ਪ੍ਰੀਤ ਲੱਧੜ ਦਾ ਨਾਂ ਹੋਰ ਵੀ ਅੰਬਰ ਵੱਲ ਲਿਜਾਏਗੀ, ਉਸਦੀ ਕਿਤਾਬ, ‘ ਕਲਮ ਨਾਦ ”

ਸਾਹਿਤਕ ਹਲਕਿਆਂ ਦੇ ਜਾਣੇ ਪਹਿਚਾਣੇ ਨਾਮ ਪ੍ਰੀਤ ਲੱਧੜ ਦੀ ਪਲੇਠੀ ਕਿਤਾਬ, ‘ ਕਲਮ ਨਾਦ ” ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿੱਚ ਇੱਕ ਸਾਦੇ ਪ੍ਰੋਗਰਾਮ ਦੌਰਾਨ ਲੋਕ-ਅਰਪਣ ਕੀਤੀ ਗਈ। ਜਿਸ ਦੌਰਾਨ ਹੋਰਾਂ ਤੋਂ ਇਲਾਵਾ ਗੁਰਪ੍ਰੀਤ ਸਿੰਘ ਥਿੰਦ, ਗਗਨ ਹਰਸ਼, ਗੁੱਲੂ ਅੱਛਣਪੁਰੀਆ, ਕਰਨਦੀਪ ਕੌਰ ਪੰਨੂ, ਪ੍ਰਭਦੀਪ ਵੇਂਡਲ, ਅਮਰਤਪਾਲ ਸਿੰਘ, ਰਮਨਦੀਪ ਕੌਰ, ਕਿਰਨਦੀਪ ਕੌਰ, ਪਰਮ ਨਿਮਾਣਾ ਅਤੇ ਜਗਮੀਤ ਕੌਰ ਆਦਿ ਨੇ ਉਚੇਚੇ ਤੌਰ ਤੇ ਸ਼ਮੂਲੀਅਤ ਕੀਤੀ। ਇਕ ਮੁਲਾਕਾਤ ਦੌਰਾਨ ਗੱਲਬਾਤ ਕਰਦਿਆਂ ਪ੍ਰੀਤ ਨੇ ਦੱਸਿਆ ਕਿ 60 ਰਚਨਾਵਾਂ ਨਾਲ ਸ਼ਿੰਗਾਰੀ ਇਹ ਕਿਤਾਬ ਇੱਕ ਕਾਵਿ-ਸੰਗ੍ਰਿਹ ਹੈ, ਜਿਸਦੇ 112 ਪੰਨੇ ਹਨ ਤੇ ਮੁੱਲ ਸਿਰਫ਼ 140 ਰੁਪਏ ਹੈ। ‘ਕਲਮ ਨਾਦ’ ਨੂੰ ‘ਸੂਰਜਾਂ ਦੇ ਵਾਰਿਸ ਪ੍ਰਕਾਸ਼ਨ ਪਟਿਆਲਾ’ ਨੇ ਪ੍ਰਕਾਸ਼ਿਤ ਕੀਤਾ ਹੈ।

ਪਰੀਤ ਲੱਧੜ

ਜਿਕਰਯੋਗ ਹੈ ਕਿ ਪ੍ਰੀਤ ਲੱਧੜ ਗੀਤਕਾਰੀ ਵਿੱਚ ਇੱਕ ਖਾਸ ਮੁਕਾਮ ਹਾਸਿਲ ਕਰ ਚੁੱਕਾ ਚਰਚਿਤ ਹਸਤਾਖਰ ਹੈ। ਉਸਦੇ ਲਿਖੇ ਹੋਏ ਬਹੁਤ ਸਾਰੇ ਗੀਤ ਸਰੋਤਿਆਂ ਨੇ ਪਹਿਲਾਂ ਤੋਂ ਹੀ ਸੁਣੇ ਤੇ ਸਰਾਹੇ ਹੋਏ ਨੇ। ਬਹੁ-ਚਰਚਿਤ ਰਹੇ ਗੀਤਾਂ ਦੀ ਗੱਲ ਕਰੀਏ ਤਾਂ ‘ਜੁਲਫਾਂ ਦੇ ਨਾਗ ਨਾ ਬਣਾਇਆ ਕਰ ਨੀਂ, ਕੋਈ ਡੰਗਿਆ ਜਾਊਗਾ’ (ਗਾਇਕ ਮਾਸਟਰ ਸਲੀਮ) ਨੇ ਪ੍ਰੀਤ ਦੀ ਕਲਮ ਨੂੰ ਦੁਨੀਆਂ ਦੇ ਕੋਨੇ-ਕੋਨੇ ‘ਚ ਪਹੁੰਚਾ ਦਿੱਤਾ। ਗੀਤ, ‘ਅਸੀਂ ਨਹੀਓਂ ਕਹਿੰਦੇ ਤੁਸੀਂ ਪਿਆਰ ਕਰ ਲਓ’ (ਗਾਇਕ ਹਰਪ੍ਰੀਤ ਹੈਪੀ) ਵੀ ਬਹੁਤ ਮਕਬੂਲ ਹੋਇਆ। ਰਿਤੂ ਸਾਗਰ (ਯੂ. ਐਸ. ਏ.) ਦੀ ਅਵਾਜ ‘ਚ ਰਿਕਾਰਡ ਹੋਈ ਐਲਬਮ, ‘“ਅੱਖੀਆਂ’” ‘ਚ ਟਾਈਟਲ ਗੀਤ, ‘ਅੱਖੀਆਂ’ ਸਮੇਤ ਪ੍ਰੀਤ ਦੇ ਲਿਖੇ ਚਾਰ ਗੀਤ ਸਨ। ਗਾਇਕ ਕੇ. ਐਸ. ਮੱਖਣ ਦੀ ਅਵਾਜ਼ ‘ਚ ‘ਬੱਲੇ ਓਏ ਸ਼ੇਰ ਜਵਾਨਾਂ, ਖੇਡੀ ਜਾ ਵਿੱਚ ਮੈਦਾਨਾਂ’ ਨੇ ਵੀ ਕਬੱਡੀ ਦੇ ਖੇਤਰ ਵਿੱਚ ਸੁਹਣਾ ਝੰਡਾ ਗੱਡ ਦਿੱਤਾ। ਉਸਦੇ ਲਿਖੇ ਧਾਰਮਿਕ ਗੀਤ, ‘ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਚਰਨੀ ਲਾਈ ਰੱਖਿਓ’ ਜਿਸਨੂੰ ਵੀ ਕੇ. ਐੱਸ. ਮੱਖਣ ਨੇ ਗਾਇਆ ਸੀ, ਨੂੰ ਵੀ ਸਰੋਤਿਆਂ ਨੇ ਬਹੁਤ ਖ਼ੂਬ ਪਸੰਦ ਕੀਤਾ।

ਇਹ ਧਾਰਮਿਕ ਗੀਤ ਪੰਜਾਬ ਦੇ ਨਾਲ਼-ਨਾਲ਼ ਇੰਗਲੈਡ, ਅਮਰੀਕਾ, ਕਨੇਡਾ ਆਦਿ ਦੇਸ਼ਾਂ ਵਿੱਚ ਵੀ ਨਗਰ-ਕੀਰਤਨਾਂ ਦਾ ਖ਼ੂਬ ਸ਼ਿੰਗਾਰ ਬਣਿਆ। ਫਿਰ, ਕੇ. ਐਸ. ਮੱਖਣ ਦੀ ਅਵਾਜ ‘ਚ ਇੱਕ ਹੋਰ ਗੀਤ ਆਇਆ, ‘ਰੱਖ ਹੌਸਲਾ ਤੇਰੇ ਵੀ ਦਿਨ ਚੰਗੇ ਆਉਣਗੇ’। ਇਸ ਮੋਟੀਵੇਸ਼ਨਲ ਗੀਤ ਨੂੰ ਵੀ ਦਰਸ਼ਕਾਂ ਨੇ ਰੱਜਕੇ ਸਰਾਹਿਆ। ਹਰਪ੍ਰੀਤ ਸਿੰਘ ਦੀ ਆਵਾਜ਼ ਵਿਚ ਪਾਪਾ ਜੋਏ ਰਿਕਾਰਡਜ਼ ਯੂ. ਕੇ. ਤੋਂ ਸੁਨੀਲ ਕਲਿਆਣ ਦੇ ਸੰਗੀਤ ‘ਚ ਰਿਲੀਜ਼ ਹੋਏ ਗੀਤ, ‘ਮੁੰਡਾ ਸੋਹਣਾ ਤੇ ਸੁਨੱਖਾ ਗੱਭਰੂ ਤੇਰੀ ਅੱਖ ਦੇ ਮੇਚ ਨਾ ਆਵੇ’ ਨੇ ਵੀ ਖਾਸੀ ਵਾਹ-ਵਾਹ ਖੱਟੀ।

ਪੰਜਾਬੀ ਮਾਂ-ਬੋਲੀ ਦੇ ਪੁਜਾਰੀ, ਸਾਹਿਤ ਦੇ ਚਮਕਦੇ-ਦਮਕਦੇ ਸਿਤਾਰੇ, ਪ੍ਰੀਤ ਲੱਧੜ ਦੇ ਹੁਣ ਤੱਕ ਦੇ ਲਿਖੇ ਸੈਂਕੜੇ ਗੀਤਾਂ ਵਿਚੋਂ 80 ਤੋਂ ਵੱਧ ਗੀਤ ਰਿਕਾਰਡਿੰਗ ਦੇ ਜਾਮੇ ਵਿਚ ਮਾਰਕੀਟ ਵਿਚ ਧੁੰਮਾਂ ਪਾਉਂਦੇ ਸ਼ੋਹਰਤਾਂ ਖੱਟ ਰਹੇ ਹਨ। ਜਦਕਿ ਉਸ ਦੇ ਭਵਿੱਖ ਦੇ ਉਲੀਕੇ ਪ੍ਰੋਜੈਕਟ ਦੱਸਦੇ ਹਨ ਕਿ ਉਸ ਦੀਆਂ ਇਹ ਸਲਾਹੁਣ-ਯੋਗ ਗਤੀ-ਵਿਧੀਆਂ ਪੂਰੀ ਸਰਗਰਮੀਂ ਨਾਲ ਲਗਾਤਾਰ ਜਾਰੀ ਰਹਿਣਗੀਆਂ। ਇਨਾਂ ਜਾਨਦਾਰ ਤੇ ਸ਼ਾਨਦਾਰ ਪ੍ਰਾਪਤੀਆਂ ਬਦਲੇ ਅਨੇਕਾਂ ਵੱਖ-ਵੱਖ ਥਾਵਾਂ ਤੋਂ ਪ੍ਰੀਤ ਨੂੰ ਸਨਮਾਨਿਤ ਕੀਤਾ ਜਾ ਚੁੱਕਾ ਹੈ। ਰੱਬ ਕਰੇ ! ਇਹ ਕਲਮ ਇਸੇ ਤਰਾਂ ਕਾਮਯਾਬੀ ਦੇ ਝੰਡੇ ਗੱਡਦੀ ਸਾਹਿਤਕ ਤੇ ਸੱਭਿਆਚਾਰਕ ਅੰਬਰਾਂ ਨੂੰ ਜਾ ਛੂਹਵੇ! ਆਪਣੇ ਵੱਡਮੁੱਲੇ ਸੱਭਿਆਚਾਰਕ ਵਿਰਸੇ ਦਾ ਦੁਨੀਆਂ ਭਰ ਵਿਚ ਸਿਰ ਉਚਾ ਕਰ ਰਹੀ ਪ੍ਰੀਤ ਲੱਧੜ ਜਿਹੀ ਸਾਹਿਤਕ ਕਲਮ ਉਤੇ ਜਿੰਨਾ ਗੌਰਵ ਕੀਤਾ ਜਾਵੇ, ਥੋੜਾ ਹੈ। ਉਸ ਦੀ ਉਚੀ-ਸੁੱਚੀ ਤੇ ਪਾਕਿ-ਪਵਿੱਤਰ ਸੋਚ ਨੂੰ ਸਲਾਮ!

-ਪ੍ਰੀਤਮ ਲੁਧਿਆਣਵੀ (ਚੰਡੀਗੜ), 9876428641
ਸੰਪਰਕ : ਪ੍ਰੀਤ ਲੱਧੜ, 98155-70576

Leave a Reply

Your email address will not be published. Required fields are marked *