ਦਾਦਾ-ਦਾਦੀ ਤੇ ਤਾਏ ਨੂੰ ਗੋਲੀ ਮਾਰ ਕੇ ਖੁਦ ਪਹੁੰਚਿਆ ਥਾਣੇ

ਸ੍ਰੀ ਮੁਕਤਸਰ ਸਾਹਿਬ :  ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹੇ ਦੇ ਪਿੰਡ ਬਾਮ ਵਿਚ ਅੱਜ ਇਕ ਦਰਦਨਾਕ ਘਟਨਾ ਵਾਪਰੀ ਜਦੋਂ ਇਕ ਨੌਜਵਾਨ ਵੱਲੋਂ ਕਥਿਤ ਤੌਰ ’ਤੇ ਘਰੇਲੂ ਕੰਧ ਦੇ ਰੋਲੇ ਨੂੰ ਲੈ ਕੇ ਆਪਣੇ ਦਾਦੇ ਅਤੇ ਤਾਏ ਦਾ ਗੋਲ਼ੀ ਮਾਰ ਕੇ ਕਤਲ ਕਰ ਦਿੱਤਾ ਗਿਆ। ਮਾਮਲਾ ਪਿੰਡ ਬਾਮ ਦੇ ਨਾਲ ਜੁੜਿਆ ਹੈ। ਮ੍ਰਿਤਕ ਜਰਨੈਲ ਸਿੰਘ ਦੀ ਨੂੰਹ ਅਮਰਜੀਤ ਕੌਰ ਨੇ ਦੱਸਿਆ ਕਿ ਉਨ੍ਹਾਂ ਦੇ ਘਰ ਦੇ ਨਾਲ ਹੀ ਉਨ੍ਹਾਂ ਦੇ ਸ਼ਰੀਕੇ ਦਾ ਘਰ ਹੈ ਅਤੇ ਉਨ੍ਹਾਂ ਦੇ ਘਰ ਵਿਚਕਾਰ ਕੰਧ ਨਿਕਲਣੀ ਸ਼ੁਰੂ ਹੋਈ ਸੀ ਅਤੇ ਇਸ ਸੰਬੰਧੀ  ਪੰਚਾਇਤ ਮੈਂਬਰਾਂ ਵੱਲੋਂ ਹੀ ਕੱਲ ਨੀਂਹ ਰਖਵਾਈ ਗਈ ਸੀ।

ਅੱਜ ਸਵੇਰੇ ਜਦੋਂ ਉਹ ਘਰ ਨਹੀਂ ਸਨ ਤਾਂ ਮ੍ਰਿਤਕ ਜਰਨੈਲ ਸਿੰਘ ਦੇ ਭਰਾ ਦੇ ਪੋਤਾ ਹਰਦੀਪ ਸਿੰਘ (20) ਉਨ੍ਹਾਂ ਦੇ ਘਰ ਵਾਲੇ ਪਾਸੇ ਆਇਆ ਅਤੇ ਇਸ ਸਮੇਂ ਜਰਨੈਲ ਸਿੰਘ ਕੱਪੜੇ ਸੁੱਕਣੇ ਪਾ ਰਿਹਾ ਸੀ ਤਾਂ ਉਸ ਨੇ ਜਰਨੈਲ ਸਿੰਘ ਦੇ ਗੋਲ਼ੀ ਮਾਰ ਦਿੱਤੀ ਜਿਸ ਨਾਲ ਜਰਨੈਲ ਸਿੰਘ ਉਸੇ ਜਗ੍ਹਾ ’ਤੇ ਡਿੱਗ ਪਿਆ। ਇਸ ਦੌਰਾਨ ਉਸ ਨੇ ਘਰ ਵਿਚ ਮੌਜੂਦ ਜਰਨੈਲ ਸਿੰਘ ਦੀ ਪਤਨੀ ਨਸੀਬ ਕੌਰ ਨੂੰ ਵੀ ਦੋ ਗੋਲ਼ੀਆਂ ਮਾਰ ਦਿੱਤੀਆਂ। ਕਥਿਤ ਤੌਰ ’ਤੇ ਦੋਸ਼ੀ ਹਰਦੀਪ ਸਿੰਘ ਨੇ ਹੀ ਉਨ੍ਹਾਂ ਦੇ ਘਰ ਵਿਚ ਹੀ ਇਕ ਕਮਰੇ ’ਚ ਰਹਿ ਰਹੇ ਆਪਣੇ ਤਾਇਆ ਮਿੱਠੂ ਸਿੰਘ ਦੇ ਵੀ ਗੋਲ਼ੀ ਮਾਰ ਦਿੱਤੀ ਅਤੇ ਫ਼ਰਾਰ ਹੋ ਗਿਆ।  ਬਾਅਦ ਵਿਚ ਕਾਤਲ ਖੁਦ ਹੀ ਪੁਲਸ ਸਾਹਮਣੇ ਪੇਸ਼ ਹੋ ਗਿਆ।

ਪਰਿਵਾਰਕ ਮੈਂਬਰਾਂ ਅਨੁਸਾਰ ਜਰਨੈਲ ਸਿੰਘ ਰਿਸ਼ਤੇਦਾਰੀ ਵਿਚ ਹਰਦੀਪ ਸਿੰਘ ਦਾ ਦਾਦਾ ਲੱਗਦਾ ਸੀ ਜਦਕਿ ਮਿੱਠੂ ਸਿੰਘ ਉਸਦਾ ਸਕਾ ਤਾਇਆ ਸੀ । ਇਸ ਦੌਰਾਨ ਜਰਨੈਲ ਸਿੰਘ ਅਤੇ ਮਿੱਠੂ ਸਿੰਘ ਦੀ ਮੌਤ ਹੋ ਗਈ ਜਦ ਕਿ ਰਿਸ਼ਤੇਦਾਰੀ ਵਿਚ ਹਰਦੀਪ ਸਿੰਘ ਦੀ ਦਾਦੀ ਲੱਗਦੀ ਨਸੀਬ ਕੌਰ ਨੂੰ ਗੰਭੀਰ ਹਾਲਤ ਵਿਚ ਸਿਵਲ ਹਸਪਤਾਲ ਵਿਖੇ ਲਿਜਾਇਆ ਗਿਆ, ਜਿੱਥੇ ਉਸਦਾ ਇਲਾਜ ਚੱਲ ਰਿਹਾ ਹੈ। ਘਟਨਾ ਦੀ ਜਾਣਕਾਰੀ ਮਿਲਦਿਆਂ ਹੀ ਥਾਣਾ ਸਦਰ ਮਲੋਟ ਦੀ ਪੁਲਸ ਅਤੇ ਪੁਲਸ ਵਿਭਾਗ ਦੀ ਫੋਰੈਂਸਿਕ ਟੀਮ ਮੌਕੇ ’ਤੇ ਪਹੁੰਚੇ ਅਤੇ ਜਾਂਚ ਆਰੰਭ ਕਰ ਦਿੱਤੀ। ਪਰਿਵਾਰਕ ਮੈਂਬਰਾਂ ਅਤੇ ਪਿੰਡ ਵਾਸੀਆਂ ਅਨੁਸਾਰ ਦੋਵਾਂ ਘਰਾਂ ਦੇ ਵਿਚਕਾਰ ਨਿਕਲ ਰਹੀ ਕੰਧ ਨੂੰ ਲੈ ਕੇ ਥੋੜ੍ਹੀ ਬਹੁਤ ਕਹਾਸੁਣੀ ਹੋਈ ਸੀ ਪਰ ਇਕ ਦਿਨ ਪਹਿਲਾਂ ਹੀ ਪੰਚਾਇਤ ਵੱਲੋਂ ਇਹ ਮਸਲਾ ਨਿਬੇੜ ਕੇ ਕੰਧ ਦੀ ਨੀਂਹ ਰਖਵਾ ਦਿੱਤੀ ਗਈ ਸੀ।

ਉਧਰ ਇਸ ਮਾਮਲੇ ਵਿਚ ਡੀ. ਐੱਸ. ਪੀ ਜਸਪਾਲ ਸਿੰਘ ਨੇ ਦੱਸਿਆ ਕਿ ਕਥਿਤ ਤੌਰ ’ਤੇ ਹਰਦੀਪ ਸਿੰਘ ਉਰਫ ਸੰਦੀਪ ਸਿੰਘ ਵੱਲੋਂ ਆਪਣੇ ਦਾਦੇ ਦੇ ਭਰਾ ਅਤੇ ਸਕੇ ਤਾਏ ਦਾ ਕਤਲ ਕੀਤਾ ਗਿਆ ਅਤੇ ਕਤਲ ਕਰਨ ਬਾਅਦ ਉਹ ਕਥਿਤ ਪੁਲਸ ਸਾਹਮਣੇ ਪੇਸ਼ ਹੋ ਗਿਆ ਹੈ। ਇਸ ਸੰਬੰਧ ਵਿਚ ਪੁਲਸ ਵੱਲੋਂ ਬਣਦੀ ਕਾਰਵਾਈ ਕੀਤੀ ਜਾ ਰਹੀ ਹੈ।

Leave a Reply

Your email address will not be published. Required fields are marked *