ਦੱਸ ਖਾਂ ਤੈਨੂੰ ਕਿਵੇਂ ਭੁਲਾਵਾਂ

ਦੱਸ ਖਾਂ ਤੈਨੂੰ ਕਿਵੇਂ ਭੁਲਾਵਾਂ , ਕਿਹੜੀਆਂ ਬਾਤਾਂ ਨਾਲ ਰਿਝਾਵਾਂ |
ਕਿੰਝ ਤੇਰਾ ਹੁਣ ਦੀਦ ਹੋਊਗਾ , ਕਿਹੜਾ ਤੇਰਾ ਹੈ ਸਿਰਨਾਵਾਂ |

ਕਿੱਥੇ ਜਾ ਕੇ ਡੇਰਾ ਲਾਇਆ , ਓਹਲੇ ਹੋ ਕੇ ਲੁਕ ਗਿਆ ਏ ਤੂੰ ।
ਯਾਦ ਤੇਰੀ ਮੈਨੂੰ ਟੁੰਬਦੀ ਰਹਿੰਦੀ , ਘੱੱਤਿਆ ਨਾ ਮੁੜ ਫੇਰਾ ਏ ਤੂੰ ।
ਰਤਾ ਵੀ ਤੈਨੂੰ ਤਰਸ ਨਾ ਆਵੇ , ਕਰ ਲਿਆ ਵੱਡਾ ਜ਼ੇਰਾ ਏ ਤੂੰ ।
ਇਹ ਗੱਲ ਤੈਨੂੰ ਚੰਗੀ ਨਾਹੀਂ , ਬੇਸ਼ੱਕ ਵਾਲਿਦ ਮੇਰਾ ਏ ਤੂੰ ।

ਮੋਢੇ ਚੱਕ ਖਿਡਾਇਆ ਮੈਨੂੰ , ਉਂਗਲ ਫੜ ਚਲਾਇਆ ਸੀ ਤੂੰ ।
ਹੰਝੂ ਕਦੇ ਨਾ ਕੇਰਨ ਦਿੱਤੇ , ਲਾ ਸੀਨੇ ਚੁੱਪ ਕਰਾਇਆ ਸੀ ਤੂੰ ।
ਭੁੱਖਾ ਕਦੇ ਨਾ ਸੋਵਨ ਦਿੱਤਾ , ਹੱਥੀਂ ਚੋਗ ਚੁਗਾਇਆ ਸੀ ਤੂੰ।
ਫਿਰ ਦੱਸ ਤੈਨੂੰ ਕਿਵੇਂ ਵਿਸਾਰਾਂ , ਯਾਦਾਂ ਦਾ ਸਰਮਾਇਆ ਏ ਤੂੰ ।

ਲਾਲਚ ਗ਼ਿਲਾ ਨ‍ਾ ਸ਼ਿਕਵਾ ਕੀਤਾ, ਸਾਦਾ ਲਾਇਆ ਪਾਇਆ ਸੀ ਤੂੰ ।
ਥੋੜਾ ਰੁੱਖਾ ਮਿੱਸਾ ਖਾ ਕੇ ਵੀ , ਹੱਕ ਦਾ ਪਾਠ ਪੜ੍ਹਾਇਆ ਸੀ ਤੂੰ ।
ਨਾ ਕਦੇ ਝੂਠੀ ਆਕੜ ਰੱਖੀ , ਸਬਰ ਦਾ ਚੋਲਾ ਪਾਇਆ ਸੀ ਤੂੰ ।
ਨਿਂਵ ਕੇ ਰੱਬ ਤੋਂ ਖ਼ੇੈਰਾਂ ਮੰਗੀਆਂ , ਉਸ ਦਾ ਸ਼ੁਕਰ ਮਨਾਇਆ ਸੀ ਤੂੰ ।

ਹੁਣ ਕਾਹਦੀ ਈਦ ਦੀਵਾਲੀ ਸਾਡੀ , ਕਾਹਦੇ ਮੇਲੇ ਤੇ ਤਿਓਹਾਰ ।
ਖੁਸ਼ੀਆਂ ਵੀ ਹੁਣ ਨੀਰਸ ਜਾਪਣ , ਜਿਵੇਂ ਕਿਸ਼ਤੀ ਵਿੱਚ ਮਝਧਾਰ ।
ਸਾਨੂੰ ਸਾਡੇ ਹਾਲ ਤੇ ਛੱਡ ਦੇ , ਤੂੰ ਸੁਖੀ ਵਸੇਂ ਦਿਲਦਾਰ ।
ਮਾਲਿਕ ਤੈਨੂੰ ਚਰਨੀ ਲਾਵੇ , ਰਹੇ ਨਾ ਜਨਮ ਮਰਨ ਦੀ ਸਾਰ ।

ਭੁੱਲਣਾ ਤਾਂ ਕਦੀ ਹੋ ਨਹੀਂ ਸਕਦਾ , ਭਾਵੇਂ ਕੱਢ ਲੈ ਮੇਰੀ ਜਾਨ ।
ਤੇਰੇ ਨਾਂ ਤੋਂ ਹੀ ਰਹੇਗੀ ‘ਸੰਜੀਵ’ ਅੰਤ ਤਕ ਪਹਿਚਾਣ ।

ਸੰਜੀਵ ਅਰੋੜਾ (ਲੈਕਚਰਾਰ)
ਸ.ਕੰ.ਸ.ਸ.ਸ. ਰੇਲਵੇ ਮੰਡੀ ( ਹੁਸ਼ਿਆਰਪੁਰ )

Leave a Reply

Your email address will not be published. Required fields are marked *