ਭਾਜਪਾ ਨੇ ਮਾਨ ਦੀ ਆਯੂਸ਼ਮਾਨ ਸਕੀਮ ਨੂੰ ਮੁਹੱਲਾ ਕਲੀਨਿਕਾਂ ਨਾਲ ਬਦਲਣ ਨੂੰ ਲੈ ਕੇ ਨਿੰਦਾ ਕੀਤੀ

ਚੰਡੀਗੜ੍ਹ: ਭਾਰਤੀ ਜਨਤਾ ਪਾਰਟੀ ਨੇ ਮੁੱਖ ਮੰਤਰੀ ਭਗਵੰਤ ਮਾਨ ਦੇ ਇਸ ਬਿਆਨ ਦੀ ਨਿਖੇਧੀ ਕੀਤੀ ਹੈ ਕਿ ਮੁਹੱਲਾ ਕਲੀਨਿਕ ਸ਼ੁਰੂ ਹੋਣ ਤੋਂ ਬਾਅਦ ਪੰਜਾਬ ਨੂੰ ਆਯੂਸ਼ਮਾਨ ਸਕੀਮ ਦੀ ਲੋੜ ਨਹੀਂ ਪਵੇਗੀ।

ਪ੍ਰਦੇਸ਼ ਭਾਜਪਾ ਦੇ ਜਨਰਲ ਸਕੱਤਰ ਡਾ. ਸੁਭਾਸ਼ ਸ਼ਰਮਾ ਨੇ ਇੱਥੇ ਜਾਰੀ ਇੱਕ ਬਿਆਨ ਵਿੱਚ ਕਿਹਾ ਕਿ ਇਹ ਸਰਕਾਰ ਦੀ ਆਯੂਸ਼ਮਾਨ ਸਕੀਮ ਬਾਰੇ ਅਗਿਆਨਤਾ ਨੂੰ ਦਰਸਾਉਂਦਾ ਹੈ ਜਾਂ ਇਸਨੂੰ ਬੰਦ ਕਰਕੇ ਪੰਜਾਬ ਦੇ ਪ੍ਰਾਈਵੇਟ ਹਸਪਤਾਲਾਂ ਨੂੰ ਫਾਇਦਾ ਪਹੁੰਚਾਉਣ ਦੀ ਸਾਜ਼ਿਸ਼ ਹੈ।

ਉਨ੍ਹਾਂ ਸਪੱਸ਼ਟ ਕੀਤਾ ਕਿ ਆਯੁਸ਼ਮਾਨ ਸਕੀਮ ਦਾ ਉਦੇਸ਼ ਉਨ੍ਹਾਂ ਸਾਰੇ ਲੋਕਾਂ ਨੂੰ ਦੂਜੇ ਅਤੇ ਤੀਜੇ ਪੱਧਰ ਦਾ ਸੁਪਰ ਸਪੈਸ਼ਲਿਟੀ ਇਲਾਜ ਮੁਹੱਈਆ ਕਰਵਾਉਣਾ ਹੈ, ਜੋ ਇਸਦਾ ਖਰਚਾ ਨਹੀਂ ਚੁੱਕ ਸਕਦੇ ਹਨ। ਜਦੋਂ ਕਿ ਮੁਹੱਲਾ ਕਲੀਨਿਕ ਫਸਟ ਏਡ ਅਤੇ ਮੁੱਢਲੀ ਡਾਕਟਰੀ ਦੇਖਭਾਲ ਲਈ ਹਨ।

ਭਾਜਪਾ ਆਗੂ ਨੇ ਕਿਹਾ ਕਿ ਪੰਜਾਬ ਵਿੱਚ ਮੁਹੱਲਾ ਕਲੀਨਿਕਾਂ ਦੀ ਅਸਲ ਵਿੱਚ ਕੋਈ ਲੋੜ ਨਹੀਂ ਹੈ, ਕਿਉਂਕਿ ਇਸ ਕੋਲ ਪਹਿਲਾਂ ਹੀ ਸੂਬੇ ਵਿੱਚ, ਖਾਸ ਕਰਕੇ ਪੇਂਡੂ ਖੇਤਰਾਂ ਵਿੱਚ ਡਿਸਪੈਂਸਰੀਆਂ ਦਾ ਮਜ਼ਬੂਤ ਨੈੱਟਵਰਕ ਹੈ। ਅਜਿਹੀ ਸਥਿਤੀ ਵਿੱਚ ਜੇਕਰ ਮੁਹੱਲਾ ਕਲੀਨਿਕ ਪੰਜਾਬ ਵਿੱਚ ਕੰਮ ਕਰਨਾ ਸ਼ੁਰੂ ਕਰ ਦਿੰਦੇ ਹਨ ਤਾਂ ਉਹ ਸਿਰਫ਼ ਮੁੱਢਲੀਆਂ ਸਿਹਤ ਸਹੂਲਤਾਂ ਹੀ ਪ੍ਰਦਾਨ ਕਰਨਗੇ, ਹਾਲਾਂਕਿ ਇਸ ਚ ਵੀ ਖਦਸ਼ਾ ਹੈ, ਕਿਉਂਕਿ ਇਹ ਦਿੱਲੀ ਵਿੱਚ ਪਹਿਲਾਂ ਹੀ ਫੇਲ੍ਹ ਹੋ ਚੁੱਕੇ ਹਨ।

ਪੰਜਾਬ ਭਾਜਪਾ ਦੇ ਜਨਰਲ ਸਕੱਤਰ ਨੇ ਲੋਕਾਂ ਨੂੰ ਜਾਣਬੁੱਝ ਕੇ ਆਯੂਸ਼ਮਾਨ ਸਕੀਮ ਤੋਂ ਪਿੱਛੇ ਹਟਾਉਣ ਦੀ ਸਾਜ਼ਿਸ਼ ਦਾ ਖਦਸ਼ਾ ਪ੍ਰਗਟਾਇਆ ਹੈ, ਜਿਸ ਨਾਲ ਲੋਕ ਮਹਿੰਗੇ ਰੇਟਾਂ ‘ਤੇ ਪ੍ਰਾਈਵੇਟ ਹਸਪਤਾਲਾਂ ਵਿੱਚ ਇਲਾਜ ਕਰਵਾਉਣ ਲਈ ਮਜਬੂਰ ਹੋਣ।

ਡਾ. ਸ਼ਰਮਾ ਨੇ ਕਿਹਾ ਕਿ ਪੰਜਾਬ ਵਿੱਚ ਸਿਹਤ ਸੇਵਾਵਾਂ ਪਹਿਲਾਂ ਹੀ ਤਰਸਯੋਗ ਹਾਲਤ ਵਿੱਚ ਹਨ ਅਤੇ ਸੂਬਾ ਸਰਕਾਰ ਇਨ੍ਹਾਂ ਨੂੰ ਲੀਹ ‘ਤੇ ਲਿਆਉਣ ਲਈ ਗੰਭੀਰ ਨਹੀਂ ਜਾਪਦੀ।

ਉਨ੍ਹਾਂ ਨੇ ਖੁਲਾਸਾ ਕੀਤਾ ਕਿ ਪੀਜੀਆਈ ਵੱਲੋਂ ਪੰਜਾਬ ਦੇ ਮਰੀਜ਼ਾਂ ਦਾ ਇਲਾਜ ਸਿਰਫ਼ ਇਸ ਲਈ ਨਹੀਂ ਸ਼ੁਰੂ ਕੀਤਾ ਗਿਆ ਕਿਉਂਕਿ ਸੂਬਾ ਸਰਕਾਰ ਨੇ ਬਕਾਏ ਕਲੀਅਰ ਕੀਤੇ ਸਨ, ਬਲਕਿ ਇਹ ਸਿਰਫ ਇਸ ਲਈ ਹੋਇਆ ਕਿਉਂਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦਖ਼ਲ ਦਿੱਤੀ।

Leave a Reply

Your email address will not be published. Required fields are marked *