3 ਦਿਨ ਪਹਿਲਾਂ ਲਾਪਤਾ ਹੋਏ 18 ਸਾਲਾ ਨੌਜਵਾਨ ਦੀ ਮਿਲੀ ਲਾਸ਼, ਪਰਿਵਾਰ ਨੇ ਜਤਾਇਆ ਕਤਲ ਦਾ ਖ਼ਦਸ਼ਾ

ਗੁਰਦਾਸਪੁਰ: ਪੁਲਸ ਥਾਣਾ ਭੈਣੀ ਮੀਆਂ ਖਾਂ ਅਧੀਨ ਪਿੰਡ ਫੇਰੋਚੇਚੀ ਵਿਖੇ 18 ਸਾਲਾਂ ਨੌਜਵਾਨ ਦੀ ਭੇਦਭਰੀ ਹਾਲਤ ’ਚ ਲਾਸ਼ ਮਿਲਣ ਨਾਲ ਸਨਸਨੀ ਫੈਲ ਗਈ। ਘਟਨਾ ਦੀ ਸੂਚਨਾ ਮਿਲਣ ’ਤੇ ਪਹੁੰਚੀ ਪੁਲਸ ਨੇ ਇਸ ਘਟਨਾ ਦੇ ਸਬੰਧ ’ਚ 5 ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕਰ ਦਿੱਤਾ। ਪੁਲਸ ਅਧਿਕਾਰੀ ਨੇ ਦੱਸਿਆ ਕਿ ਡਰੇਨ ਦੇ ਫੇਰੋਚੇਚੀ ਦਾ 18 ਸਾਲਾ ਨੌਜਵਾਨ ਤਰੁਣਪ੍ਰੀਤ ਸਿੰਘ ਉਰਫ ਤਰੁਨ 3 ਮਾਰਚ ਨੂੰ ਲਾਪਤਾ ਹੋ ਗਿਆ ਸੀ, ਜਿਸ ਦੀ ਕਾਫੀ ਭਾਲ ਕੀਤੀ ਜਾ ਰਹੀ ਸੀ। ਬੀਤੀ ਰਾਤ ਪਿੰਡ ਨੂੰਨ ਨੇੜੇ ਡਰੇਨ ਦੇ ਸਰਕੰਢਿਆਂ ਵਿਚੋਂ ਉਸ ਦੀ ਲਾਸ਼ ਮਿਲੀ।
ਪੁਲਸ ਨੂੰ ਦਿੱਤੇ ਬਿਆਨਾਂ ਵਿਚ ਸਤਨਾਮ ਸਿੰਘ ਪੁੱਤਰ ਜੋਗਿੰਦਰ ਸਿੰਘ ਵਾਸੀ ਫੇਰੋਚੇਚੀ ਨੇ ਦੱਸਿਆ ਕਿ ਉਸਦਾ ਭਰਾ ਸੁਖਵਿੰਦਰ ਸਿੰਘ ਇੰਗਲੈਂਡ ਵਿੱਚ ਰਹਿੰਦਾ ਹੈ, ਜਿਸਦੇ ਪਰਿਵਾਰ ਦੀ ਦੇਖਭਾਲ ਉਹ ਕਰਦਾ ਹੈ। ਉਸ ਦੇ ਭਤੀਜੇ ਤਰੁਣਪ੍ਰੀਤ ਸਿੰਘ ਉਰਫ ਤਰਨ ਦੀ ਕੁਝ ਦਿਨ ਪਹਿਲਾਂ ਪਿੰਡ ਚੱਕ ਯਕੂਬ ਦੇ ਕੁਝ ਲੋਕਾਂ ਨਾਲ ਕਿਹਾ ਸੁਣੀ ਹੋ ਗਈ ਸੀ। ਇਸ ਕਾਰਨ ਵਿਕਟਰ ਜੋਨ ਉਰਫ ਮੱਘਾ ਵਾਸੀ ਫੇਰੋਚੇਚੀ ਉਨ੍ਹਾਂ ਦਾ ਆਪਸ ਵਿੱਚ ਰਾਜ਼ੀਨਾਮਾ ਕਰਵਾਉਣ ਦੇ ਬਹਾਨੇ ਤਰੁਣਪ੍ਰੀਤ ਸਿੰਘ ਨੂੰ ਲੈ ਗਿਆ।
ਉਨ੍ਹਾਂ ਦੋਸ਼ ਲਗਾਇਆ ਕਿ ਵਿਕਟਰ ਜੋਨ ਨੇ ਸੁਖਚੈਨ ਸਿੰਘ, ਅਮਰਜੀਤ ਸਿੰਘ ਵਾਸੀ ਬੁੱਢਾਬਾਲਾ, ਨਿਰਮਲ ਸਿੰਘ ਅਤੇ ਬਲਵਾਨ ਸਿੰਘ ਵਾਸੀ ਚੱਕ ਯਕੂਬ ਨਾਲ ਮਿਲ ਕੇ ਪਿੰਡ ਨੂੰਨਾਂ ਤੋਂ ਅੱਗੇ ਕੱਚੇ ਰਸਤੇ ‘ਤੇ ਤਰੁਣਪ੍ਰੀਤ ਸਿੰਘ ਦਾ ਕਤਲ ਕਰ ਦਿੱਤਾ। ਉਸ ਨੇ ਕਿਹਾ ਕਿ ਉਕਤ ਲੋਕਾਂ ਨੇ ਸਬੂਟ ਮਿਟਾਉਣ ਲਈ ਉਸਦੀ ਲਾਸ਼ ਨੂੰ ਸਰਕੰਡਿਆ ਵਿੱਚ ਲੁਕਾ ਦਿੱਤਾ। ਪੁਲਸ ਨੇ ਉਕਤ ਬਿਆਨਾਂ ਦੇ ਅਧਾਰ ‘ਤੇ 5 ਵਿਅਕਤੀਆਂ ਖ਼ਿਲਾਫ਼ ਸਬੰਧਿਤ ਧਰਾਵਾਂ ਅਧੀਨ ਮਾਮਲਾ ਦਰਜ ਕਰਕੇ ਇਸ ਮਾਮਲੇ ਦੀ ਜਾਂਚ ਕਰਨੀ ਸ਼ੁਰੂ ਕਰ ਦਿੱਤੀ।