ਕੇਜਰੀਵਾਲ ਮੇਰੇ ਮੁੰਡੇ ਤੋਂ ਡਰਦੈ: ਪ੍ਰਿਤਪਾਲ

ਨਵੀਂ ਦਿੱਲੀ:ਭਾਜਪਾ ਆਗੂ ਤੇਜਿੰਦਰਪਾਲ ਸਿੰਘ ਬੱਗਾ ਦੇ ਪਿਤਾ ਪ੍ਰਿਤਪਾਲ ਸਿੰਘ ਨੇ ਐਤਵਾਰ ਨੂੰ ਦਾਅਵਾ ਕੀਤਾ ਕਿ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਉਨ੍ਹਾਂ ਦੇ ਪੁੱਤਰ ਤੋਂ ਡਰਦਾ ਹੈ ਅਤੇ ਪਰਿਵਾਰ ਨੂੰ ਡਰਾਉਣ ਲਈ ਉਹ ਪੰਜਾਬ ਪੁਲੀਸ ਦੀ ਵਰਤੋਂ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਪਿਛਲੇ ਕੁਝ ਦਿਨ ਪਰਿਵਾਰ ਲਈ ਮੁਸ਼ਕਲਾਂ ਭਰੇ ਰਹੇ ਸਨ ਪਰ ਉਹ ਸੱਚ ਲਈ ਲੜਨ ਵਾਸਤੇ ਹਮੇਸ਼ਾ ਤਿਆਰ ਹਨ। ਖ਼ਬਰ ਏਜੰਸੀ ਨਾਲ ਫੋਨ ’ਤੇ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ,‘‘ਦਿੱਲੀ ਦਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਤੇਜਿੰਦਰ ਤੋਂ ਡਰਦਾ ਹੈ। ਇਹ ਕੋਈ ਪਹਿਲੀ ਘਟਨਾ ਨਹੀਂ ਹੈ। ਇਹ ਕੰਮ ਪਿਛਲੇ ਪੰਜ-ਸੱਤ ਸਾਲਾਂ ਤੋਂ ਚਲਦਾ ਆ ਰਿਹਾ ਹੈ। ਆਮ ਆਦਮੀ ਪਾਰਟੀ ਦੇ ਵਰਕਰ ਵੀ ਆਖਦੇ ਹਨ ਕਿ ਕੇਜਰੀਵਾਲ ਨੂੰ ਬੱਗਾ ਦੇ ਸੁਪਨੇ ਆਉਂਦੇ ਹਨ।’’ ਉਨ੍ਹਾਂ ਕਿਹਾ ਕਿ ਪਹਿਲਾਂ ਕੇਜਰੀਵਾਲ ਕੁਝ ਨਹੀਂ ਕਰ ਸਕਿਆ ਸੀ ਕਿਉਂਕਿ ਪੁਲੀਸ ਉਸ ਦੇ ਅਧੀਨ ਨਹੀਂ ਸੀ ਪਰ ਹੁਣ ਪੰਜਾਬ ’ਚ ਪੁਲੀਸ ‘ਆਪ’ ਸਰਕਾਰ ਹੇਠ ਹੈ ਅਤੇ ਉਹ ਸਾਨੂੰ ਡਰਾਉਣ ਲਈ ਉਸ ਦੀ ਵਰਤੋਂ ਕਰ ਰਹੇ ਹਨ। ਪੁੱਤਰ ਨਾਲ ਖੜ੍ਹਨ ਲਈ ਉਨ੍ਹਾਂ ਭਾਜਪਾ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਪਾਰਟੀ ਵਰਕਰਾਂ ਤੋਂ ਲੈ ਕੇ ਸੀਨੀਅਰ ਆਗੂਆਂ ਤੱਕ ਨੇ ਤੇਜਿੰਦਰਪਾਲ ਸਿੰਘ ਦਾ ਸਾਥ ਦਿੱਤਾ। ਪ੍ਰਿਤਪਾਲ ਸਿੰਘ ਨੇ ਕਿਹਾ ਕਿ ਗੋਆ ਦੇ ਮੁੱਖ ਮੰਤਰੀ ਪ੍ਰਮੋਦ ਸਾਵੰਤ ਅਤੇ ਭਾਜਪਾ ਜਨਤਾ ਯੁਵਾ ਮੋਰਚਾ ਦੇ ਪ੍ਰਧਾਨ ਤੇਜਸਵੀ ਸੂਰਿਆ ਵੱਲੋਂ ਘਰ ਆ ਕੇ ਹਮਾਇਤ ਦੇਣਾ ਮਾਣ ਵਾਲੀ ਗੱਲ ਹੈ। ਉਨ੍ਹਾਂ ਦਾਅਵਾ ਕੀਤਾ ਕਿ ਪਰਿਵਾਰ ਨੂੰ ਪੰਜਾਬ ’ਚ ਆਮ ਆਦਮੀ ਤੋਂ ਵੀ ਹਮਾਇਤ ਮਿਲ ਰਹੀ ਹੈ। 

Leave a Reply

Your email address will not be published. Required fields are marked *