ਪਰਮਾਣੂ ਹਥਿਆਰਾਂ ਦੇ ਮਾਰੂ ਪ੍ਰਭਾਵ

ਡਾ. ਅਰੁਣ ਮਿੱਤਰਾ

ਇਹ ਮੰਦਭਾਗੀ ਗੱਲ ਹੈ ਕਿ ਇੱਕ ਘਟਨਾ ਜੋ ਧਰਤੀ ’ਤੇ ਜੀਵਨ ਦੀ ਹੋਂਦ ਨਾਲ ਜੁੜੀ ਹੈ, ਨਾ ਤਾਂ ਕਿਸੇ ਬਹਿਸ ਦਾ ਹਿੱਸਾ ਹੈ ਤੇ ਨਾ ਹੀ ਇਸ ਬਾਰੇ ਕੋਈ ਰਿਪੋਰਟਿੰਗ ਹੀ ਹੋਈ ਹੈ। 24 ਅਕਤੂਬਰ ਨੂੰ ਹੌਂਡੂਰਸ ਵੱਲੋਂ ਯੂਐੱਨਓ ਨੂੰ ਪ੍ਰਵਾਨਗੀ ਦੇ ਦਸਤਾਵੇਜ ਜਮ੍ਹਾਂ ਕਰਨ ਨਾਲ, ਪਰਮਾਣੂ ਹਥਿਆਰ ਪ੍ਰਤੀਬੰਧ ਸੰਧੀ ਨੂੰ ਹੁਣ 50 ਦੇਸ਼ਾਂ ਨੇ ਸਹਿਮਤੀ ਦੇ ਦਿੱਤੀ ਹੈ। ਇਸ ਨਾਲ ਇਹ ਸੰਧੀ ਪ੍ਰਵਾਨਗੀ ਦੇ 90 ਦਿਨਾਂ ਦੇ ਅੰਦਰ-ਅੰਦਰ ਲਾਗੂ ਹੋ ਜਾਵੇਗੀ, ਭਾਵ 22 ਜਨਵਰੀ 2021 ਨੂੰ ਇਹ ਸੰਧੀ ਕੌਮਾਂਤਰੀ ਕਾਨੂੰਨ ਬਣ ਜਾਵੇਗੀ। ਜਿਹੜੇ ਦੇਸ਼ਾਂ ਨੇ ਪਹਿਲਾਂ ਹੀ ਇਸ ਦੀ ਪੁਸ਼ਟੀ ਕੀਤੀ ਹੋਈ ਹੈ ਅਤੇ ਜਿਹੜੇ ਬਾਅਦ ਵਿਚ ਸੰਧੀ ਨੂੰ ਪ੍ਰਵਾਨਗੀ ਦੇਣਗੇ, ਉਹ ਇਸ ਸੰਧੀ ਦੇ ਦਾਇਰੇ ਵਿਚ ਆ ਜਾਣਗੇ। ਪਰਮਾਣੂ ਹਥਿਆਰਾਂ ਨੂੰ ਖਤਮ ਕਰਨ ਅਤੇ ਮਨੁੱਖ ਜਾਤੀ ਨੂੰ ਅਲੋਪ ਹੋਣ ਤੋਂ ਬਚਾਉਣ ਲਈ ਇਹ ਇਕ ਮਹਾਨ ਕਦਮ ਹੈ। ਇਹ ਸਭ ਹੁਣ ਹੋਰ ਵੀ ਮਹੱਤਵਪੂਰਨ ਹੈ ਕਿਉਂਕਿ ਵਿਸ਼ਵ ਦੇ ਕਈ ਹਿੱਸਿਆਂ ਵਿਚ ਵੱਡੀਆਂ ਸ਼ਕਤੀਆਂ ਦੀ ਸਿੱਧਮ ਸਿੱਧੀ ਦਖਲਅੰਦਾਜ਼ੀ ਸਦਕਾ ਲੜਾਈਆਂ ਲੱਗੀਆਂ ਹੋਈਆਂ ਹਨ ਅਤੇ ਇਨ੍ਹਾਂ ਦੇ ਵਧਣ ਦੀ ਸਥਿਤੀ ਵਿਚ ਪਰਮਾਣੂੂ ਹਥਿਆਰਾਂ ਦੀ ਵਰਤੋਂ ਦੀ ਸੰਭਾਵਨਾ ਨੂੰ ਰੱਦ ਨਹੀਂ ਕੀਤਾ ਜਾ ਸਕਦਾ।

ਦੁਨੀਆਂ ਨੇ 6 ਅਤੇ 9 ਅਗਸਤ, 1945 ਨੂੰ ਜਾਪਾਨ ਵਿੱਚ ਹੀਰੋਸੀਮਾ ਅਤੇ ਨਾਗਾਸਾਕੀ ਉੱਤੇ ਪਰਮਾਣੂ ਬੰਬਾਰੀ ਵੇਖੀ ਹੈ। ਦੋਵਾਂ ਘਟਨਾਵਾਂ ਵਿੱਚ 2 ਲੱਖ ਤੋਂ ਵੱਧ ਲੋਕਾਂ ਦੀ ਮੌਤ ਹੋਈ ਅਤੇ ਇਸ ਤੋਂ ਵੀ ਕਈ ਗੁਣਾ ਵਧ ਜ਼ਖ਼ਮੀ ਹੋਏ। ਧਮਾਕਾ ਇੰਨਾ ਸਕਤੀਸ਼ਾਲੀ ਸੀ ਕਿ ਵੱਡੀਆਂ ਇਮਾਰਤਾਂ ਵੀ ਢਹਿ ਢੇਰੀ ਹੋ ਗਈਆਂ। ਬੰਬਾਂ ਦੁਆਰਾ ਪੈਦਾ ਹੋਇਆ ਤਾਪਮਾਨ ਇੰਨਾ ਜ਼ਿਆਦਾ ਸੀ ਕਿ ਧਮਾਕੇ ਦੇ ਕੇਂਦਰ ਦੁਆਲੇ ਦੇ ਲੋਕਾਂ ਅਤੇ ਹੋਰ ਜੀਵਨ ਪ੍ਰਣਾਲੀਆਂ ਦੀ ਕੀ ਗੱਲ ਕਰਨੀ, ਉਸ ਖੇਤਰ ਦੇ ਆਸ ਪਾਸ ਦੀਆਂ ਠੋਸ ਇਮਾਰਤਾਂ ਵੀ ਇਸਨੂੰ ਸਹਾਰ ਨਹੀਂ ਸਕੀਆਂ ਅਤੇ ਪਿਘਲ ਗਈਆਂ। ਦੋਵਾਂ ਸ਼ਹਿਰਾਂ ਵਿਚ ਪੂਰੀ ਤਰ੍ਹਾਂ ਨਾਲ ਹਫੜਾ-ਦਫੜੀ ਮੱਚੀ ਹੋਈ ਸੀ ਅਤੇ ਕੋਈ ਵੀ ਦੇਖਭਾਲ ਕਰਨ ਵਾਲਾ ਨਹੀਂ ਸੀ। ਇਸ ਦੀ ਵਿਆਪਕ ਜਾਣਕਾਰੀ ਕਿਸੇ ਹੋਰ ਨੇ ਨਹੀਂ ਸਗੋਂ ਇੰਟਰਨੈਸ਼ਨਲ ਰੈੱਡ ਕਰਾਸ ਦੇ ਡਾਕਟਰ ਮਾਰਸ਼ਲ ਜੁਨੋਦ ਨੇ ਦਿੱਤੀ, ਜੋ ਕਿ ਸਤੰਬਰ 1945 ਵਿਚ ਹੀਰੋਸੀਮਾ ਦਾ ਦੌਰਾ ਕਰਨ ਵਾਲੇ ਪਹਿਲੇ ਵਿਦੇਸ਼ੀ ਸਨ। ਚਾਰੇ ਪਾਸੇ ਰੇਡੀਏਸ਼ਨਾਂ ਨੇ ਸਥਿਤੀ ਨੂੰ ਹੋਰ ਭਿਆਨਕ ਬਣਾ ਦਿੱਤਾ ਸੀ। ਪਰਮਾਣੂੂ ਕਿਰਨਾਂ ਦੇ ਪ੍ਰਭਾਵ ਨਾਲ ਅਨੇਕਾਂ ਲੋਕ ਸਰੀਰ ’ਚੋਂ ਖੂਨ ਵਗਣ ਦੇ ਕਾਰਨ ਤੜਪ ਕੇ ਮਰ ਗਏ ਅਤੇ ਇਸ ਦਾ ਪ੍ਰਭਾਵ ਅਗਲੀਆਂ ਪੀੜ੍ਹੀਆਂ ਦੇ ਬੱਚਿਆਂ ਦੇ ਅਪੰਗ ਪੈਦਾ ਹੋਣ ਅਤੇ ਕੈਂਸਰ ਦੇ ਵਧਣ ਵਿਚ ਦੇਖਿਆ ਗਿਆ। ਪਰਮਾਣੂ ਬੰਬ ਧਮਾਕੇ ਤੋਂ ਬਚੇ ਲੋਕ, ਜਿਨ੍ਹਾਂ ਨੂੰ ਹਿਬਾਕੁਸਾ ਕਿਹਾ ਜਾਂਦਾ ਹੈ, ਦੁਆਰਾ ਇਸ ਸਭ ਦੀ ਕਈ ਵਾਰ ਗਵਾਹੀ ਦਿੱਤੀ ਗਈ ਹੈ।

ਇਸ ਵੇਲੇ ਹਾਈ ਅਲਰਟ ’ਤੇ ਲਗਭਗ 2000 ਪਰਮਾਣੂ ਹਥਿਆਰ ਹਨ। ਅਧਿਐਨ ਦਰਸਾਉਂਦੇ ਹਨ ਕਿ ਜੇ ਮੌਜੂਦਾ 14000 ਪਰਮਾਣੂ ਹਥਿਆਰਾਂ ’ਚੋਂ ਇਕ ਫ਼ੀਸਦੀ ਦੀ ਵਰਤੋਂ ਵੀ ਕੀਤੀ ਜਾਂਦੀ ਹੈ, ਤਾਂ ਵੀ ਧਰਤੀ ’ਤੇ ਪਰਮਾਣੂ ਸਰਦੀ ਦੇ ਕਾਰਨ ਫਸਲਾਂ ਦੇ ਨਾ ਹੋਣ ਦੇ ਕਾਰਨ ਅਕਾਲ ਪੈ ਜਾਵੇਗਾ। ਦੋ ਅਰਬ ਤੋਂ ਵਧ ਲੋਕਾਂ ਦਾ ਜੀਵਨ ਜ਼ੋਖਮ ਵਿਚ ਪੈ ਜਾਏਗਾ। ਜੇਕਰ ਦੋਵੇਂ ਵੱਡੀਆਂ ਪਰਮਾਣੂ ਸ਼ਕਤੀਆਂ ਵਿਚਕਾਰ ਕੋਈ ਵੀ ਪਰਮਾਣੂੂ ਯੁੱਧ ਹੋ ਜਾਵੇ ਤਾਂ ਹਜ਼ਾਰਾਂ ਸਾਲਾਂ ਦੀ ਮਨੁੱਖੀ ਕਿਰਤ ਦੁਆਰਾ ਬਣਾਈ ਉਸਦੀ ਸਭਿਅਤਾ ਦਾ ਅੰਤ ਹੋ ਸਕਦਾ ਹੈ।

ਸਥਿਤੀ ਹੁਣ ਇੰਨੀ ਗੁੰਝਲਦਾਰ ਹੈ ਕਿ ਜੇ ਸਰਕਾਰਾਂ ਪਰਮਾਣੂ ਹਥਿਆਰਾਂ ਦੀ ਵਰਤੋਂ ਨਾ ਕਰਨ ਦਾ ਫੈਸਲਾ ਲੈਂਦੀਆਂ ਹਨ, ਤਾਂ ਵੀ ਕੁਦਰਤੀ ਤਬਾਹੀ ਦੇ ਅਧੀਨ ਇਨ੍ਹਾਂ ਦੀ ਵਰਤੋਂ ਹੋ ਸਕਦੀ ਹੈ। ਅਤਿਵਾਦੀ ਸਮੂਹਾਂ ਜਾਂ ਸਾਈਬਰ ਅਪਰਾਧੀਆਂ ਦੁਆਰਾ ਇਨ੍ਹਾਂ ਦੇ ਇਸਤੇਮਾਲ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ।

ਪਰਮਾਣੂ ਹਥਿਆਰ ਪ੍ਰਤੀਬੰਧ ਸੰਧੀ ਇੱਕ ਅਜਿਹਾ ਅਵਸਰ ਹੈ ਜਿਸਦਾ ਕਿ ਦੁਨੀਆਂ ਦੇ ਸਾਰੇ ਦੇਸ਼ਾਂ ਨੂੰ ਗਵਾਣਾ ਨਹੀਂ ਚਾਹੀਦਾ। ਬੜੀ ਦੁਖ ਦੀ ਗੱਲ ਹੈ ਕਿ ਪਰਮਾਣੂ ਹਥਿਆਰ ਰੱਖਣ ਵਾਲੇ ਦੇਸ਼ ਆਪਣੇ ਪਰਮਾਣੂ ਅਸਲੇ ਨੂੰ ਹੋਰ ਮਜ਼ਬੂਤ ਕਰਨ ਵਿਚ ਭਾਰੀ ਖਰਚ ਕਰ ਰਹੇ ਹਨ। ਅਮਰੀਕਾ ਨੇ ਰੂਸ ਨਾਲ ਹੋਈ S”1R”-2 ਸੰਧੀ ਨੂੰ ਅੱਗੇ ਵਧਾਉਣ ਦਾ ਕੋਈ ਇਰਾਦਾ ਨਹੀਂ ਦਿਖਾਇਆ, ਜੋ 5 ਫਰਵਰੀ 2021 ਨੂੰ ਖਤਮ ਹੋ ਜਾਵੇਗੀ। ਇਸ ਤੋਂ ਇਲਾਵਾ ਇਹ ਇਕ ਦੁਵੱਲੀ ਸੰਧੀ ਹੈ, ਜਦੋਂ ਕਿ ਪਰਮਾਣੂ ਹਥਿਆਰ ਪ੍ਰਤੀਬੰਧ ਸੰਧੀ ਇਕ ਕੌਮਾਂਤਰੀ ਸੰਧੀ ਹੈ, ਜੋ ਯੂਐੱਨਓ ਦੁਆਰਾ 7 ਜੁਲਾਈ 2017 ਨੂੰ 122 ਵੋਟਾਂ ਹੱਕ ਵਿਚ ਤੇ ਕੇਵਲ 1 ਵਿਰੁੱਧ ਨਾਲ ਪਾਸ ਹੋਈ ਸੀ।

ਇਹ ਸਾਰੀ ਪ੍ਰਕਿਰਿਆ ਸੌਖੀ ਨਹੀਂ ਰਹੀ। ਦੁਨੀਆ ਭਰ ਦੀਆਂ ਅਮਨ ਲਹਿਰਾਂ ਲੰਮੇਂ ਸਮੇਂ ਤੋਂ ਇਕ ਵਿਆਪਕ ਸੰਧੀ ਲਈ ਵਕਾਲਤ ਕਰ ਰਹੀਆਂ ਹਨ, ਜਿਸ ਨਾਲ ਪਰਮਾਣੂ ਹਥਿਆਰਾਂ ਦੇ ਖਾਤਮੇ ਵਲ ਵਧਿਆ ਜਾ ਸਕੇ। ਪਰਮਾਣੂ ਯੁੱਧ ਦੀ ਰੋਕਥਾਮ ਲਈ ਅੰਤਰਰਾਸ਼ਟਰੀ ਡਾਕਟਰਾਂ ਦੀ ਸੰਸਥਾ- ਇੰਟਰਨੈਸ਼ਨਲ ਫਿਜ਼ੀਸ਼ੀਅਨਜ਼ ਫਾਰ ਦਾ ਪ੍ਰੀਵੈਂਸ਼ਨ ਆਫ ਨਿਊਕਲੀਅਰ ਵਾਰ ਨੂੰ 1985 ਵਿਚ ਪਰਮਾਣੂ ਯੁੱਧ ਦੇ ਮਨੁੱਖ ਜਾਤੀ ਤੇ ਪੈਣ ਵਾਲੇ ਪ੍ਰਭਾਵਾਂ ਨੂੰ ਉਜਾਗਰ ਕਰਨ ਲਈ ਨੋਬਲ ਸਾਂਤੀ ਪੁਰਸਕਾਰ ਦਿੱਤਾ ਗਿਆ ਸੀ। ਯੂਐੱਨਓ ਦੁਆਰਾ ਸੰਧੀ ਨੂੰ ਅਪਣਾਉਣਾ ਮੁੱਖ ਤੌਰ ’ਤੇ ਲਾਬਿੰਗ ਅਤੇ ਆਈਕੈਨ ਵਲੋਂ ਵਕਾਲਤ ਕਰਕੇ ਵਿਸ਼ਾਲ ਮੁਹਿੰਮ ਦਾ ਨਤੀਜਾ ਸੀ, ਜੋ ਵੱਖ ਵੱਖ ਦੇਸ਼ਾਂ ਦੀਆਂ ਸਰਕਾਰਾਂ ਨੂੰ ਸੰਧੀ ਵਿਚ ਸ਼ਾਮਲ ਹੋਣ ਲਈ ਯਕੀਨ ਦਿਵਾਉਣ ਵਿਚ ਸਫ਼ਲ ਹੋਏ।

ਇਸਦੇ ਲਈ ਆਈਸੀਏਐੱਨ ਨੂੰ 2017 ਵਿੱਚ ਨੋਬਲ ਸਾਂਤੀ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ ਸੀ। ਛੋਟੇ ਦੇਸ਼ਾਂ ਉੱਤੇ ਪਰਮਾਣੂ ਹਥਿਆਰਾਂ ਵਾਲੇ ਦੇਸ਼ਾਂ ਵਲੋਂ ਇਸ ਸੰਧੀ ’ਤੇ ਦਸਤਖ਼ਤ ਨਾ ਕਰਨ ਲਈ ਭਾਰੀ ਦਬਾਅ ਦੇ ਬਾਵਜੂਦ ਸੰਧੀ ਨੂੰ ਪਾਸ ਕਰਨਾ ਪਰਮਾਣੂ ਸੰਪਨ ਦੇਸ਼ਾਂ ਦੀ ਨੈਤਿਕ ਹਾਰ ਹੈ।ਇਹ ਸੋਚਣ ਵਾਲੀ ਗੱਲ ਹੈ ਕਿ ਜਿੱਥੇ ਦੁਨੀਆਂ ਦੀ ਵੱਡੀ ਅਬਾਦੀ ਪਰਮਾਣੂ ਹਥਿਆਰਾਂ ਦੇ ਖ਼ਾਤਮੇ ਲਈ ਆਵਾਜ਼ ਬੁਲੰਦ ਕਰ ਰਹੀ ਹੈ, ਉੱਥੇ ਕੇਵਲ ਚੰਦ ਦੇਸ਼ਾਂ ਦੇ ਹਥਿਆਰ ਬਣਾਉਨ ਵਾਲੇ ਸਰਮਾਏਦਾਰ ਮੁਨਾਫ਼ਾ ਕਮਾਉਣ ਲਈ ਤੇ ਦੂਜਿਆਂ ਨੂੰ ਧੌਂਸ ਦਿਖਾਉਣ ਲਈ ਹਥਿਆਰਾਂ ਦੀ ਦੌੜ ਵਿਚ ਲੱਗੇ ਹੋਏ ਹਨ ਤੇ ਮਨੁੱਖ ਜਾਤੀ ਦੀ ਤਬਾਹੀ ਦਾ ਕਾਰਨ ਬਣਨ ਜਾ ਰਹੇ ਹਨ।

ਪਰਮਾਣੂ ਹਥਿਆਰਾਂ ਦੇ ਵਿਨਾਸ਼ਕਾਰੀ ਪ੍ਰਭਾਵਾਂ ਦਾ ਕੋਈ ਇਲਾਜ ਨਹੀਂ ਹੈ। ਵਿਸ਼ਵ ਸਵਾਸਥ ਸੰਗਠਨ ਅਤੇ ਰੈੱਡ ਕਰਾਸ ਨੇ ਹੁਣ ਪੁਸ਼ਟੀ ਕੀਤੀ ਹੈ ਕਿ ਐਮਰਜੈਂਸੀ ਸੇਵਾਵਾਂ ਅਜਿਹੀਆਂ ਵਿਨਾਸ਼ਕਾਰੀ ਸਿਹਤ ਸੰਕਟਕਾਲਾਂ ਵਿਚ ਕੁਝ ਨਹੀਂ ਕਰ ਸਕਣਗੀਆਂ। ਰੋਕਥਾਮ ਹੀ ਸਿਰਫ ਇੱਕੋ ਇੱਕ ਉੱਤਰ ਹੈ।

ਦੁਨੀਆਂ ਵਿਚ ਲੈਂਡਮਾਈਨਜ਼, ਕਲੱਸਟਰ ਹਥਿਆਰ, ਰਸਾਇਨਿਕ ਹਥਿਆਰਾਂ ਅਤੇ ਜੈਵਿਕ ਹਥਿਆਰਾਂ ਦੀ ਵਰਤੋਂ ’ਤੇ ਪਾਬੰਦੀ ਲਗਾਉਂਦੀਆਂ ਸੰਧੀਆਂ ਹੋਈਆਂ ਹਨ। ਇਹ ਸੰਧੀਆਂ ਲਾਭਕਾਰੀ ਸਿੱਧ ਹੋਈਆਂ ਹਨ ਅਤੇ ਮਨੁੱਖਤਾ ਨੂੰ ਬਚਾਉਣ ਵਿਚ ਇਨ੍ਹਾਂ ਨੇ ਸਹਾਇਤਾ ਕੀਤੀ ਹੈ। ਪਰਮਾਣੂੂ ਹਥਿਆਰ ਬਹੁਤ ਜ਼ਿਆਦਾ ਮਾਰੂ ਹਨ। ਇਸ ਲਈ ਇਹ ਲਾਜ਼ਮੀ ਹੈ ਕਿ “P©W ਦਾ ਆਦਰ ਕੀਤਾ ਜਾਏ ਅਤੇ ਵਿਸ਼ਵ ਦੇ ਸਾਰੇ ਦੇਸ਼ ਇਸ ਵਿੱਚ ਸ਼ਾਮਲ ਹੋਣ। ਨੌਂ ਪਰਮਾਣੂ ਹਥਿਆਰਾਂ ਵਾਲੇ ਦੇਸ਼, ਜਿਨ੍ਹਾਂ ਵਿੱਚੋਂ 5 ਏਸ਼ੀਆ ਵਿੱਚ ਹਨ, ਦੀ ਇਸ ਸਥਿਤੀ ਵਿੱਚ ਖਾਸ ਜ਼ਿੰਮੇਵਾਰੀ ਬਣਦੀ ਹੈ। ਕੋਵਿਡ-19 ਨੂੰ ਸੰਭਾਲਣ ਵਿਚ ਦੁਨੀਆਂ ਨੂੰ ਕਈ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਪਰਮਾਣੂ ਤਬਾਹੀ ਤਾਂ ਇਸ ਨਾਲੋਂ ਕਈ ਗੁਣਾ ਭਿਆਨਕ ਹੋਵੇਗੀ।

Leave a Reply

Your email address will not be published. Required fields are marked *