ਮਾਨ ਸਰਕਾਰ ਸੰਭਾਵੀ ਹੜਾਂ ਦੀ ਸਥਿਤੀ ਨਾਲ ਨਜਿੱਠਣ ਲਈ ਤਿਆਰ ਬਰ ਤਿਆਰ: ਲਾਲਜੀਤ ਸਿੰਘ ਭੁੱਲਰ

ਹੜਾਂ ਦੇ ਸੰਭਾਵੀ ਖਤਰੇ ਦੇ ਸਨਮੁਖ ਪਸ਼ੂ ਧਨ ਦੇ ਬਚਾਅ ਅਤੇ ਸਿਹਤ-ਸੰਭਾਲ ਲਈ ਰਾਜ ਤੇ ਜ਼ਿਲਾ ਪੱਧਰ ‘ਤੇ ਕੰਟਰੋਲ ਰੂਮ ਸਥਾਪਤ ਕੀਤੇ

ਰਾਜ ਪੱਧਰੀ ਕੰਟਰੋਲ ਰੂਮ ਨੰਬਰ 0172-2217083 ਦੀ ਨਿਗਰਾਨੀ ਕਰ ਰਹੇ ਹਨ ਜੁਆਇੰਟ ਡਾਇਰੈਕਟਰ ਪਸ਼ੂ ਪਾਲਣ

ਚੰਡੀਗੜ੍ਹ : ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਵੱਲੋਂ ਪਿਛਲੇ ਦਿਨੀਂ ਮੀਂਹ ਪ੍ਰਭਾਵਤ ਇਲਾਕਿਆਂ ਦਾ ਦੌਰਾ ਕਰਨ ਉਪਰੰਤ ਪਸ਼ੂ ਪਾਲਣ, ਮੱਛੀ ਪਾਲਣ ਅਤੇ ਡੇਅਰੀ ਵਿਕਾਸ ਮੰਤਰੀ ਸ. ਲਾਲਜੀਤ ਸਿੰਘ ਭੁੱਲਰ ਦੀਆਂ ਹਦਾਇਤਾਂ ‘ਤੇ ਸੂਬੇ ਵਿੱਚ ਹੜਾਂ ਦੇ ਸੰਭਾਵੀ ਖਤਰੇ ਦੇ ਸਨਮੁਖ ਪਸ਼ੂ ਧਨ ਦੀ ਰਾਖੀ ਤੇ ਸਾਂਭ-ਸੰਭਾਲ ਲਈ ਰਾਜ ਅਤੇ ਜ਼ਿਲਾ ਪੱਧਰੀ ਕੰਟਰੋਲ ਰੂਮ ਸਥਾਪਤ ਕੀਤੇ ਗਏ ਹਨ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਕੈਬਨਿਟ ਮੰਤਰੀ ਸ. ਭੁੱਲਰ ਨੇ ਦੱਸਿਆ ਕਿ ਹੜਾਂ ਸਬੰਧੀ ਰਾਜ ਪੱਧਰੀ ਕੰਟਰੋਲ ਰੂਮ ਨੰਬਰ 0172-2217083 ਹਫਤੇ ਦੇ ਸੱਤ ਦਿਨ ਸਵੇਰੇ 9:00 ਤੋਂ ਰਾਤ 9:00 ਵਜੇ ਤੱਕ ਕਾਰਜਸ਼ੀਲ ਹੈ। ਉਨਾਂ ਦੱਸਿਆ ਕਿ ਕੰਟਰੋਲ ਰੂਮ ਦੀ ਸਿੱਧੇ ਤੌਰ ‘ਤੇ ਨਿਗਰਾਨੀ ਲਈ ਜੁਆਇੰਟ ਡਾਇਰੈਕਟਰ ਪਸ਼ੂ ਪਾਲਣ (ਵਿਕਾਸ ਤੇ ਯੋਜਨਾ) ਨੂੰ ਪਾਬੰਦ ਕੀਤਾ ਗਿਆ ਹੈ। ਇਸੇ ਤਰਾਂ ਜ਼ਿਲਾ ਪੱਧਰ ‘ਤੇ ਵੀ ਇਕ-ਇੱਕ ਕੰਟਰੋਲ ਰੂਮ ਡਿਪਟੀ ਡਾਇਰੈਕਟਰ ਪਸ਼ੂ ਪਾਲਣ ਦੀ ਅਗਵਾਈ ਹੇਠ ਸਥਾਪਤ ਕੀਤਾ ਗਿਆ ਹੈ। ਜ਼ਿਲਿਆਂ ਦੇ ਡਿਪਟੀ ਕਮਿਸ਼ਨਰਾਂ ਅਤੇ ਸਬੰਧਤ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਹਦਾਇਤ ਕੀਤੀ ਗਈ ਹੈ ਕਿ ਜ਼ਿਲਾ ਪੱਧਰੀ ਕੰਟਰੋਲ ਰੂਮ ਦੀ ਜਾਣਕਾਰੀ ਵੱਧ ਤੋਂ ਵੱਧ ਲੋਕਾਂ ਤੱਕ ਪੁੱਜਦੀ ਕੀਤੀ ਜਾਵੇ ਅਤੇ ਸੰਭਾਵੀ ਹੜਾਂ ਸਬੰਧੀ ਹਰ ਸਥਿਤੀ ‘ਤੇ ਕਰੜੀ ਨਜ਼ਰ ਰੱਖੀ ਜਾਵੇ।

ਪਸ਼ੂ ਪਾਲਣ ਮੰਤਰੀ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਸੰਭਾਵੀ ਹੜਾਂ ਦੌਰਾਨ ਪਸ਼ੂਆਂ ਵਿੱਚ ਕਿਸੇ ਬੀਮਾਰੀ ਦੇ ਫੈਲਣ ਬਾਰੇ ਜਾਣਕਾਰੀ ਦੇਣ ਲਈ ਜੁਆਇੰਟ ਡਾਇਰੈਕਟਰ ਉੱਤਰ ਖੇਤਰੀ ਰੋਗ ਨਿਵਾਰਨ ਲੈਬਾਰਟਰੀ (ਐਨ.ਆਰ.ਡੀ.ਡੀ.ਐਲ) ਜਲੰਧਰ ਵਿਖੇ ਸਥਾਪਤ ਕੀਤੇ ਗਏ ਕੰਟਰੋਲ ਰੂਮ ਦੇ ਨੰਬਰ 0181-2242335 ‘ਤੇ ਤੁਰੰਤ ਸੰਪਰਕ ਕੀਤਾ ਜਾਵੇ।

ਸ. ਲਾਲਜੀਤ ਸਿੰਘ ਭੁੱਲਰ ਨੇ ਵਿਭਾਗ ਦੇ ਪ੍ਰਮੁੱਖ ਸਕੱਤਰ ਸ੍ਰੀ ਵਿਕਾਸ ਪ੍ਰਤਾਪ ਅਤੇ ਡਾਇਰੈਕਟਰ ਡਾ. ਸੁਭਾਸ਼ ਚੰਦਰ ਨਾਲ ਮੀਟਿੰਗ ਦੌਰਾਨ ਕਿਹਾ ਕਿ ਵਿਭਾਗ ਵੱਲੋਂ ਪਸ਼ੂਆਂ ਨੂੰ ਗਲ-ਘੋਟੂ ਰੋਗ ਤੋਂ ਬਚਾਉਣ ਲਈ ਸ਼ੁਰੂ ਕੀਤੀ ਗਈ ਐਚ.ਐਸ. ਵੈਕਸੀਨ ਟੀਕਾਕਰਨ ਮੁਹਿੰਮ ਨੂੰ ਤੇਜ਼ੀ ਨਾਲ ਨੇਪਰੇ ਚਾੜਿਆ ਜਾਵੇ।

ਪ੍ਰਮੁੱਖ ਸਕੱਤਰ ਸ੍ਰੀ ਵਿਕਾਸ ਪ੍ਰਤਾਪ ਨੇ ਕੈਬਨਿਟ ਮੰਤਰੀ ਨੂੰ ਦੱਸਿਆ ਕਿ ਸੀਨੀਅਰ ਵੈਟਰਨਰੀ ਅਫਸਰਾਂ ਦੀ ਅਗਵਾਈ ਹੇਠ ਤਹਿਸੀਲ ਪੱਧਰੀ ਟੀਮਾਂ ਗਠਤ ਕੀਤੀਆਂ ਗਈਆਂ ਹਨ ਅਤੇ ਤਹਿਸੀਲ ਪੱਧਰ ਦੇ ਹਸਪਤਾਲਾਂ ਵਿੱਚ ਲੋੜੀਂਦੀਆਂ ਦਵਾਈਆਂ ਦਾ ਪ੍ਰਬੰਧ ਕਰ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਅਧਿਕਾਰੀਆਂ ਨੂੰ ਲੋੜ ਪੈਣ ‘ਤੇ ਵੈਟਰਨਰੀ ਮੈਡੀਕਲ ਸਟੋਰ ਜਲੰਧਰ ਤੋਂ ਦਵਾਈਆਂ ਤੁਰੰਤ ਮੰਗਵਾਉਣ ਲਈ ਕਿਹਾ ਗਿਆ ਹੈ। ਉਨਾਂ ਦੱਸਿਆ ਕਿ ਸੰਭਾਵੀ ਹੜਾਂ ਦੇ ਖੇਤਰਾਂ ਵਿੱਚ ਪਸ਼ੂਆਂ ਲਈ ਹਰੇ ਚਾਰੇ ਅਤੇ ਖੁਰਾਕ ਦੀ ਉਪਲਬਤਾ ਦੀ ਅਗਾਊਂ ਨਿਸ਼ਾਨਦੇਹੀ ਕੀਤੀ ਗਈ ਹੈ ਤਾਂ ਜੋ ਲੋੜ ਪੈਣ ‘ਤੇ ਪਸ਼ੂਆਂ ਨੂੰ ਲੋੜੀਂਦੀ ਖੁਰਾਕ ਮੁਹੱਈਆ ਕਰਵਾਈ ਜਾ ਸਕੇ। ਸਰਕਾਰੀ ਗੱਡੀਆਂ/ਮੋਬਾਈਲ ਸੈਨਾ ਹੜਾਂ ਦੀ ਸਥਿਤੀ ਨਾਲ ਨਜਿੱਠਣ ਲਈ ਤਿਆਰ ਬਰ ਤਿਆਰ ਹਨ ਅਤੇ ਵਿਭਾਗੀ ਸਟਾਫ ਨੂੰ ਉੱਚ ਅਧਿਕਾਰੀਆਂ ਦੀ ਪ੍ਰਵਾਨਗੀ ਤੋਂ ਬਿਨਾਂ ਹੈੱਡਕੁਆਰਟਰ ਨਾ ਛੱਡਣ ਅਤੇ ਜ਼ਿਲਾ ਅਧਿਕਾਰੀਆਂ ਨੂੰ ਮੁਸ਼ਕਲ ਸਮੇਂ ਤੁਰੰਤ ਮੁੱਖ ਦਫਤਰ ਨਾਲ ਤਾਲਮੇਲ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ। ਇਸੇ ਤਰਾਂ ਵਿਭਾਗ ਦੇ ਅਧਿਕਾਰੀ ਨਿਸ਼ਕਾਮ ਸੇਵਾ ਸੰਮਤੀਆਂ/ਗੈਰ ਸਰਕਾਰੀ ਸੰਗਠਨਾਂ ਅਤੇ ਸਮਾਜ ਸੇਵੀ ਸੰਸਥਾਵਾਂ ਨਾਲ ਨਿਰੰਤਰ ਤਾਲਮੇਲ ਰੱਖ ਰਹੇ ਹਨ ਤਾਂ ਜੋ ਉਹ ਸੰਭਾਵੀ ਹੜਾਂ ਦੀ ਸਥਿਤੀ ਵਿੱਚ ਬਤੌਰ ਵਲੰਟੀਅਰ ਵਿਭਾਗ ਨਾਲ ਕੰਮ ਕਰ ਸਕਣ।

Leave a Reply

Your email address will not be published. Required fields are marked *