ਕਸਰਤ ਨਾਲ ਬਿਹਤਰ ਹੋ ਸਕਦੀ ਹੈ ਮਾਨਸਿਕ ਸਿਹਤ, 12 ਲੱਖ ਲੋਕਾਂ ‘ਤੇ ਸਰਵੇ
ਸਿਹਤਮੰਦ ਤਨ ਤੇ ਮਨ ਲਈ ਰੋਜ਼ਾਨਾ ਕਸਰਤ ਜ਼ਰੂਰੀ ਹੈ। ਇਸ ਨਾਲ ਸਿਹਤ ਸਬੰਧੀ ਕਈ ਸਮੱਸਿਆਵਾਂ ਤੋਂ ਬਚਾਅ ਵੀ ਹੋ ਸਕਦਾ ਹੈ। ਹੁਣ ਇਕ ਨਵੇਂ ਅਧਿਐਨ ‘ਚ ਪਾਇਆ ਗਿਆ ਕਿ ਕਸਰਤ ਕਰਨ ਨਾਲ ਖ਼ੁਸ਼ੀ ਮਿਲਦੀ ਹੈ। ਸਿੱਟੇ ਵਜੋਂ ਮਾਨਸਿਕ ਸਿਹਤ ਵੀ ਬਿਹਤਰ ਹੋ ਸਕਦੀ ਹੈ। ਆਕਸਫੋਰਡ ਤੇ ਯੇਲ ਯੂਨੀਵਰਸਿਟੀਆਂ ਦੇ ਖੋਜਕਰਤਾਵਾਂ ਮੁਤਾਬਕ ਰੋਜ਼ਾਨਾ ਕਸਰਤ ਕਰਨ ਵਾਲੇ ਵਿਅਕਤੀ ਉਨ੍ਹਾਂ ਲੋਕਾਂ ਦੀ ਤੁਲਨਾ ‘ਚ ਜ਼ਿਆਦਾ ਖ਼ੁਸ਼ ਰਹਿੰਦੇ ਹਨ ਜਿਹੜੇ ਕਸਰਤ ਨਹੀਂ ਕਰਦੇ। ਇਹ ਸਿੱਟਾ ਕਰੀਬ 12 ਲੱਖ ਲੋਕਾਂ ‘ਤੇ ਕੀਤੇ ਗਏ ਸਰਵੇ ਦੇ ਆਧਾਰ ‘ਤੇ ਕੱਢਿਆ ਗਿਆ ਹੈ। ਅਧਿਐਨ ‘ਚ ਇਹ ਵੀ ਪਾਇਆ ਗਿਆ ਕਿ ਹਫ਼ਤੇ ‘ਚ ਤਿੰਨ ਵਾਰੀ 30 ਤੋਂ 60 ਮਿੰਟ ਤਕ ਦੀ ਕਸਰਤ ਦਾ ਖ਼ੁਸ਼ੀ ਦੇ ਪੱਧਰ ‘ਤੇ ਅਸਰ ਪੈਂਦਾ ਹੈ। ਖ਼ੁਸ਼ੀ ਦੇ ਪੱਧਰ ‘ਤੇ ਆਮਦਨ ਦਾ ਵੀ ਅਸਰ ਪਾਇਆ ਗਿਆ ਹੈ। ਜ਼ਿਆਦਾ ਆਮਦਨੀ ਕਰਨ ਵਾਲੇ ਲੋਕ ਵੀ ਓਨਾ ਹੀ ਖ਼ੁਸ਼ ਹੋ ਸਕਦੇ ਹਨ ਜਿੰਨਾ ਕਸਰਤ ਕਰਨ ਵਾਲਾ ਵਿਅਕਤੀ ਖ਼ੁਸ਼ ਹੁੰਦਾ ਹੈ।