ਬਾਂਦੀਪੋਰਾ ’ਚ ਪਰਵਾਸੀ ਮਜ਼ਦੂਰ ਦੀ ਹੱਤਿਆ

ਸ੍ਰੀਨਗਰ: ਜੰਮੂ ਕਸ਼ਮੀਰ ਦੇ ਬਾਂਦੀਪੋਰਾ ਜ਼ਿਲ੍ਹੇ ’ਚ ਬਿਹਾਰ ਦੇ ਇਕ ਮਜ਼ਦੂਰ ਦੀ ਹੱਤਿਆ ਕਰ ਦਿੱਤੀ ਗਈ ਹੈ। ਪੁਲੀਸ ਮੁਤਾਬਕ ਇਹ ਹਮਲਾ ਵੀਰਵਾਰ ਅੱਧੀ ਰਾਤ ਦੇ ਕਰੀਬ ਹੋਇਆ। ਕਥਿੱਤ ਅਤਿਵਾਦੀਆਂ ਵੱਲੋਂ ਇਸ ਸਾਲ ਹੁਣ ਤੱਕ ਚੌਥੇ ਗ਼ੈਰ ਕਸ਼ਮੀਰੀ ਨੂੰ ਨਿਸ਼ਾਨਾ ਬਣਾਇਆ ਗਿਆ ਹੈ। ਉਧਰ ਅਨੰਤਨਾਗ ਜ਼ਿਲ੍ਹੇ ਦੇ ਬਿਜਬੇਹਾੜਾ ਇਲਾਕੇ ’ਚ ਪੁਲੀਸ ਅਤੇ ਸੀਆਰਪੀਐੱਫ ਦੀ ਸਾਂਝੀ ਨਾਕਾ ਪਾਰਟੀ ’ਤੇ ਅਤਿਵਾਦੀਆਂ ਨੇ ਹਮਲਾ ਕੀਤਾ ਜਿਸ ’ਚ ਇਕ ਸੁਰੱਖਿਆ ਕਰਮੀ ਜ਼ਖ਼ਮੀ ਹੋ ਗਿਆ। ਜ਼ਖ਼ਮੀ ਹੋਏ ਪੁਲੀਸ ਕਰਮੀ ਨੂੰ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ। ਜ਼ਿਕਰਯੋਗ ਹੈ ਕਿ ਇਕ ਦਿਨ ਪਹਿਲਾਂ ਅੱਧੀ ਰਾਤ ਤੋਂ ਬਾਅਦ ਅਤਿਵਾਦੀਆਂ ਵੱਲੋਂ ਫ਼ੌਜੀ ਕੈਂਪ ’ਤੇ ਕੀਤੇ ਗਏ ਹਮਲੇ ’ਚ ਚਾਰ ਜਵਾਨ ਸ਼ਹੀਦ ਹੋ ਗਏ ਸਨ। ਮੁਕਾਬਲੇ ’ਚ ਦੋਵੇਂ ਕਥਿੱਤਅਤਿਵਾਦੀਆਂ ਨੂੰ ਮਾਰ ਮੁਕਾਇਆ ਗਿਆ ਸੀ।

ਕਸ਼ਮੀਰ ਜ਼ੋਨ ਪੁਲੀਸ ਨੇ ਟਵਿੱਟਰ ’ਤੇ ਕਿਹਾ,‘‘ਵੀਰਵਾਰ ਅਤੇ ਸ਼ੁੱਕਰਵਾਰ ਦੀ ਦਰਮਿਆਨੀ ਰਾਤ ਅਤਿਵਾਦੀਆਂ ਨੇ ਬਾਂਦੀਪੋਰਾ ਦੇ ਸੋਡਨਾਰਾ ਸੁੰਬਲ ’ਚ ਬਿਹਾਰ (ਮਧੇਪੁਰਾ ਬੇਸਾੜ੍ਹ) ਦੇ ਮਜ਼ਦੂਰ ਮੁਹੰਮਦ ਅਮਰੇਜ਼ ’ਤੇ ਗੋਲੀਆਂ ਚਲਾ ਕੇ ਉਸ ਨੂੰ ਜ਼ਖ਼ਮੀ ਕਰ ਦਿੱਤਾ।’’ ਹਮਲੇ ਮਗਰੋਂ ਅਮਰੇਜ਼ ਨੂੰ ਹਸਪਤਾਲ ਦਾਖ਼ਲ ਕਰਵਾਇਆ ਗਿਆ ਜਿਥੇ ਉਸ ਨੇ ਜ਼ਖ਼ਮਾਂ ਦੀ ਤਾਬ ਨਾ ਸਹਿੰਦਿਆਂ ਦਮ ਤੋੜ ਦਿੱਤਾ। ਅਮਰੇਜ਼ ਦੇ ਭਰਾ ਮੁਹੰਮਦ ਤਮਹੀਦ ਨੇ ਕਿਹਾ ਕਿ ਜਦੋਂ ਉਹ ਸੁੱਤੇ ਪਏ ਸਨ ਤਾਂ ਰਾਤ ਕਰੀਬ 12.20 ਵਜੇ ਉਨ੍ਹਾਂ ਗੋਲੀਆਂ ਦੀ ਆਵਾਜ਼ ਸੁਣੀ। ‘ਮੇਰੇ ਛੋਟੇ ਭਰਾ ਨੇ ਮੈਨੂੰ ਜਗਾ ਕੇ ਕਿਹਾ ਕਿ ਗੋਲੀਆਂ ਦੀ ਆਵਾਜ਼ ਆ ਰਹੀ ਹੈ। ਮੈਂ ਉਸ ਨੂੰ ਕਿਹਾ ਕਿ ਇੰਜ ਹੁੰਦਾ ਰਹਿੰਦਾ ਹੈ, ਤੂੰ ਜਾ ਕੇ ਸੌਂ ਜਾ। ਪਰ ਉਹ ਨਾ ਮੰਨਿਆ ਕਿਉਂਕਿ ਇਕ ਹੋਰ ਭਰਾ ਕਮਰੇ ’ਚ ਨਹੀਂ ਸੀ।’ ਉਹ ਜਦੋਂ ਪੌੜੀਆਂ ਤੋਂ ਹੇਠਾਂ ਉਤਰਿਆ ਤਾਂ ਅਮਰੇਜ਼ ਨੂੰ ਖੂਨ ’ਚ ਲੱਥ-ਪੱਥ ਦੇਖਿਆ। ਦੋਵੇਂ ਭਰਾਵਾਂ ਨੇ ਤੁਰੰਤ ਫ਼ੌਜ ਨੂੰ ਮੌਕੇ ’ਤੇ ਸੱਦਿਆ ਜੋ ਉਸ ਨੂੰ ਹਾਜਿਨ ਲੈ ਗਈ। ਤਮਹੀਦ ਨੇ ਦੱਸਿਆ ਕਿ ਡਾਕਟਰਾਂ ਨੇ ਅਮਰੇਜ਼ ਨੂੰ ਸ੍ਰੀਨਗਰ ਲਿਜਾਣ ਲਈ ਆਖਿਆ ਪਰ ਉਹ ਰਾਹ ’ਚ ਹੀ ਦਮ ਤੋੜ ਗਿਆ।

Leave a Reply

Your email address will not be published. Required fields are marked *