ਸਿਹਤ ਆਤਮ-ਨਿਰਭਰਤਾ ਜਾਂ ਆਪਸੀ ਸਹਿਯੋਗ

ਡਾ. ਸ਼ਿਆਮ ਸੁੰਦਰ ਦੀਪਤੀ

ਦੇਸ਼ ਅੰਦਰ ਆਤਮ-ਨਿਰਭਰ ਹੋਣ ਨੂੰ ਲੈ ਕੇ ਕਈ ਵਾਰ ਗੱਲ ਤੁਰੀ ਹੈ ਅਤੇ ਚਰਚਾ ਵੀ ਹੋਈ ਹੈ ਪਰ ਹੁਣ ਪਿਛਲੇ ਕੁਝ ਸਮੇਂ ਤੋਂ ‘ਆਤਮ-ਨਿਰਭਰ ਭਾਰਤ’ ਇਕ ਨਾਅਰੇ ਦੀ ਤਰ੍ਹਾਂ ਪ੍ਰਚਾਰਿਆ ਜਾ ਰਿਹਾ ਹੈ। ‘ਆਤਮ-ਨਿਰਭਰ’ ਕੋਈ ਸੋਚ ਹੈ, ਇਕ ਸੰਕਲਪ ਜਾਂ ਸਿਆਸੀ ਜੁਮਲਾ ਹੈ? ਇਸ ਨੂੰ ਸਮਝਣ ਲਈ ਜ਼ਰੂਰੀ ਹੈ ਕਿ ਇਹ ਜਾਣਿਆ ਜਾਵੇ ਕਿ ‘ਆਤਮ-ਨਿਰਭਰ’ ਹੋਣਾ ਹੈ ਕੀ? ਜੇਕਰ ਵਿਅਕਤੀਗਤ ਪੱਧਰ ’ਤੇ ਲਈਏ ਤਾਂ ਇਹ ਹੈ ਆਪਣੇ ਪੈਰਾਂ ’ਤੇ ਖੜ੍ਹੇ ਹੋਣਾ, ਕਿਸੇ ਅੱਗੇ ਹੱਥ ਨਾ ਫੈਲਾਉਣਾ, ਕਿਸੇ ਦੇ ਸਹਾਰੇ ਦੀ ਲੋੜ ਮਹਿਸੂਸ ਨਾ ਕਰਨਾ। ਬਹੁਤ ਵਧੀਆ ਸੋਚ ਹੈ ਅਤੇ ਵਿਅਕਤੀਗਤ ਵਿਕਾਸ ਲਈ ਇਸ ਨੂੰ ਉਭਾਰਿਆ ਜਾਂਦਾ ਹੈ ਤੇ ਅਪਣਾਉਣ ਲਈ ਵੀ ਪ੍ਰੇਰਿਆ ਜਾਂਦਾ ਹੈ। ਜਦੋਂ ਪੂਰੇ ਦੇਸ਼ ਦੇ ਸੰਦਰਭ ਵਿਚ ਇਹ ਗੱਲ ਕਹੀ ਜਾਂਦੀ ਹੈ ਤਾਂ ਉਦੋਂ ਵੀ ਇਸ ਦੇ ਭਾਵ ਇਹੀ ਹੁੰਦੇ ਹਨ ਜਾਂ ਕੀ ਬਦਲ ਜਾਂਦੇ ਹਨ? ਭਾਵੇਂ ਕਿ ਕਿਸੇ ਵੀ ਪੱਧਰ ’ਤੇ ਆਪਣੇ ਆਪ ’ਤੇ ਪੂਰੀ ਤਰ੍ਹਾਂ ਨਿਰਭਰ ਹੋਣਾ ਪੂਰੀ ਤਰ੍ਹਾਂ ਸੱਚ ਨਹੀਂ ਹੈ ਤੇ ਨਾ ਹੀ ਸੰਭਵ ਹੈ।

ਮਨੁੱਖ ਨੇ ਸਮਾਜ ਬਣਾਇਆ। ਮਿਲ ਕੇ ਰਹਿਣ ਦੀ ਥਾਂ, ਇਕ ਦੂਸਰੇ ਦੀ ਮਦਦ ਨਾਲ ਇਕ ਵਧੀਆ ਸੁਖਾਲਾ ਜੀਵਨ ਜਿਉਣ ਲਈ। ਕੁਦਰਤ ਵਿਚ ਅਨੇਕਾਂ ਹੀ ਵਰਤਾਰੇ ਹੁੰਦੇ ਹਨ, ਜਿਸ ਨੂੰ ਮਨੁੱਖ ਨੇ ਸਮਝਿਆ ਤੇ ਫਿਰ ਉਨ੍ਹਾਂ ਸਮੱਸਿਆਵਾਂ ਦਾ ਹੱਲ ਲੱਭਿਆ। ਇਕ-ਇਕ ਪੱਖ ’ਤੇ ਨਾ ਜਾਂਦੇ ਹੋਏ, ਫਿ਼ਲਹਾਲ ਸਿਹਤ ਦੇ ਪਹਿਲੂ ’ਤੇ ਕੇਂਦਰਿਤ ਕਰਦੇ ਹਾਂ ਤੇ ਇਸ ਮੁੱਦੇ ਨੂੰ ਸਮਝ ਕੇ, ਆਤਮ-ਨਿਰਭਰਤਾ ਦਾ ਸੰਕਲਪ ਜਾਣ ਲਵਾਂਗੇ ਕਿ ਆਤਮ-ਨਿਰਭਰ ਹੋਣਾ ਅਤੇ ਆਪਸੀ ਸਹਿਯੋਗ ਨਾਲ ਸਮੱਸਿਆਵਾਂ/ ਆਫ਼ਤਾਂ/ਮੁਸ਼ਕਲਾਂ ਨੂੰ ਸਮਝਣ ਅਤੇ ਸੁਲਝਾਉਣ ਵੇਲੇ ਕਿਸ ਨੂੰ ਪਹਿਲ ਦੇਈਏ ਜਾਂ ਦੋਵੇਂ ਹੀ ਲੋੜੀਂਦੇ ਹਨ।

ਸਿਹਤ ਦੇ ਪਹਿਲੂ ਤੋਂ ਸਭ ਤੋਂ ਮੁੱਢਲੀ ਲੋੜ ਖੁਰਾਕ ਹੈ। ਉਂਜ ਕਦੇ ਵੀ ਇਸ ਦਾ ਜ਼ਿਕਰ ਕਿਸੇ ਹਸਪਤਾਲ ਜਾਂ ਸਿਹਤ ਕੇਂਦਰ ਵਿਚ ਨਹੀਂ ਹੁੰਦਾ। ਡਾਕਟਰ ਵੀ ਦਵਾਈ ਲਿਖਣ ਨੂੰ ਤਰਜੀਹ ਦਿੰਦਾ ਹੈ, ਭਾਵੇਂ ਕਿ ਉਸ ਹਾਲਤ ਵਿਚ ਦਵਾਈ ਦੀ ਲੋੜ ਵੱਧ ਹੁੰਦੀ ਹੈ ਪਰ ਜੇਕਰ ਖੁਰਾਕ ਦੀ ਗੱਲ ਹੁੰਦੀ ਹੈ ਤਾਂ ਉਸ ਦਾ ਜ਼ਿਕਰ ਸਰਸਰੀ ਤੌਰ ’ਤੇ ਹੁੰਦਾ ਹੈ। ਖੁਰਾਕ ਦਾ ਸਿਹਤ ਵਿਗਾੜ ਤੋਂ ਲੈ ਕੇ, ਬਿਮਾਰੀ ਸਮੇਂ ਕੀ ਖਾਇਆ ਜਾਵੇ, ਦੋਵੇਂ ਹੀ ਪਹਿਲੂ ਮਹੱਤਵਪੂਰਨ ਹਨ।

‘ਆਤਮ-ਨਿਰਭਰ ਭਾਰਤ’ ਦੇ ਨਾਅਰੇ ਹੇਠ, ਖੁਰਾਕ ਦੇ ਪੱਖ ਤੋਂ ਇਸ ਦਾ ਮਤਲਬ ਹੈ ਕਿ ਅਸੀਂ ਦੇਸ਼ ਦੇ ਸਾਰੇ ਲੋਕਾਂ ਜੋਗਾ ਅੰਨ ਉਗਾਉਣ ਦੇ ਸਮਰੱਥ ਹੋਈਏ। ਸਾਨੂੰ ਕਿਸੇ ਮੁਲਕ ਅੱਗੇ ਅਨਾਜ ਲਈ ਬਾਟਾ-ਠੂਠਾ ਅੱਗੇ ਨਾ ਕਰਨਾ ਪਵੇ, ਜਿਵੇਂ ਕਿ ਸੱਠਵਿਆਂ ਵਿਚ ਦੇਸ਼ ਦੀ ਹਾਲਤ ਸੀ। ਦੇਸ਼ ਲਈ ਇਹ ਸ਼ਰਮਸਾਰ ਹਾਲਤ ਸੀ। ਦੇਸ਼ ਨੇ ਉਸ ਸਮੇਂ ਇਸ ਹਾਲਤ ਲਈ ਕਈ ਹੀਲੇ ਵੀ ਕੀਤੇ। ਉਸ ਸਮੇਂ ਦੇਸ਼ ਦੇ ਪ੍ਰਧਾਨ ਮੰਤਰੀ ਲਾਲ ਬਹਾਦਰ ਸ਼ਾਸਤਰੀ ਨੇ ਹਫ਼ਤੇ ਵਿਚ ਇਕ ਦਿਨ ਇਕ ਡੰਗ ਖਾਣਾ ਨਾ ਖਾਣ/ਵਰਤ ਰੱਖਣ ਦਾ ਸੁਨੇਹਾ ਦਿੱਤਾ। ਦੇਸ਼ ਦੀ ਅਨਾਜ ਵੰਡ ਪ੍ਰਣਾਲੀ ਨੂੰ ਵੀ ਨਿਸ਼ਚਿਤ ਕੀਤਾ ਗਿਆ। ਇਸ ਤਰ੍ਹਾਂ ਜਿੰਨਾ ਅੰਨ ਉਗਾਇਆ ਸੀ, ਉਸੇ ਨਾਲ ਹੀ ਸਾਰਨ ਦੀ ਕੋਸ਼ਿਸ਼ ਕੀਤੀ।

ਇਕ ਦਾਰਸ਼ਨਿਕ ਮੱਤ ਹੈ ਕਿ ਮੁਕਾਬਲੇਬਾਜ਼ੀ ਜਾਨਵਰਾਂ ਦੀ ਬਿਰਤੀ ਹੈ, ਕਿਉਂ ਜੋ ਉਨ੍ਹਾਂ ਕੋਲ ਕੋਈ ਹੋਰ ਚਾਰਾ ਨਹੀਂ ਹੁੰਦਾ। ਮਨੁੱਖਾਂ ਨੂੰ ਮੁਕਾਬਲੇ ਦੀ ਥਾਂ ਸਹਿਯੋਗ ਕਰਨਾ ਚਾਹੀਦਾ ਹੈ। ਖੁਰਾਕ ਦੀ ਗੱਲ ਨਾਲ ਸਮਝਦੇ ਹਾਂ। ਮੰਨ ਲਵੋ ਇਕ ਰੋਟੀ ਹੈ ਤੇ ਦੋ ਕੁੱਤੇ ਹਨ। ਦੋਵੇਂ ਉਸ ਰੋਟੀ ਨੂੰ ਹਾਸਿਲ ਕਰਨ ਲਈ ਲੜਨਗੇ। ਜੇ ਇਸੇ ਤਰ੍ਹਾਂ ਦੀ ਹਾਲਤ ਵਿਚ ਮਨੁੱਖ ਕੋਲ ਇਕ ਰੋਟੀ ਹੋਵੇ ਤੇ ਖਾਣ ਵਾਲੇ ਦੋ ਹੋਣ ਤਾਂ ਉਹ ਅੱਧੀ-ਅੱਧੀ ਵੰਡ ਲੈਣਗੇ, ਕਿਉਂ ਜੋ ਉਨ੍ਹਾਂ ਕੋਲ ਸੋਝੀ ਹੈ ਕਿ ਸਵੇਰੇ ਕੋਈ ਹੋਰ ਬੰਦੋਬਸਤ ਕਰ ਲਵਾਂਗੇ, ਇਹ ਸਹਿਯੋਗ ਹੈ। ਜੇ ‘ਆਤਮ-ਨਿਰਭਰ’ ਦੀ ਭਾਵਨਾ ਨੂੰ ਇਸ ਸੰਦਰਭ ਵਿਚ ਦੇਖਾਂਗੇ ਤੇ ਖੁਦ ਤੱਕ ਸੀਮਤ ਹੋ ਜਾਵਾਂਗੇ ਤਾਂ ਵੀ ਕੋਈ ਹੱਲ ਨਹੀਂ ਹੋਣਾ ਹੁੰਦਾ।

ਦੇਸ਼ ਅੰਦਰ ਅਨਾਜ ਪੈਦਾ ਕਰਨ ਲਈ ਵਿਉਂਤ ਬਣੀ, ਆਪਸੀ ਸਹਿਯੋਗ ਨਾਲ ਅਸੀਂ ਆਪਣੇ ਜੋਗੇ ਹੋਣ ਦਾ ਕਾਰਨਾਮਾ ਕਰ ਦਿਖਾਇਆ। ਹੁਣ ਹਾਲਤ ਇਹ ਹੈ ਕਿ ਗੋਦਾਮ ਭਰੇ ਪਏ ਹਨ ਅਤੇ ਸਾਡੇ ਕੋਲ ਦੋ-ਤਿੰਨ ਸਾਲ ਲਈ ਅਨਾਜ ਦਾ ਭੰਡਾਰ ਪਿਆ ਹੈ। ਇੱਥੇ ਇਕ ਹੋਰ ਪਾਸਾ ਹੈ ਕਿ ਦੇਸ਼ ਦੀ ਤਕਰੀਬਨ 30 ਫ਼ੀਸਦੀ ਆਬਾਦੀ ਰਾਤੀਂ ਭੁੱਖੀ ਸੌਂਦੀ ਹੈ। ਸਾਡੇ ਮੁਲਕ ਵਿਚ ਪੰਜ ਸਾਲ ਤੋਂ ਘੱਟ ਉਮਰ ਦੇ ਬੱਚਿਆਂ ਦਾ ਭਾਰ ਘੱਟ ਅਤੇ ਕੱਦ ਛੋਟੇ ਹਨ। ਇਹ ਕੁਪੋਸ਼ਣ ਦੀ ਹਾਲਤ ਕਾਰਨ ਦੁਨੀਆਂ ਵਿਚ ਪਹਿਲੇ ਨੰਬਰ ’ਤੇ ਹੈ। ਇਸ ਦਾ ਕਾਰਨ ਹੈ ਕਿ ਜਣੇਪੇ ਤੋਂ ਬਾਅਦ ਨਵਜਾਤ ਬੱਚਿਆਂ ਤੇ ਗਰਭਵਤੀ ਮਾਵਾਂ ਨੂੰ ਲੋੜ ਮੁਤਾਬਕ ਖੁਰਾਕ ਨਾ ਮਿਲਣਾ।

ਅਨਾਜ ਹੈ, ਆਤਮ-ਨਿਰਭਰ ਹਾਂ ਤੇ ਭੁੱਖੇ ਹਾਂ। ਇਹ ਕਿਸ ਤਰ੍ਹਾਂ ਦਾ ਅਨੁਪਾਤ ਹੈ। ਇਸੇ ਸਥਿਤੀ ਤੇ ਸਿਹਤ ਨੂੰ ਲੈ ਕੇ ਇਕ ਹੋਰ ਪੱਖ ਹੈ, ਬਿਮਾਰੀ ਤੋਂ ਬਾਅਦ ਇਲਾਜ ਦੀ ਸਹੂਲਤ ਦੀ ਘਾਟ। ਬਿਮਾਰੀ ਵੇਲੇ ਵਿਅਕਤੀ ਹਸਪਤਾਲ ਅਤੇ ਡਾਕਟਰ ਦੀ ਭਾਲ ਕਰਦਾ ਹੈ ਪਰ ਉਹ ਨੇੜੇ-ਤੇੜੇ ਵੀ ਨਹੀਂ ਹੈ। ਸਾਡੇ ਦੇਸ਼ ਦਾ ਸਿਹਤ ਢਾਂਚਾ, ਹਸਪਤਾਲ, ਸਿਹਤ ਕੇਂਦਰ, ਡਾਕਟਰ ਕਾਫੀ ਹੱਦ ਤੱਕ ਮਜ਼ਬੂਤ ਕਿਹਾ ਜਾ ਸਕਦਾ ਹੈ ਪਰ ਇਨ੍ਹਾਂ ਢਾਂਚਿਆਂ ਵਿਚ ਲੋੜ ਮੁਤਾਬਕ ਡਾਕਟਰ ਨਹੀਂ ਹਨ। ਜੇ ਕਿਤੇ ਹੈ ਵੀ ਤਾਂ ਉੱਥੇ ਦਵਾਈਆਂ ਜਾਂ ਹੋਰ ਸਾਜ਼ੋ-ਸਾਮਾਨ ਨਹੀਂ ਹੈ। ਜਦੋਂਕਿ ਦਵਾਈਆਂ ਦੀ ਪੈਦਾਵਾਰੀ ਹਾਲਤ ਅਜਿਹੀ ਹੈ ਕਿ 33 ਅਰਬ ਡਾਲਰ ਦੀ ਸਨਅਤ ਹੈ ਤੇ ਜੈਨਰਿਕ ਦਵਾਈਆਂ ਦਾ ਵਪਾਰ ਕਰਨ ਵਿਚ ਦੂਸਰੇ ਮੁਲਕਾਂ ਨੂੰ ਭੇਜਣ ਵਿਚ ਅਸੀਂ ਮੋਹਰੀ ਹਾਂ। ਇਹ ਮਾਣ ਵਾਲੀ ਗੱਲ ਹੈ ਪਰ ਦੇਸ਼ ਨੂੰ ਹੋਰ ਸਮਰੱਥ ਹੋਣਾ ਚਾਹੀਦਾ ਹੈ।

ਭਾਵੇਂ ਅਸੀਂ ਆਤਮ-ਨਿਰਭਰ ਹਾਂ, ਦੂਸਰੇ ਮੁਲਕਾਂ ਨੂੰ ਸਹਾਇਤਾ ਦੇ ਰਹੇ ਹਾਂ ਤੇ ਆਪਣੇ ਦੇਸ਼ ਦੀ ਸਿਹਤ ਸਥਿਤੀ ਲੁਕਵੀਂ ਨਹੀਂ ਹੈ। ਬੱਚਿਆਂ ਦੀਆਂ ਪੇਟ ਦੀਆਂ ਬਿਮਾਰੀਆਂ (ਟੱਟੀਆਂ) ਵੇਲੇ ਦਸ ਕੁ ਰੁਪਏ ਦੀ ਕੀਮਤ ਵਾਲਾ ਓ.ਆਰ.ਐੱਸ. ਵੀ ਮਿਲਣ ਵਿਚ ਦਿੱਕਤ ਹੁੰਦੀ ਹੈ। ਖਰੀਦ ਸਮਰੱਥਾ ਬਾਰੇ ਵੀ ਦੇਸ਼ ਦੀ ਹਾਲਤ ਤੋਂ ਸਾਰੇ ਜਾਣੂ ਹਨ।

ਜੇ ਅਨਾਜ ਦੇ ਪੱਖ ਤੋਂ ਨਿੱਜੀ ਪੱਧਰ ’ਤੇ ਆਤਮ-ਨਿਰਭਰ ਹੋਣ ਦੀ ਗੱਲ ਕਰੀਏ ਤਾਂ ਇਕ ਪਰਿਵਾਰ ਆਪਣੀ ਸਾਲ ਦੀ ਲੋੜ ਮੁਤਾਬਕ ਅਨਾਜ ਦੀ ਮਾਤਰਾ ਖਰੀਦ ਕੇ ਭੰਡਾਰ ਭਰ ਲੈਂਦਾ ਹੈ। ਉਸ ਨੂੰ ਕਿਸੇ ਅੱਗੇ ਹੱਥ ਫੈਲਾਉਣ ਦੀ ਲੋੜ ਨਹੀਂ ਪਵੇਗੀ। ਭਾਵੇਂ ਗੁਆਂਢੀ ਭੁੱਖਾ ਸੌਂਵੇ।

ਆਤਮ-ਨਿਰਭਰਤਾ ਅਤੇ ਆਪਸੀ ਸਹਿਯੋਗ, ਕੀ ਦੋਵੇਂ ਆਪਾ-ਵਿਰੋਧੀ ਹਨ। ਹੱਥ ਅੱਡਣਾ ਜਾਂ ਉਧਾਰ ਜਾਂ ਕੁਝ ਸਮੇਂ ਦਾ ਸਹਿਯੋਗ, ਮਾਨਸਿਕ ਸਥਿਤੀ ਦੇ ਪ੍ਰਗਟਾਵੇ ਹਨ। ਅਨਾਜ ਪੈਦਾਵਾਰੀ ਦੇ ਪਹਿਲੂ ਤੋਂ 55 ਫ਼ੀਸਦੀ ਲੋਕ ਸਿੱਧੇ ਖੇਤੀ ਨਾਲ ਜੁੜੇ ਹਨ। ਇਸ ਵਿਚ ਕਿੰਨੇ ਹੀ ਹੋਰ ਲੋਕ ਕਹੀ-ਬੱਠਲ, ਰੰਬਾ, ਦਾਤੀ, ਖਾਦ-ਬੀਜ, ਪਾਣੀ-ਬਿਜਲੀ ਤੇ ਨਵੇਂ ਪਰਿਪੇਖ ਵਿਚ ਟਰੈਕਟਰ, ਕੰਬਾਈਨ, ਡੀਜ਼ਲ ਆਦਿ ਧੰਦਿਆਂ ਨਾਲ ਜੁੜੇ ਹਨ ਤੇ ਆਪਸ ਵਿਚ ਸਹਿਯੋਗ ਕਰਦੇ ਹਨ। ਸਿਹਤ ਸੰਭਾਲ ਦੀ ਵਿਵਸਥਾ ਤਾਂ ਹੈ ਹੀ ਆਪਸੀ ਸਹਿਯੋਗ ਦੀ। ਸੱਚ ਤਾਂ ਇਹ ਹੈ ਕਿ ਇਸ-ਦੂਸਰੇ ਨਾਲ ਮਿਲ ਕੇ ਹੀ ਆਤਮ-ਨਿਰਭਰ ਹੋਣ ਵਿਚ ਸਮਝਦਾਰੀ ਹੈ।

ਸਿਹਤ ਦੇ ਪੱਖ ਤੋਂ 1976 ਵਿਚ ਵਿਸ਼ਵ ਸਿਹਤ ਅਸੈਂਬਲੀ ਨੇ ‘ਸਭ ਲਈ ਸਿਹਤ’ ਦੇ ਸੰਕਲਪ ਹੇਠ ਚਾਰ ਸਿਧਾਂਤ ਉਲੀਕੇ ਹਨ। ਸਭ ਤੱਕ ਬਰਾਬਰ ਸਿਹਤ ਸਹੂਲਤਾਂ, ਲੋਕਾਂ ਦੀ ਭਾਗੇਦਾਰੀ ਅਤੇ ਸਿਹਤ ਨਾਲ ਜੁੜੇ ਸਾਰੇ ਅਦਾਰਿਆਂ ਦਾ ਆਪਸੀ ਤਾਲਮੇਲ ਤੇ ਸਹਿਯੋਗ ਜਿਵੇਂ ਖੇਤੀ, ਸਿੱਖਿਆ, ਪਾਣੀ ਅਤੇ ਸਾਫ਼-ਸਫ਼ਾਈ। ਇਸ ਲਈ ਅਸੀਂ ਮੰਨ ਸਕਦੇ ਹਾਂ ਕਿ ਹਰ ਪੱਖ ਨੂੰ ਨਾਅਰਾ ਜਾਂ ਜੁਮਲਾ ਬਣਾ ਕੇ ਕਿਸੇ ਸੰਕਲਪ ਨੂੰ ਪੂਰਾ ਕਰਨਾ ਔਖਾ ਹੀ ਨਹੀਂ, ਅਸੰਭਵ ਹੁੰਦਾ ਹੈ।

Leave a Reply

Your email address will not be published. Required fields are marked *