ਸਮਾਣਾ ’ਚ ਜੀਪ ਤੇ ਕਾਰ ਵਿਚਾਲੇ ਜ਼ਬਰਦਸਤ ਟੱਕਰ, ਦੋ ਨੌਜਵਾਨਾਂ ਦੀ ਮੌਤ

ਸਮਾਣਾ : ਸੋਮਵਾਰ ਦੇਰ ਰਾਤ ਸਮਾਣਾ-ਪਟਿਆਲਾ ਸੜਕ ’ਤੇ ਪਿੰਡ ਖੇੜੀ ਫੱਤਣ ਨੇੜੇ ਕਾਰ-ਜੀਪ ’ਚ ਹੋਏ ਇਕ ਭਿਆਨਕ ਸੜਕ ਹਾਦਸੇ ’ਚ 2 ਨੌਜਵਾਨਾਂ ਦੀ ਮੌਤ ਹੋ ਗਈ, ਜਦਕਿ 3 ਨੌਜਵਾਨ ਗੰਭੀਰ ਜ਼ਖਮੀ ਹੋ ਗਏ। ਜ਼ਖਮੀਆਂ ਨੂੰ ਇਲਾਜ ਲਈ ਪਟਿਆਲਾ ਦੇ ਹਸਪਤਾਲ ’ਚ ਦਾਖਲ ਕਰਵਾਇਆ ਗਿਆ। ਸਦਰ ਪੁਲਸ ਨੇ ਜ਼ਖਮੀ ਲਿਆਕਤ ਰਾਏ ਦੇ ਬਿਆਨਾਂ ਅਨੁਸਾਰ ਜੀਪ ਚਾਲਕ ਗੁਰਜੋਤ ਸਿੰਘ ਵਾਸੀ ਵੜੈਚਾਂ ਪੱਤੀ ਖ਼ਿਲਾਫ ਮਾਮਲਾ ਦਰਜ ਕਰਕੇ ਮ੍ਰਿਤਕ ਨੌਜਵਾਨਾਂ ਦੀਆਂ ਲਾਸ਼ਾਂ ਦਾ ਪੋਸਟਮਾਰਟਮ ਕਰਵਾ ਕੇ ਵਾਰਿਸਾਂ ਹਵਾਲੇ ਕਰ ਦਿੱਤੀਆਂ ਹਨ।

ਏ. ਐੱਸ. ਆਈ. ਜਸਵਿੰਦਰ ਸਿੰਘ ਨੇ ਦੱਸਿਆ ਕਿ ਲਿਆਕਤ ਸਿੰਘ ਪੁੱਤਰ ਨਰਿੰਦਰ ਸਿੰਘ ਵਾਸੀ ਵੜੈਚਾਂ ਪੱਤੀ ਵੱਲੋਂ ਦਰਜ ਕਰਵਾਈ ਗਈ ਸ਼ਿਕਾਇਤ ਅਨੁਸਾਰ ਉਹ ਆਪਣੇ ਦੋਸਤ ਹਰਜੋਤ ਸਿੰਘ ਪੁੱਤਰ ਬਚਿੱਤਰ ਸਿੰਘ ਵਾਸੀ ਸੰਗਤਪੁਰਾ, ਬਿਕਰਮਜੀਤ ਸਿੰਘ ਉਰਫ ਵਿੱਕੀ ਪੁੱਤਰ ਇੰਦਰਜੀਤ ਸਿੰਘ ਵਾਸੀ ਦਰਦੀ ਕਾਲੋਨੀ ਸਮਾਣਾ ਨਾਲ ਚੰਡੀਗੜ੍ਹ ਤੋਂ ਕੰਮ ਕਰਕੇ ਵਾਪਸ ਸਮਾਣਾ ਆ ਰਹੇ ਸਨ ਕਿ ਪਿੰਡ ਖੇੜੀ ਫੱਤਣ ਨੇੜੇ ਸਮਾਣਾ ਵੱਲੋਂ ਆ ਰਹੀ ਇਕ ਜੀਪ, ਜਿਸ ਨੂੰ ਗੁਰਜੋਤ ਸਿੰਘ ਪੁੱਤਰ ਹੀਰਾ ਸਿੰਘ ਵੜੈਚਾਂ ਪੱਤੀ ਚਲਾ ਰਿਹਾ ਸੀ, ਆਪਣੇ ਦੋਸਤ ਗੁਰਮਨ ਸਿੰਘ ਪੁੱਤਰ ਇਕਬਾਲ ਸਿੰਘ ਵਾਸੀ ਵੜੈਚਾਂ ਨਾਲ ਆਪਣੀ ਜੀਪ ’ਚ ਪਟਿਆਲਾ ਵੱਲ ਜਾ ਰਿਹਾ ਸੀ।

ਜੀਪ ਚਲਾ ਰਹੇ ਗੁਰਜੋਤ ਸਿੰਘ ਨੇ ਲਾਪ੍ਰਵਾਹੀ ਨਾਲ ਲਿਆ ਕਿ ਉਨ੍ਹਾਂ ਦੀ ਕਾਰ ’ਚ ਟੱਕਰ ਮਾਰ ਦਿੱਤੀ, ਜਿਸ ਕਾਰਨ ਦੋਵੇਂ ਵਾਹਨਾਂ ’ਚ ਸਵਾਰ ਪੰਜੇ ਨੌਜਵਾਨ ਗੰਭੀਰ ਜ਼ਖਮੀ ਹੋ ਗਏ। ਉਨ੍ਹਾਂ ਨੂੰ ਰਾਹਗੀਰਾਂ ਅਤੇ ਉਨ੍ਹਾਂ ਦੇ ਪਿੱਛੇ ਆ ਰਹੇ ਦੋਸਤਾਂ ਸੁਖਰਾਜ ਸਿੰਘ, ਹਰਵਿੰਦਰ ਸਿੰਘ, ਜਸਬੀਰ ਸਿੰਘ ਨੇ ਕਾਰਾਂ ’ਚੋਂ ਕੱਢ ਕੇ ਪਟਿਆਲਾ ਦੇ ਰਾਜਿੰਦਰਾ ਹਸਪਤਾਲ ਪਹੁੰਚਾਇਆ। ਪੁਲਸ ਨੇ ਹਾਦਸਾਗ੍ਰਸਤ ਵਾਹਨਾਂ ਨੂੰ ਕਬਜ਼ੇ ’ਚ ਲੈ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।

Leave a Reply

Your email address will not be published. Required fields are marked *