ਜਿਨ੍ਹਾਂ ਦੇ ਭਾਗੀਂ ਅੰਦੋਲਨ ਲਿਖਿਆ

ਐੱਸ ਪੀ ਸਿੰਘ

ਪੁਰਜ਼ਾ ਪੁਰਜ਼ਾ ਜੋੜ ਕੇ ਮਸ਼ੀਨ ਬਣੀ ਤਾਂ ਉਹਦਾ ਲਿੰਗ ਨਿਰਧਾਰਤ ਕੀਤਾ ਗਿਆ- ਟਰੈਕਟਰ ਮੁਜ਼ੱਕਰ ਹੋਇਆ, ਪੁਲਿੰਗ ਕਹਾਇਆ। ਧਰਤੀ ਦੀ ਹਿੱਕ ’ਤੇ ਟਰੈਕਟਰ ਚਲਦੀ ਨਹੀਂ, ਚਲਦਾ ਹੈ। ਬੈਰੀਕੇਡਾਂ ਤੋੜ ਕੇ ਗਰਜਦਾ ਹੈ, ਹਾਕਮ ਦੀ ਹਿੱਕ ਉੱਤੇ ਚੜ੍ਹਦਾ ਹੈ।

ਜਦੋਂ ਹਕੂਮਤ ਸੜਕਾਂ ’ਤੇ ਕਿੱਲ ਗੱਡਦੀ ਹੈ, ਰਾਹਾਂ ’ਚ ਪੁੱਠੇ ਛੁਰੇ ਠੋਕਦੀ ਹੈ ਤਾਂ ਜੋ ਕੋਈ ਦੁਖੀ ਫਰਿਆਦੀ ਹਾਕਮ ਦੇ ਮਹਿਲਾਂ ਵੱਲੀਂ ਕੂਚ ਨਾ ਕਰ ਸਕੇ, ਅਤੇ ਅੰਦੋਲਨਕਾਰੀ ਔਰਤਾਂ ਨੂੰ ਬਦਨਾਮ ਕਰਨ ਲਈ ਹਰ ਹਰਬਾ ਵਸੀਲਾ ਅਤੇ ਤੋਹਮਤ ਵਰਤਦੀ ਹੈ ਤਾਂ ਫਿਰ ਟਰੈਕਟਰ ਦੀ ਵਾਰੀ ਆਉਂਦੀ ਹੈ।

ਪਿੰਡ ਪਿੰਡ ਅਤੇ ਸ਼ਾਹਰਾਹਾਂ ਉੱਤੇ ਸਲਵਾਰਾਂ, ਜੀਨਾਂ, ਸਕਰਟਾਂ, ਲਹਿੰਗੇ ਅਤੇ ਰੰਗ-ਬਿਰੰਗੇ ਚੁੰਨੀਆਂ-ਦੁਪੱਟੇ ਲਾਲ ਟਰੈਕਟਰਾਂ ਉੱਤੇ ਚੜ੍ਹ ਚੁੱਕੇ ਹਨ। ਐਤਕੀਂ ਸਟੇਅਰਿੰਗ ਨੂੰ ਹੱਥ ਉਹ ਪਏ ਹਨ ਜਿਨ੍ਹਾਂ ਜ਼ਮਾਨਿਆਂ ਦੇ ਵਹਿਣ ਮੋੜੇ ਸਨ ਅਤੇ ਅੱਗੋਂ ਵੀ ਮੋੜਨੇ ਹਨ।

ਭਾਵੇਂ ਵੀਹਵੀਂ ਸਦੀ ਦੇ ਸ਼ੁਰੂ ’ਚ ਹੀ ਟਰੈਕਟਰ ਵਰਗਾ ਕੁਝ ਬਣ ਗਿਆ ਸੀ ਪਰ ਭਾਰਤ ਵਿੱਚ ਇਹ ਲਗਭਗ ਆਜ਼ਾਦੀ ਦੇ ਨਾਲ ਹੀ ਆਇਆ ਸੀ। ਫਿਰ ਕਿਸੇ ਹਰੇ ਇਨਕਲਾਬ ਨਾਲ ਇਹ ਲਾਲ ਲਾਲ ਜਿਹਾ ਸਾਡੀ ਆਰਥਿਕਤਾ, ਖੇਤਾਂ, ਗਾਣਿਆਂ ’ਚ ਛਾਇਆ ਸੀ। ਹੁਣ 100 ਤੋਂ ਵੀ ਵਧੀਕ ਵਰ੍ਹਿਆਂ ਬਾਅਦ ਅਤੇ ਦਿੱਲੀ ਦੀਆਂ ਬਰੂਹਾਂ ’ਤੇ ਪਹੁੰਚਣ ਦੇ 100 ਤੋਂ ਵੀ ਵਧੀਕ ਦਿਨਾਂ ਬਾਅਦ ਟਰੈਕਟਰ ਨੂੰ ਆਪਣਾ ਮੁਅਨੱਸ ਰੂਪ ਮਿਲਿਆ ਹੈ, ਇਹਦੀ ਫੈਮੀਨਾਈਜ਼ੇਸ਼ਨ ਹੋਈ ਹੈ, ਨਾਰੀਕਰਨ ਵੱਲ ਪਹੀਆ ਮੁੜਿਆ ਹੈ। ਔਰਤਾਂ ਦੇ ਅੰਤਰਰਾਸ਼ਟਰੀ ਦਿਹਾੜੇ ਨੇ ਇਹਨੂੰ ਸਿਰਫ਼ ਮਰਦ-ਗਰਦੀ ਵਾਲੀ ਪਛਾਣ ਤੋਂ ਮੁਕਤੀ ਦਿਵਾਈ ਹੈ।

ਅਸਲ ਵਿੱਚ ਚੌਤਰਫੀ ਹਕੂਮਤੀ ਗੁੰਡਾਗਰਦੀ ਅਤੇ ਸਮਾਜਿਕ ਮਰਦਾ-ਗਰਦੀ ਦੀ ਸਾਂਝ ਨੇ ਏਡਾ ਤੂਫ਼ਾਨ ਵਿੱਢਿਆ ਹੁੰਦਾ ਹੈ ਕਿ ਅਕਸਰ ਇਹਨਾਂ ਤੂਫ਼ਾਨਾਂ ਸਾਹਵੇਂ ਡੱਟਣ ਵਾਲੀਆਂ ਤਹਿਰੀਕਾਂ ਸਾਡੀਆਂ ਸੁਰਖ਼ੀਆਂ ਜਾਂ ਮੰਜ਼ਰ ਤੋਂ ਲਾਂਭੇ ਰਹਿ ਜਾਂਦੀਆਂ ਹਨ। ਠੀਕ ਉਦੋਂ ਜਦੋਂ ਤਾਕਤ ਦੇ ਨਸ਼ੇ ਵਿੱਚ ਮਗਰੂਰ ਹਕੂਮਤ ਨੂੰ ਆਪਣੀ ਤਾਕਤ ਤੋਂ ਜਾਣੂ ਕਰਵਾਉਣ ਹਿੱਤ ਮਲੂਕ ਕਹੇ ਜਾਂਦੇ ਹੱਥਾਂ ਨੇ ਵੱਡੇ ਹਾਰਸਪਾਵਰ ਵਾਲੇ ਟਰੈਕਟਰਾਂ ਨੂੰ ਹੱਥ ਪਾਇਆ ਹੋਇਆ ਹੈ ਤਾਂ ਸਾਡੇ ਗਵਾਂਢ ਇਕ ਅਤਿ ਦੀ ਜਾਬਰ ਫ਼ੌਜੀ ਹਕੂਮਤ ਖ਼ਿਲਾਫ਼ ਖ਼ਲਕਤ ਦਾ ਇਕ ਵੱਡਾ ਸਮੁੰਦਰ ਨਿੱਤ ਸੜਕਾਂ ’ਤੇ ਉਮੜ ਰਿਹਾ ਹੈ। ਔਰਤਾਂ ਅੱਗੇ ਵਧ ਕੇ ਬਰਮਾ ਵਿੱਚ ਇਨ੍ਹਾਂ ਭੀੜਾਂ ਦੀ ਅਗਵਾਈ ਕਰ ਰਹੀਆਂ ਹਨ।

ਹਰ ਰੋਜ਼ ਹਜ਼ਾਰਾਂ ਦੀ ਗਿਣਤੀ ਵਿਚ ਇਹ ਔਰਤਾਂ ਮਾਰਚ ਕੱਢਦੀਆਂ ਹਨ- ਗ੍ਰਹਿਣੀਆਂ, ਅਧਿਆਪਕਾਵਾਂ, ਕੱਪੜਾ ਮਿੱਲ ਕਾਮਗਾਰ, ਮੈਡੀਕਲ ਪੇਸ਼ੇ ਨਾਲ ਜੁੜੀਆਂ, ਵਿਦਿਆਰਥਣਾਂ। ਫ਼ੌਜੀ ਟੀਵੀ ਨੈੱਟਵਰਕ ਨੇ ਵੈਸੇ ਐਲਾਨ ਕੀਤਾ ਹੈ ਕਿ ਹਕੂਮਤ ਨੇ ਫ਼ੌਜੀਆਂ ਨੂੰ ਹਦਾਇਤ ਕਰ ਦਿੱਤੀ ਹੈ ਕਿ ਉਨ੍ਹਾਂ ਨੂੰ ਸਿੱਧੇ ਸੀਨੇ ’ਚ ਗੋਲੀ ਨਾ ਮਾਰੀ ਜਾਵੇ, ਸਰੀਰ ਦੇ ਹੇਠਲੇ ਹਿੱਸੇ ’ਤੇ ਹੀ ਨਿਸ਼ਾਨਾ ਸਾਧਿਆ ਜਾਵੇ। ਪਰ ਇਹ ਹਦਾਇਤ ਰਤਾ ਦੇਰ ਨਾਲ ਆਈ ਸੀ।

ਬੀਤੇ ਬੁੱਧਵਾਰ 18 ਸਾਲਾਂ ਦੀ ਮਾ ਕਿਆਲ ਸਿਨ (Ma Kyal Sin) ਨੇ ਆਪਣਾ ਨਾਮ ਬਦਲ ਕੇ ਅੰਗਰੇਜ਼ੀ ਵਿੱਚ ਏਂਜਲ ਰੱਖਿਆ- ਪਰੀ। ਲਾਲ ਲਿਪਸਟਿਕ ਲਾਈ, ਕਾਲੀ ਟੀ-ਸ਼ਰਟ ਪਾਈ ਜਿਸ ’ਤੇ ਲਿਖਿਆ ਸੀ- ‘‘Everything will be OK.’’ ਸਭ ਠੀਕ ਹੋਵੇਗਾ। ਬਾਪ ਨੂੰ ਘੁੱਟ ਗਲਵੱਕੜੀ ਪਾਈ ਤੇ ਬਾਹਰ ਨਿਕਲ ਗਈ। ਮੁਲਕ ਦਾ ਕੁਝ ਕਰਨ ਵਾਲਾ ਕੰਮ ਪਿਆ ਸੀ। ਗੋਲੀ ਸਿੱਧੀ ਸਿਰ ਵਿੱਚ ਵੱਜੀ। ਸ਼ਾਮ ਤਕ 38 ਲਾਸ਼ਾਂ ਵਿਛ ਚੁੱਕੀਆਂ ਸਨ। ਇਹ 3 ਮਾਰਚ ਦੀ ਗੱਲ ਹੈ। ਅੱਜ ਸਾਰਾ ਦੇਸ਼ ਉਹਦੀ ਤਸਵੀਰ ਚੁੱਕੀ ਰੋਜ਼ ਸੜਕਾਂ ’ਤੇ ਨਿਕਲਦਾ ਹੈ।

ਲਗਭਗ ਹਰ ਰੋਜ਼ ਕਈ ਥਾਈਂ ਇਨ੍ਹਾਂ ਭੀੜਾਂ ਉੱਤੇ ਸਿੱਧੀਆਂ ਗੋਲੀਆਂ ਵਰ੍ਹਦੀਆਂ ਹਨ। ਸਾਰੀ ਦੁਨੀਆ ਤੋਏ ਤੋਏ ਕਰ ਰਹੀ ਹੈ। ਦਰਜਨਾਂ ਅੰਦੋਲਨਜੀਵੀ ਮਾਰੇ ਜਾ ਚੁੱਕੇ ਹਨ। ਹਾਕਮ ਤਾਂ, ਜ਼ਾਹਿਰ ਹੈ, ਉਨ੍ਹਾਂ ਨੂੰ ਪਰਜੀਵੀ ਹੀ ਦੱਸਦਾ ਹੈ। ਦੇਸ਼ ਦੀ ਰਾਜਧਾਨੀ ਵਿੱਚ ਵੀ ਨਾਗਰਿਕਾਂ ਦੇ ਖੂਨ ਦੀ ਹੋਲੀ ਖੇਡੀ ਜਾ ਰਹੀ ਹੈ। ਹਾਕਮ ਕਹਿ ਰਿਹਾ ਹੈ ਕਿ ਇਹ ਮੁਲਕ ਨੂੰ ਅੰਤਰਰਾਸ਼ਟਰੀ ਪੱਧਰ ’ਤੇ ਬਦਨਾਮ ਕਰਨ ਦੀ ਸਾਜ਼ਿਸ਼ ਹੈ। ਭਾਰਤ ਨੇ ਸਿਆਣਪ ਕੀਤੀ ਹੈ- ਅਸਾਂ ਹਾਲੇ ਦੜ੍ਹ ਵੱਟੀ ਹੋਈ ਹੈ। ਅਗਲਿਆਂ ਦੇ ਘਰ ਦਾ ਮਾਮਲਾ ਹੈ, ਨਾਲੇ ਸਾਨੂੰ ਫ਼ਖ਼ਤ ਆਪਣੀ ਮੁਸੀਬਤ ਕਿਹੜਾ ਘੱਟ ਪਈ ਹੋਈ ਹੈ?

ਹਰ ਅੰਤਰਰਾਸ਼ਟਰੀ ਔਰਤ ਦਿਹਾੜਾ ਇਹ ਮਾਪਣ-ਤੋਲਣ ਦਾ ਮੌਕਾ ਹੁੰਦਾ ਹੈ ਕਿ ਹੁਣ ਤੱਕ ਕਿੰਨਾ ਪੈਂਡਾ ਤੈਅ ਕੀਤਾ ਹੈ, ਕਿੰਨਾ ਬਾਕੀ ਰਹਿ ਗਿਆ ਹੈ। ਇਹਦੇ ਲਈ ਕਈ ਕਿਸਮ ਦੇ ਪੈਮਾਨੇ ਬਣੇ ਹੋਏ ਹਨ। ਫਿਰ ਸਾਡੇ ਕੋਲ ਆਪਣਾ ਹਕੀਕੀ ਜੀਵਨ ਤਜਰਬਾ ਵੀ ਹੈ। ਆਥਣ ਵੇਲੇ ਸੜਕ ’ਤੇ ਨਿਕਲੀ ਮਜ਼ਦੂਰ ਔਰਤ ਤੋਂ ਲੈ ਕੇ ਕਿਸੇ ਮਹਾਂਨਗਰ ਦੀ ਪੜ੍ਹੀ ਲਿਖੀ ਅਤੇ ਅੰਗਰੇਜ਼ੀ ਅਖ਼ਬਾਰ ਵਿੱਚੋਂ ਬਲਾਤਕਾਰ ਦਾ ਸ਼ਿਕਾਰ ਹੋਈ ਕੁੜੀ ਬਾਰੇ ਸਾਡੀ ਸੁਪਰੀਮ ਕੋਰਟ ਦੇ ਮੀਰ ਮਨਸਬ ਦੇ ਉਚਾਰੇ ਵਿਚਾਰ ਪੜ੍ਹਦੀ ਔਰਤ- ਸਭਨਾਂ ਕੋਲ ਇੱਕ ਸਮਝ ਹੈ ਕਿ ਮਰਦਾ-ਗਰਦੀ ਵਾਲੇ ਸਮਾਜ ਵਿੱਚ ਸਮਝ ਕਿੱਥੇ ਤੱਕ ਅੱਪੜੀ ਹੈ।

ਅੰਕੜੇ ਇੱਕ ਕਥਾ ਜ਼ਰੂਰ ਕਹਿੰਦੇ ਹਨ। ਔਰਤਾਂ ਬਾਰੇ ਕੂੜ-ਕਬਾੜ ਬੋਲਣ ਵਾਲੇ ਟਰੰਪ ਨੂੰ ਲਾਂਭੇ ਕਰਨ ਬਾਅਦ ਹੁਣ ਅਮਰੀਕੀ ਸੈਨੇਟ ਵਿਚ ਇਕ ਚੌਥਾਈ ਔਰਤਾਂ ਹਨ। ਕੋਈ 20 ਕਰੋੜ ਤੋਂ ਵੀ ਵਧੀਕ ਔਰਤਾਂ ਹਰ ਸਾਲ ਖਤਨੇ (genital mutilation) ਦਾ ਸ਼ਿਕਾਰ ਹੁੰਦੀਆਂ ਹਨ। 13 ਕਰੋੜ ਬੱਚੀਆਂ ਹਰ ਸਾਲ ਸਕੂਲੋਂ ਬਾਹਰ ਰਹਿ ਜਾਂਦੀਆਂ ਹਨ। ਸਾਡੇ ਭਾਰਤ ਵਿੱਚ ਹੀ 15-18 ਸਾਲ ਦੀ ਉਮਰ ਦੀਆਂ 40 ਫ਼ੀਸਦ ਕੁੜੀਆਂ ਵਿੱਦਿਅਕ ਢਾਂਚੇ ’ਚੋਂ ਕਿਰ ਜਾਂਦੀਆਂ ਹਨ। 75 ਕਰੋੜ ਕੁੜੀਆਂ 18 ਸਾਲਾਂ ਦੀ ਉਮਰ ਤੋਂ ਪਹਿਲਾਂ ਵਿਆਹੀਆਂ ਜਾਂਦੀਆਂ ਹਨ। ਦੁਨੀਆਂ ਵਿੱਚ ਸਿਰਫ਼ 12.8 ਫ਼ੀਸਦ ਜ਼ਮੀਨ ਮਾਲਕ ਔਰਤਾਂ ਹਨ। ਦੇਸ਼ਾਂ ਦੀਆਂ ਪਾਰਲੀਮੈਂਟਾਂ ਵਿੱਚ ਔਰਤਾਂ ਦੀ ਨੁਮਾਇੰਦਗੀ ਇੱਕ-ਚੌਥਾਈ ਤੋਂ ਹਾਲੇ ਘੱਟ ਹੈ। ਤਰੱਕੀਸ਼ੁਦਾ ਦੇਸ਼ਾਂ ਵਿੱਚ ਵੀ ਇਕੋ ਜਿਹੇ ਕੰਮ ਲਈ ਔਰਤਾਂ ਨੂੰ ਘੱਟ ਉਜਰਤ ਮਿਲਦੀ ਹੈ। 18 ਦੇਸ਼ਾਂ ਵਿੱਚ ਪਤੀਆਂ ਨੂੰ ਕਾਨੂੰਨੀ ਹੱਕ ਹਾਸਲ ਹੈ ਕਿ ਉਹ ਪਤਨੀ ਨੂੰ ਨੌਕਰੀ ਕਰਨ ਤੋਂ ਰੋਕ ਸਕਦੇ ਹਨ। ਪਿਛਲੇ 120 ਸਾਲਾਂ ਵਿੱਚ ਕੁੱਲ 900 ਤੋਂ ਵਧੇਰੇ ਵਿਚੋਂ ਔਰਤਾਂ ਦੇ ਹਿੱਸੇ ਸਿਰਫ਼ 57 ਨੋਬੇਲ ਇਨਾਮ ਆਏ ਹਨ।

ਅਜਿਹੇ ਵਿਚ ਰੰਗੂਨ ਤੋਂ ਲੈ ਕੇ ਦਿੱਲੀ-ਪੰਜਾਬ-ਹਰਿਆਣੇ ਤਕ ਗੋਲੀਆਂ, ਡਾਂਗਾਂ, ਸੜਕ ’ਤੇ ਗੱਡੀਆਂ ਕਿੱਲਾਂ ਸਾਹਵੇਂ ਡੱਟਦੀਆਂ, ਲੰਗਰ ਪਕਾਉਂਦੀਆਂ, ਭਾਸ਼ਨ ਕਰਦੀਆਂ, ਚੌਂਕਾਂ ਵਿੱਚ ਬੈਨਰ ਫੜ ਕੇ ਖੜ੍ਹਦੀਆਂ, ਯੂਨੀਵਰਸਿਟੀਆਂ ਦੇ ਕੈਂਪਸਾਂ ਵਿੱਚ ਮਰਦਾ-ਗਰਦੀ ਵਾਲੇ ਵਰਤਾਰਿਆਂ ਖ਼ਿਲਾਫ਼ ਗਰਜਦੀਆਂ ਤੇ ਸੜਕਾਂ ’ਤੇ ਟਰੈਕਟਰ ਚਲਾਉਂਦੀਆਂ ਔਰਤਾਂ ਦੀਆਂ ਤਸਵੀਰਾਂ ਵੇਖ ਧਰਵਾਸ ਬੱਝਦਾ ਹੈ, ਭਾਵੇਂ ਇਹ ਵੀ ਪਤਾ ਲੱਗਦਾ ਹੈ ਕਿ ਹਾਲੇ ਕਿੰਨਾ ਪੈਂਡਾ ਬਾਕੀ ਪਿਆ ਹੈ।

ਸਾਨੂੰ ਤਸਵੀਰਾਂ ਅਤੇ ਉਨ੍ਹਾਂ ਦੀ ਤਾਸੀਰ ਸਮਝਾਉਣ ਵਾਲੀ ਔਰਤ, ਨਾਓਮੀ ਰੋਜ਼ਨਬਲੱਮ (Naomi Rosenblum) ਇਸ ਹਫ਼ਤੇ ਚੱਲ ਵਸੀ ਹੈ। ਕੁੱਲ ਦੁਨੀਆਂ ਨੇ ਉਹਦੇ ਤੋਂ ਫੋਟੋਗ੍ਰਾਫੀ ਦੇ ਵਿਸ਼ਵੀ ਇਤਿਹਾਸ ਬਾਰੇ ਸਿੱਖਿਆ ਅਤੇ ਜਾਣਿਆ ਕਿ ਔਰਤਾਂ ਦਾ ਇਸ ਤਸਵੀਰਕਾਰੀ ਵਾਲੇ ਹੁਨਰ ਨਾਲ ਕੀ ਰਿਸ਼ਤਾ ਰਿਹਾ ਹੈ। ਠੀਕ ਉਵੇਂ ਹੀ ਜਿਵੇਂ ਸੁਜ਼ੈਨ ਸੋਂਤਾਗ (Susan Sontag) ਨੇ ਸਮਝਾਇਆ ਸੀ ਕਿ ਅਜੋਕੇ ਸਮਿਆਂ ਦੇ ਸਾਮਰਾਜਵਾਦੀ ਸਮਾਜ ਵਿਚ ਫੋਟੋਗ੍ਰਾਫੀ ਦਾ ਕੀ ਰੋਲ ਹੋ ਸਕਦਾ ਹੈ।

ਇਸ ਹਫ਼ਤੇ ਸਾਲਾਂ ਦੀ ਮੁਸ਼ੱਕਤ ਅਤੇ ਹਜ਼ਾਰਾਂ ਅਦਾਲਤੀ ਲੜਾਈਆਂ ਤੋਂ ਬਾਅਦ ਅਮਰੀਕੀ ਪਾਰਲੀਮੈਂਟ ਸਾਹਵੇਂ ਗਰਭਵਤੀ ਔਰਤਾਂ ਪ੍ਰਤੀ ਵਿਤਕਰੇ ਖ਼ਿਲਾਫ਼ ਬਿੱਲ (Pregnant Workers Fairness Act) ਪਾਸ ਹੋਣ ਦੀ ਮੁੜ ਆਸ ਬੱਝੀ ਹੈ, ਭਾਵੇਂ ਸਾਡੇ ਏਥੇ ਪਾਰਲੀਮੈਂਟ ਅਤੇ ਵਿਧਾਨ ਸਭਾਵਾਂ ਵਿੱਚ ਔਰਤਾਂ ਦੀ ਘੱਟੋ-ਘੱਟ ਗਿਣਤੀ ਸੁਨਿਸ਼ਚਿਤ ਕਰਨ ਵਾਲਾ ਕਾਨੂੰਨ 13 ਸਾਲਾਂ ਤੋਂ ਸੰਸਦ ਵਿੱਚ ਲਟਕ ਰਿਹਾ ਹੈ। ਅਫ਼ਗਾਨਿਸਤਾਨ ਵਿੱਚ ਕਤਲਾਂ ਦੀ ਨਵੀਂ ਲੜੀ ਟੁਰੀ ਹੈ ਜਿਸ ਵਿੱਚ ਔਰਤ ਪੱਤਰਕਾਰਾਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਇਸੇ ਹਫ਼ਤੇ ਜਲਾਲਾਬਾਦ ਟੀਵੀ ਸਟੇਸ਼ਨ ਸਾਹਮਣੇ ਤਿੰਨ ਨੂੰ ਗੋਲੀਆਂ ਮਾਰੀਆਂ ਗਈਆਂ ਹਨ। ਆਲਮੀ ਸੱਤਾ ਦੇ ਸੰਤੁਲਨ ਕਾਇਮ ਰੱਖਦੇ ਸਮਝੌਤੇ ਤਹਿਤ ਤਾਲਿਬਾਨ ਦੀ ਵਾਪਸੀ ਹੋ ਰਹੀ ਹੈ। ਜੋ ਔਰਤਾਂ ਨਾਲ ਬੀਤਣੀ ਹੈ, ਉਹਨਾਂ ਤਸਵੀਰਾਂ ਦੀ ਤਵੱਕੋਂ ਰੱਖੋ।

ਦੁਨੀਆ ਔਰਤਾਂ ਬਾਰੇ ਗੱਲ ਕਰਨ ਲਈ ਕੋਈ ਦਿਨ ਮੁਕੱਰਰ ਕਰਦੀ ਹੈ ਤਾਂ ਸਾਨੂੰ ਯਾਦ ਆਉਂਦਾ ਹੈ ਕਿ ਅੰਦੋਲਨ ਵਿੱਚ ਟਰੈਕਟਰ ਦੇ ਮੁਜ਼ੱਕਰ ਤੋਂ ਮੁਅਨੱਸ ਹੋਣ ਦਾ ਵਕਤ ਆ ਗਿਆ ਹੈ, ਵਰਨਾ ਔਰਤ ਦਾ ਤਾਂ ਹਰ ਦਿਨ ਹੀ ਅੰਦੋਲਨ ਹੈ। ਉਹ ਚਿਰਕਾਲ ਤੋਂ ਅੰਦੋਲਨਜੀਵੀ ਹੈ। ਦੇਰ ਰਾਤ ਸੜਕ ’ਤੇ ਜਾਂਦੀ ਕੁੜੀ, ਆਪਣੀ ਮਰਜ਼ੀ ਦੇ ਮੁੰਡੇ ਨਾਲ ਵਿਆਹ ਕਰਵਾਉਣ ਦੀ ਚਾਹਤ ਰੱਖਦੀ ਮੁਟਿਆਰ, ਸੁਪਰੀਮ ਕੋਰਟ ਤੋਂ ਆਪਣੇ ਬਲਾਤਕਾਰੀ ਲਈ ਸਜ਼ਾ ਦਰਿਆਫ਼ਤ ਕਰਦੀ ਔਰਤ- ਇਹ ਸਭ ਉਹ ਵਿੱਢਵੇਂ ਅੰਦੋਲਨ ਹਨ ਜਿਨ੍ਹਾਂ ਦੀ ਫੋਟੋ ਨਹੀਂ ਛਪਦੀ।

ਫਿਲਹਾਲ ਸੰਸਾਰ ਪ੍ਰਸਿੱਧ ਮੈਗਜ਼ੀਨ ‘ਟਾਈਮ’ ਦੇ ਮੁੱਖ ਪੰਨੇ ’ਤੇ ਛਪੀ ਕਿਸਾਨੀ ਅੰਦੋਲਨ ਨੂੰ ਜੀਵੰਤ ਰੱਖ ਰਹੀਆਂ ਅੰਦੋਲਨਜੀਵੀ ਔਰਤਾਂ ਦੀ ਤਸਵੀਰ ਹੌਸਲਾ ਦੇ ਰਹੀ ਹੈ। ਬਾਹਰ ਜਰਨੈਲੀ ਸੜਕ ’ਤੇ ਟਰੈਕਟਰ ਉੱਤੇ ਹੁਣ ਔਰਤ ਨਜ਼ਰ ਆ ਰਹੀ ਹੈ। ਡਰ ਕੇ ਰਹਿਣਾ- ਸਿੰਘੂ-ਟੀਕਰੀ-ਗਾਜ਼ੀਪੁਰ ਬਾਰਡਰਾਂ ਤੋਂ ਇਕ ਅੰਦੋਲਨੀ ਔਰਤ ਸਾਡੇ ਗਲੀ, ਮੁਹੱਲੇ, ਪਿੰਡ, ਸ਼ਹਿਰ, ਘਰ ਵੀ ਆ ਰਹੀ ਹੈ।

Leave a Reply

Your email address will not be published. Required fields are marked *