ਰਾਜਾ ਤੇ ਉਸ ਦਾ ਰਾਜ ਧਰਮ

ਰਾਜੇਸ਼ ਸ਼ਰਮਾ*

ਮਹਾਂਭਾਰਤ ਦਾ ਸ਼ਾਂਤੀ ਪਰਵ। ਯੁੱਧ ਸੰਪੰਨ ਹੋ ਚੁੱਕਾ ਹੈ। ਯੁਧਿਸ਼ਟਰ ਦਾ ਮਨ ਉਦਾਸ ਅਤੇ ਉਚਾਟ ਹੈ। ਇੰਨੀ ਤਬਾਹੀ ਦੇਖਣ ਤੋਂ ਬਾਅਦ ਉਹ ਰਾਜਭਾਗ ਦਾ ਸੁੱਖ     ਨਹੀਂ ਭੋਗਣਾ ਚਾਹੁੰਦਾ। ਵਿਦਵਾਨ, ਵਡੇਰੇ, ਮਿੱਤਰ ਅਤੇ ਪਤਨੀ ਉਸ ਨੂੰ ਆਪਣੀ ਜ਼ਿੰਮੇਵਾਰੀ ਨਿਭਾਉਣ ਲਈ ਕਹਿੰਦੇ ਹਨ। ਉਸ ਨੂੰ ਸਮਝਾਉਂਦੇ ਹਨ। ਉਹ ਮੰਨ       ਜਾਂਦਾ ਹੈ।

ਹੁਣ ਭੀਸ਼ਮ ਪਿਤਾਮਾ ਉਸ ਦੀ ਬੇਨਤੀ ਕਬੂਲ ਕਰਦੇ ਹੋਏ ਉਸਨੂੰ ਰਾਜ ਧਰਮ ਦੀ ਸਿੱਖਿਆ ਦਿੰਦੇ ਹਨ। ਧਰਮ-ਰਾਜ ਯੁਧਿਸ਼ਟਰ ਨੂੰ ਵੀ ਰਾਜ ਧਰਮ ਦੀ ਸਿੱਖਿਆ ਦੀ ਲੋੜ ਹੈ।

ਪਿਤਾਮਾ ਕੁਲ ਦੇ ਸਭ ਤੋਂ ਸਤਿਕਾਰਤ ਅਤੇ ਬਿਰਧ ਪੁਰਖ ਹਨ। ਬਿਰਧ, ਜਿਸ ਦਾ ਗਿਆਨ ਸਮਾਂ ਬੀਤਣ ਨਾਲ ਵਧਿਆ-ਫੁੱਲਿਆ ਹੈ। ਲੰਮੀ ਉਮਰ ਭੋਗ ਕੇ ਪਿਤਾਮਾ ਮੌਤ ਨੂੰ ਉਡੀਕ ਰਹੇ ਹਨ। ਉਹ ਆਪਣੀ ਮੌਤ ਦੀ ਘੜੀ ਇੱਛਾ ਅਨੁਸਾਰ ਤੈਅ ਕਰ ਸਕਦੇ ਹਨ।

ਮੌਤ ਦੀ ਨੇੜਤਾ ਬੁੱਧੀ ਨੂੰ ਹੋਰ ਰੁਸ਼ਨਾਉਂਦੀ ਹੈ। ਸੱਚ ਦੇਖਣ, ਸਮਝਣ ਅਤੇ ਕਹਿਣ ਦਾ ਹੋਰ ਬਲ ਬਖ਼ਸ਼ਦੀ ਹੈ। ਭੀਸ਼ਮ ਪਿਤਾਮਾ ਨੇ ਰਾਜਕਾਲ ਨੂੰ ਅੰਦਰੋਂ, ਪਰ ਦੂਰ ਰਹਿ ਕੇ ਦੇਖਿਆ-ਜਾਂਚਿਆ ਹੈ। ਕਈ ਰਾਜਿਆਂ ਨੂੰ ਆਪਣਾ ਧਰਮ ਨਿਭਾਉਂਦੇ ਅਤੇ ਕਈਆਂ ਨੂੰ ਉਸ ਨਾਲ ਧ੍ਰੋਹ ਕਰਦੇ ਦੇਖਿਆ ਹੈ।

ਧਰਮ ਕੀ ਹੈ? ਸ਼ਾਂਤੀ-ਪਰਵ ਵਿਚ ਕਿਹਾ ਹੈ: ਜੋ ਸਭ ਜੀਵਾਂ ਨੂੰ ਧਾਰਣ ਕਰਦਾ ਅਤੇ ਉਨ੍ਹਾਂ ਦਾ ਪੋਸ਼ਣ ਕਰਦਾ, ਮਨੁੱਖ ਨੂੰ ਮਨੁੱਖਤਾ ਤੋਂ ਹੇਠਾਂ ਡਿੱਗਣ ਤੋਂ ਬਚਾਉਂਦਾ ਹੈ ਅਤੇ ਜੀਵਾਂ ਦੀ ਬੇਲੋੜੀ ਹਿੰਸਾ ਤੋਂ ਰੱਖਿਆ ਕਰਦਾ ਹੈ।

ਭੀਸ਼ਮ ਅਨੁਸਾਰ ਰਾਜਾ ਸਾਰੇ ਜੀਵ-ਜਗਤ ਦਾ ਧੁਰਾ ਹੈ ਕਿਉਂਕਿ ਉਸ ਦੁਆਰਾ ਰਾਜ ਧਰਮ ਦੀ ਪਾਲਣਾ ਉੱਪਰ ਸਾਰੇ ਜੀਵ ਜਗਤ ਦਾ ਕਾਰਜ-ਵਿਹਾਰ ਨਿਰਭਰ ਹੈ। ਪਿਤਾਮਾ ਰਾਜ ਨੂੰ ਇੱਕ ‘ਵਿਸ਼ਾਲ ਤੰਤਰ’ ਕਹਿੰਦੇ ਹਨ। ਇਸ ਤੰਤਰ ਨੂੰ ਸੰਭਾਲਣ ਲਈ ਜ਼ਰੂਰੀ ਹੈ ਕਿ ਰਾਜੇ ਦਾ ਆਪਣੇ ਮਨ ਉੱਪਰ ਪੂਰਾ ਕਾਬੂ ਹੋਵੇ। ਉਹ ਲਾਲਚ, ਈਰਖਾ, ਕ੍ਰੋਧ, ਪੱਖਪਾਤ ਤੋਂ ਉੱਪਰ ਹੋਵੇ। ਉਸ ਦੇ ਵਿਹਾਰ ਵਿਚ ਕਠੋਰਤਾ ਹੋਣੀ ਜ਼ਰੂਰੀ ਹੈ, ਪਰ ਕੋਮਲਤਾ ਹੋਣੀ ਵੀ ਓਨੀ ਹੀ ਜ਼ਰੂਰੀ ਹੈ। ਮਹਾਂਕਵੀ ਵਿਆਸ ਅਜਿਹੇ ਰਾਜੇ ਦੀ ਤੁਲਨਾ ਬਸੰਤ ਰੁੱਤ ਦੇ ਸੂਰਜ ਨਾਲ ਕਰਦੇ ਹਨ ਜਿਸ ਦੀ ਧੁੱਪ ਮਿੱਠਾ-ਮਿੱਠਾ ਨਿੱਘ ਦਿੰਦੀ ਹੈ। ਪਿਤਾਮਾ ਕਹਿੰਦੇ ਹਨ ਕਿ ਰਾਜਾ ਦ੍ਰਿੜ੍ਹ ਹੋਣਾ ਚਾਹੀਦਾ ਹੈ, ਪਰ ਜ਼ਿੱਦੀ ਨਹੀਂ। ਪਰਜਾ ਲਈ ਸੱਚਾ ਸਨੇਹ ਉਸ ਨੂੰ ਜ਼ਿੱਦੀ ਨਹੀਂ ਹੋਣ ਦਿੰਦਾ।

ਰਾਜੇ ਦਾ ਸਭ ਤੋਂ ਵੱਡਾ ਗੁਣ ਉਸ ਅੰਦਰ ਸੱਚ ਪ੍ਰਤੀ ਸਮਰਪਣ ਹੈ। ਉਸ ਦੀ ਸੋਚ, ਕਥਨੀ ਅਤੇ ਕਰਨੀ ਸਭ ਵਿਚ ਸੱਚ ਦੀ ਲੋਅ ਹੁੰਦੀ ਹੈ। ਸੱਚ ਪੱਖੋਂ ਸਮਰੱਥ ਰਾਜੇ ਦੇ ਸਾਰੇ ਕਾਰਜ ਸਿੱਧ ਹੁੰਦੇ ਹਨ। ਭੀਸ਼ਮ ਕਹਿੰਦੇ ਹਨ ਕਿ ਰਾਜੇ ਨੂੰ ਝੂਠੇ ਦਿਲਾਸੇ ਨਹੀਂ ਦੇਣੇ ਚਾਹੀਦੇ। ਕਿਸੇ ਦੁਸ਼ਟ ਨੂੰ ਇਸ ਲਈ ਮੁਆਫ਼ ਨਹੀਂ ਕਰ ਦੇਣਾ ਚਾਹੀਦਾ ਕਿ ਇਸ ਵਿਚ ਉਸ ਦਾ ਨਿੱਜੀ ਸੁਆਰਥ ਹੈ। ਦੋਸ਼ੀ ਹੋਣ ’ਤੇ ਉਸ ਨੂੰ ਆਪਣੇ ਸਕਿਆਂ ਨੂੰ ਵੀ ਦੰਡ ਦੇਣਾ ਚਾਹੀਦਾ ਹੈ।

ਧੀਰਜ ਅਤੇ ਸਰਲਤਾ ਰਾਜੇ ਦੇ ਦੋ ਹੋਰ ਜ਼ਰੂਰੀ ਗੁਣ ਹਨ। ਉਹ ਬੇਸਬਰਾ ਨਹੀਂ ਹੁੰਦਾ। ਕਦੀ ਕਾਹਲਾ ਨਹੀਂ ਪੈਂਦਾ। ਸੱਚ ਦੀ ਧੁਰ ਤੱਕ ਪੜਚੋਲ ਕਰਦਾ ਹੈ। ਮਾਮਲੇ ਦੀ ਪੂਰੀ ਪੜਤਾਲ ਕੀਤੇ ਬਿਨਾਂ ਕਿਸੇ ਨੂੰ ਦੰਡ ਨਹੀਂ ਦਿੰਦਾ। ਕਿਸੇ ਉੱਪਰ, ਸਮੇਤ ਆਪਣੇ ਨਜ਼ਦੀਕ ਵਿਅਕਤੀਆਂ ਦੇ, ਅੱਖਾਂ ਮੀਟ ਕੇ ਭਰੋਸਾ ਨਹੀਂ ਕਰਦਾ। ਬੇਵਜ੍ਹਾ ਕਿਸੇ ਉੱਪਰ ਸ਼ੱਕ ਨਹੀਂ ਕਰਦਾ। ਉਸ ਦੀ ਅੰਦਰਲੀ ਅੱਖ ਹਮੇਸ਼ਾ ਸੱਚ ਉੱਪਰ ਟਿਕੀ ਰਹਿੰਦੀ ਹੈ, ਜਾਂ ਉਸ ਦੀ ਭਾਲ ਵਿਚ ਲੱਗੀ ਰਹਿੰਦੀ ਹੈ। ਵਿਹਾਰ ਦੀ ਸਰਲਤਾ ਉਸ ਦੇ ਸੱਚ ਨੂੰ ਸਮਰਪਣ ਦਾ ਹੀ ਪ੍ਰਗਟਾਵਾ ਹੈ। ਭੀਸ਼ਮ ਪਿਤਾਮਾ ਦਾ ਆਦਰਸ਼ ਰਾਜਾ ਦਿਖਾਵਾ ਨਹੀਂ ਕਰਦਾ, ਭਰਮ ਨਹੀਂ ਫੈਲਾਉਂਦਾ, ਲੋਕਾਂ ਨੂੰ ਭੰਬਲਭੂਸੇ ਵਿਚ ਨਹੀਂ ਪਾਉਂਦਾ। ਉਹ ਵੱਡੇ ਸਾਰ ਵਾਲੇ ਕਾਰਜ ਕਰਦਾ ਹੈ ਭਾਵੇਂ ਉਹ ਦੇਖਣ ਨੂੰ ਨਿੱਕੇ ਹੋਣ, ਕਿਉਂਕਿ ਕਈ ਕੁਝ ਅਜਿਹਾ ਹੁੰਦਾ ਹੈ ਜੋ ਦੇਖਣ ਨੂੰ ਤਾਂ ਮਾਮੂਲੀ ਲੱਗਦਾ ਹੈ, ਪਰ ਉਸ ਦਾ ਸਾਰ ਵੱਡਾ ਅਤੇ ਡੂੰਘਾ ਹੁੰਦਾ ਹੈ।

ਰਾਜੇ ਨੂੰ ਆਪਣੀ ਪ੍ਰਸ਼ੰਸਾ ਨਹੀਂ ਕਰਨੀ ਚਾਹੀਦੀ। ਨਾ ਹੀ ਦੂਜਿਆਂ ਦੀ ਨਿੰਦਾ ਕਰਨੀ ਚਾਹੀਦੀ ਹੈ। ਸਵੈ-ਪ੍ਰਸ਼ੰਸਾ ਅਤੇ ਦੂਜਿਆਂ ਦੀ ਨਿੰਦਾ, ਰਾਗ ਅਤੇ ਦਵੇਸ਼ ਦੇ ਹੀ ਰੂਪ ਹਨ ਅਤੇ ਮੋਹ ਵਿਚੋਂ ਉਪਜਦੇ ਹਨ। ਮੋਹ ਅਗਿਆਨ ਦਾ ਰੂਪ ਹੈ। ਅਗਿਆਨ ਤੋਂ ਭਾਵ ਹੈ ਸੱਚ ਅਤੇ ਮਿੱਥਿਆ ਵਿਚ ਫ਼ਰਕ ਕਰਨ ਦੀ ਅਸਮਰੱਥਾ। ਸੱਚ ਨੂੰ ਸਮਰਪਿਤ ਰਾਜਾ ਮੋਹ ਤੋਂ ਮੁਕਤ ਹੁੰਦਾ ਹੈ। ਇਸ ਲਈ ਉਹ ਆਪਣੀ ਪ੍ਰ੍ਰਸ਼ੰਸਾ ਨਹੀਂ ਕਰਦਾ।

ਭੀਸ਼ਮ ਕਹਿੰਦੇ ਹਨ ਕਿ ਰਾਜਾ ਨਿਰੰਤਰ ਆਤਮ-ਚਿੰਤਨ ਕਰੇ, ਆਪਣੇ ਅੰਦਰ ਝਾਤੀ ਮਾਰੇ ਤਾਂ ਜੋ ਆਪਣੀਆਂ ਕਮਜ਼ੋਰੀਆਂ ਨੂੰ ਪਛਾਣ ਸਕੇ ਅਤੇ ਘਾਤਕ ਬਿਰਤੀਆਂ ਉੱਪਰ ਕਾਬੂ ਪਾ ਸਕੇ। ਅੰਦਰ ਲੁਕੇ ਦੋਸ਼ਾਂ ਅਤੇ ਹੀਣਤਾਵਾਂ ਨੂੰ ਬੁੱਧੀ ਦੀ ਅੱਗ ਵਿਚ ਜਲਾ ਕੇ ਭਸਮ ਕਰ ਸਕੇ।

ਪਰਜਾ ਦੀ ਦੇਖਭਾਲ ਅਤੇ ਪੋਸ਼ਣ ਰਾਜੇ ਦਾ ਪਰਮ ਧਰਮ ਹੈ। ਮਹਾਂਕਵੀ ਇੱਥੇ ਇਕ ਰਾਜੇ ਦੀ ਤੁਲਨਾ ਉਸ ਗਰਭਵਤੀ ਔਰਤ ਨਾਲ ਕਰਦੇ ਹਨ ਜੋ ਆਪਣੀਆਂ ਮਨਪਸੰਦ ਚੀਜ਼ਾਂ ਨੂੰ ਖਾਣ ਤੋਂ ਪਰਹੇਜ਼ ਕਰਦੀ ਹੈ ਅਤੇ ਸਿਰਫ਼ ਉਹ ਕੁਝ ਹੀ ਖਾਂਦੀ ਹੈ ਜੋ ਗਰਭ ਵਿਚ ਪਲ ਰਹੇ ਬੱਚੇ ਲਈ ਚੰਗਾ ਹੁੰਦਾ ਹੈ। ਰਾਜੇ ਦੀ ਹੋਂਦ ਉਸ ਔਰਤ ਵਾਂਗ ਹੁੰਦੀ ਹੈ। ਆਪਣੀ ਪਰਜਾ ਲਈ, ਆਪਣੇ ਲਈ ਨਹੀਂ।

ਭੀਸ਼ਮ ਪਿਤਾਮਾ ਯੁਧਿਸ਼ਟਰ ਨੂੰ ਦੱਸਦੇ ਹਨ ਕਿ ਰਾਜ ਸਭ ਦੇ ਉਪਭੋਗ ਦੀ ਵਸਤੂ ਹੈ, ਰਾਜੇ ਦੇ ਜਾਂ ਉਸ ਦੇ ਆਪਣੇ ਨੇੜਲਿਆਂ ਦੇ ਹੀ ਨਹੀਂ। ਜਦੋਂ ਰਾਜਾ ਕਿਸੇ ਨੂੰ ਦਾਨ ਦੇਵੇ ਤਾਂ ਇਹ ਦੇਖ ਕੇ ਦੇਵੇ ਕਿ ਰਾਜਕੋਸ਼ ਦਾ ਉਹ ਅੰਸ਼ ਕਿਸੇ ਅਪਾਤਰ ਵਿਅਕਤੀ ਨੂੰ ਤਾਂ ਨਹੀਂ ਦਿੱਤਾ ਜਾ ਰਿਹਾ। ਨਾਲ ਹੀ ਰਾਜਾ ਕਿਸੇ ਵਿਅਕਤੀ ਨਾਲ ਉਸ ਦੇ ਮਤ ਦੇ ਕਾਰਨ ਵਿਤਕਰਾ ਨਾ ਕਰੇ। ਸ਼ੁੱਧੀ ਦੀ ਨਿੱਜੀ ਧਾਰਣਾ ਰੱਖਦਾ ਹੋਇਆ ਵੀ ਉਹ ਆਪਣੀ ਸੋਚ ਤੋਂ ਵੱਖ ਸੋਚ ਰੱਖਣ ਵਾਲੇ ਵਿਅਕਤੀਆਂ ਨਾਲ ਘਿਰਣਾ ਨਾ ਕਰੇ। ਸਤਿਕਾਰਤ ਵਿਅਕਤੀਆਂ ਨਾਲ ਬਦਸਲੂਕੀ ਨਾ ਕਰੇ। ਦੇਵਤਿਆਂ ਦੀ ਪੂਜਾ ਬਿਨਾਂ ਘੁਮੰਡ, ਬਿਨਾਂ ਦੰਭ ਦੇ ਕਰੇ। ਹਰ ਕਿਸੇੇ ਨੂੰ ਉਸ ਦਾ ਹੱਕ ਦੇਵੇ ਅਤੇ ਸਮੇਂ ਸਿਰ ਦੇਵੇ। ਦੀਨ-ਦੁਖੀਆਂ, ਰੋਗੀਆਂ, ਕਮਜ਼ੋਰ ਲੋਕਾਂ ਦਾ ਖ਼ਾਸ ਖ਼ਿਆਲ ਰੱਖੇ। ਚੰਗਾ ਰਾਜਾ ਮਾਲੀ ਜਿਹਾ ਹੁੰਦਾ ਹੈ ਜੋ ਪੌਦਿਆਂ ਨੂੰ ਪਾਲਦਾ-ਪੋਸਦਾ ਹੈ। ਉਸ ਆਦਮੀ ਜਿਹਾ ਨਹੀਂ ਹੁੰਦਾ ਜੋ ਕੋਲਾ ਹਾਸਲ ਕਰਨ ਲਈ ਰੁੱਖਾਂ ਨੂੰ ਸਾੜ ਦਿੰਦਾ ਹੈ।

ਮਾੜਾ ਰਾਜਾ ਆਪਣੀ ਪਰਜਾ ਦਾ ਸ਼ੋਸ਼ਣ ਕਰਦਾ ਹੈ। ਉਹ ਉਸ ਮੂਰਖ਼ ਗਵਾਲੇ ਜਿਹਾ ਹੁੰਦਾ ਹੈ ਜੋ ਆਪ ਹੀ ਆਪਣੀ ਗਊ ਦੇ ਥਣ ਵੱਢ ਦਿੰਦਾ ਹੈ। ਰਾਜਾ ਤਾਂ ਆਪਣੀ ਪਰਜਾ ਦੀ ਖ਼ੁਸ਼ਹਾਲੀ ਵਿਚ ਖ਼ੁਸ਼ ਹੁੰਦਾ ਹੈ। ਉਸ ਦੇ ਰਾਜ ਵਿਚ ਕਿਸਾਨਾਂ ਦਾ ਸਤਿਕਾਰ ਹੁੰਦਾ ਹੈ ਕਿਉਂਕਿ ਉਸ ਨੂੰ ਇਹ ਸਮਝ ਹੁੰਦੀ ਹੈ ਕਿ ਕਿਸਾਨ ਅੰਨ ਪੈਦਾ ਕਰਦੇ ਹਨ ਜਿਸ ਨਾਲ ਮਨੁੱਖ, ਦੇਵਤਾ, ਪਿਤਰ, ਪਸ਼ੂ-ਪੰਛੀ, ਧਰਤੀ ਅੰਦਰਲੇ ਜੀਵ ਅਤੇ ਰਾਖ਼ਸ਼ ਤੱਕ ਦਾ ਜੀਵਨ ਚੱਲਦਾ ਹੈ।

ਜਿੱਥੇ ਤਾਕਤਵਰ ਵੈਰੀ ਨਾਲ ਨਜਿੱਠਣ ਲਈ ਭੀਸ਼ਮ ਯੁਧਿਸ਼ਟਰ ਨੂੰ ਵਿਸਤਾਰ ਨਾਲ ਸਿੱਖਿਆ ਦਿੰਦੇ ਹਨ, ਉੱਥੇ ਹੀ ਉਹ ਉਸ ਨੂੰ ਮਜ਼ਲੂਮ ਵਿਅਕਤੀ ਦੀ ਤਾਕਤ ਤੋਂ ਸਾਵਧਾਨ ਰਹਿਣ ਲਈ ਵੀ ਕਹਿੰਦੇ ਹਨ। ਨਿਰਬਲ, ਬੇਆਸਰਾ, ਹਾਲਾਤ ਦੇ ਮਿੱਧੇ ਆਮ ਮਨੁੱਖ ਬਾਰੇ ਉਹ ਕਹਿੰਦੇ ਹਨ ਕਿ ਅਜਿਹੇ ਮਨੁੱਖ ਦੀ ਤਾਕਤ ਕਿਸੇ ਵੀ ਤਾਕਤਵਰ ਆਦਮੀ ਤੋਂ ਕਿਤੇ ਵੱਧ ਹੁੰਦੀ ਹੈ। ਉਸ ਨੂੰ ਕਿਸੇ ਵੀ ਕੀਮਤ ਉੱਪਰ ਦੁੱਖ ਨਹੀਂ ਦੇਣਾ ਚਾਹੀਦਾ ਕਿਉਂਕਿ ਉਸ ਦੀ ਨਜ਼ਰ ਰਾਜੇ ਦੀਆਂ ਪੁਸ਼ਤਾਂ ਤੱਕ ਮਾਰ ਕਰਦੀ ਹੈ ਅਤੇ ਉਸ ਦੇ ਬੀਜ ਤੱਕ ਨੂੰ ਸਾੜ ਕੇ ਸੁਆਹ ਕਰ ਦੇਣ ਦੀ ਸਮਰੱਥਾ ਰੱਖਦੀ ਹੈ।

ਸਿਆਣਾ ਰਾਜਾ ਆਪਣੀ ਸਮੁੱਚੀ ਪਰਜਾ ਦੀਆਂ ਸਮੁੱਚੀਆਂ ਮਨੁੱਖੀ ਸੰਭਾਵਨਾਵਾਂ ਨੂੰ ਵਿਕਸਿਤ ਕਰਨ ਦੀ ਕੋਸ਼ਿਸ਼ ਕਰਦਾ ਹੈ। ਇਹ ਤਾਂ ਹੀ ਸੰਭਵ ਹੈ ਜੇ ਪਰਜਾ ਭੈਅ-ਮੁਕਤ ਹੋਵੇ, ਕਿਉਂਕਿ ਭੈਅ ਵਿਚ ਜੀਅ ਰਿਹਾ ਮਨੁੱਖ ਤਾਂ ਆਪਣੀਆਂ ਇੰਦਰੀਆਂ ਦਾ ਸੁਭਾਵਿਕ ਸੁਖ ਵੀ ਨਹੀਂ ਮਾਣ ਸਕਦਾ, ਹੋਰ ਸਮਰੱਥਾਵਾਂ ਦੀ ਤਾਂ ਗੱਲ ਹੀ ਕੀ। ਇਸ ਲਈ ਆਦਰਸ਼ ਰਾਜਾ ਆਪਣੀ ਪਰਜਾ ਨੂੰ ਅਭੈਦਾਨ ਦਿੰਦਾ ਹੈ। ਇਹ ਉਹੀ ਰਾਜਾ ਦੇ ਸਕਦਾ ਹੈ ਜੋ ਰਾਜ ਧਰਮ ਨਿਭਾਉਂਦਾ ਹੈ ਤੇ ਪਰਜਾ ਨੂੰ ਮਾਪਿਆਂ ਵਾਂਗ ਪਾਲਦਾ-ਪੋਸਦਾ ਹੈ।

ਰਾਜ ਧਰਮ ਦਾ ਪਾਲਣ ਨਾ ਕਰਨ ਵਾਲਾ ਰਾਜਾ ਲੱਕੜ ਦੇ ਹਾਥੀ ਜਾਂ ਚਮੜੇ ਦੇ ਹਿਰਨ ਜਾਂ ਅਨਪੜ੍ਹ ਅਧਿਆਪਕ ਜਿਹਾ ਹੁੰਦਾ ਹੈ। ਉਹ ਤਾਂ ਬੱਸ ਝੂਠ-ਮੂਠ ਦਾ ਰਾਜਾ ਹੁੰਦਾ ਹੈ।

* ਪ੍ਰੋਫੈਸਰ ਤੇ ਮੁਖੀ, ਅੰਗਰੇਜ਼ੀ ਵਿਭਾਗ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

Leave a Reply

Your email address will not be published. Required fields are marked *