ਕਿਸਾਨ ਅੰਦੋਲਨ ਦਾ ਨਿਰਣਾਇਕ ਮੋੜ

ਬੀਰ ਦਵਿੰਦਰ ਸਿੰਘ

ਪਿਛਲੇ ਕੁਝ ਮਹੀਨਿਆਂ ਤੋਂ ਚੱਲ ਰਿਹਾ ਕਿਸਾਨ ਅੰਦੋਲਨ ਹੁਣ ਅਤਿ ਨਾਜ਼ੁਕ ਤੇ ਨਿਰਣਾਇਕ ਮੋੜ ’ਤੇ ਪੁੱਜ ਚੁੱਕਾ ਹੈ। ਇਸ ਤੋਂ ਅੱਗੇ ਹੁਣ ਇਸ ਅੰਦੋਲਨ ਦਾ ਅੰਤਮ ਸਿਰਾ ਹੈ, ਜਿਸ ਤੋਂ ਅੱਗੇ ਕਿਸਾਨ ਅੰਦੋਲਨਕਾਰੀਆਂ ਕੋਲ ਬਹੁਤੇ ਵਿਕਲਪ ਨਹੀਂ ਰਹਿ ਗਏ। ਹਰ ਅੰਦੋਲਨ ਦਾ ਅੰਤਮ ਪੜਾਅ ਤਾਂ ਗੱਲਬਾਤ ਦਾ ਮੇਜ਼ ਹੀ ਹੁੰਦਾ ਹੈ। ਇਹ ਵੀ ਕਾਬਿਲ-ਏ-ਫ਼ਖਰ ਮੁਕਾਮ ਹੈ ਕਿ ਕਿਸਾਨ ਅੰਦੋਲਨ ਹਰਿਆਣਾ ਸਰਕਾਰ ਅਤੇ ਮੋਦੀ ਸਰਕਾਰ ਦੀ ਹਰ ਦਰਿੰਦਗੀ ਅਤੇ ਅੱਤਿਆਚਾਰ ਦਾ ਸਾਹਮਣਾ ਕਰਦਾ ਹੋਇਆ, ਹਰ ਕਿਸਮ ਦੀਆਂ ਰੁਕਾਵਟਾਂ ਨੂੰ ਲਤਾੜਦਾ ਤੇ ਸਰ ਕਰਦਾ ਹੋਇਆ ਆਖਿਰ ਦਿੱਲੀ ਅੱਪੜ ਗਿਆ ਹੈ। ਕਿਸਾਨ ਆਗੂਆਂ ਦੇ ਬੁੱਧੀ-ਵਿਵੇਕ ਲਈ ਇਹ ਆਖਰੀ ਮੋੜ ਬੜਾ ਨਾਜ਼ੁਕ ਹੈ। ਇਸ ਨਾਜ਼ੁਕ ਸਥਿਤੀ ਵਿਚ ਗੱਲ ਨਿਬੇੜਨ ਦੇ ਮਨਸ਼ੇ ਨਾਲ ਸਰਕਾਰ ਵੱਲੋਂ ਕਿਸਾਨ ਆਗੂਆਂ ਕੋਲ ਤਰ੍ਹਾਂ-ਤਰ੍ਹਾਂ ਦੇ ਪ੍ਰਸਤਾਵ ਆ ਸਕਦੇ ਹਨ। ਇਹ ਕਿਸਾਨ ਆਗੂਆਂ ਦੀ ਦਾਨਾਈ, ਦ੍ਰਿੜਤਾ, ਏਕਤਾ, ਪਾਰਦਰਸ਼ਤਾ ਅਤੇ ਸਪੱਸ਼ਟਤਾ ਲਈ ਬਹੁਤ ਵੱਡੀ ਪਰਖ ਦੀ ਘੜੀ ਹੈ। ਇਕ ਖਦਸ਼ਾ ਇਹ ਵੀ ਹੈ ਕਿ ਇਸ ਖ਼ਤਰਨਾਕ ਅਤੇ ਸੰਕਟਮਈ ਮੋੜ ’ਤੇ ਸਾਰੀ ਬਾਜ਼ੀ ਜਿੱਤ ਕੇ ਹਾਰੀ ਵੀ ਜਾ ਸਕਦੀ ਹੈ। ਦੂਜਾ ਭਰੋਸਾ ਇਹ ਵੀ ਹੈ ਇਸ ਸਦੀ ਦੇ ਮਹਾਨ ਕਿਸਾਨ ਅੰਦੋਲਨ ਨੂੰ ਪਾਇਆ-ਏ-ਤਕਮੀਲ ਤਕ ਪਹੁੰਚਾ ਕੇ ਇਕ ਸਦੀਵੀ ਜਿੱਤ ਵੀ ਪ੍ਰਾਪਤ ਕੀਤੀ ਜਾ ਸਕਦੀ ਹੈ। ਇਤਿਹਾਸ ਗਵਾਹ ਹੈ ਕਿ ਪਿਛਲੇ ਸੌ ਸਾਲਾਂ ਵਿਚ ਪੰਜਾਬੀਆਂ ਨੇ ਵੱਡੇ ਇਤਿਹਾਸਕ ਮੋਰਚੇ ਲਾਏ, ਬੇਪਨਾਹ ਕੁਰਬਾਨੀਆਂ ਕੀਤੀਆਂ, ਪਰ ਪ੍ਰਾਪਤੀਆਂ ਵਧੇਰੇ ਉਤਸ਼ਾਹਜਨਕ ਨਹੀਂ ਰਹੀਆਂ। ਇਹ ਵੀ ਕੌੜਾ ਸੱਚ ਹੈ ਕਿ ਅਸੀਂ ਮੈਦਾਨ ਵਿਚ ਤਾਂ ਸਦਾ ਜਿੱਤਦੇ ਰਹੇ ਹਾਂ, ਪਰ ਮੇਜ਼ ’ਤੇ ਬੈਠ ਕੇ ਗੱਲਬਾਤ ਕਰਨ ਸਮੇਂ ਜਿੱਤੀ ਬਾਜ਼ੀ ਹਾਰਦੇ ਰਹੇ ਹਾਂ। ਪ੍ਰਾਪਤੀਆਂ ਵੱਜੋਂ ਸਾਡੀ ਝੋਲੀ ਸਦਾ ਸੱਖਣੀ ਹੀ ਰਹੀ ਹੈ।

ਮੈਂ ਰਾਜਨੀਤੀ ਸ਼ਾਸਤਰ ਅਤੇ ਸਿੱਖ ਇਤਿਹਾਸ ਦਾ ਨਿਮਾਣਾ ਜਿਹਾ ਵਿਦਿਆਰਥੀ ਹਾਂ, ਪਿਛਲੀ ਲਗਪਗ ਇਕ ਸਦੀ ਦੇ ਸਿੱਖ ਸੰਘਰਸ਼ਾਂ, ਅਕਾਲੀ ਮੋਰਚਿਆਂ, ਦੇਸ਼ ਦੇ ਬਟਵਾਰੇ ਅਤੇ ਉਸ ਤੋਂ ਬਾਅਦ ਦੇ ਸਮਿਆਂ ਵਿਚ ਹੋਏ ਧਰੋਹ ਤੇ ਵਿਸਾਹਘਾਤਾਂ ਦੀ ਪੀੜਾ ਹਰ ਸਿੱਖ ਦੇ ਹਿਰਦੇ ਵਿਚ ਸਮਾਈ ਹੋਈ ਹੈ, ਜਿਸਦਾ ਚੇਤਾ ਆਉਂਦਿਆਂ ਹੀ ਕੌਮੀ ਸੰਵੇਦਨਸ਼ੀਲਤਾ ਤੇ ਸੁਚੇਤਤਾ ਭਾਵਕਤਾ ਵੱਸ ਕੰਬ ਉੱਠਦੀ ਹੈ। ਸਰਕਾਰਾਂ ਨੇ ਇਤਿਹਾਸ ਦੇ ਹਰ ਨਾਜ਼ੁਕ ਮੋੜ ’ਤੇ ਪੰਜਾਬ ਨਾਲ ਜੋ ਧਰੋਹ ਕਮਾਇਆ, ਉਸ ਬਦਨੀਤੀ ਪਿੱਛੇ ਪੰਜਾਬ ਪ੍ਰਤੀ ਅਨਾਦਰ ਅਤੇ ਨਫ਼ਰਤ ਭਰਪੂਰ ਰਵੱਈਆ ਹੀ ਬੇਈਮਾਨੀਆਂ ਦਾ ਕਾਰਨ ਬਣਦਾ ਰਿਹਾ ਹੈ। ਇਸ ਲਈ ਪੰਜਾਬ ਨਾਲ ਬਾਰ-ਬਾਰ ਵਿਸ਼ਵਾਸਘਾਤ ਹੋਇਆ ਅਤੇ ਹਰ ਉਸ ਮੁਕਾਮ ’ਤੇ ਹੋਇਆ ਜਦੋਂ ਪੰਜਾਬ ਦੀ ਲੀਡਰਸ਼ਿਪ ਨੂੰ ਸਾਰੇ ਵਿਕਲਪ ਸਾਹਮਣੇ ਰੱਖ ਕੇ ਸੰਜੀਦਗੀ ਅਤੇ ਸਿਆਣਪ ਨਾਲ ਵਿਚਰਨ ਤੇ ਵਿਚਾਰਨ ਦੀ ਲੋੜ ਸੀ। ਸਾਡੇ ਆਗੂ ਉਸ ਵੇਲੇ ਜਾਂ ਤਾਂ ਵਕਤ ਤੋਂ ਖੁੰਝਦੇ ਰਹੇ ਜਾਂ ਰਾਜਨੀਤਕ ਸੌਦੇਬਾਜ਼ੀਆਂ ਕਰਕੇ ਰਾਜ-ਭਾਗ ਮਾਣਦੇ ਰਹੇ, ਜਿਸਦੀ ਤ੍ਰਾਸਦੀ ਦਾ ਸੰਤਾਪ ਅਸੀਂ ਅੱਜ ਭੋਗ ਰਹੇ ਹਾਂ।

ਗ੍ਰਹਿ ਮੰਤਰੀ ਅਮਿਤ ਸ਼ਾਹ ਵੱਲੋਂ ਕਿਸਾਨ ਅੰਦੋਲਨ ਦੇ ਦਿੱਲੀ ਪੁੱਜਣ ਤੋਂ ਬਾਅਦ ਦਿੱਤਾ ਗਿਆ ਬਿਆਨ ਕੇਂਦਰ ਸਰਕਾਰ ਦੀ ਘਬਰਾਹਟ ਨੂੰ ਪ੍ਰਗਟਾਉਂਦਾ ਹੈ। ਇਸ ਤੋਂ ਇਕ ਗੱਲ ਤਾਂ ਤਸਦੀਕ ਹੁੰਦੀ ਹੈ ਕਿ ਹਾਲਾਤ ਦੀ ਨਾਜ਼ੁਕਤਾ ਦੇ ਮੱਦੇਨਜ਼ਰ ਕਿਸਾਨ ਅਗੂਆਂ ਨਾਲ ਗੱਲਬਾਤ ਕਰਨ ਲਈ ਮਿਥੀ 3 ਦਸੰਬਰ ਦੀ ਮਿਤੀ ਨੂੰ ਬਦਲ ਕੇ ਹੋਰ ਪਹਿਲਾਂ ਵੀ ਕੀਤਾ ਜਾ ਸਕਦਾ ਹੈ। ਇਸ ਲਈ ਕਿਸਾਨ ਆਗੂਆਂ ਨੂੰ ਆਪਸੀ ਸਹਿਮਤੀ ਨਾਲ ਗੱਲਬਾਤ ਲਈ ਸਪੱਸ਼ਟ ਏਜੰਡਾ ਤਿਆਰ ਕਰਨਾ ਚਾਹੀਦਾ ਹੈ। ਕੇਂਦਰ ਸਰਕਾਰ ਨੂੰ ਕਿਸਾਨ ਅੰਦੋਲਨ ਦੀ ਦ੍ਰਿੜਤਾ ਅਤੇ ਵਿਆਪਕਤਾ ਨੂੰ ਦੇਖਦੇ ਹੋਏ ਕਿਸਾਨਾਂ ਨਾਲ ਗੱਲਬਾਤ ਕਰਨ ਦਾ ਸੱਦਾ ਉਦੋਂ ਹੀ ਦੇਣਾ ਚਾਹੀਦਾ ਹੈ, ਜੇ ਉਨ੍ਹਾਂ ਦੇ ਇਰਾਦਿਆਂ ਵਿਚ ਕਿਸਾਨਾਂ ਦੀਆਂ ਮੰਗਾਂ ਪ੍ਰਤੀ ਕੋਈ ਹਾਂ-ਪੱਖੀ ਲਚਕੀਲਾਪਣ ਜਾ ਸੁਹਿਰਦਤਾ ਆਈ ਹੋਵੇ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਜਿਸ ਢੰਗ ਨਾਲ ਆਪਣੇ ਮਾਸਿਕ ਰੇਡਿਓ ਪ੍ਰਸਾਰਣ ‘ਮਨ ਕੀ ਬਾਤ’ ਵਿਚ 29 ਨਵੰਬਰ ਨੂੰ ਨਵੇਂ ਖੇਤੀ ਕਾਨੂੰਨਾਂ ਨੂੰ ਖੇਤੀ ਸੁਧਾਰਾਂ ਨਾਲ ਜੋੜ ਕੇ ਉਨ੍ਹਾਂ ਦੀ ਬੇਬਾਕ ਵਕਾਲਤ ਕੀਤੀ ਗਈ ਹੈ, ਉਸ ਤੋਂ ਤਾਂ ਸਪੱਸ਼ਟ ਜਾਪਦਾ ਹੈ ਕਿ ਸਰਕਾਰ ਆਪਣੀ ਕਿਸਾਨ ਵਿਰੋਧੀ ਨੀਤੀ ਸੁਧਾਰਨ ਦੇ ਰੌਂਅ ਵਿਚ ਨਹੀਂ। ਜੇ ਸਰਕਾਰ ਦੀ ਹੱਠਧਰਮੀ ਏਸੇ ਤਰ੍ਹਾਂ ਕਾਰਪੋਰੇਟ ਘਰਾਣਿਆਂ ਦਾ ਪੱਖ ਪੂਰਦੀ ਰਹੀ ਤਾਂ ਮੈਨੂੰ ਡਰ ਹੈ ਕਿ ਇਨ੍ਹਾਂ ਇਨਕਾਰੀ ਸਥਿਤੀਆਂ ਕਾਰਨ ਕਿਸਾਨ ਅੰਦੋਲਨ ਕੋਈ ਨਵੀਂ ਕਰਵਟ ਵੀ ਲੈ ਸਕਦਾ ਹੈ, ਜਿਸ ਦੀ ਵਿਕਰਾਲਤਾ ਦਾ ਅਨੁਮਾਨ ਲਾ ਸਕਣਾ ਸੰਭਵ ਨਹੀਂ ਹੈ।

ਜੇ ਸਰਕਾਰ ਕਿਸਾਨ ਮਸਲੇ ਨੂੰ ਹੱਲ ਕਰਨ ਲਈ ਸੁਹਿਰਦ ਹੋਵੇ ਤਾਂ ਇਸਨੂੰ ਫੌਰੀ ਤੌਰ ’ਤੇ ਤਿੰਨ-ਚਾਰ ਅਧਿਆਦੇਸ਼ ਜਾਰੀ ਕਰਨ ਦਾ ਫ਼ੈਸਲਾ ਕਰ ਲੈਣਾ ਚਾਹੀਦਾ ਹੈ। ਪਹਿਲਾ ਆਰਡੀਨੈਂਸ ਤਾਂ ਕਿਸਾਨ ਦੀਆਂ ਫ਼ਸਲਾਂ ਦਾ ਘੱਟੋ-ਘੱਟ ਖ਼ਰੀਦ ਮੁੱਲ ਤੈਅ ਕਰਨ ਦੀ ਵਿਵਸਥਾ ਨੂੰ ਪੁਖਤਾ ਕਾਨੂੰਨੀ ਜਾਮਾ ਪਹਿਨਾਉਣ ਦਾ ਬਣਦਾ ਹੈ। ਦੂਸਰਾ ਜ਼ਰੂਰੀ ਵਸਤਾਂ (ਸੋਧ) ਕਾਨੂੰਨ 2020 ਵਿਚ ਕੀਤੀ ਗਈ ਉਸ ਤਰਮੀਮ ਨੂੰ ਰੱਦ ਕਰਨ ਦਾ ਹੋਵੇਗਾ, ਜਿਸ ਰਾਹੀਂ ਬੜੀ ਚਲਾਕੀ ਨਾਲ ਵਪਾਰੀ ਦੀ ਜ਼ਖੀਰੇਬਾਜ਼ੀ ਨੂੰ ਇਸ ਕਾਨੂੰਨ ਦੇ ਅਧਿਕਾਰ ਖੇਤਰ ਤੋਂ ਮੁਕਤ ਕਰਕੇ ਉਲਟਾ ਕਿਸਾਨ ਨੂੰ ਇਸ ਕਾਨੂੰਨ ਦੀ ਜ਼ੱਦ ਹੇਠ ਲਿਆਂਦਾ ਗਿਆ ਹੈ। ਤੀਸਰਾ ਖੇਤੀ ਲਾਗਤ ਅਤੇ ਮੁੱਲ ਕਮਿਸ਼ਨ ਨੂੰ ਵਿਧਾਨਕ ਮਾਨਤਾ ਦੇ ਕੇ ਪੁਨਰ ਸਥਾਪਤ ਕਰਨਾ ਅਤੇ ਇਸ ਕਮਿਸ਼ਨ ਨੂੰ ਤੈਅਸ਼ੁਦਾ ਖੇਤੀ ਜਿਣਸਾਂ ਦਾ ਘੱਟੋ-ਘੱਟ ਖ਼ਰੀਦ ਮੁੱਲ ਤੈਅ ਕਰਨ ਦਾ ਪੂਰਨ ਅਧਿਕਾਰ ਦੇਣਾ ਹੈ, ਜਿਸ ਦੇ ਫ਼ੈਸਲਿਆਂ ਨੂੰ ਮੰਨਣਾ ਕੇਂਦਰ ਸਰਕਾਰ ਦੇ ਖੁਰਾਕ, ਖੇਤੀ ਅਤੇ ਵਿੱਤ ਮੰਤਰਾਲਿਆਂ ਲਈ ਜ਼ਰੂਰੀ ਹੋਵੇਗਾ। ਇਸ ਭਾਵਨਾ ਅਨੁਸਾਰ ਹੀ ਬਾਕੀ ਦੇ ਕਿਸਾਨ ਵਿਰੋਧੀ ਕਾਨੂੰਨਾਂ ਵਿਚ ਵੀ ਕਿਸਾਨਾਂ ਦੀਆਂ ਮੰਗਾਂ ਅਨੁਸਾਰ ਦੇਸ਼ ਦੀ ਸੰਸਦ ਦੀ ਅਗਲੀ ਬੈਠਕ ਵਿਚ ਲੋੜੀਂਦੀ ਸੋਧ ਕਰਨ ਲਈ ਲਿਖਤੀ ਸਮਝੌਤਾ ਹੋ ਸਕਦਾ ਹੈ, ਜਿਸ ਵਿਚ ਖੇਤੀ ਜਿਣਸਾਂ ਦੇ ਮੰਡੀਕਰਨ ਦੀ ਪਹਿਲਾਂ ਤੋਂ ਚੱਲ ਰਹੀ ਪੁਖਤਾ ਵਿਵਸਥਾ ਨੂੰ ਲਾਗੂ ਰੱਖਣ ਲਈ ਕੇਂਦਰ ਸਰਕਾਰ ਅਤੇ ਸੂਬਾਈ ਸਰਕਾਰਾਂ ਪਾਬੰਦ ਹੋਣ।

ਕਿਸਾਨ ਅੰਦੋਲਨ ਦੀ ਸਿਲਸਿਲੇਵਾਰ ਲੜਾਈ ਅਤੇ ਪੂਰੀ ਦ੍ਰਿੜਤਾ ਨਾਲ ਦਿੱਲੀ ਅਪੜਨ ਤਕ ਦੇ ਸਫ਼ਰ ਦੇ ਬੇਸ਼ੁਮਾਰ ਪਹਿਲੂ ਹਨ। ਕਿਸਾਨ ਅੰਦੋਲਨ ਦੀ ਰੂਹ ਅਤੇ ਧੜਕਣ ਨੂੰ ਅੱਖੋਂ ਪਰੋਖੇ ਕਰਕੇ ਇਸਦੀ ਸਮੁੱਚੀ ਸ਼ਕਤੀ ਦੇ ਸਰੂਪ ਦਾ ਸਹੀ ਵਿਸ਼ਲੇਸ਼ਣ ਨਹੀਂ ਹੋ ਸਕਦਾ। ਕਿਸਾਨ ਅੰਦੋਲਨ ਦੇ ਸਾਰੇ ਸੂਖਮ ਪਹਿਲੂਆਂ ਦਾ ਧਿਆਨ ਰੱਖਣਾ ਬਣਦਾ ਹੈ।

ਕਿਸਾਨ ਅੰਦੋਲਨ ਨਿਰਣਾਇਕ ਮੋੜ ’ਤੇ ਪੁੱਜ ਚੁੱਕਾ ਹੈ। ਸਮੁੱਚਾ ਕਿਸਾਨ ਜਗਤ ਚੰਗੇ ਸਿੱਟਿਆਂ ਦੀ ਬੇਸਬਰੀ ਨਾਲ ਉਡੀਕ ਕਰ ਰਿਹਾ ਹੈ। ਸ਼ਾਲਾ ਤੁਹਾਡੇ ਨੇਕ ਇਰਾਦਿਆਂ ਨੂੰ ਫਤਿਹ ਨਸੀਬ ਹੋਵੇ। ਹਾਸ਼ਮ ਸ਼ਾਹ ਦੇ ਬੋਲ ਹਨ:

ਹਾਸ਼ਮ ਫਤਿਹ ਨਸੀਬ ਤਿਨ੍ਹਾਂ ਨੂੰ,

ਜਿਨ੍ਹਾਂ ਹਿੰਮਤ ਯਾਰ ਬਣਾਈ।

Leave a Reply

Your email address will not be published. Required fields are marked *