ਬਟਾਲਾ ’ਚ ਲੁੱਟ ਦੀ ਵੱਡੀ ਵਾਰਦਾਤ, ਕਾਰ ਸਵਾਰ ਲੁਟੇਰੇ ਕਬਾੜੀਏ ਦੀ ਦੁਕਾਨ ’ਚੋਂ 9.50 ਲੱਖ ਰੁਪਏ ਲੁੱਟ ਕੇ ਫ਼ਰਾਰ

ਬਟਾਲਾ:  ਬਟਾਲਾ ਦੇ ਅੰਮ੍ਰਿਤਸਰ ਰੋਡ ’ਤੇ ਸਥਿਤ ਇਕ ਕਬਾੜੀਏ ਦੀ ਦੁਕਾਨ ’ਚੋਂ ਆਲਟੋ ਕਾਰ ਸਵਾਰ ਲੁਟੇਰੇ ਦੁਕਾਨ ’ਚ ਦਾਖਲ ਹੋ ਕੇ ਅਲਮਾਰੀ ’ਚ ਪਏ 9.50 ਲੱਖ ਰੁਪਏ ਲੁੱਟ ਕੇ ਲੈ ਗਏ। ਇਸ ਸਬੰਧੀ ਦੁਕਾਨ ਮਾਲਕ ਪਵਨ ਕੁਮਾਰ ਪੁੱਤਰ ਸਵ. ਕਿਸ਼ਨ ਕੁਮਾਰ ਨੇ ਦੱਸਿਆ ਕਿ ਉਸਦੀ ਕਬਾੜ ਦੀ ਦੁਕਾਨ ਅੰਮ੍ਰਿਤਸਰ ਰੋਡ ’ਤੇ ਸਥਿਤ ਹੈ। ਅੱਜ ਸਵੇਰੇ ਉਸਦਾ ਮੁੰਡਾ ਆਸ਼ੂ ਆਪਣੇ ਘਰ ਤੋਂ 9 ਲੱਖ 50 ਹਜ਼ਾਰ ਰੁਪਏ ਲੈ ਕੇ ਦੁਕਾਨ ’ਤੇ ਪਹੁੰਚਿਆ ਤਾਂ ਦੁਕਾਨ ਕੋਲ ਪਹਿਲਾਂ ਹੀ ਇਕ ਆਲਟੋ ਕਾਰ ਖੜ੍ਹੀ ਸੀ, ਜਿਸ ’ਚ 3 ਵਿਅਕਤੀ ਸਵਾਰ ਸਨ।

ਉਸ ਨੇ ਦੱਸਿਆ ਕਿ ਮੁੰਡਾ ਜਦੋਂ ਦੁਕਾਨ ਖੋਲ੍ਹ ਕੇ ਅੰਦਰ ਪਈ ਅਲਮਾਰੀ ’ਚ ਪੈਸੇ ਰੱਖ ਰਿਹਾ ਸੀ ਤਾਂ ਇਕ ਵਿਅਕਤੀ ਦੁਕਾਨ ’ਚ ਆਇਆ, ਜਿਸ ਨੇ ਉਸ ਤੋਂ ਗਾਰਡਰ ਮੰਗਿਆ। ਪਵਨ ਕੁਮਾਰ ਨੇ ਦੱਸਿਆ ਕਿ ਆਸ਼ੂ ਨੇ ਪੈਸੇ ਅਲਮਾਰੀ ’ਚ ਰੱਖ ਕੇ ਲਾਕ ਕਰ ਦਿੱਤੀ ਅਤੇ ਗਾਰਡਰ ਦਿਖਾਉਣ ਲਈ ਗੋਦਾਮ ’ਚ ਗਿਆ। ਮੁੰਡੇ ਦੇ ਜਾਣ ਤੋਂ ਬਾਅਦ ਉਕਤ ਵਿਅਕਤੀ ਨੇ ਅਲਮਾਰੀ ਤੋੜ ਕੇ 9 ਲੱਖ 50 ਹਜ਼ਾਰ ਰੁਪਏ ਲੁੱਟ ਲਏ ਅਤੇ ਬਾਹਰ ਖੜ੍ਹੀ ਆਲਟੋ ’ਚ ਆਪਣੇ ਸਾਥੀਆਂ ਸਮੇਤ ਫ਼ਰਾਰ ਹੋ ਗਿਆ। ਉਨ੍ਹਾਂ ਕਿਹਾ ਕਿ ਚੋਰੀ ਦੀ ਸਾਰੀ ਵਾਰਦਾਤ ਦੁਕਾਨ ’ਚ ਲੱਗੇ ਸੀ. ਸੀ. ਟੀ. ਵੀ. ਕੈਮਰਿਆਂ ’ਚ ਕੈਦ ਹੋ ਗਈ ਹੈ। ਇਸ ਸਬੰਧੀ ਥਾਣਾ ਸਿਵਲ ਲਾਈਨ ਦੀ ਪੁਲਸ ਨੂੰ ਸੂਚਿਤ ਕਰ ਦਿੱਤਾ ਹੈ।

ਘਟਨਾ ਦੀ ਸੂਚਨਾ ਮਿਲਣ ’ਤੇ ਡੀ. ਐੱਸ. ਪੀ. ਸਿਟੀ ਲਲਿਤ ਕੁਮਾਰ ਅਤੇ ਥਾਣਾ ਸਿਵਲ ਲਾਈਨ ਦੇ ਐੱਸ. ਐੱਚ. ਓ. ਕੁਲਵੰਤ ਸਿੰਘ ਮਾਨ ਪੁਲਸ ਪਾਰਟੀ ਸਮੇਤ ਪਹੁੰਚੇ ਅਤੇ ਸਥਿਤੀ ਦਾ ਜਾਇਜ਼ਾ ਲੈਂਦਿਆਂ ਦੁਕਾਨ ’ਚ ਲੱਗੇ ਸੀ. ਸੀ. ਟੀ. ਵੀ. ਕੈਮਰਿਆਂ ਦੀ ਫੁਟੇਜ਼ ਨੂੰ ਕਬਜ਼ੇ ’ਚ ਲੈ ਲਿਆ ਹੈ। ਪੁਲਸ ਅਧਿਕਾਰੀਆਂ ਨੇ ਕਿਹਾ ਕਿ ਲੁਟੇਰਿਆਂ ਨੂੰ ਜਲਦ ਗ੍ਰਿਫ਼ਤਾਰ ਕਰ ਲਿਆ ਜਾਵੇਗਾ।

Leave a Reply

Your email address will not be published. Required fields are marked *