ਸਿੱਧੂ ਮੂਸੇਵਾਲਾ ਕਤਲ ਕਾਂਡ : ਪ੍ਰਿਯਵਰਤ ਫੌਜੀ ਸਣੇ ਚਾਰ ਕਾਤਲ ਅਦਾਲਤ ’ਚ ਪੇਸ਼, ਵਧਿਆ ਰਿਮਾਂਡ

ਚੰਡੀਗੜ੍ਹ/ਮਾਨਸਾ : ਸਿੱਧੂ ਮੂਸੇਵਾਲਾ ਦੇ ਕਤਲ ਕਾਂਡ ਮਾਮਲੇ ਵਿਚ ਫੋਰੈਂਸਿਕ ਰਿਪੋਰਟ ਆ ਗਈ ਹੈ। ਮੂਸੇਵਾਲਾ ਦਾ ਕਤਲ ਏ. ਕੇ. 47 ਤੋਂ ਇਲਾਵਾ .30 ਬੋਰ ਅਤੇ 9 ਐੱਮ. ਐੱਮ. ਪਿਸਟਲ ਨਾਲ ਕੀਤਾ ਗਿਆ ਸੀ। ਇਹ ਖੁਲਾਸਾ ਮੂਸੇਵਾਲਾ ਦੇ ਸਰੀਰ ਅਤੇ ਵਾਰਦਾਤ ਵਾਲੀ ਜਗ੍ਹਾ ਤੋਂ ਮਿਲੀਆਂ ਗੋਲੀਆਂ ਦੀ ਜਾਂਚ ਤੋਂ ਬਾਅਦ ਹੋਇਆ ਹੈ। ਹਾਲਾਂਕਿ ਪੁਲਸ ਅਜੇ ਤਕ ਕਤਲ ਵਿਚ ਇਸਤੇਮਾਲ ਕੀਤੇ ਗਏ ਹਥਿਆਰ ਰਿਕਵਰ ਨਹੀਂ ਕਰ ਸਕੀ ਹੈ। ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਮੂਸੇਵਾਲਾ ਦਾ ਕਤਲ ਕਰਨ ਤੋਂ ਬਾਅਦ ਸ਼ੂਟਰ ਤੇਜ਼ੀ ਨਾਲ ਫਰਾਰ ਹੋ ਗਏ ਅਤੇ ਵਾਰਦਾਤ ਵਿਚ ਵਰਤੇ ਗਏ ਹਥਿਆਰ ਹਰਿਆਣਾ ਤੋਂ ਕੋਈ ਵਿਅਕਤੀ ਲੈ ਕੇ ਚਲਾ ਗਿਆ ਸੀ।

7 ਗੋਲੀਆਂ ਸਿੱਧੀਆਂ ਮੂਸੇਵਾਲਾ ਨੂੰ ਲੱਗੀਆਂ, ਥਾਰ ’ਤੇ 25 ਫਾਇਰ ਕੀਤੇ ਗਏ

ਫੋਰੈਂਸਿਕ ਜਾਂਚ ਤੋਂ ਬਾਅਦ ਪੁਲਸ ਨੇ ਖੁਲਾਸਾ ਕੀਤਾ ਕਿ 7 ਗੋਲ਼ੀਆਂ ਸਿੱਧੀਆਂ ਮੂਸੇਵਾਲਾ ਨੂੰ ਲੱਗੀਆਂ ਸਨ। ਮੂਸੇਵਾਲਾ ਜਿਸ ਥਾਰ ਰਾਹੀਂ ਜਾ ਰਹੇ ਸਨ, ਉਸ ’ਤੇ ਸ਼ਾਰਪ ਸ਼ੂਟਰਾਂ ਵਲੋਂ ਕੁੱਲ 25 ਤੋਂ ਵੱਧ ਫਾਇਰ ਦਾਗੇ ਗਏ। ਹਾਲਾਂਕਿ ਕੁਝ ਫਾਇਰ ਨੇੜੇ ਕੰਧਾਂ, ਘਰਾਂ ਅਤੇ ਖੇਤਾਂ ਵਿਚ ਵੀ ਮਿਲੇ ਹਨ। ਸਪੱਸ਼ਟ ਹੈ ਕਿ ਸ਼ਾਰਪ ਸ਼ੂਟਰਾਂ ਨੇ ਮੂਸੇਵਾਲਾ ’ਤੇ ਅੰਨ੍ਹੇਵਾਹ ਫਾਇਰਿੰਗ ਕੀਤੀ। ਪੋਸਟਮਾਰਟਮ ਰਿਪੋਰਟ ਅਨੁਸਾਰ ਮੂਸੇਵਾਲਾ ਦੀ ਮੌਤ ਫੇਫੜਿਆਂ ਅਤੇ ਲੀਵਰ ਵਿਚ ਗੋਲੀ ਲੱਗਣ ਕਾਰਣ ਹੋਈ ਸੀ।

ਕਤਲ ਕਰਨ ਵਾਲੇ ਤਿੰਨ ਸ਼ੂਟਰ ਹੋਏ ਗ੍ਰਿਫ਼ਤਾਰ

ਸਿੱਧੂ ਮੂਸੇਵਾਲਾ ਨੂੰ ਕਤਲ ਕਰਨ ਵਾਲੇ 6 ਸ਼ੂਟਰਾਂ ਵਿਚੋਂ ਤਿੰਨ ਨੂੰ ਪੁਲਸ ਨੇ ਗ੍ਰਿਫ਼ਤਾਰ ਕਰ ਲਿਆ ਹੈ। ਗ੍ਰਿਫ਼ਤਾਰ ਸ਼ੂਟਰਾਂ ਵਿਚ ਮੁੱਖ ਸ਼ੂਟਰ ਪ੍ਰਿਅਵਰਤ ਫੌਜੀ ਵੀ ਸ਼ਾਮਲ ਹੈ, ਇਸ ਤੋਂ ਇਲਾਵਾ ਅੰਕਿਤ ਸੇਰਸਾ ਅਤੇ ਕਸ਼ਿਸ਼ ਨੂੰ ਗ੍ਰਿਫ਼ਤਾਰ ਕੀਤਾ ਜਾ ਚੁੱਕਾ ਹੈ। ਜਦਕਿ ਜਗਰੂਪ ਰੂਪਾ, ਮਨਪ੍ਰੀਤ ਮਨੂ ਕੁੱਸਾ ਅਤੇ ਦੀਪਕ ਮੁੰਡੀ ਨੂੰ ਅਜੇ ਤਕ ਪੁਲਸ ਗ੍ਰਿਫ਼ਤਾਰ ਨਹੀਂ ਕਰ ਸਕੀ ਹੈ। ਜਿਹੜੇ ਤਿੰਨ ਸ਼ਾਰਪ ਸ਼ੂਟਰਾਂ ਨੂੰ ਗ੍ਰਿਫ਼ਤਾਰ ਕੀਤਾ ਹੈ, ਉਹ ਵੀ ਦਿੱਲੀ ਪੁਲਸ ਵਲੋਂ ਫੜੇ ਗਏ ਹਨ, ਜਦਕਿ ਪੰਜਾਬ ਪੁਲਸ ਅਜੇ ਤਕ ਇਸ ਕਤਲ ਕਾਂਡ ਵਿਚ ਕੁੱਝ ਵੱਡੀ ਕਾਮਯਾਬੀ ਹਾਸਲ ਨਹੀਂ ਕਰ ਸਕੀ ਹੈ। ਇਸ ਤੋਂ ਇਲਾਵਾ ਇਸ ਹਾਈਪ੍ਰੋਫਾਈਲ ਕਤਲ ਵਿਚ ਸ਼ਾਮਲ ਮਦਦਗਾਰ ਅਤੇ ਹੋਰਾਂ ਨੂੰ ਪੁਲਸ ਗ੍ਰਿਫ਼ਤਾਰ ਕਰ ਚੁੱਕੀ ਹੈ।

Leave a Reply

Your email address will not be published. Required fields are marked *