ਵਿਧਾਨ ਸਭਾ ਚੋਣਾਂ ਦੌਰਾਨ ਡਿਊਟੀ ਦਾ ਮਿਹਨਤਾਨਾ ਨਾ ਮਿਲਣ ’ਤੇ ਆਸ਼ਾ ਵਰਕਰਾਂ ’ਚ ਰੋਸ, ਦਿੱਤਾ ਧਰਨਾ

ਗੁਰਦਾਸਪੁਰ: ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਲਈ ਵੋਟਾਂ ਪਾਉਣ ਦੇ ਅਮਲ ਨੂੰ ਪੰਦਰਾਂ ਦਿਨ ਪੂਰੇ ਹੋ ਗਏ ਹਨ। 15 ਦਿਨ ਬੀਤ ਜਾਣ ਦੇ ਬਾਵਜੂਦ ਦੀਨਾਨਗਰ ਵਿਧਾਨ ਸਭਾ ਹਲਕੇ ਵਿਚ ਵੱਖ-ਵੱਖ ਪੋਲਿੰਗ ਬੂਥਾਂ ’ਤੇ ਡਿਊਟੀ ਨਿਭਾਉਣ ਵਾਲੀਆਂ ਆਸ਼ਾ ਵਰਕਰਾਂ ਨੂੰ ਅਜੇ ਤੱਕ ਉਨ੍ਹਾਂ ਦਾ ਬਣਦਾ ਮਿਹਨਤਾਨਾ ਪ੍ਰਾਪਤ ਨਹੀਂ ਹੋਇਆ। ਮਿਹਨਤਾਨਾ ਨਾ ਮਿਲਣ ’ਤੇ ਇਲਾਕੇ ਦੀਆਂ ਸਮੁੱਚੀਆਂ ਆਸ਼ਾ ਵਰਕਰਾਂ ਵਿੱਚ ਰੋਸ ਪਾਇਆ ਜਾ ਰਿਹਾ ਹੈ।

ਵਰਕਰਾਂ ਨੇ ਮੁੱਖ ਚੋਣ ਅਧਿਕਾਰੀ ਮਾਨਯੋਗ ਡਿਪਟੀ ਕਮਿਸ਼ਨਰ ਗੁਰਦਾਸਪੁਰ ਦੇ ਧਿਆਨ ਵਿੱਚ ਇਹ ਮਾਮਲਾ ਲਿਆਉਂਦੇ ਹੋਏ ਮੰਗ ਕੀਤੀ ਹੈ ਕਿ ਵਰਕਰਾਂ ਨੂੰ ਉਨ੍ਹਾਂ ਦੀ ਡਿਊਟੀ ਦੇ ਬਣਦੇ ਪੈਸੇ ਤੁਰੰਤ ਦਿਵਾਏ ਜਾਣ। ਆਸ਼ਾ ਵਰਕਰਜ ਅਤੇ ਫੈਸੀਲੀਟੇਟਰਜ ਯੂਨੀਅਨ ਦੀ ਪ੍ਰਧਾਨ ਬਲਵਿੰਦਰ ਕੌਰ ਅਲੀ ਸ਼ੇਰ ਅਤੇ ਗੁਰਵਿੰਦਰ ਕੌਰ ਬਹਿਰਾਮਪੁਰ ਜਰਨਲ ਸਕੱਤਰ ਨੇ ਜ਼ਿਲ੍ਹੇ ਵਿਚ ਚੋਣ ਡਿਊਟੀ ਦੇ ਮਿਹਨਤਾਨੇ ਦੀ ਕਾਣੀ ਵੰਡ ਦਾ ਦੋਸ਼ ਲਾਇਆ ਹੈ। ਉਨ੍ਹਾਂ ਕਿਹਾ ਕਿ ਬਹੁਤੇ ਪੋਲਿੰਗ ਬੂਥਾਂ ’ਤੇ ਇੱਕ ਆਸ਼ਾ ਵਰਕਰ ਤੋਂ ਤਿੰਨ ਤਿੰਨ ਪੋਲਿੰਗ ਬੂਥ ’ਤੇ ਕੰਮ ਲਿਆ ਗਿਆ ਅਤੇ ਮਿਹਨਤਾਨੇ ਦੇ ਪੈਸੇ ਸਿਰਫ਼ ਇੱਕ ਬੂਥ ਦੇ ਦਿੱਤੇ ਗਏ।

ਆਗੂਆਂ ਨੇ ਜ਼ਿਲ੍ਹਾ ਪ੍ਰਸ਼ਾਸਨ ਨੂੰ ਚੇਤਾਵਨੀ ਦਿੱਤੀ ਹੈ ਕਿ ਜੇ 7 ਮਾਰਚ ਤੱਕ ਪੈਸੇ ਨਾ ਮਿਲੇ ਤਾਂ 8 ਮਾਰਚ ਨੂੰ ਮਹਿਲਾ ਦਿਵਸ ਮੌਕੇ ਗੁਰਦਾਸਪੁਰ ਵਿਖੇ ਜ਼ਿਲ੍ਹਾ ਪੱਧਰੀ ਮੀਟਿੰਗ ਦੌਰਾਨ ਅਗਲੇ ਸੰਘਰਸ਼ ਦਾ ਐਲਾਨ ਕੀਤਾ ਜਾਵੇਗਾ। ਵਰਨਣਯੋਗ ਹੈ ਕਿ ਮੁੱਖ ਚੋਣ ਅਧਿਕਾਰੀ ਵੱਲੋਂ ਵੋਟਰਾਂ ਦੀ ਕੋਰੋਨਾ ਤੋਂ ਬਚਾਉਣ ਲਈ ਹਰ ਵੋਟਰ ਨੂੰ ਕੋਵਿਡ ਟੀਕਾਕਰਨ ਅਤੇ ਵੋਟਾਂ ਵਾਲੇ ਦਿਨ ਪੋਲਿੰਗ ਬੂਥਾਂ ’ਤੇ ਮਾਸਕ, ਸੈਨੇਟਾਇਜਰ ਕਰਨ ਲਈ ਆਸਾ ਵਰਕਰਾਂ ਦੀ ਡਿਊਟੀ ਲਗਾਈ ਗਈ ਸੀ। ਇਸ ਲਈ ਢੁਕਵੇਂ ਮੁਆਵਜ਼ਾ ਦੇਣ ਦਾ ਐਲਾਨ ਕੀਤਾ ਸੀ ਪਰ ਜਥੇਬੰਦੀ ਵੱਲੋਂ ਇਨ੍ਹਾਂ ਹੁਕਮਾਂ ਦੀ ਤਾਮੀਲ ਨਾ ਕਰਨ ਦਾ ਦੋਸ਼ ਲਾਇਆ ਹੈ।

Leave a Reply

Your email address will not be published. Required fields are marked *