ਮਨੀ ਲਾਂਡਰਿੰਗ ਦਾ ਹੱਬ ਬਣਿਆ ਜਲੰਧਰ, ਕਈ ਕਾਰੋਬਾਰੀ ਰਾਡਾਰ ’ਤੇ

ਜਲੰਧਰ : ਹਿਮਾਚਲ ਪ੍ਰਦੇਸ਼ ਦੀਆਂ ਵਿਧਾਨ ਸਭਾ ਚੋਣਾਂ ਸਬੰਧੀ (ਸ਼ਨੀਵਾਰ) ਨੂੰ ਪੋਲਿੰਗ ਹੋ ਗਈ ਅਤੇ ਗੁਜਰਾਤ ਦੀਆਂ ਵਿਧਾਨ ਸਭਾ ਚੋਣਾਂ ਸਬੰਧੀ ਸਰਗਰਮੀਆਂ ਜ਼ੋਰਾਂ ’ਤੇ ਹਨ। ਚੋਣ ਕੋਈ ਵੀ ਹੋਵੇ, ਹਰ ਚੋਣ ’ਚ ਪੈਸੇ ਅਤੇ ਜ਼ੋਰ ਦੀ ਵਰਤੋਂ ਹੁੰਦੀ ਆਈ ਹੈ ਅਤੇ ਗੁਜਰਾਤ ਦੀਆਂ ਚੋਣਾਂ ਵੀ ਇਸ ਤੋਂ ਅਛੂਤੀਆਂ ਨਹੀਂ ਹਨ। ਖ਼ੁਦ ਗੁਜਰਾਤ ਦੇ ਗ੍ਰਹਿ ਮੰਤਰੀ ਹਰਸ਼ ਸ਼ਾਂਘਵੀ ਦਾ ਟਵੀਟ ਇਸ ਗੱਲ ਦਾ ਖ਼ੁਲਾਸਾ ਕਰ ਰਿਹਾ ਹੈ ਕਿ ਚੋਣਾਂ ਵਿਚ ਪੈਸੇ ਦੀ ਖੁੱਲ੍ਹੀ ਵਰਤੋਂ ਹੋ ਰਹੀ ਹੈ ਅਤੇ ਵੋਟਰਾਂ ਨੂੰ ਪ੍ਰਭਾਵਿਤ ਕਰਨ ਲਈ ਦਿੱਲੀ ਅਤੇ ਪੰਜਾਬ ਸਮੇਤ ਹੋਰ ਥਾਵਾਂ ਤੋਂ ਹਵਾਲਾ ਜ਼ਰੀਏ ਪੈਸਾ ਗੁਜਰਾਤ ਪਹੁੰਚ ਰਿਹਾ ਹੈ। ਗ੍ਰਹਿ ਮੰਤਰੀ ਸਾਂਘਵੀ ਨੇ ਇਹ ਟਵੀਟ ਗੁਜਰਾਤ ਦੇ ਬਾਰਡੋਲੀ, ਅਹਿਮਦਾਬਾਦ ਅਤੇ ਹੋਰ ਥਾਵਾਂ ’ਤੇ ਚੋਣਾਵੀ ਪੈਸੇ ਦੀ ਬਰਾਮਦਗੀ ਤੋਂ ਬਾਅਦ ਕੀਤਾ ਹੈ।

ਗ੍ਰਹਿ ਮੰਤਰੀ ਸਾਂਘਵੀ ਦੇ ਟਵੀਟ ਤੋਂ ਬਾਅਦ ਕੇਂਦਰੀ ਜਾਂਚ ਏਜੰਸੀਆਂ ਸਰਗਰਮ ਹੋ ਗਈਆਂ ਹਨ ਅਤੇ ਮਨੀ ਲਾਂਡਰਿੰਗ ਦੀਆਂ ਕੜੀਆਂ ਨੂੰ ਜੋੜਨ ਵਿਚ ਲੱਗੀਆਂ ਹੋਈਆਂ ਹਨ। ਉਥੇ ਹੀ, ਸਾਂਘਵੀ ਦੇ ਟਵੀਟ ’ਚ ਪੰਜਾਬ ਦਾ ਨਾਂ ਆਉਣ ਤੋਂ ਬਾਅਦ ਜਾਂਚ ਏਜੰਸੀਆਂ ਨੇ ਪੰਜਾਬ ਦਾ ਰੁਖ਼ ਕੀਤਾ ਹੈ। ਏਜੰਸੀਆਂ ਦੇ ਸੂਤਰਾਂ ਮੁਤਾਬਕ ਜਲੰਧਰ ਮਨੀ ਲਾਂਡਰਿੰਗ ਦਾ ਹੱਬ ਬਣਿਆ ਹੋਇਆ ਹੈ। ਉਥੇ ਹੀ, ਏਜੰਸੀਆਂ ਮੁਤਾਬਕ ਜਲੰਧਰ ਵਿਚ ਵੱਡੇ ਪੱਧਰ ’ਤੇ ਬੁੱਕ (2 ਨੰਬਰ ਦੀ ਲਾਟਰੀ) ਲੱਗ ਰਹੀ ਹੈ ਅਤੇ ਇਸ ਕਾਰੋਬਾਰ ਵਿਚ ਨਾਮੀ ਲੋਕ ਸ਼ਾਮਲ ਹਨ। ਆਉਣ ਵਾਲੇ ਦਿਨਾਂ ਵਿਚ ਏਜੰਸੀਆਂ ਵੱਲੋਂ ਵੱਡੇ ਪੱਧਰ ’ਤੇ ਰੇਡ ਕੀਤੇ ਜਾਣ ਦੀ ਸੰਭਾਵਨਾ ਹੈ।

ਰੀਅਲ ਅਸਟੇਟ ਸਮੇਤ ਬੁੱਕੀ ਲਾਬੀ ’ਚ ਹੜਕੰਪ

ਮਨੀ ਲਾਂਡਰਿੰਗ ਵਿਚ ਪੰਜਾਬ ਦਾ ਨਾਂ ਆਉਣ ਤੋਂ ਬਾਅਦ ਜਲੰਧਰ ਵਿਚ ਰੀਅਲ ਅਸਟੇਟ ਨਾਲ ਜੁੜੇ ਕਈ ਕਾਰੋਬਾਰੀਆਂ ਅਤੇ ਬੁੱਕੀ ਲਾਬੀ ਵਿਚ ਹੜਕੰਪ ਮਚਿਆ ਹੋਇਆ ਹੈ ਅਤੇ ਪਿਛਲੇ ਕਈ ਦਿਨਾਂ ਵਿਚ ਬੁੱਕੀ ਲਾਬੀ ਨਾਲ ਜੁੜੇ ਰੀਅਲ ਅਸਟੇਟ ਕਾਰੋਬਾਰੀ, ਬੁੱਕੀ ਅਤੇ ਪੰਟਰ ਅੰਡਰਗਰਾਊਂਡ ਹੋ ਗਏ ਹਨ।

ਪੁਰਾਣੇ ਖਿਡਾਰੀਆਂ ਨੂੰ ਖ਼ਤਮ ਕਰਕੇ ਨਵੇਂ ਕੀਤੇ ਜਾ ਰਹੇ ਖੜ੍ਹੇ

ਬੀਤੇ ਸਾਲ ਪੁਲਸ ਵੱਲੋਂ ਕੀਤੀ ਗਈ ਵੱਡੇ ਪੱਧਰ ’ਤੇ ਕਾਰਵਾਈ ਤੋਂ ਬਾਅਦ ਸ਼ਹਿਰ ਵਿਚ 2 ਨੰਬਰ ਦੀ ਲਾਟਰੀ ਦਾ ਖੁੱਲ੍ਹੇਆਮ ਚੱਲ ਰਿਹਾ ਧੰਦਾ ਕੁਝ ਦੇਰ ਲਈ ਬੰਦ ਹੋ ਗਿਆ ਸੀ ਅਤੇ ਇਸ ਧੰਦੇ ਨਾਲ ਜੁੜੇ ਲੋਕ ਲਿੰਕਸ ਜ਼ਰੀਏ ਆਪਣੇ ਘਰਾਂ ਅਤੇ ਸੰਸਥਾਵਾਂ ਤੋਂ ਸੋਸ਼ਲ ਮੀਡੀਆ ’ਤੇ ਕੋਡਿੰਗ ਦੇ ਹਿਸਾਬ ਨਾਲ ਧੰਦਾ ਕਰਨ ਲੱਗ ਪਏ ਸਨ। ਕੁਝ ਮਹੀਨੇ ਪਹਿਲਾਂ ਪ੍ਰਭਾਵਸ਼ਾਲੀ ਲੋਕਾਂ ਦੀ ਸ਼ਹਿ ’ਤੇ 2 ਨੰਬਰ ਦੀ ਲਾਟਰੀ ਦਾ ਧੰਦਾ ਕਰਨ ਵਾਲਿਆਂ ਨੇ ਦੋਬਾਰਾ ਆਪਣਾ ਨੈੱਟਵਰਕ ਤੇਜ਼ ਕਰ ਦਿੱਤਾ ਹੈ। ਇਸ ਖੇਡ ਵਿਚ ਪੁਲਸ ਦੇ ਰਾਡਾਰ ’ਤੇ ਆਏ ਪੁਰਾਣੇ ਖਿਡਾਰੀਆਂ ਨੂੰ ਖਤਮ ਕਰ ਕੇ ਨਵੇਂ ਖੜ੍ਹੇ ਕੀਤੇ ਜਾਣ ਲੱਗੇ ਸਨ ਅਤੇ ਸਿੱਧੇ ਤੌਰ ’ਤੇ ਕਮੀਸ਼ਨ ਫਿਕਸ ਹੋ ਗਈ ਸੀ ਕਿ ਜੇਕਰ ਕੋਈ ਵੀ ਉਨ੍ਹਾਂ ਨੂੰ ਕੋਈ ਤੰਗ-ਪ੍ਰੇਸ਼ਾਨ ਕਰੇ ਤਾਂ ਸਿੱਧਾ ਉਨ੍ਹਾਂ ਕੋਲ ਭੇਜ ਦੇਣਾ।
ਕੁਝ ਮਹੀਨੇ ਤੱਕ ਇਹ ਖੇਡ ਖੁੱਲ੍ਹ ਕੇ ਚੱਲੀ ਪਰ ਜਦੋਂ ਕਮੀਸ਼ਨ ਦੀਆਂ ਖਬਰਾਂ ਅਖਬਾਰਾਂ ਦੀਆਂ ਸੁਰਖੀਆਂ ਬਣਨ ਲੱਗੀਆਂ ਤਾਂ ਪੁਲਸ ਨੇ ਕਾਰਵਾਈ ਕਰਦਿਆਂ ਇਸ ਧੰਦੇ ਨੂੰ ਦੁਬਾਰਾ ਬੰਦ ਕਰਵਾਇਆ। ਫਿਰ ਵੀ ਬੁੱਕ ਜ਼ਰੀਏ ਇਹ ਧੰਦਾ ਬਾਦਸਤੂਰ ਜਾਰੀ ਹੈ।

ਬੁੱਕ ਲਾਉਣ ਦੀ ਕਮੀਸ਼ਨ ਲੱਖਾਂ ਰੁਪਏ ’ਚ

ਬੁੱਕ ਲਾਉਣ ਦੇ ਕਾਰੋਬਾਰ ’ਚ ਸ਼ਹਿਰ ਦੇ ਸੈਂਕੜੇ ਲੋਕ ਜੁੜੇ ਹੋਏ ਹਨ ਅਤੇ ਇਨ੍ਹਾਂ ਦੇ ਆਕਾ ਇਕ-ਇਕ ਬੁੱਕੀ ਤੋਂ ਡੇਲੀ ਦੇ ਹਿਸਾਬ ਨਾਲ ਕਮੀਸ਼ਨ ਲੈਂਦੇ ਹਨ। ਰਿਕਸ਼ੇ ਵਾਲੇ ਤੋਂ ਲੈ ਕੇ ਕਈ ਠੇਕੇਦਾਰ ਤੱਕ ਇਸ ਕਾਰੋਬਾਰ ਵਿਚ ਸ਼ਾਮਲ ਹਨ। ਸ਼ਹਿਰ ਵਿਚ ਕੁਝ ਚਿਹਰੇ ਅਜਿਹੇ ਵੀ ਹਨ, ਜਿਨ੍ਹਾਂ ਦੀ 2-2 ਸੌ ਦੇ ਲਗਭਗ 2 ਨੰਬਰ ਦੀ ਲਾਟਰੀ ਦੀਆਂ ਦੁਕਾਨਾਂ ਸ਼ਰੇਆਮ ਸ਼ਹਿਰ ਵਿਚ ਚੱਲ ਰਹੀਆਂ ਸਨ ਅਤੇ ਬੀਤੇ ਸਾਲ ਡੀ. ਜੀ. ਪੀ. ਪੰਜਾਬ ਕੋਲ ਪਹੁੰਚੀਆਂ ਸ਼ਿਕਾਇਤਾਂ ਤੋਂ ਬਾਅਦ ਸ਼ਹਿਰ ਵਿਚ ਵੱਡੇ ਪੱਧਰ ’ਤੇ ਕਾਰਵਾਈ ਕਰਦੇ ਹੋਏ ਪੁਲਸ ਨੇ ਦਰਜਨ ਦੁਕਾਨਾਂ ਬੰਦ ਕਰਵਾਉਂਦੇ ਹੋਏ ਕੁਝ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਸੀ।

ਈ. ਡੀ. ਕਰ ਰਹੀ ਰੇਡ ਦੀ ਤਿਆਰੀ

ਏਜੰਸੀ ਦੇ ਸੂਤਰਾਂ ਮੁਤਾਬਕ ਗੁਜਰਾਤ ਵਿਚ ਮਨੀ ਲਾਂਡਰਿੰਗ ਦੀਆਂ ਖਬਰਾਂ ਤੋਂ ਬਾਅਦ ਕੇਂਦਰੀ ਜਾਂਚ ਏਜੰਸੀ ਐਨਫੋਰਸਮੈਂਟ ਡਾਇਰੈਕਟੋਰੇਟ (ਈ. ਡੀ.) ਸਰਗਰਮ ਹੋ ਗਈ ਹੈ। 2 ਨੰਬਰ ਦੀ ਲਾਟਰੀ ਅਤੇ ਬੁੱਕੀਆਂ ਦੀਆਂ ਲਿਸਟਾਂ ਤਿਆਰ ਹੋ ਰਹੀਆਂ ਹਨ ਅਤੇ ਇਨ੍ਹਾਂ ਸਭ ਦਾ ਮਨੀ ਲਾਂਡਰਿੰਗ ਨਾਲ ਕੁਨੈਕਸ਼ਨ ਲੱਭਿਆ ਜਾ ਰਿਹਾ ਹੈ। ਏਜੰਸੀ ਦੇ ਸੂਤਰਾਂ ਮੁਤਾਬਕ ਏਜੰਸੀ ਦੇ ਹੱਥ ਕੁਝ ਅਜਿਹੇ ਦਸਤਾਵੇਜ਼ ਲੱਗੇ ਹਨ, ਜਿਨ੍ਹਾਂ ਦਾ ਸਿੱਧਾ ਸਬੰਧ ਮਨੀ ਲਾਂਡਰਿੰਗ ਅਤੇ ਰੀਅਲ ਅਸਟੇਟ ਨਾਲ ਜੁੜੇ ਕਾਰੋਬਾਰੀਆਂ ਨਾਲ ਹੈ ਅਤੇ ਜਲਦ ਵੱਡੀ ਕਾਰਵਾਈ ਹੋਣ ਦੀ ਸੰਭਾਵਨਾ ਹੈ।

Leave a Reply

Your email address will not be published. Required fields are marked *