ਰਾਣਾ ਜੰਗ ਬਹਾਦਰ ਦੀ ਜ਼ਮਾਨਤ ਪਟੀਸ਼ਨ ਖਾਰਜ

ਜਲੰਧਰ : ਜਸਟਿਸ ਸਰਬਜੀਤ ਸਿੰਘ ਧਾਲੀਵਾਲ ਦੀ ਅਦਾਲਤ ਨੇ ਇੱਕ ਟੀਵੀ ਚੈਨਲ ‘ਤੇ ਭਗਵਾਨ ਵਾਲਮੀਕਿ ਬਾਰੇ ਕਥਿਤ ਟਿੱਪਣੀ ਕਰਨ ਤੋਂ ਬਾਅਦ ਜੇਲ੍ਹ ਭੇਜੇ ਗਏ ਪੰਜਾਬੀ ਫ਼ਿਲਮਾਂ ਦੇ ਅਦਾਕਾਰ ਰਾਣਾ ਜੰਗ ਬਹਾਦਰ ਦੀ ਜ਼ਮਾਨਤ ਪਟੀਸ਼ਨ ਰੱਦ ਕਰ ਦਿੱਤੀ ਹੈ। ਰਾਣਾ ਨੇ ਪਿਛਲੇ ਹਫ਼ਤੇ ਜ਼ਮਾਨਤ ਲਈ ਅਰਜ਼ੀ ਦਿੱਤੀ ਸੀ। 6 ਜੁਲਾਈ ਨੂੰ ਜਲੰਧਰ ਪੁਲਿਸ ਨੇ ਰਾਣਾ ਜੰਗ ਬਹਾਦਰ ਨੂੰ ਗ੍ਰਿਫ਼ਤਾਰ ਕਰਕੇ ਅਦਾਲਤ ਵਿੱਚ ਪੇਸ਼ ਕੀਤਾ, ਜਿੱਥੋਂ ਉਸ ਨੂੰ ਕਪੂਰਥਲਾ ਜੇਲ੍ਹ ਭੇਜ ਦਿੱਤਾ ਗਿਆ।

ਦੱਸ ਦਈਏ ਕਿ ਰਾਣਾ ਜੰਗ ਬਹਾਦਰ ਦੀ ਕਥਿਤ ਟਿੱਪਣੀ ਦੇ ਵਿਰੋਧ ‘ਚ ਅਨੁਸੂਚਿਤ ਜਾਤੀ ਨਾਲ ਸਬੰਧਤ ਜਥੇਬੰਦੀਆਂ ਨੇ ਜਲੰਧਰ ਅਤੇ ਹੁਸ਼ਿਆਰਪੁਰ ਸਮੇਤ ਕਈ ਥਾਵਾਂ ‘ਤੇ ਧਰਨੇ ਦਿੱਤੇ। ਇਸ ਮਗਰੋਂ ਪੁਲਿਸ ਨੇ ਰਾਣਾ ਖ਼ਿਲਾਫ਼ ਐਫਆਈਆਰ ਦਰਜ ਕੀਤੀ ਸੀ। ਹਾਲਾਂਕਿ ਵਾਲਮੀਕੀ ਸੰਗਠਨ ਉਸ ਦੀ ਗ੍ਰਿਫਤਾਰੀ ਦੀ ਮੰਗ ‘ਤੇ ਅੜੇ ਰਿਹਾ।

ਅਕਾਲੀ ਆਗੂ ਚੰਦਨ ਗਰੇਵਾਲ ਦੀ ਅਗਵਾਈ ਵਿੱਚ ਉਨ੍ਹਾਂ ਪੁਲਿਸ ਕਮਿਸ਼ਨਰ ਗੁਰਸ਼ਰਨ ਸਿੰਘ ਨਾਲ ਮੁਲਾਕਾਤ ਕਰਕੇ ਮਾਮਲੇ ਵਿੱਚ ਕਾਰਵਾਈ ਦੀ ਮੰਗ ਉਠਾਈ। ਇਸ ਮਗਰੋਂ ਜਲੰਧਰ ਪੁਲੀਸ ਨੇ ਰਾਣਾ ਜੰਗ ਬਹਾਦਰ ਨੂੰ ਚੰਡੀਗੜ੍ਹ ਤੋਂ ਗ੍ਰਿਫ਼ਤਾਰ ਕਰਕੇ ਜ਼ਿਲ੍ਹਾ ਅਦਾਲਤ ਵਿੱਚ ਪੇਸ਼ ਕੀਤਾ, ਜਿੱਥੋਂ ਉਸ ਨੂੰ ਨਿਆਂਇਕ ਹਿਰਾਸਤ ਵਿੱਚ ਭੇਜ ਦਿੱਤਾ ਗਿਆ।

ਰਾਣਾ ਨੇ ਹੱਥ ਜੋੜ ਕੇ ਮੰਗੀ ਮਾਫ਼ੀ

ਵਿਵਾਦ ਸਾਹਮਣੇ ਆਉਣ ਤੋਂ ਬਾਅਦ ਰਾਣਾ ਨੇ ਮਾਫ਼ੀ ਮੰਗਦੇ ਹੋਏ ਇਕ ਵੀਡੀਓ ਜਾਰੀ ਕੀਤੀ ਸੀ। ਇਸ ਤੋਂ ਬਾਅਦ ਵੀ ਵਾਲਮੀਕਿ ਸੰਗਠਨ ਉਸ ਦੀ ਗ੍ਰਿਫਤਾਰੀ ਦੀ ਮੰਗ ‘ਤੇ ਅੜੇ ਰਿਹਾ। ਪੰਜਾਬੀ ਫ਼ਿਲਮ ਅਦਾਕਾਰ ਨੇ 6 ਜੁਲਾਈ ਨੂੰ ਅਦਾਲਤ ਦੇ ਬਾਹਰ ਮਾਫ਼ੀ ਵੀ ਮੰਗੀ ਸੀ। ਰਾਣਾ ਨੇ ਕਿਹਾ ਸੀ ਕਿ ਉਹ ਲੋਕਾਂ ਨੂੰ ਹਸਾਉਣ ਦਾ ਕੰਮ ਕਰਦੇ ਹਨ, ਸਮਾਜ ਵੱਡਾ ਹੈ, ਉਨ੍ਹਾਂ ਨੂੰ ਮਾਫ ਕਰਨਾ ਚਾਹੀਦਾ ਹੈ। ਹੁਣ ਬੁੱਧਵਾਰ ਨੂੰ ਅਦਾਲਤ ‘ਚ ਫੈਸਲਾ ਹੋਵੇਗਾ ਕਿ ਉਹ ਜੇਲ੍ਹ ‘ਚ ਹੀ ਰਹੇਗਾ ਜਾਂ ਉਸ ਨੂੰ ਜ਼ਮਾਨਤ ਮਿਲੇਗੀ।

ਗਾਇਕ ਗੁਰਦਾਸ ਮਾਨ ਖ਼ਿਲਾਫ਼ ਵੀ ਦਰਜ ਹੋ ਚੁੱਕੀ ਹੈ ਐੱਫਆਈਆਰ

ਜ਼ਿਕਰਯੋਗ ਹੈ ਕਿ ਜਲੰਧਰ ‘ਚ ਗਾਇਕ ਗੁਰਦਾਸ ਮਾਨ ‘ਤੇ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦਾ ਮਾਮਲਾ ਵੀ ਦਰਜ ਕੀਤਾ ਗਿਆ ਹੈ। ਨਕੋਦਰ ਵਿਖੇ ਹੋਏ ਮੇਲੇ ਦੌਰਾਨ ਸਿੱਖ ਗੁਰੂ ਸ੍ਰੀ ਗੁਰੂ ਅਮਰਦਾਸ ਜੀ ਅਤੇ ਲਾਡੀ ਸਾਈਂ ਜੀ ਨੂੰ ਇੱਕੋ ਵੰਸ਼ ਦੇ ਹੋਣ ਦੀ ਗੱਲ ਕਹਿਣ ਤੋਂ ਬਾਅਦ ਉਹ ਵਿਵਾਦਾਂ ਵਿੱਚ ਘਿਰ ਗਿਆ ਸੀ।

Leave a Reply

Your email address will not be published. Required fields are marked *