ਹਵਾਈ ਫਾਇਰ ਕਰ ਰਹੇ ਦੋ ਧੜਿਆਂ ਖ਼ਿਲਾਫ਼ ਪੁਲਸ ਦੀ ਸਖ਼ਤੀ, ਨਾਜਾਇਜ਼ ਹਥਿਆਰਾਂ ਸਣੇ 5 ਕਾਬੂ

ਅੰਮ੍ਰਿਤਸਰ- ਪੰਜਾਬ ’ਚ ਲਗਾਤਾਰ ਵਿਗੜ ਰਹੇ ਹਾਲਾਤਾ ਨੂੰ ਦੇਖਦੇ ਹੋਏ ਲਗਾਤਾਰ ਪੁਲਸ ਵਲੋਂ ਇਲਾਕੇ ’ਚ ਗਸ਼ਤ ਕੀਤੀ ਜਾ ਰਹੀ ਹੈ। ਅੰਮ੍ਰਿਤਸਰ (ਦਿਹਾਤੀ) ਦੇ ਥਾਣਾ ਮਜੀਠਾ ਦੀ ਪੁਲਸ ਪਾਰਟੀ ਨੂੰ ਗਸ਼ਤ ਦੌਰਾਨ ਮੁਖ਼ਬਰ ਖ਼ਾਸ ਨੇ ਇਤਲਾਹ ਦਿੱਤੀ ਕਿ ਮਜੀਠਾ ਵਿਖੇ 2 ਗੁੱਟ ਜਿਨ੍ਹਾਂ ’ਚ ਇਕ ਪਾਸੇ ਤੋਂ ਰਵੀ ਅਤੇ ਦੂਸਰੇ ਪਾਸੇ ਤੋਂ ਸੁਖਚੈਨ ਸਿੰਘ ਆਪਣੇ-ਆਪਣੇ ਹਥਿਆਰਾਂ ਨਾਲ ਹਵਾਈ ਫ਼ਾਇਰ ਕਰ ਰਹੇ ਹਨ। ਇਸ ਦੇ ਨਾਲ ਉਹ ਇੱਟਾਂ ਰੋੜੇ ਚਲਾ ਕੇ ਹੁਲੱੜਬਾਜੀ ਕਰਕੇ ਆਮ ਜਨਤਾ ਦੀ ਸ਼ਾਂਤੀ ਨੂੰ ਭੰਗ ਕਰ ਰਹੇ ਹਨ। ਇਸ ’ਤੇ ਥਾਣਾ ਮਜੀਠਾ ਦੀ ਪੁਲਸ ਨੇ ਹਾਲਾਤਾ ਦੀ ਗੰਭੀਰਤਾ ਨੂੰ ਦੇਖਦੇ ਹੋਏ ਕਾਰਵਾਈ ਕਰਦੇ ਹੋਏ ਮੌਕੇ ’ਤੇ ਪਹੁੰਚ ਕੇ ਦੋਵਾਂ ਧਿਰਾਂ ਦੇ 5 ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਅਤੇ ਪੁਲਸ ਦਾ ਦਾਅਵਾ ਹੈ ਕਿ ਬਾਕੀ ਮੁਲਜ਼ਮਾਂ ਨੂੰ ਵੀ ਜਲਦ ਗ੍ਰਿਫ਼ਤਾਰ ਕਰ ਲਿਆ ਜਾਵੇਗਾ।

ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ ਦੀ ਪਹਿਚਾਣ ਸੁਖਚੈਨ ਸਿੰਘ, ਰਾਜ ਬੱਬਰ ਉਰਫ਼ ਗੱਬਰ , ਜਸ਼ਨਪ੍ਰੀਤ ਸਿੰਘ , ਲਵਪ੍ਰੀਤ ਸਿੰਘ ਉਰਫ਼ ਭੂਪਾ ਅਤੇ ਜੋਬਨਜੀਤ ਸਿੰਘ ਵਜੋਂ ਹੋਈ ਹੈ। ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ ਪਾਸੋਂ 2 ਨਾਜਾਇਜ਼ ਪਿਸਟਲ 32 ਬੋਰ ਸਮੇਤ ਇਕ ਜਿੰਦਾ ਰੋਂਦ, 2 ਮੈਗਜੀਨ, 11 ਰਾਈਫ਼ਲ, 12 ਬੋਰ ਕਬਜ਼ੇ ’ਚ  ਲਏ ਗਏ ਹਨ। ਇਸ ਦੇ ਨਾਲ ਮੌਕੇ ’ਤੇ 17 ਖੋਲ ਪਿਸਟਲ 32 ਬੋਰ ਅਤੇ 7 ਖੋਲ ਰਾਈਫ਼ਲ 12 ਬੋਰ ਦੇ ਪੁਲਸ ਵਲੋਂ ਕਬਜ਼ੇ ’ਚ ਲਏ ਗਏ ਹਨ। ਰਾਈਫ਼ਲ 12 ਬੋਰ ਸਬੰਧੀ ਮੁਲਜ਼ਮਾਂ ਤੋਂ ਪੁੱਛ-ਗਿੱਛ ਅਤੇ ਤਫ਼ਤੀਸ਼ ਕੀਤੀ ਜਾ ਰਹੀ ਹੈ। ਇਸ ਸਬੰਧੀ ਥਾਣਾ ਮਜੀਠਾ ’ਚ ਸਬੰਧਤ ਧਾਰਾਵਾਂ ਤਹਿਤ ਮੁਕਦਮਾ ਦਰਜ ਕਰ ਲਿਆ ਗਿਆ ਹੈ।

Leave a Reply

Your email address will not be published. Required fields are marked *