ਜਿਲਦਾਂ ਸਾਂਭ ਰਹੇ ਨੇ ਝੱਲੇ…!

ਡਾ. ਨਿਸ਼ਾਨ ਸਿੰਘ ਰਾਠੌਰ

ਕਹਿੰਦੇ ਹਨ ਕਿ ਗ਼ਾਲਿਬ ਨੂੰ ਵਕਤ ਦੇ ਬਾਦਸ਼ਾਹ ਨੇ ਆਪਣੇ ਮਹਿਲੀਂ ਸੱਦਿਆ। ਲਿਖਦਾ ਜੁ ਕਮਾਲ ਸੀ। ਸ਼ਬਦਾਂ ’ਚ ਜਾਨ ਪਾ ਦਿੰਦਾ ਸੀ। ਖ਼ੈਰ! ਗ਼ਾਲਿਬ ਮਹਿਲ ਦੇ ਬਾਹਰ ਅੱਪੜ ਗਿਆ।

ਸੰਤਰੀ ਨੇ ਪੁੱਛਿਆ, ‘‘ਬਈ ਕਿਵੇਂ ਖੜਾ ਏਂ? ਚੱਲ ਤੁਰਦਾ ਬਣ।’’

ਗ਼ਾਲਿਬ ਆਂਹਦਾ, ‘‘ਬਈ, ਮੈਨੂੰ ਬਾਦਸ਼ਾਹ ਨੇ ਸੱਦਿਐ।’’

‘‘ਕੌਣ ਏਂ ਤੂੰ?’’

‘‘ਹਜ਼ੂਰ, ਮੈਂ ਗ਼ਾਲਿਬ ਆਂ।’’

ਸੁਣ ਕੇ ਦਰਬਾਨ ਹੱਸ ਪਿਆ। ਕਹਿੰਦਾ, ‘‘ਪਾਟੇ ਲੀੜੇ। ਗੰਦਾ ਜਿਸਮ ਤੇ ਬਣਿਆ ਫਿਰਦੈਂ ਗ਼ਾਲਿਬ!’’

ਗੱਲ ਕੀ, ਗ਼ਾਲਿਬ ਨੂੰ ਬਾਹਰੋਂ ਹੀ ਮੋੜ ਦਿੱਤਾ।

ਹਫ਼ਤੇ ਕੁ ਮਗਰੋਂ ਗ਼ਾਲਿਬ ਕੋਲ ਇਕ ਧੋਬੀ ਆਇਆ। ਸ਼ਾਇਰੀ ਨਾਲ ਸ਼ਰਸ਼ਾਰ ਹੋਇਆ ਕਹਿੰਦਾ, ‘‘ਗ਼ਾਲਿਬ, ਤੈਨੂੰ ਕੁਝ ਦੇਣਾ ਚਾਹੁੰਨਾ ਪਰ! ਮੇਰੇ ਕੋਲ ਆਵਦਾ ਕੁਝ ਨਹੀਂ।’’

ਗ਼ਾਲਿਬ ਆਂਹਦਾ, ‘‘ਇਕ ਦਿਨ ਲਈ ਵਧੀਆ ਲੀੜੇ ਦੇ ਛੱਡ। ਭਲਕੇ ਮੋੜ ਦਿਆਂਗਾ।’’

ਧੋਬੀ ਮੰਨ ਗਿਆ। ਗ਼ਾਲਿਬ ਸੂਟ-ਬੂਟ ਪਾ ਫਿਰ ਮਹਿਲੀਂ ਅੱਪੜ ਗਿਆ। ਹੁਣ ਦਰਬਾਨ ਨੇ ਸਲੂਟ ਮਾਰਿਆ।

ਕਹਿੰਦਾ, ‘‘ਕੌਣ ਹੋ ਤੁਸੀਂ?’’

‘‘ਮੈਂ ਗ਼ਾਲਿਬ।’’

ਦਰਬਾਨ ਨੇ ਕਿਵਾੜ ਖੋਲ੍ਹ ਦਿੱਤਾ।

ਗ਼ਾਲਿਬ ਨੇ ਸੂਟ-ਬੂਟ ਲਾਹ ਦਿੱਤਾ। ਲਾਹ ਕੇ ਦਰਬਾਨ ਨੂੰ ਕਹਿੰਦਾ, ‘‘ਇਹ ਬਸਤਰ ਅੰਦਰ ਲੈ ਜਾਓ। ਬਾਦਸ਼ਾਹ ਨੂੰ ਆਖਣਾ ਗ਼ਾਲਿਬ ਆਇਆ ਹੈ।’’

ਦਰਬਾਨ ਕਹਿੰਦਾ, ‘‘ਹਜ਼ੂਰ, ਇਹ ਤਾਂ ਬਸਤਰ ਨੇ, ਗ਼ਾਲਿਬ ਤਾਂ ਤੁਸੀਂ ਹੋ।’’

ਗ਼ਾਲਿਬ ਕਹਿੰਦਾ, ‘‘ਭਲਿਓ, ਗ਼ਾਲਿਬ ਨੂੰ ਤਾਂ ਤੁਸੀਂ ਕੱਲ੍ਹ ਹੀ ਮੋੜ ਦਿੱਤਾ ਸੀ। ਅੱਜ ਤਾਂ ਇਹ ਸੂਟ ਆਇਆ। ਇਹ ਬੂਟ ਆਏ ਹਨ।’’

* * *

ਖ਼ੈਰ! ਮੈਂ ਆਪਣੀ ਨਵੀਂ ਛਪੀ ਕਿਤਾਬ ਲੈ ਕੇ ਇਕ ਵੱਡੇ ‘ਪ੍ਰੋਫ਼ੈਸਰ ਸਾਹਿਬ’ ਹੁਰਾਂ ਦੇ ਸਰਕਾਰੀ ਘਰ ਦੇ ਗੇਟ ਦੀ ਘੰਟੀ ਵਜਾਈ। ਅੰਦਰ ਬਹਿ ਕੇ ਕਿਤਾਬ ਦਿੱਤੀ।

ਕਿਤਾਬ ਵੇਖ ਕੇ ਕਹਿੰਦੇ, ‘‘ਜਿਲਦ ਸਹੀ ਨਹੀਂ ਬੰਨ੍ਹੀ। ਸੈਟਿੰਗ ਵੀ ਸਹੀ ਨਹੀਂ। ਲਾਈਨਾਂ ਉੱਪਰ-ਹੇਠਾਂ ਹਨ।’’

ਮੈਂ ਕਿਹਾ, ‘‘ਅਜੇ ਤਾਈਂ ਕਲਰਕੀ ’ਚੋਂ ਬਾਹਰ ਨਹੀਂ ਨਿਕਲੇ?’’

ਗ਼ਾਲਿਬ ਵਾਂਗ ਮੁੜ ਕਦੇ ਕਿਵਾੜ ਨਹੀਂ ਖੁੱਲ੍ਹਿਆ ਮੇਰੇ ਲਈ।

* * *

ਬਦਕਿਸਮਤੀ! 99 ਫ਼ੀਸਦੀ ਲੋਕ ਬਾਹਰੀ ਦਿੱਖ ਤੋਂ ਪ੍ਰਭਾਵਿਤ ਹੁੰਦੇ ਹਨ। ਚੰਗੇ ਕਿਰਦਾਰ ਦੀ ਪਰਖ਼ ਨਹੀਂ। ਅੰਦਰੋਂ ਨਹੀਂ ਪੜ੍ਹਦੇ, ਬਾਹਰੀ ਦਿੱਖ ਤੋਂ ਮੁਤਾਸਿਰ ਹੁੰਦੇ ਹਨ। ਸੋਹਣੇ ਵਸਤਰਾਂ ਤੋਂ ਸੋਹਣੇ ਕਿਰਦਾਰ ਜਾਂ ਗੁਣਾਂ ਦੀ ਪਰਖ਼ ਮੂਰਖ਼ਤਾ ਹੈ। ਪਰ! ਅਫ਼ਸੋਸ ਬਹੁਤੇ ਲੋਕ ਮੂਰਖ਼ਾਂ ਦੀ ਜਮਾਤ ਦਾ ਹਿੱਸਾ ਹਨ। ਸਮਝਦੇ ਨਹੀਂ, ਸੁਧਰਦੇ ਨਹੀਂ।

ਕਿਸੇ ਪੁਸਤਕ ਦੀ ਬਾਹਰੀ ਚਮਕ ਉਸਦੀ ਗੁਣਵੱਤਾ ਦੀ ਗਾਰੰਟੀ ਨਹੀਂ। ਕਈ ਵਾਰ ਫਿੱਕੀ ਰੰਗਤ ਵਾਲੀ ਪੁਸਤਕ ਮਨੁੱਖ ਦਾ ਜੀਵਨ ਬਦਲ ਕੇ ਰੱਖ ਦਿੰਦੀ ਹੈ। ਬਸ਼ਰਤੇ ਸ਼ਬਦਾਂ ’ਚ ਜਾਨ ਹੋਵੇ।

ਸ਼ਬਦ ਮਹੱਤਵਪੂਰਨ ਹੈ; ਜਿਲਦ ਨਹੀਂ। ਇਸੇ ਕਰਕੇ ਜਿਸਮਾਨੀ ਰਿਸ਼ਤੇ ਵਕਤ ਦੇ ਨਾਲ ਟੁੱਟ ਜਾਂਦੇ ਹਨ। ਰੂਹ ਦੇ ਰਿਸ਼ਤੇ ਮਰਦੇ ਦਮ ਤੱਕ ਨਿਭਦੇ ਹਨ ਕਿਉਂਕਿ ਇਨ੍ਹਾਂ ਰਿਸ਼ਤਿਆਂ ਨੂੰ ਜਿਸਮ ਦਾ ਲੋਭ ਨਹੀਂ ਹੁੰਦਾ। ਇਹ ਜਿਸਮ ਦੀ ਭੁੱਖ ਕਰਕੇ ਨਹੀਂ ਸਗੋਂ ਆਤਮਾ ਦੀ ਭੁੱਖ ਕਰਕੇ ਜੁੜਦੇ ਹਨ।

ਬਾਹਰੀ ਦਿੱਖ ਤੋਂ ਪ੍ਰਭਾਵਿਤ ਲੋਕ ਸਿਆਣੇ ਨਹੀਂ ਹੁੰਦੇ। ਅਜਿਹੇ ਲੋਕ ਜਿਲਦਾਂ ਸੰਭਾਲਣ ਉੱਪਰ ਵਕਤ ਅਤੇ ਤਾਕਤ ਜਾਇਆ ਕਰਦੇ ਹਨ; ਪੰਨੇ ਪਾੜ ਸੁੱਟਦੇ ਹਨ; ਬਰਬਾਦ ਕਰ ਦਿੰਦੇ ਹਨ। ਫੇਰ ਸਿਆਣਪ ਕਿੱਥੋਂ ਆਉਣੀ ਹੈ? ਮਸ਼ਹੂਰ ਪੰਜਾਬੀ ਸ਼ਾਇਰ ਬਾਬਾ ਨਜ਼ਮੀ ਦੇ ਇਸ ਸ਼ਿਅਰ ਨਾਲ ਗੱਲ ਖ਼ਤਮ ਕਰਦੇ ਹਾਂ:

‘ਸ਼ੀਸ਼ੇ ਉੱਤੇ ਧੂੜਾਂ ਜੰਮੀਆਂ, ਕੰਧਾਂ ਝਾੜੀ ਜਾਂਦੇ ਨੇ

ਜਿਲਦਾਂ ਸਾਂਭ ਰਹੇ ਨੇ ਝੱਲੇ, ਵਰਕੇ ਪਾੜੀ ਜਾਂਦੇ ਨੇ।’
ਸੰਪਰਕ: 75892-33437

Leave a Reply

Your email address will not be published. Required fields are marked *