ ਬਿਖਮ ਤੇ ਜੋਖ਼ਮ ਭਰਿਆ ਹੈ! ਪਰ ਇਸ ਰਸਤੇ ’ਤੇ ਅੱਗੇ ਡੂੰਘੀਆਂ ਪੌੜੀਆਂ ਨਜ਼ਰ ਆਉਂਦੀਆਂ ਹਨ- ਮੈਂ ਜਲਦੀ ਜਲਦੀ ਪੌੜੀਆਂ ਉਤਰਦਾ ਹਾਂ। ਬਾਕੀ ਲੋਕ ਵੀ ਮੇਰੇ ਨਾਲ ਹੀ ਹਨ। ਫਿਰ ਮੈਂ ਉੱਥੋਂ ਬਾਹਰ ਆ ਜਾਂਦਾ ਹਾਂ। ਬਾਹਰ ਵੀ ਬੜਾ ਅਜੀਬ ਤੇ ਰਹੱਸਮਈ ਮਾਹੌਲ ਹੈ। ਇਕ ਢਲਾਣ ਵਾਲੀ ਸੜਕ ਹੈ, ਕੋਈ ਪਹਾੜੀ ਇਲਾਕਾ ਲੱਗਦਾ ਹੈ। ਅਜੀਬ ਜਿਹਾ ਸ਼ਹਿਰ ਹੈ। ਉਸ ਤੋਂ ਬਾਅਦ ਕੁਝ ਯਾਦ ਨਹੀਂ – ਬੜੇ ਦ੍ਰਿਸ਼ ਬਦਲੇ। 

ਅੱਜ ਸਾਰਾ ਦਿਨ ਮੈਨੂੰ ਇਸ ਸੁਪਨੇ ਨੇ ਸਨਸਨੀ ਤੇ ਝਰਨਾਹਟ ਪੈਦਾ ਕੀਤੀ। ਮੈਂ ਆਪਮੁਹਾਰੇ ਇਸ ਨੂੰ ਡਾਇਰੀ ਵਿਚ ਲਿਖਣ ਲੱਗਿਆ। ਜਿਹੜੀ ਗੱਲ ਮੈਨੂੰ ਜ਼ਿਆਦਾ ਹੈਰਾਨ ਕਰ ਰਹੀ ਸੀ, ਉਹ ਇਹ ਸੀ ਕਿ ਮੈਂ ਇਹੋ ਜਿਹਾ ਬਾਗ਼ ਪਹਿਲਾਂ ਵੀ ਕਈ ਵਾਰ ਸੁਪਨਿਆਂ ਵਿਚ ਵੇਖਿਆ ਸੀ। ਪਤਾ ਨਹੀਂ ਕਿਹੋ ਜਿਹਾ ਸੁਪਨਾ ਸੀ, ਪਰ ਸੀ ਬੜਾ ਭੇਤ ਭਰਿਆ। ਵੈਸੇ ਤਾਂ ਸੁਪਨੇ ਯਾਦ ਨਹੀਂ ਰਹਿੰਦੇ, ਪਰ ਕਈ ਸੁਪਨੇ ਬਹੁਤ ਸਪਸ਼ਟ ਯਾਦ ਰਹਿੰਦੇ ਨੇ ਤੇ ਤੁਹਾਨੂੰ ਕਈ ਕਈ ਦਿਨ ਤੜਪਾਉਂਦੇ ਨੇ। ਕਹਿੰਦੇ ਨੇ ਅਕਸਰ ਸਵੇਰ ਦੇ ਸੁਪਨੇ ਯਾਦ ਰਹਿੰਦੇ ਨੇ ਜਾਂ ਉਹ ਸੁਪਨੇ ਜਿਨ੍ਹਾਂ ਦੌਰਾਨ ਤੁਹਾਡੀ ਜਾਗ ਖੁੱਲ੍ਹ ਜਾਂਦੀ ਹੈ। ਵੈਸੇ ਤਾਂ ਸਾਨੂੰ ਰੋਜ਼ ਹੀ ਸੁਪਨੇ ਆਉਂਦੇ ਹਨ, ਪਰ ਬਹੁਤੇ ਯਾਦ ਨਹੀਂ ਰਹਿੰਦੇ। ਸਾਰੇ ਸੁਪਨੇ ਤੁਹਾਡੀ ਪਛਾਣ ਸਮਝਣ ਦਾ ਇਕ ਤਰੀਕਾ ਦੱਸਦੇ ਨੇ – ਆਪਣੇ ਆਪ ਨੂੰ ਖੋਜਣ ਦਾ ਮਾਰਗ – ਸਵੈ ਦੀ ਤਲਾਸ਼। ਇਸ ਸੁਪਨਮਈ ਤਲਾਸ਼ ਵਿਚ ਥੋੜ੍ਹਾ ਆਨੰਦ ਵੀ ਲੁਕਿਆ ਹੁੰਦਾ ਹੈ। ਜਿਉਂ ਜਿਉਂ ਤੁਸੀਂ ਉਸ ਤਲਾਸ਼ ਦੇ ਮਾਰਗ ’ਤੇ ਚੱਲਦੇ ਹੋ, ਤੁਹਾਡੇ ਅੱਗੇ ਹੋਰ ਪ੍ਰਸ਼ਨ ਚਿੰਨ੍ਹ ਆਉਂਦੇ ਨੇ ਜਿਨ੍ਹਾਂ ਦਾ ਕੋਈ ਉੱਤਰ ਨਹੀਂ ਮਿਲਦਾ। ਪ੍ਰਸ਼ਨ ਚਿੰਨ੍ਹਾਂ ਦਾ ਇਕ ਵੱਡਾ ਅੰਬਾਰ ਜਮ੍ਹਾਂ ਹੋ ਜਾਂਦਾ ਹੈ ਤੇ ਅਸੀਂ ਸੋਚਣ ਲੱਗਦੇ ਹਾਂ ਕਿ ਇਨ੍ਹਾਂ ਦਾ ਉੱਤਰ ਕੌਣ ਦੇਵੇਗਾ?

ਵਿਸ਼ਲੇਸ਼ਣ 

ਅੱਜ ਪੱਚੀ ਕੁ ਸਾਲ ਬਾਅਦ, ਜਦੋਂ ਮੈਂ ਉਸ ਸੁਪਨੇ ਬਾਰੇ ਲਿਖ ਰਿਹਾਂ ਹਾਂ ਤਾਂ ਲੱਗਦਾ ਹੈ ਕਿ ਉਸ ਸਮੇਂ ਜਦੋਂ ਮੈਨੂੰ ਉਹ ਸੁਪਨਾ ਆਇਆ ਸੀ ਤਾਂ ਮੈਂ ਵਿਦੇਸ਼ (ਖ਼ਾਸ ਤੌਰ ’ਤੇ ਅਮਰੀਕਾ) ਜਾਣ ਬਾਰੇ ਸੋਚਦਾ ਸੀ ਤੇ ਕੋਸ਼ਿਸ਼ ਕਰ ਰਿਹਾ ਸੀ ਕਿ ਮੈਨੂੰ ਅਮਰੀਕਾ ਵਿਚ ਨੌਕਰੀ ਮਿਲ ਜਾਵੇ। ਸ਼ਾਇਦ ਇਸੇ ਕਰਕੇ ਮੈਨੂੰ ਇਸ ਤਰ੍ਹਾਂ ਦੇ ਸੁਪਨੇ ਵੀ ਆ ਰਹੇ ਸਨ ਜੋ ਅੰਗਰੇਜ਼ ਜੋੜੀ ਦੇ ਜ਼ਿਕਰ ਤੋਂ ਸਪਸ਼ਟ ਨਜ਼ਰ ਆਉਂਦਾ ਹੈ। ਇਸ ਦਾ ਮਤਲਬ ਇਹ ਵੀ ਨਹੀਂ ਕਿ ਇਹ ਵਿਸ਼ਲੇਸ਼ਣ ਸੱਚ ਹੀ ਹੋਵੇ। ਕਿਉਂਕਿ ਸੁਪਨਿਆਂ ਦਾ ਵਿਸ਼ਲੇਸ਼ਣ ਤੇ ਉਨ੍ਹਾਂ ਨੂੰ ਸਮਝਣ ਦੀ ਅਸੀਂ ਕੋਸ਼ਿਸ਼ ਹੀ ਕਰ ਸਕਦੇ ਹਾਂ ਅਤੇ ਉਨ੍ਹਾਂ ਦੇ ਮਤਲਬ ਦਾ ਕਿਆਸ ਹੀ ਲਾ ਸਕਦੇ ਹਾਂ। ਕਾਰਲ ਸੈਗਨ ਮੁਤਾਬਿਕ ਜੇ ਸੁਪਨੇ ਦਾ ਮਤਲਬ ਸੱਚ ਹੋ ਜਾਵੇ ਤਾਂ ਅਸੀਂ ਉਸ ਨੂੰ ਇਕ ਪ੍ਰਮਾਣ ਸਮਝ ਕੇ ਉਸ ਬਾਰੇ ਦੂਸਰਿਆਂ ਨੂੰ ਦੱਸਦੇ ਹਾਂ ਤੇ ਉਸ ਦਾ ਰਿਕਾਰਡ ਰੱਖਦੇ ਹਾਂ, ਪਰ ਜੇ ਸੱਚ ਨਾ ਹੋਵੇ ਤਾਂ ਅਸੀਂ ਉਸ ਦਾ ਜ਼ਿਕਰ ਨਹੀਂ ਕਰਦੇ ਤੇ ਰਿਕਾਰਡ ਵੀ ਨਹੀਂ ਕਰਦੇ ਜੋ ਸਹੀ ਨਹੀਂ ਹੁੰਦਾ। ਇਸ ਤਰ੍ਹਾਂ ਵਿਗਿਆਨ ਦੀ ਕਸੌਟੀ ’ਤੇ ਉਹ ਵਿਚਾਰ ਪੂਰਾ ਨਹੀਂ ਉਤਰਦਾ ਕਿਉਂਕਿ ਵਿਗਿਆਨ ਸਬੂਤ ਮੰਗਦਾ ਹੈ। ਅਸੀਂ ਕਈ ਵਾਰ ਜਾਣੇ-ਅਣਜਾਣੇ ਗ਼ਲਤ ਸਬੂਤ ਜਾਂ ਤੱਥ ਪੇਸ਼ ਕਰ ਦਿੰਦੇ ਹਾਂ। ਇਸ ਕਰਕੇ ਮਨੋਵਿਗਿਆਨ ਸੁਪਨਿਆਂ ਦਾ ਵਿਸ਼ਲੇਸ਼ਣ ਕਰਦਾ ਹੈ, ਪਰ ਵਿਗਿਆਨ ਨਹੀਂ। ਇਹ ਜ਼ਰੂਰੀ ਨਹੀਂ ਕਿ ਉਹ ਵਿਸ਼ਲੇਸ਼ਣ ਸਹੀ ਹੋਵੇ। ਪਰ ਅਸੀਂ ਨਿਸ਼ਚਿਤ ਹੀ ਉਸ ਦਾ ਆਨੰਦ ਜ਼ੂਰਰ ਮਾਣ ਸਕਦੇ ਹਾਂ। 

ਜੇ ਵਿਗਿਆਨ ਦੇ ਨਜ਼ਰੀਏ ਤੋਂ ਵੇਖਿਆ ਜਾਵੇ ਤਾਂ ਸੁਪਨਿਆਂ ਦਾ ਕੋਈ ਮਤਲਬ ਨਹੀਂ ਹੁੰਦਾ, ਉਹ ਸਿਰਫ਼ ਦਿਮਾਗ਼ ਦੇ ਨਿਤਾਪ੍ਰਤੀ ਦੀਆਂ ਮਹੱਤਵਪੂਰਣ ਯਾਦਾਂ ਨੂੰ ਲੰਮੀ ਯਾਦ-ਸ਼ਕਤੀ ਵਿਚ ਟਿਕਾਉਣ ਦੇ ਵਰਤਾਰੇ ਦਾ ਮਾੜਾ ਪ੍ਰਭਾਵ ਹੁੰਦੇ ਹਨ! 

ਖੋਜ ਮੁਤਾਬਿਕ ਨੀਂਦ, ਯਾਦ-ਸ਼ਕਤੀ ਨੂੰ ਬਹਾਲ ਕਰਨ ਵਿਚ ਮਦਦ ਕਰਦੀ ਹੈ। ਜੇ ਤੁਸੀਂ ਨਵੀਂ ਜਾਣਕਾਰੀ ਸਿੱਖਦੇ ਜਾਂ ਪੜ੍ਹਦੇ ਹੋ ਤੇ ਉਸਤੋਂ ਬਾਅਦ ਸੌਂ ਜਾਂਦੇ ਹੋ ਤਾਂ ਤੁਸੀਂ ਉਸ ਨੂੰ ਜਲਦੀ ਤੇ ਬਿਹਤਰ ਯਾਦ ਕਰ ਸਕਦੇ ਹੋ। ਸੰਭਵ ਹੈ ਕਿ ਸੁਪਨੇ ਦਿਮਾਗ਼ ਨੂੰ ਮਹੱਤਵਪੂਰਨ ਗਿਆਨ ਪ੍ਰਭਾਵਸ਼ਾਲੀ ਤਰੀਕੇ ਨਾਲ ਯਾਦ ਕਰਨ ਵਿਚ ਸਹਾਇਤਾ ਕਰਦੇ ਹੋਣ, ਫ਼ਾਲਤੂ ਦੇ ਵਿਚਾਰਾਂ ਨੂੰ ਛਾਣ ਕੇ ਤਾਂ ਜੋ ਉਹ ਯਾਦ-ਸ਼ਕਤੀ ਤੇ ਸਿੱਖਿਆ ਵਿਚ ਰੁਕਾਵਟ ਨਾ ਪਾ ਸਕਣ।

Leave a Reply

Your email address will not be published. Required fields are marked *