ਜੇ ਜੀਵੈ ਪਤਿ ਲਥੀ ਜਾਇ

ਤੇਜਵੰਤ ਸਿੰਘ ਗਿੱਲ

ਲੰਘੇ ਤੀਹ ਨਵੰਬਰ ਵਾਲੇ ਦਿਨ ਗੁਰੂ ਨਾਨਕ ਦਾ 551ਵਾਂ ਜਨਮ ਦਿਨ ਸੀ। ਦੇਸ਼ਾਂ-ਵਿਦੇਸ਼ਾਂ ਵਿਚ ਜਿੱਥੇ ਪੰਜਾਬੀ ਵਸੇ ਹੋਏ ਹਨ ਅਤੇ ਹੋਰ ਜੋ ਗੁਰੂ ਨਾਨਕ ਦੀ ਬਾਣੀ ਵਿਚ ਸ਼ਰਧਾ ਰੱਖਦੇ ਹਨ, ਸਭ ਲਈ ਸ਼ੁਭ ਦਿਹਾੜਾ ਸੀ। ਪੰਜਾਬ, ਹਰਿਆਣਾ ਅਤੇ ਹੋਰ ਸੂਬਿਆਂ ਤੋਂ ਅਨੇਕ ਔਕੜਾਂ ਝੱਲ ਕੇ ਹਿੰਦੋਸਤਾਨ ਦੀ ਰਾਜਧਾਨੀ ਉਦਾਲੇ ਘੇਰਾ-ਘੱਤੀ ਬੈਠੇ ਕਿਰਤੀਆਂ, ਕਿਸਾਨਾਂ, ਨੌਜਵਾਨਾਂ, ਮੁਟਿਆਰਾਂ, ਮਾਵਾਂ-ਭੈਣਾਂ ਲਈ ਜੋ ਆਪਣੇ ਖੇਤਾਂ ਅਤੇ ‘ਮਾਤਾ ਧਰਤਿ ਮਹਤੁ’ ਨਾਲ ਜੁੜੇ ਹਿੱਤਾਂ, ਚਾਵਾਂ, ਮਲਾਰਾਂ ਦੀ ਸੁਰੱਖਿਆ ਲਈ ਸੜਕਾਂ ’ਤੇ ਨੀਲੇ ਆਕਾਸ਼ ਦੀ ਛਤਰ-ਛਾਇਆ ਹੇਠ ਜੂਝ ਰਹੇ ਹਨ, ਉਨ੍ਹਾਂ ਸਾਰਿਆਂ ਲਈ ਤਾਂ ਇਸ ਸ਼ੁਭ ਦਿਨ ਦਾ ਮਹੱਤਵ ਅਤੇ ਮੁੱਲ ਹੋਰ ਵੀ ਵਧੇਰੇ ਸੀ। ਸਰਕਾਰ ਨਾਲ ਗੱਲਬਾਤ ਤੋਂ ਉਨ੍ਹਾਂ ਦੇ ਨੇਤਾਵਾਂ ਨੂੰ ਕੋਈ ਧਰਵਾਸ ਨਹੀਂ ਸੀ ਕਿ ਉਨ੍ਹਾਂ ਦੇ ਦਾਅਵਿਆਂ ਨੂੰ ਮੰਨ ਲਿਆ ਜਾਵੇਗਾ। ਉਨ੍ਹਾਂ ਦਾ ਜੋਸ਼ ਅਤੇ ਹਠ ਹੀ ਹੈ ਜੋ ਬਿਨਾਂ ਅਪੀਲ, ਦਲੀਲ ਅਤੇ ਨਿਆਂ ਦੇ ਕੀਤੇ ਜਾਂਦੇ ਅਨਿਆਂ ਵਿਰੁੱਧ ਬਾਹਰੀ ਹਥਿਆਰ ਹੈ। ਇਹ ਬਾਹਰੀ ਹਥਿਆਰ ਤਾਂ ਕਿਸੇ ਪਲ ਵੀ ਨਕਾਰਾ ਸਿੱਧ ਹੋ ਸਕਦਾ ਹੈ ਜੇ ਉਨ੍ਹਾਂ ਦੇ ਧੁਰ ਅੰਦਰੋਂ ਉੱਠ ਰਹੀ ਹੂਕ ‘‘ਬਾਬਾ ਨਾਨਕ ਭਲੀ ਕਰੇਗਾ’’ ਡੋਲਣ ਤੋਂ ਨਾ ਰੋਕਦੀ ਹੋਵੇ। ਅਨਿਆਂ ਅੱਗੇ ਹਾਰ ਮੰਨ ਕੇ ਬੇਪਤ ਹੋਣ ਨੂੰ ਗੁਰੂ ਨਾਨਕ ਘੋਰ ਅਨਿਆਂ ਸਮਝਦੇ ਸਨ। ਇਸ ਸਥਿਤੀ ਵਿਚ ਗੁਰੂ ਸਾਹਿਬ ਦਾ ਬਚਨ ‘‘ਜੇ ਜੀਵੈ ਪਤਿ ਲਥੀ ਜਾਇ’’ ਹਰੇਕ ਪ੍ਰਾਣੀ ਨੂੰ ਦ੍ਰਿੜ੍ਹ ਕਰਦਾ ਪ੍ਰਤੀਤ ਹੁੰਦਾ ਹੈ ਕਿ ਬੇਪਤ ਹੋ ਕੇ ਜਿਉਣ ਨਾਲੋਂ ਵੱਡਾ ਅਪਰਾਧ ਕੋਈ ਹੋਰ ਨਹੀਂ ਹੋ ਸਕਦਾ। ਗੁਰੂ ਨਾਨਕ ਦਾ ਇਹ ਬਚਨ ‘ਮਾਝ ਕੀ ਵਾਰ’ ਵਿਚ ਦਰਜ ਹੈ। ਮੁੱਖ ਤੌਰ ’ਤੇ ਇਹ ਵਾਰ ਸਲੋਕਾਂ ਦਾ ਸੰਗ੍ਰਹਿ ਹੈ। ਸਰਲ ਪਰ ਦਿਲ, ਦਿਮਾਗ਼ ਨੂੰ ਧੂਹ ਪਾਉਣ ਵਾਲੇ ਇਹ ਸਲੋਕ ਪੜ੍ਹਨ-ਸੁਣਨ ਵਾਲੇ ਦੇ ਦਿਲ ਦਿਮਾਗ਼ ’ਤੇ ਬੜਾ ਸਗਲ ਪ੍ਰਭਾਵ ਛੱਡਦੇ ਹਨ। ਜਿਸ ਸਲੋਕ ਵਿਚ ਉਪਰੋਕਤ ਬਚਨ ਆਉਂਦਾ ਹੈ, ਉਸ ਵਿਚ ਪਤਿ ਦਾ ਬੇਪਤਿ ਨਾਲ ਟਾਕਰਾ ਕੀਤਾ ਗਿਆ ਹੈ। ਪਤਿ ਉਸੇ ਪ੍ਰਾਣੀ ਦੇ ਹਿੱਸੇ ਆਉਂਦੀ ਹੈ ਜੋ ਕਾਦਰ ਦੀ ਰਜ਼ਾ ਵਿਚ ਰਹਿੰਦਾ ਹੈ। ਇਸ ਤੋਂ ਵਾਂਝਾ ਪ੍ਰਾਣੀ ਬੇਪਤੀ ਦੇ ਝਾਂਸੇ ਵਿਚ ਗ੍ਰਸਿਆ ਜਾਂਦਾ ਹੈ। ਭਿੰਨ ਪ੍ਰਕਾਰ ਦੇ ਝਾਂਸੇ ਤੇ ਭੁਲੇਖੇ ਉਸ ਨੂੰ ਖ਼ੁਦ ਦੀ ਸਾਰ ਲੈਣ ਤੋਂ ਰੋਕੀ ਰੱਖਦੇ ਹਨ। ‘‘ਰਾਜਿ ਰੰਗੁ ਮਾਲਿ ਰੰਗੁ।। ਰੰਗਿ ਰਤਾ ਨਚੈ ਨੰਗੁ।।’ ਭਾਵ ਚਾਰ ਤਰ੍ਹਾਂ ਦੇ ਭੁਲੇਖੇ ਹਨ ਜੋ ਪ੍ਰਾਣੀ ਨੂੰ ਝਾਂਸਿਆਂ ਅਤੇ ਭੁਲੇਖਿਆਂ ਵਿਚ ਘੇਰੀ ਰੱਖਦੇ ਹਨ।

ਕਾਵਿ ਅਤੇ ਰਾਗ ਨਾਲ ਗੜੁੱਤ ਇਨ੍ਹਾਂ ਚਾਰਾਂ ਦਾ ਭਾਵ ਰਾਜਸੀ ਤਾਕਤ ਦਾ ਗੁਮਾਨ, ਧਨਵਾਨ ਹੋਣ ਦੀ ਸ਼ਾਨ, ਪ੍ਰੇਮ ਪਿਆਰ ਦੀ ਫ਼ਿਤਰਤ ਅਤੇ ਕਾਮ-ਵਾਸਨਾ ਦੀ ਮਸਤੀ ਸਮਾਨ ਹੋ ਨਿਬੜਦਾ ਹੈ। ਇਨ੍ਹਾਂ ਵਿਚ ਗ਼ਲਤਾਨ ਹੋ ਜਾਣ ਨਾਲ ਜੋ ਨਿਰਲੱਜਤਾ ਪੱਲੇ ਪੈਂਦੀ ਹੈ ਉਹ ਤਿੰਨ ਪ੍ਰਕਾਰ ਦੇ ਭੁਲੇਖਿਆਂ ਦਾ ਵਾਹਨ ਬਣਦੀ ਹੈ। ਜਿਸ ਕਾਲ ਵਿਚ ਗੁਰੂ ਸਾਹਿਬ ਵਿਚਰੇ, ਉਸ ਵਿਚ ਇਨ੍ਹਾਂ ਨਿਰਲੱਜ ਤਰ੍ਹਾਂ ਦੇ ਭੁਲੇਖਿਆਂ ਦੀ ਬੜੀ ਨੰਗੀ ਚਿੱਟੀ ਭਰਮਾਰ ਸੀ। ਰਾਜਸੀ ਤਾਕਤ ਦਾ ਗੁਮਾਨ ਇਉਂ ਸਿਰ ਚੜ੍ਹ ਬੋਲਦਾ ਸੀ ਕਿ ਜੋ ਵੀ ਇਸ ਦਾ ਦਾਅਵੇਦਾਰ ਹੁੰਦਾ ਸੀ ਜਾਂ ਮੰਨਿਆ ਜਾਂਦਾ ਸੀ, ਉਹ ਖ਼ੁਦ ਨੂੰ ਖ਼ੁਦਾ ਵੱਲੋਂ ਥਾਪਿਆ ਮਹਿਸੂਸ ਕਰਨ ਲੱਗ ਪੈਂਦਾ ਸੀ। ਮਿਹਨਤ ਮੁਸ਼ੱਕਤ ਕਰਕੇ ਲੋਕ ਜੋ ਖੇਤੀਬਾੜੀ ਰਾਹੀਂ ਪੈਦਾ ਕਰਦੇ ਸਨ, ਉਸ ਦੀ ਵੰਡ ਖੁੱਲ੍ਹਮ-ਖੁੱਲ੍ਹਾ ਲੁੱਟ ਦੀ ਮੁਹਤਾਜ ਸੀ। ਨਤੀਜਾ ਸੀ ਝੂਠੀ ਚਮਕ ਦਮਕ ਜੋ ਭੋਗ ਵਿਲਾਸ ਲਈ ਉਤਸ਼ਾਹਿਤ ਕਰਦੀ ਸੀ। ਮਰਜ਼ੀ ਤੇ ਮਜਬੂਰੀ ਦੋਵਾਂ ਦੀ ਮਿਲੀਭੁਗਤ ਨਰਾਂ ਅਤੇ ਨਾਰੀਆਂ ਨੂੰ ਇਸੇ ਵਹਾਅ ਵਿਚ ਵਹਾਉਣਾ ਲੋੜਦੀ ਸੀ। ਉਤਲੇ ਵਰਗਾਂ ਦੇ ਰਹਿਣ-ਸਹਿਣ ਦਾ ਇਹ ਪਰਤੱਖ ਪ੍ਰਮਾਣ ਸੀ ਜਿਸ ਦੀ ਚਮਕ ਦਮਕ ਨਿਚਲੇ ਵਰਗਾਂ ਦੀ ਦਿਨ-ਕਟੀ ਨੂੰ ਲੋਪ ਰੱਖੇ ਹੋਏ ਸੀ।

ਇਨ੍ਹਾਂ ਚੌਂਹਾਂ ਤਰ੍ਹਾਂ ਦੀਆਂ ਨਿਰਲੱਜਤਾਵਾਂ ਦੀ ਨਿਸ਼ਾਨਦੇਹੀ ਗੁਰੂ ਨਾਨਕ ਨੇ ਬੜੇ ਸੰਕੋਚ ਨਾਲ ਕੀਤੀ ਹੈ। ਜਿਸ ਗਹਿਰਾਈ ਵਿਚ ਜਾ ਕੇ ਉਨ੍ਹਾਂ ਇਹ ਕਾਰਜ ਕੀਤਾ ਹੈ, ਉਹ ਪੜ੍ਹਨ-ਸੁਣਨ ਵਾਲਿਆਂ ਦੀਆਂ ਨਿਗਾਹਾਂ ਅੱਗੇ ਅਨੇਕ ਦ੍ਰਿਸ਼ ਛੱਡ ਜਾਂਦੀ ਹੈ। ਇਉਂ ਲੱਗਣ ਲੱਗਦਾ ਹੈ ਜਿਵੇਂ ਦੁਰਲੱਭ ਰੂਪ ਵਿਚ ਏਕਤਾ ਦੇ ਪਿਛੋਕੜ ਵਿਚ ਅਨੇਕਤਾ ਆ ਸਮਾਈ ਹੈ। ਇਨ੍ਹਾਂ ਦੀਆਂ ਵਿਰਲਾਂ ਵਿਚੋਂ ਅਣਗਿਣਤ ਦ੍ਰਿਸ਼ ਝਾਤੀਆਂ ਮਾਰਦੇ ਪ੍ਰਤੀਤ ਹੋਣ ਲੱਗ ਪੈਂਦੇ ਹਨ। ਇਹ ਤਾਂ ਪੜ੍ਹਨ-ਸੁਣਨ ਵਾਲੇ ਦੇ ਤਸੱਵਰ ’ਤੇ ਨਿਰਭਰ ਕਰਦਾ ਹੈ ਕਿ ਉਸ ਨੇ ਇਸ ਅਨੇਕਤਾ ਦੇ ਕਿਹੋ ਜਿਹੇ ਹੱਦ ਬੰਨੇ ਮਿਥਣੇ ਹਨ। ਉਂਜ ਤਾਂ ਇਨ੍ਹਾਂ ਦਾ ਵਾਸਤਾ ਜਾਗੀਰਦਾਰੀ ਕਾਲ ਨਾਲ ਸੀ। ਖੇਤੀਬਾੜੀ ਜੀਵਕਾ ਦਾ ਮੁੱਖ ਸਾਧਨ ਸੀ। ਧਰਮਾਂ, ਜਾਤਾਂ, ਗੋਤਾਂ ਵਿਚਲੀ ਵੰਡ, ਸਤਹੀ ਜੋੜ ਨੂੰ ਗਹਿਰੇ ਅਣਜੋੜ ਦਾ ਭਾਗੀ ਬਣਾਏ ਹੋਏ ਸੀ। ਹਰੇਕ ਕਾਰਜ ਨੂੰ ਅਸਲ ਮੰਨਣ ਦੀ ਥਾਂ ਦੈਵੀ ਮੰਨਣ ਦੀ ਰੁਚੀ ਪ੍ਰਚਲਿਤ ਸੀ। ਇਹ ਅਜਿਹਾ ਵਰਤਾਰਾ ਸੀ ਜਿਸ ਦਾ ਬਦਲ ਨਾ ਪਾਰਬ੍ਰਹਮ ਅਤੇ ਨਾ ਹੀ ਇਤਿਹਾਸ ਦੇ ਕੋਲ ਸੀ। ਸਭ ਕੁਝ ਨੂੰ ਅਟੱਲ ਮੰਨ ਲਿਆ ਜਾਂਦਾ ਸੀ ਜੋ ਮੂਲ ਰੂਪ ਵਿਚ ਭਾਗਵਾਦੀ ਵਰਤਾਰਾ ਸੀ। ਇਸ ਦੇ ਵਿਰੁੱਧ ਖਿਲਰੇ ਵਿਚਾਰ ਭਾਵ ਤਾਂ ਸੁਣਾਈ ਦਿੰਦੇ ਸਨ, ਪਰ ਸਗਵੇਂ ਰੂਪ ਵਿਚ ਕਿਸੇ ਮੌਲਿਕ, ਜੀਵਨ-ਅਨੁਭਵ ਦੀ ਪੇਸ਼ਕਾਰੀ ਨਹੀਂ ਸੀ।

ਇਸ ਤਰ੍ਹਾਂ ਦੀ ਭਾਗਵਾਦੀ ਪਹੁੰਚ ਵਿਰੁੱਧ ਜਿਵੇਂ ਗੁਰੂ ਨਾਨਕ ਨੇ ਆਵਾਜ਼ ਉਠਾਈ, ਉਹ ਮੌਲਿਕ ਹੀ ਨਹੀਂ ਮੁੱਲਵਾਨ ਵੀ ਸੀ। ਪ੍ਰਾਣੀ ਨੂੰ ਜੋ ਜੀਵਨ ਦਾਤ ਮਿਲਦੀ ਹੈ, ਉਸ ਲਈ ਉਹ ਕਾਦਰ ਦਾ ਧੰਨਵਾਦੀ ਹੋਵੇ ਜਾਂ ਕਿਸੇ ਜੀਵ ਦਾ ਜੋ ਉਸ ਨੂੰ ਕੋਈ ਵਸਤ ਮੁਹੱਈਆ ਕਰਦਾ ਹੈ। ਅਜਬ ਗੱਲ ਇਹ ਸੀ ਕਿ ਉਹ ਦਾਤਾ ਨਾਲੋਂ ਦਾਤ ਨੂੰ ਤਰਜੀਹ ਦੇਣ ਲੱਗ ਪਿਆ ਹੈ। ਇਹ ਅਵੱਗਿਆ ਹੈ ਜਿਸ ਦੀ ਬੜੀ ਹੀ ਜਟਿਲ ਪਛਾਣ ‘ਮਾਝ ਕੀ ਰਾਗ’ ਵਿਚ ਮਿਲਦੇ ਇਸ ਸਲੋਕ ਵਿਚ ਪੇਸ਼ ਹੈ:

ਦੇਂਦੇ ਥਾਵਹੁ ਦਿਤਾ ਚੰਗਾ ਮਨਮੁਖਿ ਐਸਾ ਜਾਣੀਐ।।

ਸੁਰਤਿ ਮਤਿ ਚਤੁਰਾਈ ਤਾ ਕੀ ਕਿਆ ਕਰ ਆਖਿ ਵਖਾਣੀਐ।।

ਅੰਤਰਿ ਬਹਿ ਕੈ ਕਰਮ ਕਮਾਵੈ ਜੋ ਚਹੁ ਕੁੰਡੀ ਜਾਣੀਐ।।

ਜੋ ਧਰਮੁ ਕਮਾਵੈ ਤਿਸੁ ਧਰਮੁ ਨਾਉ ਹੋਵੈ ਪਾਪਿ ਕਮਾਣੈ ਪਾਪੀ ਜਾਣੀਐ।।

ਸਰਲ ਰੂਪ ਵਿਚ ਇਸ ਸਲੋਕ ਦਾ ਭਾਵਾਰਥ ਇਹ ਹੋ ਨਿੱਬੜਦਾ ਹੈ ਕਿ ਖ਼ੁਦ ਨੂੰ ਕੁੱਲ ਪ੍ਰਾਪਤੀ ਦਾ ਅਧਿਕਾਰੀ ਸਮਝਣ ਵਾਲਾ ਪ੍ਰਾਣੀ ਦਾਤਾ ਨਾਲੋਂ ਦਾਤ ਨੂੰ ਤਰਜੀਹ ਦੇਣ ਲੱਗ ਪੈਂਦਾ ਹੈ। ਦਾਤਾ, ਜਿਸ ਦੀ ਉਸ ’ਤੇ ਮਿਹਰ ਹੁੰਦੀ ਹੈ, ਉਸ ਦਾ ਸ਼ੁਕਰਗੁਜ਼ਾਰ ਹੋਣ ਦੀ ਥਾਂ ਉਹ ਉਸ ਜੀਵ ਨੂੰ ਸਲਾਹੁਣ ਲੱਗ ਪੈਂਦਾ ਹੈ ਜਿਸ ਤੋਂ ਉਸ ਨੂੰ ਲੋੜੀਂਦੀ ਵਸਤ ਪ੍ਰਾਪਤ ਹੁੰਦੀ ਹੈ। ਇਸ ਪ੍ਰਕਾਰ ਸਮੱਗਰੀ ਹੀ ਉਸ ਲਈ ਸਭ ਕੁਝ ਹੋ ਨਿੱਬੜਦੀ ਹੈ। ਸੱਚ ਨੂੰ ਵਿਸਾਰ ਕੇ ਉਹ ਇਸ ਤੱਥ ਦਾ ਅਨੁਯਾਈ ਬਣ ਜਾਂਦਾ ਹੈ ਕਿ ਲੋੜ-ਪੂਰਤੀ ਹੀ ਜੀਵਨ ਦਾ ਸਾਰ ਹੈ। ਫਲਸਰੂਪ ਉਸ ਦਾ ਜੀਵਨ ਲੋੜਾਂ ਦੀਆਂ ਘੁੰਮਣ-ਘੇਰੀਆਂ ਵਿਚ ਗੁੰਮ ਹੋ ਕੇ ਰਹਿ ਜਾਂਦਾ ਹੈ।

ਵੀਹਵੀਂ ਸਦੀ ਦੇ ਆਰੰਭ ਵਿਚ ਯੂਰਪੀ ਦੇਸ਼ਾਂ ਖ਼ਾਸ ਕਰਕੇ ਜਰਮਨੀ ਵਿਚ ਇਸ ਦੁਬਿਧਾ ’ਤੇ ਬਹੁਤ ਖਹੁਜਲਿਆ ਗਿਆ ਸੀ। ਇਹ ਮੰਨ ਲਿਆ ਗਿਆ ਕਿ ਇਹ ਰੁਚੀ ਐਨੀ ਵਿਆਪਕ ਹੋ ਗੁਜ਼ਰੀ ਸੀ ਕਿ ਇਸ ਨੂੰ ਕੋਈ ਬੁਨਿਆਦੀ ਮੋੜ ਨਹੀਂ ਸੀ ਦਿੱਤਾ ਜਾ ਸਕਦਾ। ਇਸ ਦੇ ਵਿਨਾਸ਼ਕਾਰੀ ਰੁਝਾਨ ਨੂੰ ਘਟਾਇਆ ਜ਼ਰੂਰ ਜਾ ਸਕਦਾ ਸੀ। ਪਹਿਲਾਂ ਤੋਂ ਪ੍ਰਚਲਿਤ ਭਾਗਵਾਦੀ ਸੋਚ ਵਿਚ ਸਹਿੰਦਾ ਸਹਿੰਦਾ ਬਦਲ ਲਿਆਉਣ ਦੀ ਲੋੜ ਨੂੰ ਜ਼ਰੂਰੀ ਮੰਨਿਆ ਗਿਆ। ਅਸਚਰਜ ਗੱਲ ਇਹ ਹੈ ਕਿ ਗੁਰੂ ਨਾਨਕ ਨੇ ਇਸ ਅਮਲ ਨੂੰ ਨਵੇਂ ਸਰੂਪ ਵਿਚ ਘੜਨ ’ਤੇ ਜ਼ੋਰ ਦਿੱਤਾ ਸੀ। ਲਕੀਰੀ ਸੂਤਰ ਵਿਚ ਆਪਣੀ ਧਾਰਨਾ ਨੂੰ ਪੇਸ਼ ਕਰਨ ਨੂੰ ਉਨ੍ਹਾਂ ਕਾਫ਼ੀ ਨਹੀਂ ਸੀ ਸਮਝਿਆ।

ਕਮਾਲ ਦੀ ਗੱਲ ਹੈ ਕਿ ਆਪਣਾ ਮੁੱਲਵਾਨ ਵਿਚਾਰ ਸੂਤਰ ਦੇ ਰੂਪ ਵਿਚ ਪੇਸ਼ ਕਰਕੇ, ਗੁਰੂ ਨਾਨਕ ਸੰਤੋਖ ਨਹੀਂ ਕਰ ਲੈਂਦੇ। ਭਲੀਭਾਂਤ ਹੀ ਉਨ੍ਹਾਂ ਨੂੰ ਅਹਿਸਾਸ ਹੈ ਕਿ ਇਸ ਕਰਤੱਵ ਨੂੰ ਸਾਕਾਰ ਕਰਨ ਖ਼ਾਤਰ ਸਰੀਰਕ ਅੰਗਾਂ ਅਤੇ ਇੰਦਰੀਆਂ ਭਾਵ ਅੱਖਾਂ, ਕੰਨਾਂ, ਪੈਰਾਂ, ਹੱਥਾਂ, ਜੀਭ ਆਦਿ ਦੀ ਵਰਤੋਂ ਅਨਿਵਾਰੀ ਹੈ। ਇਨ੍ਹਾਂ ਦੀ ਵਰਤੋਂ ਤੋਂ ਬਿਨਾਂ ਕੋਈ ਕਾਰਜ ਨੇਪਰੇ ਨਹੀਂ ਚੜ੍ਹ ਸਕਦਾ। ਪਹਿਲੇ ਸਮਿਆਂ ਦੇ ਪਰਤੱਖਣ ਸਿਧਾਂਤ ਅਤੇ ਅਜੋਕੇ ਚਿੰਨ੍ਹਵਾਦ ਅਨੁਸਾਰ ਇਨ੍ਹਾਂ ਅੰਗਾਂ ਅਤੇ ਇੰਦਰੀਆਂ ਦੇ ਕਾਰਜ ਵਿਚ ਬਾਰੀਕੀ ਆ ਸਮਾਈ ਹੈ। ਐਨਕਾਂ, ਸੁਣਨ ਵਿਚ ਸਹਾਈ ਹੁੰਦੀਆਂ ਘਾੜਤਾਂ ਆਦਿ ਨੇ ਇਸ ਦਿਸ਼ਾ ਵਿਚ ਸਲਾਹੁਣਯੋਗ ਕਰਤੱਵ ਨਿਭਾਇਆ ਹੈ। ਵਾਸਤਵ ਵਿਚ ਉਨ੍ਹਾਂ ਦਾ ਕਰਤੱਵ ਗੁਣ ਦਾ ਨਹੀਂ, ਗਿਣਤੀ ਦਾ ਹੈ। ਸਨਅਤੀਕਰਨ, ਸ਼ਹਿਰੀਕਰਨ, ਮਸ਼ੀਨੀਕਰਨ ਆਦਿ ਨੇ ਉਨ੍ਹਾਂ ਦੀ ਸਮਰੱਥਾ ਵਿਚ ਤਬਦੀਲੀ ਦੇ ਨਾਲ ਖਲਲ ਵੀ ਪਾਇਆ ਹੈ। ਉਦਾਹਰਣ ਵਜੋਂ ਪਹਿਲਿਆਂ ਸਮਿਆਂ ਵਿਚ ਜੋ ਕਾਰਜ ਕੰਨ ਸਹਿਜੇ ਹੀ ਕਰ ਦਿੰਦੇ ਸਨ, ਹੁਣ ਭੀੜਾਂ ਵਿਚ ਉਹ ਵੀ ਅੱਖਾਂ ਨੂੰ ਕਰਨਾ ਪੈਂਦਾ ਹੈ। ਵੱਖ ਵੱਖ ਅੰਗਾਂ ਅਤੇ ਇੰਦਰੀਆਂ ਦਾ ਕਾਰਜ ਖੇਤਰ ਰਲਗੱਡ ਹੁੰਦਾ ਜਾਂਦਾ ਹੈ। ਦੇਖਣ, ਸੁਣਨ, ਛੂਹਣ, ਚੱਖਣ ਆਦਿ ਦੇ ਅਮਲਾਂ ਦੀ ਉਹ ਪੈਂਠ ਨਹੀਂ ਰਹੀ ਜਿਸ ਦੀ ਰੂਪ-ਰੇਖਾ ਬਣੀ ਆਈ ਸੀ।

ਗੁਰੂ ਨਾਨਕ ਦੀ ਧਾਰਨਾ ਹੈ ਕਿ ਸਰੀਰਕ ਅੰਗਾਂ ਅਤੇ ਇੰਦਰੀਆਂ ਦੇ ਕਾਰਜ ਵਿਚ ਵਿਗਾੜ ਅਵੱਸ਼ ਹੀ ਆਇਆ ਹੈ। ਇਕ ਹੋਰ ਸ਼ਲੋਕ ਵਿਚ ਉਹ ਇਸ ਵਿਗਾੜ ਦੀ ਨਿਸ਼ਾਨਦੇਹੀ ਇਸ ਪ੍ਰਕਾਰ ਕਰਦੇ ਹਨ:

ਅਖੀ ਬਾਝਹੁ ਵੇਖਣਾ ਵਿਣੁ ਕੰਨਾ ਸੁਣਨਾ।।

ਪੈਰਾ ਬਾਝਹੁ ਚਲਣਾ ਵਿਣੁ ਹਥਾ ਕਰਣਾ।।

ਜੀਭੈ ਬਾਝਹੁ ਬੋਲਣਾਇਉ ਜੀਵਤ ਮਰਣਾ।।

ਨਾਨਕ ਹੁਕਮੁ ਪਛਾਣਿ ਕੈ ਤਉ ਖਸਮੈ ਮਿਲਣਾ।।

ਉਨ੍ਹਾਂ ਦੀ ਨਸੀਹਤ ਇਹ ਨਹੀਂ ਕਿ ਪ੍ਰਾਣੀ ਆਪਣੇ ਅੰਗਾਂ ਅਤੇ ਇੰਦਰੀਆਂ ਨੂੰ ਅਜਿਹੀਆਂ ਘਾੜਤਾਂ ਨਾਲ ਲਾਮਬੰਦ ਕਰ ਲਵੇ ਜੋ ਖਲਲ ਦੇ ਭਾਗੀ ਹੋਇਆਂ/ਹੋਈਆਂ ਨੂੰ ਬਾਹਰੀ ਸਮਰੱਥਾ ਪ੍ਰਦਾਨ ਕਰ ਦੇਵੇ। ਲੋੜ ਹੈ ਹਰੇਕ ਦ੍ਰਿਸ਼ ਵਿਚ ਦਾਤਾ ਵੱਲੋਂ ਵਰੋਸਾਈ ਜਾਂਦੀ ਕਿਰਪਾ ਨੂੰ ਸ੍ਰਿਸ਼ਟੀ ਦੇ ਕਣ ਕਣ ਵਿਚ ਨਿਹਾਰਨਾ, ਇਸ ਦੇ ਅਨਹਦ ਰਾਗ ਨੂੰ ਸੁਣਨਾ, ਹੱਥਾਂ ਅਤੇ ਪੈਰਾਂ ਨੂੰ ਖ਼ੁਦ ਦੀਆਂ ਲਾਲਸਾਵਾਂ ਦੀ ਪੂਰਤੀ ਦੀ ਥਾਂ, ਮਾਨਵਤਾ ਦੇ ਭਲੇ ਲਈ ਹਰਕਤ ਵਿਚ ਲਿਆਉਣਾ, ਜੋ ਉਚਰਣਾ ਉਸ ਦਾ ਲੋਕ-ਭਲਾਈ ਹੀ ਮੰਤਵ ਹੋਣਾ, ਅਜਿਹਾ ਕਰਕੇ ਕੁਝ ਅੰਗਾਂ ਅਤੇ ਇੰਦਰੀਆਂ ਨੂੰ ਕਾਦਰ ਦਾ ਹੁਕਮ ਪਛਾਣਨ ਅਤੇ ਉਸ ਨਾਲ ਮੇਲ ਮਿਲਾਪ ਉਤਪੰਨ ਕਰਨ ਲਈ ਵਰਤਣਾ। ਇਸ ਪ੍ਰਸੰਗ ਵਿਚ ਗੁਰੂ ਨਾਨਕ ਦਾ ਇਹ ਸ਼ਲੋਕ ਖ਼ਾਸ ਧਿਆਨ ਦੀ ਮੰਗ ਕਰਦਾ ਹੈ:

ਦਿਸੈ ਸੁਣੀਐ ਜਾਣੀਐ ਸਾਉ ਨ ਪਾਇਆ ਜਾਇ।।

ਰੁਹਲਾ ਟੁੰਡਾ ਅੰਧੁਲਾ ਕਿਉ ਗਲਿ ਲਗੈ ਧਾਇ।।

ਭੈ ਕੇ ਚਰਣਕਰ ਭਾਵ ਕੇਲੋਇਣ ਸੁਰਤਿ ਕਰੇਇ।।

ਨਾਨਕੁ ਕਹੈ ਸਿਆਣੀਏ ਇਵ ਕੰਤ ਮਿਲਾਵਾ ਹੋਇ।।

ਇਸ ਸਲੋਕ ਦਾ ਭਾਵ ਇਹ ਹੈ ਕਿ ਅੰਗਾਂ ਅਤੇ ਇੰਦਰੀਆਂ ਦੀ ਖ਼ੂਬੀ ਸਰੀਰਕ ਵਿਗਿਆਨ ਆਦਿ ਦੀਆਂ ਖੋਜਾਂ ਤੱਕ ਸੀਮਤ ਕਰਨਾ ਯੋਗ ਨਹੀਂ। ਅਜਿਹਾ ਕਰਨ ਨਾਲ ਉਨ੍ਹਾਂ ਦੇ ਹੱਡ ਮਾਸ ਤੋਂ ਪ੍ਰਾਪਤ ਹੋਣ ਵਾਲੀਆਂ ਸਰਗਰਮੀਆਂ ਨੂੰ ਉਤਸ਼ਾਹ ਜ਼ਰੂਰ ਮਿਲ ਜਾਂਦਾ ਹੈ। ਨਤੀਜੇ ਵਜੋਂ ਇਨ੍ਹਾਂ ਖੇਤਰਾਂ ਵਿਚ ਨੇਪਰੇ ਚੜ੍ਹਦੀਆਂ ਖੋਜਾਂ ਅੰਗਾਂ ਅਤੇ ਇੰਦਰੀਆਂ ਨੂੰ ਆਪਣੇ ਵਸ ਵਿਚ ਕਰ ਲੈਂਦੀਆਂ ਹਨ। ਗੁਰੂ ਨਾਨਕ ਦੀ ਨਜ਼ਰ ਵਿਚ ਬੌਧਿਕ, ਭਾਵੁਕ ਅਤੇ ਕਾਲਪਨਿਕ ਸਮਰੱਥਾਵਾਂ ਦਾ ਪ੍ਰਫੁੱਲਤ ਹੋਣਾ ਜ਼ਰੂਰੀ ਹੈ। ਤਦ ਹੀ ਉਹ ਭਾਵਨਾਵਾਂ ਜੋ ਭੌਤਿਕਤਾ ਤੋਂ ਪਾਰ ਵਿਚਰਦੀਆਂ ਹਨ ਮਾਨਵੀ ਅਨੁਭਵ ਅਤੇ ਤਸੱਵਰ ਦਾ ਅੰਗ ਬਣ ਸਕਦੀਆਂ ਹਨ। ਅਜੋਕੇ ਸੰਦਰਭ ਵਿਚ ਕਿਹਾ ਜਾ ਸਕਦਾ ਹੈ ਕਿ ਮਾਨਵੀ ਭਾਵ ਦੀ ਪ੍ਰਭੂਸੱਤਾ ਹੈ ਜਿਸ ਦਾ ਗੁਰੂ ਸਾਹਿਬ ਪੱਖ ਪੂਰਦੇ ਹਨ।

ਦੇਸ਼ ਦੀ ਰਾਜਧਾਨੀ ਦੀਆਂ ਬਰੂਹਾਂ ਵਿਚ ਧਰਨੇ ਲਾਈ ਬੈਠੇ ਕਿਰਤੀ ਕਿਰਸਾਣ, ਉਨ੍ਹਾਂ ਦੇ ਪੱਖ ਵਿਚ ਨਿੱਤਰੇ ਬਾਕੀ ਕਿੱਤਾਕਾਰ, ਵਿਦਿਆਰਥੀ, ਵਿਦਿਆਰਥਣਾਂ ਸਮੇਤ ਸਹਿਮਤੀ ਦਰਸਾਉਣ ਵਾਲੇ ਹੋਰਾਂ ਸੂਬਿਆਂ ਦੇ ਵਾਸੀ, ਸਭ ਮਾਨਵੀ ਭਾਵ ਦੀ ਪ੍ਰਭੂਸੱਤਾ ਦੇ ਅਧਿਕਾਰੀ ਹੋਣ ਦਾ ਦਾਅਵਾ ਕਰ ਰਹੇ ਹਨ। ਵਿਦੇਸ਼ਾਂ ਵਿਚ ਉਨ੍ਹਾਂ ਦਾ ਪੱਖ ਪੂਰਨ ਵਾਲੀਆਂ ਧਿਰਾਂ ਸਦਕਾ ਉਨ੍ਹਾਂ ਦਾ ਬਾਹਰੀ ਮਨੋਬਲ ਵਧਦਾ ਜਾ ਰਿਹਾ ਹੈ। ਗੁਰੂ ਨਾਨਕ ਦਾ ਕਿਰਤ ਕਰਨ, ਵੰਡ ਛਕਣ ਅਤੇ ਨਾਮ ਜਪਣ ਦਾ ਸੰਦੇਸ਼, ਵੇਲੇ ਦੇ ਜ਼ੁਲਮ ਜਬਰ ਵਿਰੱਧ ਉਨ੍ਹਾਂ ਦੀ ਨਿਡਰ ਆਵਾਜ਼, ਆਪਣੇ ਯੁੱਗ ਤੋਂ ਕਿਤੇ ਪਾਰ ਜਾਂਦੇ ਉਨ੍ਹਾਂ ਦੇ ਕਥਨ, ਅੰਦਰੋਂ ਸਭ ਦਾ ਮਨੋਬਲ ਪ੍ਰਬਲ ਹੀ ਨਹੀਂ ਬਲਵਾਨ ਵੀ ਕਰ ਰਹੇ ਹਨ। ਆਰੰਭ ਵਿਚ ਕੀਤੀ ਕਾਮਨਾ ‘‘ਬਾਬਾ ਨਾਨਕ ਭਲੀ ਕਰੇਗਾ’’ ਨਿਸਚੇ ਵਿਚ ਬਦਲਦੀ ਜਾਂਦੀ ਹੈ।

ਆਪਣੇ ਖੇਤਾਂ ਦੀ ਸੁਰੱਖਿਆ ਨੂੰ ਨਿਸ਼ਚਿਤ ਕਰਕੇ ਜਦ ਉਹ ਸਾਰੇ ਆਪਣੇ ਸੂਬਿਆਂ ਨੂੰ ਵਾਪਸ ਜਾਣਗੇ ਤਾਂ ਗੁਰੂ ਨਾਨਕ ਦੀ ਸਿੱਖਿਆ ਦੇ ਇਕ ਹੋਰ ਪੱਖ ਵੱਲ ਖ਼ਾਸ ਸਗੋਂ ਜ਼ਰੂਰੀ ਧਿਆਨ ਦੇਣਾ ਹੋਵੇਗਾ। ਹੁਣ ਵਾਂਗ ਉਦੋਂ ਵੀ ਪੰਜਾਬ ਦੇ ਵਾਸੀਆਂ ਨੂੰ ਪਹਿਲ ਹੀ ਨਹੀਂ ਅਗਵਾਈ ਕਰਨੀ ਹੋਵੇਗੀ। ਇਹ ਹੈ ਪਵਨ, ਪਾਣੀ ਅਤੇ ਧਰਤਿ ਦੀ ਨਿਰਮਲਤਾ ਜਿਸ ਵੱਲ ‘‘ਪਵਣੁ ਗੁਰੂ ਪਾਣੀ ਪਿਤਾ ਮਾਤਾ ਧਰਤਿ ਮਹਤੁ’’ ਦੇ ਵਡਮੁੱਲੇ ਉਚਾਰ ਰਾਹੀਂ ਇਨ੍ਹਾਂ ਦਾ ਅਤੇ ਇਨ੍ਹਾਂ ਰਾਹੀਂ ਪ੍ਰਕਿਰਤੀ ਅਤੇ ਵਾਤਾਵਰਨ ਦੀ ਪਾਵਨਤਾ ਦਾ ਪੱਖ ਪੂਰਿਆ ਸੀ। ਆਸ ਕੀਤੀ ਜਾ ਸਕਦੀ ਹੈ ਵਿਹੂਣਾ ਹੋ ਜਾਣ ਦੇ ਜਿਸ ਭੈਅ ਕਾਰਨ ਪੰਜਾਬ ਵਾਸੀਆਂ ਨੂੰ ਨਿਰਭੈ ਅਤੇ ਨਿਰਭਉ ਹੋ ਕੇ ਡਟਣਾ ਪਿਆ ਉਸ ਤੋਂ ਪਾਰ ਦੀ ਚੁਣੌਤੀ ਵੀ ਉਨ੍ਹਾਂ ਦਾ ਪ੍ਰੇਰਨਾ ਸ੍ਰੋਤ ਬਣੇਗੀ। ਪਤਿ ਲਥੀ ਜਾਣ ਦੇ ਭੈਅ ਤੋਂ ਪਾਰ ਦੀ ਇਹ ਗੱਲ ਹੈ।

Leave a Reply

Your email address will not be published. Required fields are marked *