ਸਾਧ ਰਵੀ ਸ਼ੰਕਰ ਵਿਰੁੱਧ ਸੜ੍ਹਕਾਂ ’ਤੇ ਉੱਤਰਿਆ ਵਾਲਮੀਕ ਭਾਈਚਾਰਾ

ਨਕੋਦਰ   : ਸਾਧ ਰਵੀਸ਼ੰਕਰ ਵੱਲੋਂ ਭਗਵਾਨ ਵਾਲਮੀਕਿ ਮਹਾਰਾਜ ਖ਼ਿਲਾਫਟ ਇਕ ਚੈਨਲ ‘ਤੇ ਇੰਟਰਵਿਊ ਦੌਰਾਨ ਕੀਤੀ ਗਲਤ ਟਿੱਪਣੀ ਨੂੰ ਲੈ ਕੇ ਬੀਤੇ ਦਿਨੀਂ ਥਾਣਾ ਸਦਰ ਨਕੋਦਰ ਵਿਖੇ ਸ਼ਿਕਾਇਤ ਦੇ ਕੇ ਮਾਮਲਾ ਦਰਜ ਕਰਨ ਦੀ ਮੰਗ ਕੀਤੀ ਗਈ ਸੀ ਪਰ ਕਈ ਦਿਨ ਬੀਤਣ ਦੇ ਬਾਵਜੂਦ ਪੁਲਸ ਨੇ ਉਕਤ ਮਾਮਲੇ ਸਬੰਧੀ ਕੋਈ ਕਾਰਵਾਈ ਨਹੀਂ ਕੀਤੀ, ਜਿਸ ਕਾਰਨ ਗੁੱਸੇ ‘ਚ ਆਏ ਸਮਾਜ ਦੇ ਵੱਖ-ਵੱਖ ਜਥੇਬੰਦੀਆਂ ਦੇ ਆਗੂਆਂ ਨੇ ਅੱਜ ਥਾਣਾ ਸਦਰ ਨਕੋਦਰ ਵਿਖੇ ਧਰਨਾ ਦੇ ਕੇ ਰੋਸ ਪ੍ਰਦਰਸ਼ਨ ਕਰਦਿਆਂ ਪੁਲਸ ਖ਼ਿਲਾਫ਼ ਜੰਮ ਕੇ ਨਾਅਰੇਬਾਜ਼ੀ ਕੀਤੀ।

ਡੀ.ਐੱਸ.ਪੀ. ਨਕੋਦਰ ਨੂੰ ਬੀਤੇ ਦਿਨੀਂ ਦਿੱਤੀ ਸ਼ਿਕਾਇਤ ‘ਚ ਰੌਨੀ ਗਿੱਲ ਪ੍ਰਧਾਨ ਸੈਂਟਰਲ ਵਾਲਮੀਕਿ ਸਭਾ (ਯੂ.ਕੇ.) ਪੰਜਾਬ ਯੂਥ ਵਿੰਗ ਵਾਸੀ ਸ਼ੰਕਰ ਨੇ ਦੱਸਿਆ ਕਿ ਉਨ੍ਹਾਂ ਸੋਸ਼ਲ ਮੀਡੀਆ ‘ਤੇ ਇਕ ਵੀਡੀਓ ਦੇਖੀ, ਜਿਸ ਵਿੱਚ ਵਿਵੇਕ ਰੰਜਨ ਅਗਨੀਹੋਤਰੀ ਤੇ ਸ਼੍ਰੀ ਸ਼੍ਰੀ ਰਵੀ ਸ਼ੰਕਰ ਨੇ ਆਪਣੀ ਇੰਟਰਵਿਊ ਵਿੱਚ ਭਗਵਾਨ ਵਾਲਮੀਕਿ ਮਹਾਰਾਜ ਬਾਰੇ ਗਲਤ ਟਿੱਪਣੀ ਕੀਤੀ ਹੈ, ਜੋ ਕਿ ਇਤਿਹਾਸ ਨਾਲ ਬਿਲਕੁਲ ਮੇਲ ਨਹੀਂ ਖਾਂਦੀ। ਇਸ ਟਿੱਪਣੀ ਨਾਲ ਸਾਡੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚੀ ਹੈ। ਉਪਰੋਕਤ ਦੋਵਾਂ ਨੇ ਜਾਤੀ ਤੌਰ ‘ਤੇ ਵੀ ਸਾਨੂੰ ਪ੍ਰਤਾੜਿਤ ਕਰਨ ਦੀ ਕੋਸ਼ਿਸ਼ ਕੀਤੀ ਹੈ। ਇਸ ਕਰਕੇ ਸ਼੍ਰੀ ਸ਼੍ਰੀ ਰਵੀ ਸ਼ੰਕਰ ਤੇ ਵਿਵੇਕ ਰੰਜਨ ਅਗਨੀਹੋਤਰੀ ‘ਤੇ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਅਤੇ ਐੱਸ.ਸੀ./ਐੱਸ.ਟੀ. ਤਹਿਤ ਮਾਮਲਾ ਦਰਜ ਕਰਕੇ ਤੁਰੰਤ ਗ੍ਰਿਫ਼ਤਾਰ ਕੀਤਾ ਜਾਵੇ ਪਰ ਪੁਲਸ ਨੇ ਉਕਤ ਮਾਮਲੇ ਨੂੰ ਗੰਭੀਰਤਾ ਨਾਲ ਨਹੀਂ ਲਿਆ ਤੇ ਨਾ ਹੀ ਕੋਈ ਕਾਰਵਾਈ ਕੀਤੀ।

ਇਸ ਤੋਂ ਭੜਕੇ ਅੱਜ ਸਮਾਜ ਦੇ ਵੱਖ-ਵੱਖ ਜਥੇਬੰਦੀਆਂ ਦੇ ਆਗੂ ਜਿਨ੍ਹਾਂ ‘ਚ ਰੌਨੀ ਗਿੱਲ, ਚੰਦਨ ਗਰੇਵਾਲ, ਦੀਪਕ ਤੇਲੂ, ਸਾਬੀ ਧਾਰੀਵਾਲ, ਜੱਸੀ ਤੱਲ੍ਹਣ, ਤਰਲੋਕ ਵੈਂਡਲ, ਬਾਬਾ ਸੰਗਤ ਨਾਥ ਜੀ, ਬਲਵੀਰ ਸਿੰਘ ਚੀਮਾ, ਧਰਮਿੰਦਰ ਨੰਗਲ, ਰਾਮਦਾਸ ਸਰਪੰਚ, ਪਰਸ਼ੋਤਮ ਬਿੱਟੂ ਪ੍ਰਧਾਨ, ਅਸ਼ਵਨੀ ਧਾਰੀਵਾਲ, ਬਲਵਿੰਦਰ ਮਾਲੜੀ, ਵੀਰ ਕੁਲਵੰਤ ਕੰਤਾ, ਅਮਰਜੀਤ ਕੌਂਸਲਰ, ਸਰਬਜੀਤ ਸਹੋਤਾ, ਵਿਜੇ ਮਡਾਸ, ਰਜਿੰਦਰ ਕਾਕੂ, ਬੌਬੀ ਪ੍ਰਧਾਨ, ਅਸ਼ਵਨੀ ਆਦਿ ਸਮੇਤ ਹੋਰ ਆਗੂਆਂ ਨੇ ਸਦਰ ਥਾਣੇ ‘ਚ ਧਰਨਾ ਲਾ ਕੇ ਰੋਸ ਪ੍ਰਦਰਸ਼ਨ ਕੀਤਾ। ਉਧਰ ਧਰਨੇ ਦੀ ਸੂਚਨਾ ਮਿਲਦੇ ਹੀ ਐੱਸ.ਪੀ. (ਡੀ) ਸਰਬਜੀਤ ਸਿੰਘ ਬਾਹੀਆ, ਡੀ.ਐੱਸ.ਪੀ. ਆਦਮਪੁਰ ਸਰਬਜੀਤ ਰਾਏ, ਡੀ.ਐੱਸ.ਪੀ. ਨਕੋਦਰ ਹਰਜਿੰਦਰ ਸਿੰਘ, ਸਦਰ ਥਾਣਾ ਮੁਖੀ ਬਿਸ਼ਮਨ ਸਿੰਘ, ਸਿਟੀ ਥਾਣਾ ਮੁਖੀ ਹਰਜਿੰਦਰ ਕੌਰ, ਨੂਰਮਹਿਲ ਥਾਣਾ ਮੁਖੀ ਹਰਦੀਪ ਸਿੰਘ ਮਾਨ, ਉੱਗੀ ਚੌਕੀ ਇੰਚਾਰਜ ਸੁਖਵਿੰਦਰ ਸਿੰਘ, ਸ਼ੰਕਰ ਚੌਕੀ ਇੰਚਾਰਜ ਇਕਬਾਲ ਸਿੰਘ ਆਦਿ ਸਥਿਤੀ ਨੂੰ ਕੰਟਰੋਲ ਕਰਨ ਲਈ ਮੌਕੇ ‘ਤੇ ਪਹੁੰਚੇ।

ਐੱਸ.ਐੱਸ.ਪੀ. ਦਫ਼ਤਰ ਦੇ ਘਿਰਾਓ ਦਾ ਐਲਾਨ

ਸਮਾਜ ਦੇ ਆਗੂਆਂ ਵੱਲੋਂ ਸਦਰ ਥਾਣੇ ‘ਚ ਦਿੱਤੇ ਜਾ ਰਹੇ ਧਰਨੇ ਨੂੰ ਸੰਬੋਧਨ ਕਰਦਿਆਂ ਵੱਖ-ਵੱਖ ਆਗੂਆਂ ਨੇ ਆਪਣੇ ਵਿਚਾਰ ਪੇਸ਼ ਕੀਤੇ ਤੇ ਮੰਗ ਕੀਤੀ ਕਿ ਤੁਰੰਤ ਉਕਤ ਮਾਮਲੇ ‘ਚ ਬਣਦੀ ਕਾਰਵਾਈ ਕੀਤੀ ਜਾਵੇ। ਪੁਲਸ ਦੇ ਰਵੱਈਏ ਤੋਂ ਭੜਕੇ ਆਗੂਆਂ ਨੇ ਪੁਲਸ ਖ਼ਿਲਾਫ਼ ਵੀ ਨਾਅਰੇਬਾਜ਼ੀ ਕੀਤੀ। ਭੜਕੇ ਆਗੂਆਂ ਨੂੰ ਸ਼ਾਂਤ ਕਰਨ ਲਈ ਐੱਸ.ਪੀ. ਸਰਬਜੀਤ ਸਿੰਘ ਬਾਹੀਆ, ਡੀ.ਐੱਸ.ਪੀ. ਨਕੋਦਰ ਹਰਜਿੰਦਰ ਸਿੰਘ ਅਤੇ ਡੀ.ਐੱਸ.ਪੀ. ਆਦਮਪੁਰ ਸਰਬਜੀਤ ਰਾਏ ਨੇ ਗੱਲਬਾਤ ਕਰਕੇ ਸ਼ਾਂਤ ਕਰਨ ਦੀ ਕੋਸ਼ਿਸ਼ ਕੀਤੀ ਪਰ ਆਗੂ ਕਾਰਵਾਈ ਦੀ ਮੰਗ ‘ਤੇ ਅੜੇ ਰਹੇ। ਕਰੀਬ 4 ਘੰਟਿਆਂ ਦੇ ਰੋਸ ਪ੍ਰਦਰਸ਼ਨ ਤੋਂ ਬਾਅਦ ਸਮਾਜ ਦੇ ਆਗੂਆਂ ਨੇ ਐਲਾਨ ਕੀਤਾ ਕਿ ਜੇਕਰ ਪੁਲਸ ਪ੍ਰਸ਼ਾਸਨ ਨੇ ਐਤਵਾਰ ਸ਼ਾਮ ਤੱਕ ਮਾਮਲਾ ਦਰਜ ਨਾ ਕੀਤਾ ਤਾਂ ਸੋਮਵਾਰ ਨੂੰ ਸਵੇਰੇ ਐੱਸ.ਐੱਸ.ਪੀ. ਜਲੰਧਰ ਦਿਹਾਤੀ ਦੇ ਦਫ਼ਤਰ ਦਾ ਘਿਰਾਓ ਕੀਤਾ ਜਾਵੇ।

 

ਵੀਡੀਓ ਕਲਿੱਪ ਦੀ ਕੀਤੀ ਰਹੀ ਹੈ ਜਾਂਚ : ਐੱਸ.ਪੀ. ਬਾਹੀਆ

ਉੱਧਰ ਜਦੋਂ ਐੱਸ.ਪੀ. (ਡੀ) ਸਰਬਜੀਤ ਸਿੰਘ ਬਾਹੀਆ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਸਾਡੇ ਸੋਸ਼ਲ ਮੀਡੀਆ ਸੈੱਲ ਵੱਲੋਂ ਕੀਤੀ ਗਈ ਮੁੱਢਲੀ ਜਾਂਚ ‘ਚ ਪਤਾ ਲੱਗਾ ਹੈ ਕਿ ਉਕਤ ਵੀਡੀਓ 2019 ਦੀ ਇਕ ਇੰਟਰਵਿਊ ਦੀ ਹੈ, ਜਿਸ ਦੀ ਵੱਖ-ਵੱਖ ਐਂਗਲਾਂ ਤੋਂ ਜਾਂਚ ਕੀਤੀ ਜਾ ਰਹੀ ਹੈ ਕਿ ਉਕਤ ਵੀਡੀਓ ਸਬੰਧੀ ਪਹਿਲਾਂ ਕੋਈ ਮਾਮਲਾ ਦਰਜ ਜਾਂ ਕਿਸੇ ਨੇ ਵਾਇਸ ਟੈਂਪਰ ਤਾਂ ਨਹੀਂ ਕੀਤੀ, ਜਿਸ ਦੀ ਜਾਂਚ ਕੀਤੀ ਜਾ ਰਹੀ ਹੈ। ਜਾਂਚ ਉਪਰੰਤ ਬਣਦੀ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਸਮਾਜ ਦੇ ਆਗੂਆਂ ਨੂੰ ਕਿਹਾ ਕਿ ਸ਼ਾਂਤੀ ਬਣਾ ਕੇ ਰੱਖਣ।

Leave a Reply

Your email address will not be published. Required fields are marked *