ਪੰਜਾਬੀ ਹਾਇਕੂ ਕਾਵਿ ਵਿਧਾ

ਅੰਮ੍ਰਿਤ ਪਾਲ
ਹਾਇਕੂ ਦਾ ਆਰੰਭਿਕ ਨਾ ਹੋਕੂ ਹੈ, ਜਪਾਨੀ ਕਾਵਿ ਵਿੱਚ ਇੱਕੋ ਸਾਹੇ ਕਿਹਾ ਜਾਣ ਵਾਲਾ ਸੰਸਾਰ ਦਾ ਸਭ ਤੋਂ ਛੋਟਾ ਅਤੇ ਸੰਖੇਪਿਤ ਰੂਪ ਹੈ। ਪੰਜਾਬੀ ਸਾਹਿਤ ਵਿੱਚ ਮਾਹੀਆ, ਨਿੱਕੀ ਬੋਲੀ ਜਾਂ ਟੱਪੇ ਵੀ ਅਕਾਰ ਪੱਖੋਂ ਛੋਟੀਆਂ ਵੰਨਗੀਆਂ ਹਨ ਪਰ ਇਹ ਰੂਪਕ ਅਤੇ ਵਿਸ਼ੇ ਪੱਖੋਂ ਹਾਇਕੂ ਤੋਂ ਭਿੰਨ ਹਨ। ਹਾਇਕੂ ਕੁਦਰਤੀ ਵਰਤਾਰੇ ਨੂੰ ਮਾਨਣ, ਇਕਾਂਤ ਜਾਂ ਚੁੱਪ ਦੀ ਕਵਿਤਾ ਹੈ। ਅੱਖਾਂ ਅੱਗੇ ਕਿਸੇ ਪਲ ਛਿਣ ਵਿੱਚ ਪ੍ਰਤੱਖ ਵਾਪਰ ਰਹੀ ਘਟਨਾ ਦਾ ਸੀਮਤ ਸ਼ਬਦਾਂ ਵਿੱਚ ਜਿਉਂ ਦਾ ਤਿਉਂ ਬਿਆਨ ਹੈ।
ਇਤਿਹਾਸਕ ਪੱਖੋਂ ਇਸਦੀਆਂ ਜੜ੍ਹਾਂ ਬੁੱਧ ਧਰਮ ਵਿੱਚ ਮੌਜੂਦ ਹਨ, ਕਿਉਂਕਿ ਇਸਦੀ ਸ਼ੁਰੂਆਤ ਬੋਧੀ ਭਿਖਸ਼ੂਆਂ ਨੇ ਸੱਤ ਸੌ ਸਾਲ ਪਹਿਲਾਂ ਕੀਤੀ। ਇਹ ਵਿਧਾਨ ਵਿੱਚ ਬੱਝਾ ਕਾਵਿ ਰੂਪ ਹੈ। ਅਸਲੀ ਜਪਾਨੀ ਰੂਪ ਵਿੱਚ ਇਸਨੂੰ 17 ਧੁਨੀ ਚਿੰਨ੍ਹ/ਅੱਖਰਾਂ ਨਾਲ ਇੱਕ ਖੜ੍ਹੀ ਪੰਕਤੀ ਵਿੱਚ ਲਿਖਿਆ ਜਾਂਦਾ ਰਿਹਾ ਹੈ। ਅੰਗਰੇਜ਼ੀ ਅਤੇ ਹੋਰ ਭਾਸ਼ਾਵਾਂ ਵਿੱਚ ਇਸਨੂੰ ਤਿੰਨ ਸਤਰਾਂ ਵਿੱਚ ਲਿਖਿਆ ਜਾਂਦਾ ਹੈ।
ਪੰਜਾਬੀ ਵਿੱਚ ਵੀ ਇਸਦੀਆਂ ਤਿੰਨ ਸਤਰਾਂ ਮਕਬੂਲ ਹੋਈਆਂ ਪਰ ਭਾਸ਼ਾਗਤ ਭਿੰਨਤਾ ਕਾਰਨ ਪੰਜ ਸੱਤ ਪੰਜ ਅੱਖਰਾਂ ਵਾਲਾ ਨਾਪ ਨਹੀਂ ਰੱਖਿਆ ਜਾਂਦਾ ਹੈ। ਪੰਜਾਬੀ ਹਾਇਕੂ ਲੇਖਕ ਪਹਿਲੀ ਸਤਰ ਅਤੇ ਤੀਸਰੀ ਸਤਰ ਨੂੰ ਛੋਟਾ ਅਤੇ ਦੂਜੀ ਸਤਰ ਨੂੰ ਲੰਬਾ ਕਰਦੇ ਹਨ। ਹਾਇਕੂ ਨੂੰ ਸਰਲ-ਸਾਦੀ ਸ਼ਬਦਾਵਲੀ ਵਿੱਚ ਤੁਕਾਂਤ ਰਹਿਤ ਲਿਖਣ ਦੇ ਨਾਲ-ਨਾਲ ਮਿਆਰੀ ਵੀ ਬਣਾਇਆ ਜਾਂਦਾ ਹੈ। ਹਾਇਕੂ ਵਿਧਾ ਨੂੰ ਭਾਰਤ ਵਿੱਚ ਸਥਾਪਿਤ ਕਰਨ ਲਈ ਸੱਤਯ ਭੂਸ਼ਣ ਵਰਮਾ ਨੇ ਜਪਾਨੀ ਤੋਂ ਹਿੰਦੀ ਵਿੱਚ ਹਾਇਕੂ ਦਾ ਅਨੁਵਾਦ ਕਰਕੇ ਅਹਿਮ ਯੋਗਦਾਨ ਪਾਇਆ ਹੈ। ਭਗਵਤ ਸ਼ਰਣ ਅਗਰਵਾਲ ਦਾ ਵੀ ਹਿੰਦੀ ਹਾਇਕੂ ਵਿੱਚ ਮਹੱਤਵਪੂਰਨ ਯੋਗਦਾਨ ਹੈ। ਪ੍ਰੋ. ਪੂਰਨ ਸਿੰਘ ਨੇ ਜਪਾਨੋਂ ਪੜ੍ਹਾਈ ਕਰਨ ਉਪਰੰਤ ਪਰਤ ਕੇ ਹਾਇਕੂ ਨੁਮਾ ਕਵਿਤਾਵਾਂ ਰਚੀਆਂ। ਅੰਮ੍ਰਿਤਾ ਪ੍ਰੀਤਮ ਨੇ ਵੀ ਪੰਜਾਬੀ ਵਿੱਚ ਅਨੁਵਾਦ ਕਰਕੇ ਕੁਝ ਹਾਇਕੂ ਆਪਣੇ ਰਸਾਲੇ ‘ਨਾਗਮਣੀ’ ਵਿੱਚ ਛਾਪੇ। ਡਾ. ਸਤਿਆਨੰਦ ਨੇ ਪੰਜਾਬੀ, ਹਿੰਦੀ, ਉਰਦੂ, ਸਿੰਧੀ ਵਿੱਚ ਹਾਇਕੂ ਲਿਖੇ। ਜਪਾਨੀ ਹਾਇਕੂ ਪ੍ਰਤੀ ਗਹਿਰੀ ਜਾਣਕਾਰੀ ਪਰਮਿੰਦਰ ਸੋਢੀ ਦੀ ਕਿਤਾਬ ‘ਜਪਾਨੀ ਹਾਇਕੂ ਸ਼ਾਇਰੀ’ ਤੋਂ ਮਿਲਦੀ ਹੈ। ਕਸ਼ਮੀਰੀ ਲਾਲ ਚਾਵਲਾ ਦਾ ਵੀ ਪੰਜਾਬੀ ਹਾਇਕੂ ਲਿਖਣ ਵਿੱਚ ਬਹੁਤ ਯੋਗਦਾਨ ਹੈ ਭਾਵੇਂ ਉਸਦੀ ਹਿੰਦੀ ਹਾਇਕੂ ਵਿੱਚ ਵੀ ਮੁਹਾਰਤ ਸੀ।
ਇਮਾਨਦਾਰੀ,
ਜ਼ਿੰਦਾ ਨਹੀਂ ਹੈ
ਹੁਣ ਸਾਡੇ ਦਿਲਾਂ ਵਿੱਚ…… (ਕਸ਼ਮੀਰੀ ਲਾਲ ਚਾਵਲਾ)
ਵਿਸ਼ੇ ਪੱਖੋਂ ਇਸ ਵਿੱਚ ਸਿੱਧੇ ਜਾਂ ਸੰਕੇਤ ਰੂਪੀ ਰੁੱਤ ਦਾ ਵਰਨਣ ਜ਼ਰੂਰੀ ਸਮਝਿਆ ਜਾਂਦਾ ਹੈ। ਰੁੱਤ ਵਰਨਣ ਇਸਨੂੰ ਨਵੀਂ ਤਾਜ਼ਗੀ ਅਤੇ ਰੰਗਤ ਦਿੰਦਾ ਹੈ। ਕੁਦਰਤੀ ਸੁਹੱਪਣ ਨਾਲ ਨੱਕੋ ਨੱਕੀ ਭਰਿਆ ਹੋਣਾ ਇਸਦਾ ਕੇਂਦਰੀ ਪਛਾਣ ਬਿੰਦੂ ਹੈ। ਪਰ ਇਸ ਕਾਵਿ ਰੂਪ ਨੇ ਕੁਦਰਤ ਹੀ ਨਹੀਂ ਸਮਾਜ ਨੂੰ ਆਪਣੇ ਕਲਾਵੇ ਵਿੱਚ ਲਿਆ ਹੈ।
ਕੱਲ੍ਹ ਸ਼ਾਮ ਦਾ ਗੁੰਮਸ਼ੁਦਾ
ਕਰਜ਼ੇ ’ਚ ਡੁੱਬਿਆ
ਨਹਿਰ ’ਚ ਤਰੇ… (ਰਵਿੰਦਰ ਰਵੀ)
ਹਾਇਕੂ ਲੈਅ ’ਚ ਤੁਰੇ ਜਾਂਦੇ ਲੇਖਕ ਦੇ ਧਿਆਨ ਨੂੰ ਇਕ ਦਮ ਭੰਗ ਕਰ ਕੇ ਆਪਣੇ ਵੱਲ ਅਕਰਸ਼ਿਤ ਕਰਦਾ ਹੈ। ਓਪਰੀ ਨਜ਼ਰੇ ਹਾਇਕੂ ਨੂੰ ਲਿਖਣਾ ਅਸਾਨ ਸਮਝਿਆ ਜਾਂਦਾ ਹੈ ਪਰ ਇਸਨੂੰ ਲਿਖਣਾ ਮੁਸ਼ਕਿਲ ਹੈ। ਹਾਇਕੂ ਨੂੰ ਅਲੰਕਾਰ ਰੂਪੀ ਗਹਿਣੇ ਨਹੀਂ ਭਾਉਂਦੇ ਇਸਦਾ ਰੂਪਕ ਪੱਖ ਕਿਸੇ ਸਾਦ ਮੁਰਾਦੀ ਪਰ ਸੋਹਣੀ ਸੂਰਤ ਵਰਗਾ ਹੁੰਦਾ ਹੈ। ਪੰਜਾਬੀ ਹਾਇਕੂ ਲੇਖਕਾਂ ਨੇ ਆਪਣੇ ਪੰਜਾਬ ਦੀ ਸੱਭਿਆਚਾਰਕ ਰੰਗਤ ਨਾਲ ਇਨ੍ਹਾਂ ਨੂੰ ਹੋਰ ਵੀ ਸ਼ਿੰਗਾਰਿਆ ਹੈ। ਮੌਸਮ ਜਿਵੇਂ ਵਰਖਾ, ਧੁੱਪ, ਗਰਮੀ-ਸਰਦੀ, ਔੜ, ਬਸੰਤ, ਪਤਝੜ, ਬਹਾਰ ਆਦਿ, ਬਨਸਪਤੀ ਜਿਵੇ ਫਲ-ਫੁੱਲ, ਰੁੱਖ,-ਬੂਟੇ, ਪਸ਼ੂ-ਪੰਛੀ, ਤਿੱਥ-ਤਿਉਹਾਰ, ਦੇਸੀ ਮਾਹ ਵਰਤੇ ਹਨ:
ਚੜਿ੍ਹਆ ਮਾਘ
ਬੇਬੇ ਨੇ ਚਾਟੀ ਵਿੱਚ ਧਰਿਆ
ਗੰਦਲਾਂ ਵਾਲਾ ਸਾਗ… (ਮਨਦੀਪ ਮਾਨ)
ਅਧੁਨਿਕਤਾ ਦੇ ਦੌਰ ਨੇ ਸਾਹਿਤ ਦੇ ਹਰ ਰੂਪ ਉੱਪਰ ਆਪਣਾ ਗਲੋਬਲੀ ਪ੍ਰਭਾਵ ਪਾਇਆ ਹੈ. ਹਾਇਕੂ ਉੱਪਰ ਵੀ ਇਹ ਪ੍ਰਭਾਵ ਦੇਖਣ ਨੂੰ ਮਿਲਦਾ ਹੈ।
ਚਾਹ ਦਾ ਕੱਪ
ਇੰਟਰਨੈੱਟ ਅਖ਼ਬਾਰ
ਨਵਾਂ ਸਵੇਰਾ ਹੋ ਗਿਆ… (ਜਨਮੇਜਾ ਸਿੰਘ ਜੌਹਲ)
ਜੋ ਹੈ ਉਸੇ ਤਰ੍ਹਾਂ ਬਿਆਨਣਾ ਇਸਦੀ ਖਾਸੀਅਤ ਹੈ। ਕੰਨਾਂ ਨੇ ਸੁਣੀ, ਅੱਖਾਂ ਦੇਖੀ, ਜੀਭ ਚੱਖੀ, ਨੱਕ ਨੇ ਸੁੰਘੀ, ਚਮੜੀ ਨੇ ਮਹਿਸੂਸੀ ਹਰ ਛੋਟੀ ਤੋਂ ਛੋਟੀ ਗੱਲ ਹਾਇਕੂ ਅੰਦਰ ਠੋਸ ਰੂਪ ਵਿੱਚ ਸਮਾਉਂਦੀ ਹੈ।
ਗਰਮੀ ਆਈ
ਕੰਨ ਦੇ ਕੋਲ ਆ ਕੇ
ਮੱਖੀ ਭਿਨਭਨਾਈ… (ਰਜਿੰਦਰ ਘੁੰਮਣ)
ਜਪਾਨ ਵਿੱਚ ਮਾਤਸੁਓ ਬਾਸ਼ੋ ਨੂੰ ਉਸਤਾਦ ਹਾਇਕੂ ਲੇਖਕ ਮੰਨਿਆ ਜਾਂਦਾ ਹੈ। ਉਸਤੋਂ ਇਲਾਵਾ ਯੇਸਾ, ਬੁਸੇਨ, ਈਸਾ ਅਤੇ ਸ਼ਿੱਕੀ ਵੀ ਇਸ ਲੜੀ ਦੇ ਮਹਾਨ ਹਾਇਕੂ ਲੇਖਕ ਸਨ। ਅਮਰਜੀਤ ਸਾਥੀ ਨੇ ਆਪਣੀ ਪੁਸਤਕ ‘ਹਾਇਕੂ ਬੋਧ’ ਵਿੱਚ ਸੰਕੇਤ ਕੀਤਾ ਹੈ ਕਿ ਹਾਇਕੂ ਵਿੱਚ ਕਹੇ ਨਾਲੋਂ ਅਣਕਿਹਾ ਜ਼ਿਆਦਾ ਹੁੰਦਾ ਹੈ।
ਡੂੰਘਾ ਹੋਇਆ ਸਿਆਲ
ਖਮੋਸ਼ੀ ਨੂੰ ਠੁੰਗਗ ਰਿਹਾ
ਇੱਕ ਚੱਕੀਰਾਹਾ… (ਸੰਦੀਪ ਚੌਹਾਨ)
ਕਹਿੰਦੇ ਹਨ ਹਰ ਜਪਾਨੀ ਆਪਣੀ ਜ਼ਿੰਦਗੀ ਵਿੱਚ ਹਾਇਕੂ ਲਿਖਦਾ ਹੈ। ਹਾਇਕੂ ਦਾ ਇਤਿਹਾਸ ਪੁਰਾਣਾ ਹੈ, ਸਮੇਂ ਨਾਲ ਇਸ ਵਿੱਚ ਰੂਪਕ ਅਤੇ ਵਿਸ਼ੇ ਪੱਖੋਂ ਤਬਦੀਲੀ ਆਉਣ ਨਾਲ ਇਸਦਾ ਖੇਤਰ ਹੋਰ ਵਿਸ਼ਾਲ ਹੋ ਗਿਆ ਹੈ। ਹੁਣ ਇਹ ਪੁਰਾਣੇ ਵਿਧਾਨ ਵਿੱਚ ਨਹੀਂ ਬੱਝਾ ਅਤੇ ਇਸਦਾ ਵਿਸ਼ਾ ਕੁਦਰਤ ਜਾਂ ਰੁੱਤ ਵਰਨਣ ਤੱਕ ਸੀਮਤ ਨਹੀਂ। ਹਾਇਕੂ ਦਾ ਦਿਨੋਂ ਦਿਨ ਹੋਰ ਵਿਕਾਸ ਹੋ ਰਿਹਾ ਹੈ।