ਪਾਰਕ ’ਚ ਖੇਡ ਰਹੇ ਬੱਚਿਆਂ ਨਾਲ ਵਾਪਰਿਆ ਹਾਦਸਾ, ਕਰੰਟ ਲੱਗਣ ਨਾਲ 6 ਸਾਲਾ ਬੱਚੇ ਦੀ ਮੌਤ

ਪਠਾਨਕੋਟ: ਦਿਹਾੜੀ ਲਗਾਉਣ ਗਏ ਪ੍ਰਵਾਸੀ ਮਜ਼ਦੂਰ ਪਤੀ-ਪਤਨੀ ’ਤੇ ਉਸ ਸਮੇਂ ਦੁੱਖਾਂ ਦਾ ਪਹਾੜ ਟੁੱਟ ਪਿਆ ਜਦੋਂ ਪਾਰਕ ’ਚ ਖੇਡ ਰਹੇ ਉਨ੍ਹਾਂ ਦੇ 6 ਸਾਲਾ ਬੇਟੇ ਦੀ ਕਰੰਟ ਲੱਗਣ ਨਾਲ ਮੌਤ ਹੋ ਗਈ। ਇਹ ਘਟਨਾ ਮੁਹੱਲਾ ਕਾਜੀਪੁਰ ਸਥਿਤ ਟਰੱਸਟ ਮਾਰਕੀਟ ਦੇ ਕੋਲ ਦੀ ਹੈ, ਜਿੱਥੇ ਟਰੱਸਟ ਪਾਰਕ ’ਚ ਖੇਡ ਰਹੇ ਛੋਟੇ-ਛੋਟੇ 2 ਬੱਚੇ ਕਰੰਟ ਦੀ ਲਪੇਟ ’ਚ ਆ ਗਏ, ਜਿਸ ’ਚੋਂ ਇਕ ਬੱਚੇ ਦੀ ਮੌਤ ਹੋ ਗਈ ਜਦਕਿ ਨੰਨ੍ਹੀ ਬੱਚੀ ਵਾਲ-ਵਾਲ ਬਚ ਗਈ। ਹਾਲਾਂਕਿ ਕਰੰਟ ਲੱਗਣ ਨਾਲ ਬੱਚੀ ਦੇ ਪੈਰ ’ਤੇ ਕੁਝ ਜ਼ਖ਼ਮੀ ਹੋਣ ਦੇ ਨਿਸ਼ਾਨ ਪੈ ਗਏ। ਮ੍ਰਿਤਕ ਬੱਚੇ ਦੀ ਪਛਾਣ 6 ਸਾਲਾ ਕ੍ਰਿਸ਼ ਪੁੱਤਰ ਬਦਰੀਨਾਥ ਵਾਸੀ ਜਹਾਂਗੀਰ ਛੱਤੀਸਗੜ੍ਹ ਵਜੋਂ ਹੋਈ ਹੈ, ਜਦਕਿ ਨਾਲ ਖੇਡ ਰਹੀ ਜ਼ਖ਼ਮੀ 5 ਸਾਲਾ ਬੱਚੀ ਦੀ ਪਛਾਣ ਪੀਹੂ ਪੁੱਤਰੀ ਸੀਊ ਵਾਸੀ ਪੋੜੀ ਦਲਹੱਤਾ ਛੱਤੀਸਗੜ੍ਹ ਵਜੋਂ ਹੋਈ ਹੈ। ਸੂਚਨਾ ਮਿਲਣ ’ਤੇ ਡਵੀਜ਼ਨ ਨੰ.1 ਦੇ ਮੁਖੀ ਮਨਦੀਪ ਸਲਗੌਤਰਾ ਮੌਕੇ ’ਤੇ ਪੁੱਜੇ ਅਤੇ ਸਥਿਤੀ ਦਾ ਜਾਇਜ਼ਾ ਲਿਆ।

ਇਸ ਦੌਰਾਨ ਪੀ. ਸੀ. ਆਰ. ਦਸਤੇ ’ਚ ਸ਼ਾਮਲ ਕਾਂਸਟੇਬਲ ਨੇ ਦੱਸਿਆ ਕਿ ਜਦੋਂ ਉਹ ਮੌਕੇ ’ਤੇ ਪੁੱਜੇ ਤਾਂ ਬੱਚਾ ਦਰੱਖਤ ਨਾਲ ਲੱਗੀ ਲੋਹੇ ਦੀ ਗਰਿੱਲ ਨਾਲ ਚਿਪਕਿਆ ਹੋਇਆ ਸੀ, ਜਿਸਨੂੰ ਚੁੱਕ ਕੇ ਐਂਬੂਲੈਂਸ ਰਾਹੀਂ ਹਸਪਤਾਲ ਭੇਜਿਆ, ਜਿਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਕਰਾਰ ਦੇ ਦਿੱਤਾ। ਉਥੇ ਹੀ ਮ੍ਰਿਤਕ ਦੇ ਪਿਤਾ ਬੱਦਰੀਨਾਥ ਨੇ ਪ੍ਰਸ਼ਾਸਨ ਤੋਂ ਘਟਨਾ ਦੀ ਜਾਂਚ ਦੀ ਮੰਗ ਕਰਦੇ ਹੋਏ ਕਿਹਾ ਕਿ ਉਨ੍ਹਾਂ ਨੂੰ ਇਨਸਾਫ਼ ਦਿਵਾਇਆ ਜਾਵੇ, ਆਖਿਰ ਕਿਸ ਦੀ ਲਾਪਰਵਾਹੀ ਕਾਰਨ ਬੱਚੇ ਦੀ ਜਾਨ ਗਈ ਹੈ। ਵਰਨਣਯੋਗ ਹੈ ਕਿ ਜਿਸ ਗਰਿੱਲ ਦੀ ਲਪੇਟ ਵਿੱਚ ਬੱਚਾ ਆਇਆ ਹੈ ਉਸ ਗਰਿੱਲ ਦੇ ਨਾਲ ਕੁਝ ਬਿਜਲੀ ਦੀਆਂ ਤਾਰਾਂ ਲਿਪਟੀਆਂ ਹੋਈਆਂ ਸਨ ਅਤੇ ਨੰਗਾ ਜੋੜ ਵੀ ਲੱਭ ਰਿਹਾ ਸੀ ਜਿਸ ਨੂੰ ਬਾਅਦ ਵਿੱਚ ਬਿਜਲੀ ਮੁਲਾਜ਼ਮਾਂ ਵੱਲੋਂ ਠੀਕ ਕਰ ਦਿੱਤਾ ਗਿਆ।

Leave a Reply

Your email address will not be published. Required fields are marked *