ਨਵਨੀਤ ਰਾਣਾ ਵੱੱਲੋਂ ਮੁੱਖ ਮੰਤਰੀ ਠਾਕਰੇ ਨੂੰ ਚੋਣ ਲੜਨ ਦੀ ਚੁਣੌਤੀ

ਮੁੰਬਈ: ਮਹਾਰਾਸ਼ਟਰ ਤੋਂ ਆਜ਼ਾਦ ਸੰਸਦ ਮੈਂਬਰ ਨਵਨੀਤ ਰਾਣਾ ਨੇ ਮੁੱਖ ਮੰਤਰੀ ਊਧਵ ਠਾਕਰੇ ਨੂੰ ਆਪਣੇ ਖਿਲਾਫ਼ ਚੋਣ ਲੜਨ ਦੀ ਚੁਣੌਤੀ ਦਿੱਤੀ ਹੈ। ਰਾਣਾ ਤੇ ਉਸ ਦੇ ਵਿਧਾਇਕ ਪਤੀ ਰਵੀ ਰਾਣਾ ਨੂੰ ਹਨੂੰਮਾਨ ਚਾਲੀਸਾ ਵਿਵਾਦ ਵਿੱਚ ਅਜੇ ਪਿੱਛੇ ਜਿਹੇ ਜ਼ਮਾਨਤ ਮਿਲੀ ਹੈ। ਪੁਲੀਸ ਨੇ ਰਾਣਾ ਦੰਪਤੀ ਨੂੰ ਪਿਛਲੇ ਮਹੀਨੇ ਗ੍ਰਿਫ਼ਤਾਰ ਕੀਤਾ ਸੀ। ਸੰਸਦ ਮੈਂਬਰ ਨੇ ਦਾਅਵਾ ਕੀਤਾ ਕਿ ਮੁੰਬਈ ਦੇ ਲੋਕ ਅਤੇ ਭਗਵਾਨ ਰਾਮ ਨਿਗਮ ਚੋਣਾਂ ਵਿੱਚ ਸ਼ਿਵ ਸੈਨਾ ਨੂੰ ਸਬਕ ਸਿਖਾਉਣਗੇ। ਸ਼ਿਵ ਸੈਨਾ ਦੇ ਪ੍ਰਧਾਨ ਊਧਵ ਠਾਕਰੇ, ਜੋ ਨਵੰਬਰ 2019 ਵਿੱਚ ਐੱਨਸੀਪੀ ਤੇ ਕਾਂਗਰਸ ਨਾਲ ਗੱਠਜੋੜ ਕਰਨ ਮਗਰੋਂ ਨਵੰਬਰ 2019 ਵਿੱਚ ਮੁੱਖ ਮੰਤਰੀ ਬਣੇ ਸਨ, ਨੇ ਮਈ 2020 ਵਿੱਚ ਮਹਾਰਾਸ਼ਟਰ ਵਿਧਾਨ ਪ੍ਰੀਸ਼ਦ ਦੇ ਮੈਂਬਰ ਵਜੋਂ ਹਲਫ਼ ਲਿਆ ਸੀ। ਠਾਕਰੇ ਇਸ ਤੋਂ ਪਹਿਲਾਂ ਕਦੇ ਵੀ ਸੂਬਾਈ ਅਸੈਂਬਲੀ ਦੇ ਮੈਂਬਰ ਨਹੀਂ ਰਹੇ।

ਮੁੰਬਈ ਦੀ ਵਿਸ਼ੇਸ਼ ਕੋਰਟ ਨੇ ਰਾਣਾ ਦੰਪਤੀ ਨੂੰ 4 ਮਈ ਨੂੰ ਜ਼ਮਾਨਤ ਦਿੱਤੀ ਸੀ। ਦੋਵੇਂ 5 ਮਈ ਨੂੰ ਜੇਲ੍ਹ ’ਚੋਂ ਬਾਹਰ ਆੲੇ ਸਨ, ਜਿਸ ਮਗਰੋਂ ਨਵਨੀਤ ਰਾਣਾ ਨੂੰ ਹਸਪਤਾਲ ਦਾਖ਼ਲ ਕਰਵਾਉਣਾ ਪਿਆ ਸੀ। ਰਾਣਾ ਦੇ ਵਕੀਲ ਮੁਤਾਬਕ ਉਨ੍ਹਾਂ ਦੀ ਮੁਵੱਕਿਲ ਨੇ ਹਾਈ ਬਲੱਡ ਪ੍ਰੈੱਸ਼ਰ ਤੇ ਸਿਹਤ ਨਾਲ ਜੁੜੇ ਹੋਰ ਵਿਗਾੜਾਂ ਦੀ ਸ਼ਿਕਾਇਤ ਕੀਤੀ ਸੀ। ਹਸਪਤਾਲ ਤੋਂ ਛੁੱਟੀ ਮਿਲਣ ਮਗਰੋਂ ਨਵਨੀਤ ਰਾਣਾ ਨੇ ਕਿਹਾ, ‘‘ਮੈਂ ਊਧਵ ਠਾਕਰੇ ਜੀ ਨੂੰ ਚੁਣੌਤੀ ਦਿੰਦੀ ਹਾਂ ਕਿ ਉਹ ਕੋਈ ਵੀ ਹਲਕਾ ਚੁਣ ਲੈਣ ਤੇ ਸਿੱਧੇ ਉਥੋਂ ਚੁਣ ਕੇ ਆਉਣ। ਮੈਂ ਉਨ੍ਹਾਂ ਖਿਲਾਫ਼ ਚੋਣ ਲੜਾਂਗੀ। ਮੈਂ ਪੂਰੀ ਇਮਾਨਦਾਰੀ ਨਾਲ ਸਖ਼ਤ ਮਿਹਨਤ ਕਰਾਂਗੀ ਤੇ ਚੋਣ ਜਿੱਤਾਂਗੀ। ਤੇ ਉਨ੍ਹਾਂ (ਮੁੱਖ ਮੰਤਰੀ) ਨੂੰ ਲੋਕਾਂ ਦੀ ਤਾਕਤ ਦਾ ਪਤਾ ਲੱਗੇਗਾ।’’ ਸੰਸਦ ਮੈਂਬਰ ਨੇ ਕਿਹਾ, ‘‘ਮੈਂ ਕੀ ਅਪਰਾਧ ਕੀਤਾ ਸੀ, ਜਿਸ ਲਈ ਮੈਨੂੰ 14 ਦਿਨ ਜੇਲ੍ਹ ’ਚ ਰੱਖਿਆ ਗਿਆ? ਤੁਸੀਂ ਮੈਨੂੰ 14 ਸਾਲ ਲਈ ਜੇਲ੍ਹ ਵਿੱਚ ਰੱਖ ਸਕਦੇ ਹੋ, ਪਰ ਮੈਂ ਭਗਵਾਨ ਰਾਮ ਤੇ ਹਨੂਮਾਨ ਦਾ ਜਾਪ ਕਰਨਾ ਨਹੀਂ ਛੱਡਾਂਗੀ। ਮੁੰਬਈਕਰ (ਮੁੰਬਈ ਦੇ ਲੋਕ) ਤੇ ਭਗਵਾਨ ਰਾਮ ਨਿਗਮ ਚੋਣਾਂ ਵਿੱਚ ਸ਼ਿਵ ਸੈਨਾ ਨੂੰ ਸਬਕ ਸਿਖਾਉਣਗੇ।’’

Leave a Reply

Your email address will not be published. Required fields are marked *