ਮਹਿੰਗਾਈ ਲਈ ‘ਦੋਸ਼ੀ’ ਮਹਿਸੂਸ ਨਾ ਕਰਨ ਭਾਜਪਾ ਵਰਕਰ: ਰਾਜਨਾਥ
ਪੁਣੇ: ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਅਮਰੀਕਾ ਵਰਗੇ ਅਮੀਰ ਦੇਸ਼ਾਂ ਦੇ ਵੀ ਮਹਿੰਗਾਈ ਤੋਂ ਪ੍ਰਭਾਵਿਤ ਹੋਣ ਦਾ ਜ਼ਿਕਰ ਕਰਦਿਆਂ ਕਿਹਾ ਕਿ ਭਾਰਤੀ ਜਨਤਾ ਪਾਰਟੀ ਦੇ ਵਰਕਰਾਂ ਨੂੰ ਇਸ ਸਬੰਧੀ ‘ਦੋਸ਼ੀ’ ਮਹਿਸੂਸ ਨਹੀਂ ਕਰਨਾ ਚਾਹੀਦਾ।
ਇੱਥੇ ਪਾਰਟੀ ਵਰਕਰਾਂ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਭਾਜਪਾ ਨੇਤਾ ਨੇ ਕਿਹਾ, ‘‘ਵਧਦੀ ਮਹਿੰਗਾਈ ਬਾਰੇ ਬਹਿਸ ਜਾਰੀ ਹੈ.. ਕਰੋਨਾ ਮਹਾਮਾਰੀ ਦੌਰਾਨ ਸਾਰਾ ਦੇਸ਼ ਰੁਕ ਗਿਆ ਸੀ। ਪਰ ਪ੍ਰਧਾਨ ਮੰਤਰੀ ਨੇ ਅਰਥਵਿਵਸਥਾ ਦੀ ਹਾਲਤ ਨਹੀਂ ਵਿਗੜਨ ਦਿੱਤੀ ਅਤੇ ਸਾਨੂੰ ਇਸ ਦੀ ਸ਼ਲਾਘਾ ਕਰਨੀ ਚਾਹੀਦੀ ਹੈ।’’
ਰਾਜਨਾਥ ਸਿੰਘ ਨੇ ਕਿਹਾ ਕਿ ਰੂਸ-ਯੂਕਰੇਨ ਸੰਕਟ ਦੇ ਚੱਲਦਿਆਂ ਆਲਮੀ ਸਪਲਾਈ ਲੜੀਆਂ ਵਿੱਚ ਵਿਘਨ ਪਿਆ ਹੈ ਅਤੇ ਦਰਾਮਦ ਤੇ ਬਰਾਮਦ ਪ੍ਰਭਾਵਿਤ ਹੋਈ ਹੈ। ਉਨ੍ਹਾਂ ਕਿਹਾ, ‘‘ਇਸ ਸਥਿਤੀ ਵਿੱਚ ਇਹ ਸਪੱਸ਼ਟ ਹੈ ਕਿ ਇਸ ਦਾ ਕਿਸੇ ਵੀ ਦੇਸ਼ ’ਤੇ ਅਸਰ ਪਵੇਗਾ। ਤੁਹਾਨੂੰ ਇਹ ਜਾਣ ਕੇ ਹੈਰਾਨੀ ਹੋਵੇਗੀ ਕਿ ਸਭ ਤੋਂ ਅਮੀਰ ਮੁਲਕ ਅਮਰੀਕਾ ਵਿੱਚ ਮਹਿੰਗਾਈ ਪਿਛਲੇ 40 ਸਾਲਾਂ ਵਿੱਚ ਸਭ ਤੋਂ ਸਿਖਰ ’ਤੇ ਹੈ। ਘੱਟੋ-ਘੱਟੋ ਭਾਰਤ ਦੀ ਸਥਿਤੀ ਬਿਹਤਰ ਹੈ। ਸਾਨੂੰ ਦੋਸ਼ੀ ਮਹਿਸੂਸ ਨਹੀਂ ਕਰਨਾ ਚਾਹੀਦਾ।’’
ਜ਼ਿਕਰਯੋਗ ਹੈ ਕਿ ਭਾਰਤ ਵਿੱਚ ਪ੍ਰਚੂਨ ਮਹਿੰਗਾਈ ਅਪਰੈਲ ਵਿੱਚ 8 ਸਾਲਾਂ ਦੇ ਸਭ ਤੋਂ ਉਪਰਲੇ ਪੱਧਰ 7.8 ਫ਼ੀਸਦੀ ’ਤੇ ਪਹੁੰਚ ਗਈ ਜਦਕਿ ਥੋਕ ਮਹਿੰਗਾਈ 15.1 ਫ਼ੀਸਦੀ ’ਤੇ ਪਹੁੰਚ ਗਈ, ਜਿਹੜੀ 9 ਸਾਲਾਂ ਵਿੱਚ ਸਭ ਤੋਂ ਵੱਧ ਹੈ।